Sunday, September 14, 2025

ਬਾਲ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਮਹਾਨਤਾ ਉੱਪਰ ਚਮਤਕਾਰੀ ਗਿਲਾਫ

 ਬਾਲ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਮਹਾਨਤਾ ਉੱਪਰ ਚਮਤਕਾਰੀ ਗਿਲਾਫ

ਅਵਤਾਰ ਸਿੰਘ ਮਿਸ਼ਨਰੀ (5104325827)

ਗੁਰੂ ਹਰਕ੍ਰਿਸ਼ਨ ਆਪ ਜੀ ਦਾ ਸਰੀਰਕ ਜਨਮ 20 ਜੁਲਾਈ 1652 ਦੇ ਦਿਨ ਕੀਰਤਪੁਰ ਸਾਹਿਬ ਵਿਖੇ ਮਾਤਾ ਸੁਲੱਖਣੀ ਅਤੇ ਗੁਰੂ ਹਰਿਰਾਏ ਸਾਹਿਬ ਦੇ ਘਰ ਹੋਇਆ। ਆਪ ਉੱਮਰ ਵਿੱਚ ਅਪਣੇ ਭੈਣ ਭਰਾ ਤੋਂ ਛੋਟੇ ਸਨ। ਡਾ. ਹਰਜਿੰਦਰ ਸਿੰਘ ਦਿਲਗੀਰ ਮੁਤਾਬਿਕ ਆਪ ਜੀ ਵੱਡੇ ਭਰਾ ਰਾਮਰਾਇ ਦਾ (ਜਨਮ 24 ਫ਼ਰਵਰੀ 1648) ਨੂੰ ਅਤੇ ਭੈਣ ਬੀਬੀ ਰੂਪ ਕੌਰ ਜੀ (ਜਨਮ 9 ਅਪਰੈਲ 1649) ਨੂੰ ਹੋਇਆ। ਛੋਟੀ ਉੱਮਰ ਦੀ ਕਰਾਮਾਤ ਸਾਬਤ ਕਰਨ ਵਾਸਤੇ ਕਈ ਲੇਖਕ ਆਪ ਜੀ ਦਾ ਜਨਮ ਸੰਨ 1656 ਵਿੱਚ ਲਿਖਦੇ ਹਨ। 

ਗੁਰਤਾ ਨਾਲ ਉਮਰ ਅਤੇ ਬਰਾਦਰੀ ਦਾ ਬਹੁਤਾ ਸਬੰਧ ਨਹੀਂ ਹੁੰਦਾ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਵੀ ਬਾਲ ਉਮਰੇ ਹੀ ਰੂਹਾਨੀ ਗਿਆਨ ਦੇ ਗਿਆਤਾ ਸਨ। ਉਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਪੰਜਾਬੀ, ਅਰਬੀ, ਹਿੰਦੀ ਅਤੇ ਸੰਸਕ੍ਰਿਤ ਦੇ ਵਿਦਵਾਨਾਂ ਹਾਸਲ ਕਰ ਲਈ ਸੀ। ਗੁਰਮਤਿ ਵਿੱਚ ਬਾਲ ਬਜੁਰਗਾਂ ਵਾਲੇ ਅਤੇ ਬਜੁਰਗ ਜਵਾਨਾਂ ਵਾਲੇ ਕਾਰਨਾਮੇ ਕਰਦੇ ਹਨ। ਇਸ ਸਬੰਧ ਵਿੱਚ ਬਾਲ ਬੂੜਾ ਜੋ ਗੁਰੂ ਨਾਨਕ ਸਾਹਿਬ ਜੀ ਸੰਗਤ ਕਰਕੇ "ਬਾਬਾ ਬੁੱਢਾ" ਜੀ ਦੇ ਨਾਂ ਨਾਲ ਪ੍ਰਸਿੱਧ ਹੋਇਆ। ਗੁਰਮਤਿ ਵਿੱਚ ਗੁਣਾਂ ਦੀ ਮਹਾਨਤਾ ਅਤੇ ਸਾਂਝ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਗੁਰਤਾਗੱਦੀ ਦੀ ਜਿਮੇਵਾਰੀ ਆਪਣੇ ਮਨਮੁਖ ਪੁੱਤਰਾਂ ਨੂੰ ਛੱਡ ਕੇ, ਗੁਰਮੁਖ ਸੇਵਕ ਤੇ ਹੁਕਮ ਰਜਾ ਵਿੱਚ ਰਹਿਣ ਵਾਲੇ ਪਰਉਕਾਰ ਤੇ ਸੇਵਾ ਦੇ ਪੁੰਜ ਭਾਈ ਲਹਿਣਾ ਜੀ ਨੂੰ ਸੌਂਪੀ। ਯੋਗਤਾ ਦੇਖੀ ਜਾਂਦੀ ਸੀ ਨਾਂ ਕਿ ਵੱਡੀ ਉਮਰ, ਪ੍ਰਵਾਰ ਜਾਂ ਰਿਸ਼ਤੇਦਾਰੀ। ਇਵੇਂ ਹੀ ਗੁਰੂ ਅੰਗਦ ਸਾਹਿਬ ਅਤੇ ਗੁਰੂ ਅਮਰਦਾਸ ਜੀ ਨੇ ਵੀ ਆਪਣੇ ਅਯੋਗ ਪੁੱਤ੍ਰਾਂ ਨੂੰ ਗੁਰਦਾ ਦੀ ਜਿਮੇਵਾਰੀ ਨਹੀਂ ਸਗੋਂ ਵਡੇਰੀ ਉਮਰ ਦੇ ਬਾਬਾ ਅਮਰਦਾਸ ਅਤੇ ਇੱਕ ਯਤੀਮ ਘੁੰਙਣੀਆਂ ਵੇਚਣ ਵਾਲੇ ਭਾਈ ਜੇਠਾ ਜੀ ਨੂੰ ਸੌਂਪੀ ਜੋ ਕ੍ਰਮਵਾਰ ਗੁਰੂ ਅਮਰਦਾਸ ਅਤੇ ਗੁਰੂ ਰਾਮਦਾਸ ਸਨ। ਗੁਰੂ ਰਾਮਦਾਸ ਜੀ ਨੇ ਵੀ ਹੰਕਾਰੀ ਤੇ ਸਰਕਾਰੀ ਪੁੱਤਰ ਪ੍ਰਿਥੀਚੰਦ ਅਤੇ ਦੁਨੀਆਦਾਰੀ ਤੋਂ ਉਪਰਾਮ ਮਹਾਂਦੇਵ ਨੂੰ ਛੱਡ ਕੇ "ਬਾਣੀ ਕੇ ਬੋਹਿਥ" ਛੋਟੇ ਸਾਹਿਜਾਂਦਾ ਅਰਜਨ ਸਾਹਿਬ ਨੂੰ ਗੁਰਤਾ ਸੌਂਪੀ। ਗੁਰੂ ਅਰਜਨ ਸਾਹਿਬ ਜੀ ਨੇ ਸਾਰੇ ਪੱਖਾਂ ਤੋਂ ਪੂਰਨ ਅਤੇ ਹੋਣਹਾਰ ਆਪਣੇ ਸਪੁੱਤ੍ਰ ਹਰਿਗੋਬਿੰਦ ਸਾਹਿਬ ਵਿੱਚ ਸੰਤ ਸਿਪਾਹੀ ਦੇ ਗੁਣ ਦੇਖ ਕੇ, ਗੁਰਤਾ ਬਖਸ਼ੀ ਪਰ ਗੁਰੂ ਹਰਿ ਗੋਬਿੰਦ ਸਾਹਿਬ ਨੇ ਆਪਣੇ ਪੁੱਤ੍ਰਾਂ ਨੂੰ ਛੱਡ ਕੇ, ਪੋਤਰੇ ਹਰਿਰਾਇ ਨੂੰ ਗੁਰਤਾ ਦਿੱਤੀ। ਗੁਰੂ ਹਰਿਰਾਇ ਸਾਹਿਬ ਜੀ ਨੇ ਗੁਰਬਾਣੀ ਸਿਧਾਂਤਾਂ ਦੀ ਖਿਲੀ ਉਡਾਉਣ, ਗੁਰਮਤਿ ਵਿਰੋਧੀ ਕਾਰਵਾਈਆਂ ਕਰਨ ਅਤੇ ਅੰਰੰਗਜੇਬ ਦੀ ਜ਼ਾਲਮ ਸਰਕਾਰ ਦੀ ਜੀ ਹਜ਼ੂਰੀ ਕਰਨ ਵਾਲੇ ਵੱਡੇ ਪੁੱਤ੍ਰ ਰਾਮਰਾਇ ਨੂੰ ਛੱਡ ਕੇ, ਹੋਣਹਾਰ ਅਤੇ ਗੁਰਮਤਿ ਗਿਆਤਾ ਦੇ ਮਾਲਕ ਬਾਲ ਹਰਕ੍ਰਿਸ਼ਨ ਜੀ ਨੂੰ ਗੁਰਤਾ ਦੀ ਜਿਮੇਵਾਰੀ 1644 ਈ. ਨੂੰ ਸੌਂਪੀ। ਬਾਲ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਗੁਰਤਾ ਦੇ ਲਾਇਕ ਬਾਬਾ ਤੇਗ ਬਹਾਦਰ ਨੂੰ "ਬਾਬਾ ਬਕਾਲੇ ਆਪਣੀ ਸੰਗਤ ਸੰਭਾਲੇ" ਕਹਿ ਕੇ ਗੁਰਸਿੱਖਾਂ ਹੱਥੀਂ ਗੁਰਤਾ ਦੀ ਜਿਮੇਵਾਰੀ ਦਿੱਤੀ।

ਆਪਾਂ ਗੱਲ ਕਰ ਰਹੇ ਸੀ ਬਾਲ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨਾਲ ਸਿੱਖੀ ਦੇ ਦੁਸ਼ਮਣਾਂ ਨੇ ਅਣਹੋਣੀਆਂ ਅਤੇ ਗੁਰਮਤਿ ਵਿਰੋਧੀ ਕਹਾਣੀਆਂ ਲਿਖੀਆਂ ਅਤੇ ਲੋਕਾਈ ਵਿੱਚ ਪ੍ਰਚਾਰੀਆਂ। ਜਿਵੇਂ ਦਿੱਲ੍ਹੀ ਨੂੰ ਜਾਂਦੇ ਜਦ ਰਸਤੇ ਵਿੱਚ ਪੰਜੋਖਰੇ (ਅੰਬਾਲੇ) ਵਖੇ ਰੁੱਕੇ ਤਾਂ ਓਥੋਂ ਦਾ ਹੰਕਾਰੀ ਪੰਡਿਤ ਲਾਲਚੰਦ ਜੋ ਗ੍ਰੰਥਾਂ ਦੇ ਊਠ ਲੱਧੀ ਫਿਰਦਾ ਸੀ। ਇਹ ਹੰਕਾਰੀ ਇਲਾਕੇ ਦੇ ਜਾਂ ਬਾਹਰੋਂ ਆਏ ਵਿਦਵਾਨਾਂ ਅਤੇ ਗੁਰਮੁਖ ਪ੍ਰਚਾਰਕਾਂ ਨੂੰ ਆਪਣੇ ਚੁੰਚ ਗਿਆਨ ਨਾਲ ਹਰਾ, ਬੇਇਜਤ ਕਰਕੇ ਆਪਣੀ ਜਿੱਤ ਦੇ ਡੰਕੇ ਵਜਾਉਂਦਾ ਸੀ। ਜਦ ਉਸ ਨੂੰ ਬਾਲ ਗੁਰੂ ਦੇ ਇੱਥੇ ਆਉਣ ਦਾ ਪਤਾ ਲੱਗਾ ਤਾਂ ਆਪਣੇ ਲਾਉ ਲਸ਼ਕਰ ਨਾਲ ਪਹੁੰਚ ਗਿਆ ਤੇ ਭਰੀ ਸਭਾ ਵਿੱਚ ਉੱਠ ਕੇ ਕਹਿਣ ਲੱਗਾ ਕਿ ਜੇ ਤੁਸੀਂ ਵਾਕਿਆ ਹੀ ਬਾਲ ਗੁਰੂ ਹੋ ਅਤੇ ਆਪਣੇ ਆਪ ਨੂੰ ਹਰਿਕ੍ਰਿਸ਼ਨ ਅਖਵਾਉਂਦੇ ਹੋ ਤਾਂ ਸ੍ਰੀ ਹਰਿਕ੍ਰਿਸ਼ਨ ਜੋ ਦੁਵਾਪਰ ਦੇ ਅਵਤਾਰ ਹੋਏ ਨੇ ਜਿਨ੍ਹਾਂ ਨੇ ਗੀਤਾ ਉਚਾਰੀ ਹੈ, ਦੇ ਫਲਾਨੇ ਸ਼ਲੋਕ ਦੇ ਅਰਥ ਅਤੇ ਗੀਤਾ ਦਾ ਸਾਰ ਦੱਸੋ? ਗੁਰੂ ਸਾਹਿਬ ਮੁਸਕਰਾਏ ਤੇ ਕਿਹਾ ਪੰਡਿਤ ਜੀ ਜੇ ਮੈਂ ਅਜਿਹਾ ਕੀਤਾ ਤਾਂ ਤੁਸੀਂ ਰੌਲਾ ਪਾ ਦੇਣਾ ਹੈ ਕਿ ਗੁਰੂ ਨਾਨਕ ਸਾਹਿਬ ਦੀ ਸਿੱਖੀ ਦੇ ਵਾਰਸ ਕੋਲ ਕੋਈ ਚਮਤਾਕਾਰ ਹੈ, ਜਾਓ ਸੰਗਤ ਚੋਂ ਕਿਸੇ ਨੂੰ ਵੀ ਕਹਿ ਦਿਓ ਉਹ ਹੀ ਐਸਾ ਕਰ ਵਿਖਾਏਗਾ ਕਿਉਂਕਿ ਗੁਰਮਤਿ ਵਿੱਚ ਹਰੇਕ ਮਾਈ ਭਾਈ ਵਿਦਿਆ ਪੜ੍ਹ ਤੇ ਪੜ੍ਹਾ ਸਕਦਾ ਹੈ ਤਾਂ ਪੰਡਿਤ ਨੇ ਸੰਗਤਾਂ ਦੀ ਸੇਵਾ ਕਰ ਰਹੇ ਛੱਜੂ ਝਿਊਰ ਵੱਲ ਇਸ਼ਾਰਾ ਕੀਤਾ। ਭਾਈ ਛੱਜੂ ਜੀ ਨੇ ਗੁਰੂ ਆਗਿਆ ਲੈ ਕੇ ਗੀਤਾ ਦੇ ਸ਼ਲੋਕ ਦੇ ਅਜਿਹੇ ਅਰਥ ਕੀਤੇ ਅਤੇ ਦਰਸਾਇਆ ਕਿ ਗੀਤਾ ਦਾ ਸਾਰ ਹੈ ਪ੍ਰਮਾਤਮਾਂ ਅਮਰ ਹੈ ਅੱਗ ਉਸ ਨੂੰ ਸਾੜ ਨਹੀਂ ਸਕਦੀ, ਸ਼ਸ਼ਤ੍ਰ ਕੱਟ ਨਹੀਂ ਸਕਦੇ ਅਤੇ ਪਾਣੀ ਡੋਬ ਨਹੀਂ ਸਕਦਾ ਤਾਂ ਪੰਡਿਤ ਲਾਲਚੰਦ ਦੰਗ ਰਹਿ ਗਿਆ ਅਤੇ ਕੀਤੀ ਅਵੱਗਿਆ ਦੀ ਮੁਆਫੀ ਮੰਗ ਕੇ, ਗੁਰੂ ਦਾ ਮੁਰੀਦ ਬਣ ਗਿਆ। ਗੁਰਮਤਿ ਵਿਰੋਧੀਆਂ ਅਤੇ ਸੰਪ੍ਰਦਾਈ ਟਕਸਾਲੀ ਡੇਰੇਦਾਰਾਂ ਨੇ ਇਸ ਨਾਲ ਸਾਖੀ ਜੋੜ ਦਿੱਤੀ ਕਿ ਗੁਰੂ ਨੇ ਚਮਤਕਾਰੀ ਸੋਟੀ ਭਾਈ ਛੱਜੂ ਦੇ ਸਿਰ ਤੇ ਰੱਖੀ ਸੀ। 

ਇਵੇਂ ਹੀ ਗੁਰੂ ਘਰ ਦੇ ਸ਼ਰਧਾਲੂ ਮਿਰਜਾ ਰਾਜਾ ਜੈ ਸਿੰਘ ਦੀ ਪਟਰਾਣੀ ਦੀ ਪਹਿਚਾਣ ਵੀ ਚਮਤਕਾਰੀ ਦਰਸਾਈ ਗਈ ਹੈ ਜਦ ਕਿ ਬਾਲ ਗੁਰੂ ਨੇ ਬੜੀ ਦੂਰ ਅੰਦੇਸ਼ੀ ਨਾਲ ਦਰਸਾ ਦਿੱਤਾ ਸੀ ਕਿ ਪਟਰਾਣੀ ਦੇ ਕਪੜੇ ਪਾ ਕੇ ਕੋਈ ਗੋਲੀ ਪਟਰਾਣੀ ਨਹੀਂ ਬਣ ਜਾਂਦੀ ਸਗੋਂ ਉਹ ਆਪਣੀਆਂ ਹਰਕਤਾਂ, ਚਿਹਰੇ ਦੇ ਹਾਵ ਭਾਵਾਂ ਅਤੇ ਗੱਲ ਬਾਤ ਦੇ ਸਲੀਕੇ ਤੋਂ ਪਛਾਨੀ ਜਾਂਦੀ ਹੈ। ਇਨ੍ਹੀ ਦਿਨੀਂ ਇੱਥੇ ਦਿੱਲ੍ਹੀ ਤੇ ਇਸ ਦੇ ਆਸ ਪਾਸ ਦੇ ਇਲਾਇਆਂ ਵਿੱਚ ਚੇਚਕ ਫੈਲੀ ਹੋਈ ਹੀ ਸੀ। ਬਾਲ ਗੁਰੂ ਹਰਿਕ੍ਰਿਸ਼ਨ ਸਾਹਿਬ ਅਤੇ ਸਾਥੀਆਂ ਨੇ ਬੜੀ ਤਨਦੇਹੀ ਨਾਲ ਲੋੜਵੰਦ ਮਰੀਜਾਂ ਦਾ ਇਲਾਜ ਕਰਵਾਇਆ ਅਤੇ ਭੁੱਖ ਮਰੀ ਤੋਂ ਵੀ ਮਦਦ ਕੀਤੀ। ਪਾਣੀ ਦੀ ਸਹੂਲਤ ਨੂੰ ਮੁੱਖ ਰੱਖ ਕੇ ਖੂਹ ਵੀ ਲਵਾਇਆ, ਜਿਸ ਨੂੰ ਗੁਰਮਤਿ ਵਿਰੋਧੀਆਂ ਨੇ ਚਮਤਕਾਰ ਨਾਲ ਜੋੜ ਦਿੱਤਾ ਹੈ ਕਿ ਇਸ ਦਾ ਪਾਣੀ ਪੀਣ ਨਾਲ ਦੁੱਖ ਰੋਗ ਕੱਟੇ ਜਾਂਦੇ ਨੇ ਜੋ ਅੱਜ ਬੰਗਲਾ ਸਾਹਿਬ ਗੁਰਦੁਆਰਾ ਹੈ। ਜਰਾ ਸੋਚੋ ਜੇ ਐਸਾ ਹੀ ਹੁੰਦਾ ਤਾਂ ਬਾਲ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਿਨ੍ਹਾਂ ਨੂੰ ਮਰੀਜਾਂ ਦੀ ਦੇਖ ਭਾਲ ਕਰਦੇ ਚੇਚਕ ਹੋ ਗਈ ਸੀ ਹਟ ਜਾਂਦੀ। ਅੱਜ ਇੱਕਵੀਂ ਸਦੀ ਦੇ ਸੰਪ੍ਰਦਾਈ ਅਤੇ ਕਾਬਜ ਮਸੰਦ ਵੀ ਐਸੇ ਅੰਧਵਿਸ਼ਵਾਸ਼ ਦਾ ਪ੍ਰਚਾਰ ਕਰ, ਸ਼ਰਧਾਲੂਆਂ ਨੂੰ ਗੁੰਰਾਹ ਕਰਕੇ, ਲੁੱਟ ਰਹੇ ਹਨ। ਕੋਈ ਸ਼੍ਰੋਮਣੀ ਕਮੇਟੀ, ਟਕਸਾਲ ਜਾਂ ਅਖੌਤੀ ਜਥੇਦਾਰ ਇਸ ਦਾ ਵਿਰੋਧ ਨਹੀਂ ਕਰ ਰਹੇ। ਇੱਕ ਹੋਰ ਮਨਘੜਤ ਸਾਖੀ ਕਿ ਬਾਲ ਗੁਰੂ ਸਾਹਿਬ ਦੇ ਰਸਤੇ ਵਿੱਚ ਜਾਂਦੇ ਸਮੇਂ ਇੱਕ ਬ੍ਰਾਹਮਣ ਅੱਗੇ ਲੇਟ ਗਿਆ ਤੇ ਕਹਿਣ ਲੱਗਾ ਮੇਰਾ ਕੋਹੜ ਦਾ ਰੋਗ ਦੂਰ ਕਰ ਦਿਓ ਤਾਂ ਗੁਰੂ ਜੀ ਨੇ ਆਪਣਾ ਰਾਮਾਲ ਉਸ ਨੂੰ ਦੇਂਦੇ ਕਿਹਾ ਕਿ ਆਪਣੇ ਸਰੀਰ ਤੇ ਫੇਰ ਕੋਹੜ ਦੂਰ ਹੋ ਜਾਵੇਗਾ ਆਦਿਕ ਮਨਘੜਤ, ਸਿੱਖੀ ਸਿਧਾਂਤਾਂ ਅਤੇ ਸਿੱਖੀ ਦੀ ਮਹਾਨਤਾ ਨੂੰ ਢਾਹ ਲਾਉਣ ਵਾਲੀਆਂ ਅਨੇਕਾਂ ਕਥਾ ਕਹਾਣੀਆਂ ਅਤੇ ਦੰਦ ਕਥਾਵਾਂ ਪ੍ਰਚਲਤ ਕਰ ਦਿੱਤੀਆਂ।

ਹੋਣਹਾਰ ਬ੍ਰਿਹਵਾਨ ਕੇ ਚਿਕਨੇ ਚਿਕਨੇ ਪਾਤ ਕਹਾਵਤ ਤਾਂ ਸਦੀਆਂ ਤੋਂ ਚੱਲੀ ਆ ਰਹੀ ਹੈ। ਅੱਜ ਵੀ ਬਹੁਤ ਸਾਰੇ ਛੋਟੀ ਉਮਰ ਦੇ ਬੱਚੇ ਵੱਡੇ ਵੱਡੇ ਕਾਰਨਾਮੇ ਕਰ ਰਹੇ ਹਨ ਜਿਨ੍ਹਾਂ ਵੱਲ ਦੇਖ ਕੇ ਵੱਡੇ ਦੰਗ ਰਹਿ ਜਾਂਦੇ ਹਨ। ਅਜਿਹੀਆਂ ਮਹਾਨਤਾਵਾਂ ਚੰਗੇ ਮਾਤਾ ਪਿਤਾ, ਸਭਾ ਸੁਸਾਇਟੀ ਅਤੇ ਵਿਦਵਾਨਾਂ ਦੀ ਉੱਚ ਸਿਖਿਆ ਨਾਲ ਕਈਆਂ ਨੂੰ ਛੋਟੀ ਉਮਰੇ ਵਿਰਾਸਤ ਵਿੱਚ ਹੀ ਪ੍ਰਾਪਤ ਹੋ ਜਾਂਦੀਆਂ ਹਨ ਜਦ ਕਿ ਬਹੁਤੇ ਵੱਡੀ ਉੱਮਰ ਵਿੱਚ ਵੀ ਅੰਧਵਿਸ਼ਵਾਸ਼ੀ ਅਤੇ ਮੂਰਖ ਹੀ ਰਹਿੰਦੇ ਹਨ। ਜੇ ਸੋਟੀਆਂ, ਪਾਣੀਆਂ, ਤੋਤਾ ਰਟਨੀ ਮੰਤ੍ਰਾਂ ਅਤੇ ਅਣਹੋਣੀਆਂ ਗੈਬੀ ਸ਼ਕਤੀਆਂ ਨਾਲ ਹੀ ਰੋਗੀ, ਮਰੀਜ ਠੀਕ ਅਤੇ ਮਾਲਾ ਮਾਲ ਹੋਣਾ ਸੀ ਤਾਂ ਗੁਰੂ ਸਾਹਿਬ ਨੂੰ ਆਪ ਹੱਥੀਂ ਕਿਰਤ ਕਰਨ, ਵੰਡ ਛੱਕਣ, ਨਾਲ ਜਪਣ, ਮੱਲ ਅਖਾੜੇ ਰੱਚਣ ਅਤੇ ਵੱਡੇ ਵੱਡੇ ਦਵਾਖਾਨੇ ਖੋਲ੍ਹਣ ਦੀ ਕੀ ਲੋੜ ਸੀ? ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਦਾਰਾ ਸ਼ਿਕੋਹ ਦਾ ਸਹੀ ਇਲਾਜ ਗੁਰੂ ਹਰਿਰਾਇ ਸਾਹਿਬ ਦੇ ਦਵਾਖਾਨੇ ਚੋਂ ਹੋਇਆ ਸੀ। ਕੋਹੜ ਦਾ ਇਲਾਜ ਕਰਨ ਵਾਸਤੇ ਗੁਰੂ ਅਰਜਨ ਸਾਹਿਬ ਜੀ ਨੇ ਤਰਨ ਤਾਰਨ ਸਾਹਿਬ ਵਿਖੇ ਕੋਹੜੀ ਦਵਾਖਾਨਾ (ਹਸਪਤਾਲ) ਖੋਹਲਿਆ ਹੋਇਆ ਸੀ ਨਾਂ ਕਿ ਮੱਸਿਆ ਤੇ ਸਰੋਵਰ ਵਿੱਚ ਨਹਾਉਣ ਨਾਲ ਕੋਹੜ ਦੂਰ ਹੁੰਦਾ ਸੀ। ਹਾਂ ਅੰਧ ਵਿਸ਼ਵਾਸ਼ਤਾ ਕਰਕੇ ਮਾਨਸਿਕ ਰੋਗੀ ਗੁਰੂ ਵੈਦ ਦੇ ਗਿਆਨ ਦਾਰੂ ਨਾਲ ਠੀਕ ਹੋ ਜਾਂਦੇ ਸਨ ਤੇ ਹਨ। ਭਗਤ ਅਤੇ ਸਿੱਖ ਗੁਰੂ ਸਾਹਿਬਾਨ ਚਿੰਤਾ ਫਿਕਰ ਦੂਰ ਕਰਨ ਦਾ ਉਪਦੇਸ਼ ਦਿੰਦੇ ਸਨ-ਨਾ ਕਰਿ ਚਿੰਤ ਚਿੰਤਾ ਹੈ ਕਰਤੇ॥ ਹਰਿ ਦੇਵੈ ਜਲਿ ਥਲਿ ਜੰਤਾ ਸਭਤੈ॥....(1070) ਸੋ ਕਹਾਵਤ ਹੈ ਮਨ ਤੋਂ ਵਿਸਾਰਿਆ ਰੋਗ ਤਨ ਤੋਂ ਵੀ ਦੂਰ ਹੋ ਜਾਂਦਾ ਹੈ ਜਿਵੇਂ ਬਲੱਡ ਪ੍ਰੈਸ਼ਰ ਆਦਿਕ। ਦੁਨਿਆਵੀ ਵਿਸ਼ੇਵਿਕਾਰਾਂ ਅਤੇ ਔਗਣਾ ਵਿੱਚ ਗ੍ਰਸਤ ਹੋ ਕੇ ਖਸਮ ਕਰਤਾਰ ਨੂੰ ਭੁੱਲਣਾ ਹੀ ਬਹੁਤ ਸਾਰੇ ਰੋਗਾਂ ਨੂੰ ਸੱਦਾ ਦੇਣਾ ਹੈ-ਖਸਮੁ ਵਿਸਾਰਿ ਕੀਏ ਰਸ ਭੋਗ॥ ਤਾਂ ਤਨਿ ਉਠਿ ਖਲੋਏ ਰੋਗ॥ (1256) ਸੋ ਬਾਲ ਉਮਰੇ ਹੋਣਹਾਰਤਾ, ਚੰਗੀ ਵਿਦਿਆ, ਲਗਨ, ਲੋਕ ਸੇਵਾ ਅਤੇ ਰੱਬੀ ਰਹਿਮਤ ਆਦਿਕ ਸ਼ੁਭ ਗੁਣ ਹੀ ਉਨ੍ਹਾਂ ਦੀ ਮਹਾਨਤਾ ਦੇ ਕਾਰਨ ਸਨ ਨਾਂ ਕਿ ਕੋਈ ਕਰਾਮਾਤ ਜਾਂ ਅਣਹੋਣੇ ਚਮਤਕਾਰ। ਸਾਨੂੰ ਛੋਟੀ ਉਮਰ ਵਿੱਚ ਵੱਡੇ ਕਾਰਨਾਮੇ ਕਰਨ ਦੀ ਬਾਲ ਗੁਰੂ ਹਰਿ ਕ੍ਰਿਸ਼ਨ ਸਾਹਿਬ ਦੇ ਜੀਵਨ ਤੋਂ ਸਿਖਿਆ ਲੈਣੀ ਚਾਹੀਦੀ ਹੈ ਨਾਂ ਕਿ ਅਣਹੋਣੇ ਚਮਤਕਾਰਾਂ ਦੇ ਗਿਲਾਫ ਹੀ ਉਨ੍ਹਾਂ ਦੀ ਮਹਾਨਤਾ ਤੇ ਚੜਾਈ ਜਾਣੇ ਚਾਹੀਦੇ ਹਨ। ਨੋਟ-ਅਖੌਤੀ ਦਸਮ ਗ੍ਰੰਥ ਜੋ ਅਜਿਹੇ ਚਮਤਾਰਾਂ, ਵਿਭਚਾਰਾਂ, ਵਿਕਾਰਾਂ, ਮਾਰੂ ਨਸ਼ਿਆਂ ਅਤੇ ਔਰਤਾਂ ਦੇ ਰੇਪਾਂ ਦੀ ਸਿਖਿਆ ਦਿੰਦਾ ਹੈ ਦੇ ਮਗਰ ਲੱਗ ਕੇ ਇਹ ਕਹੀ ਜਾਣਾ ਕਿ-ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਇ॥(ਦੁਰਗਾ ਕੀ ਵਾਰ) ਜੋ ਅਜੋਕੀ ਅਰਦਾਸ ਬਣਾ ਦਿੱਤੀ ਗਈ ਹੈ। ਹੁਣ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਦੁੱਖ ਭੰਜਨ ਪ੍ਰਮਾਤਮਾਂ ਹੈ ਜਾਂ ਕਿਸੇ ਵਿਸ਼ੇਸ਼ ਵਿਅਕਤੀ ਨੂੰ ਦੇਖਣ ਨਾਲ ਹੀ ਦੁੱਖ ਦੂਰ ਹੁੰਦੇ ਹਨ? ਜੇ ਅਜਿਹਾ ਹੈ ਤਾਂ ਬਾਲ ਗੁਰੂ ਹਰਿ ਕ੍ਰਿਸ਼ਨ ਹਰ ਵੇਲੇ ਆਪਣੇ ਆਪ ਨੂੰ ਦੇਖਦੇ ਸਨ ਫਿਰ ਉਨ੍ਹਾਂ ਦਾ ਚੇਚਕ ਦਾ ਰੋਗ ਦੂਰ ਕਿਉਂ ਨਾ ਹੋਇਆ? ਕੀ ਇਕੱਲੇ ਅਠਵੇਂ ਬਾਲ ਗੁਰੂ ਨੂੰ ਦੇਖਣ ਨਾਲ ਹੀ ਦੁੱਖ ਦੂਰ ਹੁੰਦੇ ਸਨ ਜਾਂ ਹਨ? ਕੀ ਬਾਕੀ ਰੱਬੀ ਭਗਤ ਅਤੇ ਸਿੱਖ ਗੁਰੂ ਜੀਰੋ ਸਨ ਜਾਂ ਹਨ? ਗੁਰੂ ਗ੍ਰੰਥ ਸਾਹਿਬ ਤਾਂ ਗੁਰੂਆਂ ਭਗਤਾਂ ਦੀ ਜੋਤ ਹਨ ਫਿਰ ਉਨ੍ਹਾਂ ਦੇ ਦਰਸ਼ਨ ਨਾਲ ਕਿਉਂ ਨਹੀਂ? ਫਿਰ ਬਹੁਤੇ ਗੁਰਦੁਆਰਿਆਂ ਵਿੱਚ ਸੁਹਿਰਦ ਪ੍ਰਬੰਧਕਾਂ ਅਤੇ ਸੰਗਤਾਂ ਨੇ ਦਵਾਖਾਨੇ ਅਤੇ ਵੱਡੇ ਵੱਡੇ ਹਸਪਤਾਲ ਕਿਉਂ ਖੋਲ੍ਹੇ ਹੋਏ ਹਨ? ਫਿਰ ਐਡੀਆਂ ਵੱਡੀਆਂ ਮਹਿੰਗੀਆਂ ਬਿਲਡਿੰਗਾਂ ਬਣਾ, ਡਾਕਟਰ, ਕੰਪੋਡਰ, ਸੇਵਾਦਰ ਅਤੇ ਕੀਮਤੀ ਦਵਾਈਆਂ ਉੱਤੇ ਕੌਮ ਦਾ ਅਰਬਾਂ ਖਰਬਾਂ ਰੁਪਿਆ ਖਰਚ ਕੇ ਕਿਉਂ ਬਰਬਾਦ ਕੀਤਾ ਜਾ ਰਿਹਾ ਹੈ? ਫਿਰ ਤਾਂ ਦੁਨੀਆਂ ਭਰ ਵਿੱਚ ਸਾਰੇ ਹਸਪਤਾਲ ਬੰਦ ਕਰਕੇ, ਗੁਰੂ ਦੇ ਦਰਸ਼ਨ ਕਰਾ ਕਰਾ ਕੇ ਰੋਗੀ ਤੇ ਮਰੀਜ ਠੀਕ ਕਰੀ ਜਾਣੇ ਚਾਹੀਦੇ ਹਨ। ਕੀ ਅਜਿਹੇ ਅਣਹੋਣੇ ਚਮਤਕਾਰਾਂ ਵਿੱਚ ਅੰਧ ਵਿਸ਼ਵਾਸ਼ ਰੱਖਣ ਵਾਲੇ ਆਪ ਰੋਟੀ ਪਾਣੀ ਅਤੇ ਦਵਾਈਆਂ ਨਹੀਂ ਖਾਂਦੇ? ਕੀ ਸਾਰੇ ਦਰਸ਼ਨ ਕਰਕੇ ਹੀ ਠੀਕ ਹੋ ਰਹੇ ਹਨ? ਜਿਸ ਡਿੱਠੇ ਸਭ ਦੁੱਖ ਜਾਏ ਗੁਰਬਾਣੀ ਨਹੀਂ ਸਗੋਂ ਦੁਰਗਾ ਕੀ ਵਾਰ ਦੀ ਪਹਿਲੀ ਪਾਉੜੀ ਹੈ। ਹੁਣ ਸੁਹਿਰਦ ਸਿੱਖਾਂ ਨੇ ਸੋਚਣਾ ਹੈ ਕਿ ਉਨ੍ਹਾਂ ਦਾ ਸ਼ਬਦ ਗੁਰੂ "ਗੁਰੂ ਗ੍ਰੰਥ ਸਾਹਿਬ" ਹੈ ਜਾਂ ਕੋਈ ਬਾਹਰੀ ਗ੍ਰੰਥ? ਜੋ ਸਿੱਖਾਂ ਨੂੰ ਗੁਰੂ ਦੇ ਕਿਰਤੀ ਸਿਧਾਂਤਾਂ ਗੁਰਮਤਿ ਤੋਂ ਤੋੜ ਕੇ, ਅਣਹੋਣੇ ਚਮਤਕਾਰਾਂ ਨਾਲ ਜੋੜਦਾ ਹੈ। ਬਚ ਜਾਓ ਨਾ ਚੜ੍ਹਾਓ ਅੰਨੀਂ ਸ਼ਰਧਾ ਦੇ ਗਿਲਾਫੀ ਚਮਤਕਾਰ ਗੁਰੂਆਂ ਭਗਤਾਂ ਦੇ ਕ੍ਰਾਂਤੀਕਾਰੀ ਜੀਵਨ ਅਤੇ ਸਿਖਿਆ ਉੱਤੇ, ਜੋ ਦੁਨੀਆਂ ਦੇ ਹਰੇਕ ਮਾਈ ਭਾਈ ਲਈ ਕਲਿਆਣਕਾਰੀ ਹੈ। 

ਬਾਲ ਗੁਰੂ ਦੇ ਪ੍ਰੈਕਟੀਕਲ ਕਾਰਨਾਮੇ ਧਰਮ ਦੀ ਕਿਰਤ, ਵਿਰਤ, ਪਰਉਕਾਰ, ਲੋਕ ਭਾਈ ਦੇ ਕੰਮ, ਦੀਨ ਦੁਖੀਆਂ ਦੀ ਹੱਥੀਂ ਸੇਵਾ, ਕਾਦਰ ਦੀ ਕੁਦਰਤਿ ਅਤੇ ਰੱਬੀ ਰਜਾ ਵਿੱਚ ਰਾਜੀ ਰਹਿਣ ਦੇ ਮਹਾਨ ਕਾਰਨਾਮਿਆਂ ਨੂੰ ਸਦਾ ਸਲਾਮ ਹੈ।

ਸੰਸਾਰੀ ਤੇ ਨਿਰੰਕਾਰੀ ਵਿਦਿਆ ਬਾਰੇ ਵਿਸ਼ੇਸ਼ ਲੇਖ

 ਸੰਸਾਰੀ ਅਤੇ ਨਿਰੰਕਾਰੀ ਵਿਦਿਆ ਬਾਰੇ ਵਿਸ਼ੇਸ਼ ਲੇਖ

ਅਵਤਾਰ ਸਿੰਘ ਮਿਸ਼ਨਰੀ (5104325827)

ਵਿਦਿਆ ਵੀਚਾਰੀ ਤਾਂ ਪਰਉਪਕਾਰੀ॥(੩੫੬) ਵਿਦਿਆ ਸੰਸਕ੍ਰਿਤ ਦਾ ਸ਼ਬਦ ਤੇ ਅਰਥ ਹਨ-ਇਲਮ, ਗਿਆਨ, ਪੜ੍ਹਾਈ, ਕਲਾ, ਐਜੂਕੇਸ਼ਨ, ਸਟੱਡੀ, ਜਾਨਣ ਦੀ ਕਿਰਿਆ। ਵਿਦਿਆ ਵੀ ਦੋ ਪ੍ਰਕਾਰ ਦੀ ਸੰਸਾਰੀ ਅਤੇ ਨਿਰੰਕਾਰੀ। ਸੰਸਾਰੀ ਵਿਦਿਆ ਮਾਂ ਬਾਪ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਵੱਖ ਵੱਖ ਕਿਤਿਆਂ ਆਦਿ ਦੇ ਕੋਰਸਾਂ ਤੋਂ ਮਿਲਦੀ ਅਤੇ ਨਿਰੰਕਾਰੀ ਵਿਦਿਆ, ਧਰਮੀ ਪੁਰਸ਼ਾਂ, ਧਰਮ ਅਸਥਾਨਾਂ, ਧਰਮ ਵਿਦਿਆਲਿਆਂ, ਟਕਸਾਲਾਂ ਅਤੇ ਮਿਸ਼ਨਰੀ ਕਾਲਜਾਂ ਤੋਂ ਮਿਲਦੀ ਹੈ। ਅੱਜ ਇੱਕਵੀਂ ਸਦੀ ਦੇ ਸੰਸਾਰ ਵਿੱਚ ਅਨੇਕਾਂ ਬੋਲੀਆਂ ਵਿੱਚ ਵਿਦਿਆ ਹੈ। ਤੀਜਾ ਨੇਤ੍ਰ ਵਿਦਿਆ ਜੋ ਗਿਆਨ ਦੀ ਰੋਸ਼ਨੀ ਦਿੰਦੀ ਹੈ। ਵਿਦਿਆ ਨਾਲ ਹੀ ਅਜੋਕਾ ਮਨੁੱਖ ਅਕਾਸ਼ ਵਿੱਚ ਉੱਡਦਾ ਤੇ ਅਨੇਕਾਂ ਨਵੀਆਂ ਕਾਡਾਂ ਕੱਢ ਰਿਹਾ ਹੈ। ਵਿਗਿਆਨਕ ਵਿਦਿਆ ਨੇ ਸਾਬਤ ਕਰ ਦਿੱਤਾ ਹੈ ਕਿ ਚੰਦ, ਸੂਰਜ, ਮੰਗਲ ਅਤੇ ਸ਼ਨੀ ਆਦਿਕ ਕੋਈ ਗੈਬੀ ਗ੍ਰਹਿ ਜਾ ਦੇਵਤੇ ਨਹੀਂ ਸਗੋਂ ਅਕਾਸ਼ ਮੰਡਲ ਦੀਆਂ ਵੱਖ ਵੱਖ ਧਰਤੀਆਂ ਹਨ। ਅੱਜ ਸੰਸਾਰ ਦਾ ਸਾਰਾ ਦਾਰੋ ਮਦਾਰ ਵਿਦਿਆ ਦੇ ਸਹਾਰੇ ਚੱਲ ਰਿਹਾ ਅਤੇ ਸਾਰੀਆਂ ਅਧੁਨਿਕ ਸੁਖ ਸਹੂਲਤਾਂ ਵਿਦਿਆ ਵਿਗਿਆਨ ਕਰਕੇ ਹਨ। ਪ੍ਰਭੂ ਦਾ ਨਾਮ ਤੇ ਵਿਦਿਆ ਐਸਾ ਧਨ ਹੈ ਜਿਸਨੂੰ ਕੋਈ ਚੁਰਾ ਨਹੀਂ ਸਕਦਾ, ਜਲ ਡੋਬ ਅਤੇ ਅੱਗ ਸਾੜ ਨਹੀਂ ਸਕਦੀ-ਜਲਿ ਨਹੀ ਡੂਬੈ ਤਸਕਰੁ ਨਹੀਂ ਲੇਵੈ ਭਾਹਿ ਨ ਸਾਕੈ ਜਾਲੇ॥੧॥(੬੭੯) ਵਿਦਿਆ ਤੋਂ ਬਿਨਾਂ ਕੋਈ ਵਿਦਵਾਨ ਜਾਂ ਪੰਡਿਤ ਨਹੀਂ ਹੋ ਸਕਦਾ-ਬਿਨੁ ਬਿਦਿਆ ਕਹਾ ਕੋਈ ਪੰਡਿਤ॥(੧੧੪੦) ਗੁਰੂ ਦੀ ਰਹਿਮਤ ਨਾਲ ਵਿਦਿਆ ਪੜ੍ਹਨ ਵਾਲਾ ਸੰਸਾਰ ਵਿੱਚ ਆਦਰ ਮਾਨ ਪਾਉਂਦਾ ਹੈ-ਗੁਰ ਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ॥(੧੩੨੯)

ਜਰਾ ਸੋਚੋ! ਹਰੇਕ ਚੀਜ ਦਾ ਨਫਾ ਤੇ ਨੁਕਸਾਨ ਹੁੰਦਾ ਹੈ। ਅਜੋਕਾ ਮਨੁੱਖ ਸੰਸਾਰੀ ਵਿਦਿਆ ਵਿੱਚ ਤਾਂ ਸਿਖਰ ਤੇ ਪਹੁੰਚ ਗਿਆ ਪਰ ਨਿਰੰਕਾਰੀ ਵਿਦਿਆ ਨੂੰ ਨਕਾਰ ਰਿਹਾ ਹੈ। ਸੰਸਾਰਕ ਵਿਦਿਆ ਲਈ ਤਾਂ ਜਿੰਦਗੀ ਦੇ ੨੦-੨੦ ਸਾਲ ਬਲਕਿ ਸਾਰੀ ਜਿੰਦਗੀ ਲਗਾ ਦਿੰਦਾ ਹੈ ਪਰ ਨਿਰੰਕਾਰੀ ਵਿਦਿਆ ਲਈ ਇਸ ਕੋਲ ੨੪ ਘੰਟਿਆਂ ਚੋਂ ਇੱਕ ਘੜੀ ਵੀ ਨਹੀਂ। ਸਾਰੀ ਵਿਦਿਆ ਪੈਸਾ, ਸ਼ੋਹਰਤ ਅਤੇ ਵਿਸ਼ੇ ਵਿਕਾਰਾਂ 'ਤੇ ਵਰਤ ਰਿਹਾ ਹੈ। ਅਜੋਕੇ ਅਮੀਰਾਂ ਅਤੇ ਰਾਜਸੀ ਲੀਡਰਾਂ ਨੇ ਵਿਦਿਆ ਨੂੰ "ਵਿਚਾਰੀ"ਬਲਹੀਨ ਬਣਾ ਕੇ ਰੱਖ ਦਿੱਤੈ ਭਾਵ ਅਨਪੜ੍ਹ ਜਾਂ ਘੱਟ ਪੜ੍ਹੇ, ਪੜ੍ਹੇ ਲਿਖਿਆਂ ਅਤੇ ਵਿਦਵਾਨਾਂ 'ਤੇ ਰਾਜ ਕਰ ਰਹੇ ਹਨ। ਅਨਪੜ੍ਹ ਲੀਡਰ ਵਿਦਿਆ ਮੰਤ੍ਰੀ ਅਤੇ ਪੋਸਟ ਗਰੈਜੂਏਟ ਰਿਕਸ਼ਾ ਚਲਾ ਰਹੇ ਹਨ। ਪੜ੍ਹੇ ਲਿਖੇ ਲੋਕ ਖੁਦ ਵੀ ਆਤਮ ਗਿਆਨ ਨਾ ਹੋਣ ਅਤੇ ਵਿਦਿਆ-ਹੰਕਾਰ ਕਰਕੇ ਮੂਰਖ ਹਨ-ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ॥(੧੪੦) ਇਸ ਦੀ ਮਸਾਲ ਹੈ ਕਿ ਪੜ੍ਹੇ ਲਿਖੇ ਅਧਿਆਪਕ, ਡਾਕਟਰ, ਵਿਗਿਆਨੀ ਅਤੇ ਗਿਆਨੀ ਅਨਪੜ੍ਹ ਡੇਰੇਦਾਰ ਸਾਧਾਂ, ਬਾਬਿਆਂ ਅਤੇ ਜੋਤਸ਼ੀਆਂ ਕੋਲ ਹੱਥ ਜੋੜ ਕੇ, ਮੰਨਤਾ ਮੰਨ ਰਹੇ ਤੇ ਚੰਗੇ ਮੰਦੇ ਦਿਨ, ਮਸਿਆ, ਪੁੰਨਿਆਂ, ਸੰਗ੍ਰਾਂਦਾਂ ਅਤੇ ਪੈਂਚਕਾਂ ਮਨਾ ਰਹੇ ਹਨ। ਪੜ੍ਹੇ ਲਿਖੇ ਚਲਾਕ ਤੇ ਹੰਕਾਰੀ ਕਿਰਤੀਆਂ ਨੂੰ ਲੁੱਟਦੇ ਹਨ। ਅਧਿਆਪਕ, ਧਰਮ ਗੁਰੂ, ਪੰਡਿਤ, ਸੰਤ ਬਾਬੇ ਅਤੇ ਰਾਜਸੀ ਲੀਡਰ ਹੀ ਧੱਕੇ ਧੌਂਸ ਨਾਲ ਮਜਬੂਰੀ ਦਾ ਫਾਇਦਾ ਉਠਾ ਕੇ ਪਰਾਈਆਂ ਔਰਤਾਂ ਨਾਲ ਬਲਾਤਕਾਰ ਕਰ ਰਹੇ ਹਨ। ਪੈਸੇ ਤੇ ਚੌਧਰ ਦੀ ਤਾਕਤ ਨਾਲ ਪੜ੍ਹੇ ਲਿਖੇ ਬੇਰੁਜਗਾਰਾਂ ਅਤੇ ਵਿਦਵਾਨਾਂ ਨੂੰ ਖ੍ਰੀਦਿਆ ਜਾ ਰਿਹਾ ਹੈ। ਅਨਪੜ੍ਹ ਪ੍ਰਬੰਧਕ ਧਰਮ ਅਸਥਾਨਾਂ ਵਿਖੇ ਪੜ੍ਹੇ ਲਿਖੇ ਵਿਦਵਾਨਾਂ ਨੂੰ ਨੌਕਰ ਸਮਝ ਰਹੇ ਹਨ। ਪੈਸੇ ਦੇ ਜੋਰ ਨਾਲ, ਵਿਦਿਆ-ਗਿਆਨ ਨੂੰ ਘਰ ਘਰ ਪਹਿਚਾਉਣ ਵਾਲਾ ਮੀਡੀਆ ਵੀ ਖ੍ਰੀਦਿਆ ਜਾ ਰਿਹਾ ਹੈ। ਪੜ੍ਹੀਆਂ ਲਿਖੀਆਂ ਮਾਵਾਂ ਤੇ ਲਾਲਚੀ ਡਾਕਟਰ ਭਰੂਣ ਹਤਿਆ ਕਰਦੇ ਹਨ। ਪੜ੍ਹੇ ਲਿਖੇ ਮੂਰਖ ਤੇ ਚਾਲਬਾਜ ਦਰਿੰਦੇ ਧਰਮ, ਜਾਤ, ਦੇਸ਼, ਪਾਰਟੀ ਅਤੇ ਧੰਨ ਦੇ ਨਾਂ ‘ਤੇ ਬੇਕਸੂਰਾਂ ਅਤੇ ਮਸੂਮਾਂ ਦੇ ਕਤਲ ਕਰ ਰਹੇ ਹਨ। ਅੱਜ ਬਹੁਤੇ ਥਾਂਵਾਂ ਖਾਸ ਕਰ ਭਾਰਤ ਵਿੱਚ ਵਿਦਿਆ ਨੂੰ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਟਿਊਸ਼ਨਾਂ ਦੇ ਰੂਪ ਵਿੱਚ ਵਪਾਰ ਬਣਾ ਲਿਆ ਗਿਆ ਹੈ। ਮਾਇਆਧਾਰੀਆਂ ਵੱਲੋਂ ਥੋੜੇ ਪੈਸਿਆਂ ‘ਤੇ ਘਟੀਆ ਅਧਿਆਪਕ ਰੱਖ, ਵਿਧਿਆਰਥੀਆਂ ਦੀ ਜ਼ਿੰਦਗੀ ਨਾਲ ਖੇਡ, ਮੋਟੀ ਕਮਾਈ ਕੀਤੀ ਜਾ ਰਹੀ ਹੈ। ਸਰਕਾਰੀ, ਧਾਰਮਿਕ ਅਤੇ ਪ੍ਰਾਈਵੇਟ ਵਿਦਿਅਕ ਅਦਾਰਿਆਂ ਵਿੱਚ ਦਾਖਲਾ ਮੈਰਿਟ ਦੇ ਅਧਾਰ 'ਤੇ ਨਹੀਂ ਸਗੋਂ ਸ਼ਪਾਰਸ਼ ਅਤੇ ਰਿਸ਼ਵਤ ਰਾਹੀਂ ਦਿੱਤਾ ਜਾਂਦਾ ਹੈ। ਇਸ ਲਈ ਅੱਜ ਉੱਚ ਵਿਦਿਆ ਵੀ ਅਮੀਰਾਂ ਅਤੇ ਰਾਜਸੀ ਲੀਡਰਾਂ ਦੇ ਬੱਚੇ ਹੀ ਲੈ ਸਕਦੇ ਹਨ। ਗਰੀਬਾਂ ਅਤੇ ਕਿਰਤੀ ਕਾਮਿਆਂ ਦੇ ਬੱਚੇ ਆਰਥਕ ਕਮਜੋਰੀ ਕਰਕੇ, ਵਿਦਿਆ ਤੋਂ ਵਾਂਝੇ ਰਹਿ ਜਾਂਦੇ ਹਨ। ਅੱਜ ਸੰਸਾਰੀ ਵਿਦਿਆ ਵਿੱਚ ਜਿਆਦਾ ਲਾਲਚ, ਲਚਰਤਾ ਅਤੇ ਧਰਮ ਵਿਦਿਆ ਵਿੱਚ ਬਹੁਤੀ ਥਾਂਈਂ ਥੋਥੇ ਕਰਮਕਾਂਡ ਸਿਖਾਏ ਜਾਂਦੇ ਹਨ। ਪੁਰਾਨੇ ਜ਼ਮਾਨੇ ਵਿੱਚ ਬ੍ਰਾਹਮਣ ਤੇ ਰਾਜਾ ਹੀ ਵਿਦਿਆ ਲੈਂਦੇ ਪਰ ਕਹੇ ਜਾਂਦੇ ਸ਼ੂਦਰਾਂ ਤੇ ਔਰਤਾਂ ਨੂੰ ਇਹ ਅਧਿਕਾਰ ਨਹੀਂ ਸੀ। ਸਭ ਨੂੰ ਬਰਾਬਰ ਵਿਦਿਆ ਪੜ੍ਹਨ ਦਾ ਅਧਿਕਾਰ ਰੱਬੀ ਭਗਤਾਂ, ਸਿੱਖ ਗੁਰੂਆਂ ਅਤੇ ਅਜੋਕੇ ਵਿਗਿਆਨ ਅਤੇ ਇਲੈਕਟ੍ਰੌਣਿਕ ਮੀਡੀਏ ਨੇ ਦਿੱਤਾ ਹੈ।

ਵਿਦਿਆ ਤਾਂ ਹੀ ਪਰਉਪਕਾਰੀ ਹੋ ਸਕਦੀ ਹੈ ਜੇ ਉਸ ਦੀ ਸੁਹਿਰਤਾ ਨਾਲ ਵਿਚਾਰ ਕਰ, ਪਰਉਕਾਰੀ ਜੀਵਨ ਜੀਂਦੇ, ਆਪਣਾ ਤੇ ਹੋਰਨਾਂ ਦਾ ਭਲਾ ਚਿਤਵਿਆ ਜਾਵੇ। ਵਿਦਿਆ ਦੀਵੇ ਵਾਂਗ ਅਗਿਆਨਤਾ ਦੇ ਅੰਧੇਰੇ ਨੂੰ ਦੂਰ ਕਰਦੀ ਹੈ-ਦੀਵਾ ਬਲੈ ਅੰਧੇਰਾ ਜਾਇ॥(੭੯੧) ਦੀਵੇ ਜਾਂ ਰੋਸ਼ਨੀ ਦਾ ਕੀ ਕਸੂਰ ਤੇ ਕਾਹਦੀ ਖੁਸ਼ੀ ਜਦ ਇਸ ਦੇ ਹੁੰਦੇ ਮਨੁੱਖ ਅਗਿਆਨਤਾ, ਵਹਿਮਾਂ-ਭਰਮਾਂ, ਹਉਮੇ-ਹੰਕਾਰ, ਵਿਸ਼ੇ-ਵਿਕਾਰ, ਜਾਤ-ਪਾਤ, ਛੂਆ-ਛਾਤ, ਊਚ-ਨੀਚ ਅਤੇ ਮਾਇਆ ਦੇ ਖੂਹਾਂ ਖੱਡਿਆਂ ਵਿੱਚ ਡਿਗਦਾ ਫਿਰੇ-ਕਬੀਰ ਮਨ ਜਾਨੈ ਸਭ ਬਾਤ ਜਾਨਤ ਹੀ ਅਉਗੁਨ ਕਰੈ॥ ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ॥੨੧੬॥(੧੩੭੬) ਵਿਦਿਆ ਦਾ ਖਜ਼ਾਨਾ ਕਦੇ ਮੁਕਦਾ ਨਹੀਂ ਸਗੋਂ ਵਧਦਾ ਜਾਂਦਾ ਹੈ-ਫੈਲੇ ਵਿਦਿਆ ਚਾਨਣ ਹੋਏ(ਲੋਕ ਕਹਾਵਤ) ਸੋ ਚੰਗੇ ਇਨਸਾਨ, ਕਿਰਤੀ ਤੇ ਪਰਉਪਕਾਰੀ ਬਣਨ ਲਈ ਸੰਸਾਰ ਦੀ ਅਨੇਕ ਪ੍ਰਕਾਰੀ ਵਿਦਿਆ ਵੱਧ ਤੋਂ ਵੱਧ ਪੜ੍ਹਨੀ ਵਿਚਾਰਨੀ ਚਾਹੀਦੀ ਹੈ। ਹੁਣ ਅਨਪੜ੍ਹਤਾ ਦਾ ਜ਼ਮਾਨਾਂ ਨਹੀਂ ਰਹਿ ਗਿਆ ਕਿਉਂਕਿ ਅਨਪੜ੍ਹ ਅਜੋਕੇ ਸੰਸਾਰ ਵਿੱਚ ਤਰੱਕੀ ਨਹੀਂ ਕਰ ਸਕਦਾ, ਉਸ ਨੂੰ ਪੜ੍ਹੇ ਲਿਖੇ ਚਲਾਕ ਪੰਡਤ, ਪੁਜਾਰੀ, ਸਾਧ-ਸੰਤ ਅਤੇ ਰਾਜਨੀਤਕ ਲੀਡਰ ਲੁੱਟ ਲੈਂਦੇ ਹਨ। ਕਵੀ ਸੰਤੋਖ ਸਿੰਘ ਵੀ ਪੜ੍ਹੇ-ਅਨਪੜ੍ਹ ਬਾਰੇ ਦਰਸਾਂਦੇ ਹਨ-ਪੜ੍ਹਨ ਬਿਖੈ ਗੁਨ ਅਹੈਂ ਅਨੇਕੂ।ਸਦਾ ਗੁਨ ਪ੍ਰਾਪਤ ਆਦਿ ਬਿਬੇਕੂ।ਯਾਂ ਤੇ ਪੜ੍ਹਨ ਅਹੈ ਬਹੁ ਨੀਕਾ। ਅਨਪੜ੍ਹ ਰਹੈ ਅੰਧ ਨਿਤ ਹੀ ਕਾ। (ਸੂਰਜ ਪ੍ਰਕਾਸ਼ ਰੁੱਤ-੩ ਅਧਿਆਇ-੪੩) ਵਿਦਿਆ ਜੀਵਨ ਦਾ ਖਜ਼ਾਨਾ ਹੈ ਜੋ ਕਦੇ ਮੁਕਦਾ ਨਹੀਂ। ਸੋ ਵਿਦਿਆ ਪੜ੍ਹੀ ਤਾਂ ਹੀ ਸਫਲੀ ਹੈ ਜੇ ਪਰਉਪਕਾਰੀ ਜੀਵਨ ਜੀਵਿਆ ਜਾਵੇ-ਜੀਅ ਜੰਤ ਸਭਿ ਸੁਖਿ ਬਸੇ ਸਭ ਕੈ ਮਨਿ ਲੋਚ॥ ਪਰਉਪਕਾਰੁ ਨਿਤ ਚਿਤਵਤੇ ਨਾਹੀ ਕਛੁ ਪੋਚ॥(੮੧੬)

Saturday, March 18, 2017

ਗੁਰਬਾਣੀ ਇਸੁ ਜਗ ਮਹਿ ਚਾਨਣੁ॥-੨੫
ਗੁਰਬਾਣੀ ਦੇ ਚਾਨਣ ਵਿੱਚ ਬੇਗਮਪੁਰਾ ਸ਼ਹਿਰ ਦੀ ਵਿਆਖਿਆ
ਵਕਤੀ ਧਰਮ ਦੇ ਠੇਕੇਦਾਰਾਂ ਅਤੇ ਹੰਕਾਰੀਆਂ ਅਮੀਰ ਅਤੇ ਉੱਚ ਜਾਤੀਆਂ ਨੇ ਬਾਬਾ ਰਵਿਦਾਸ ਜੀ ਨੂੰ ਸਵਾਲ ਕੀਤੇ ਕਿ ਤੁਹਾਡਾ ਅਸਲੀ ਸ਼ਹਿਰ ਕਿਹੜਾ ਅਤੇ ਕਿਹੋ ਜਿਹਾ ਹੈ? ਓਥੇ ਕੀ ਕਾਨੂੰਨ ਅਤੇ ਕਿਹੋ ਜਿਹੇ ਲੋਕ ਵਸਦੇ ਅਤੇ ਤੁਹਾਡੇ ਮਿੱਤ੍ਰ ਕੌਣ ਹਨ? ਤਾਂ ਐਸੀ ਮਾਨਸਿਕਤਾ ਰੱਖਣ ਵਾਲੇ ਲੋਕਾਂ ਨੂੰ ਜਿਹੜੀ ਬੇਬਾਕੀ ਅਤੇ ਬੇਗਮਤਾ ਨਾਲ ਸ਼੍ਰੋਮਣੀ ਭਗਤ ਬਾਬਾ ਰਵਿਦਾਸ ਜੀ ਨੇ ਬੇਝਕ, ਨਿਡਰ ਅਤੇ ਬੇਖੌਫਤਾ ਨਾਲ ਜਵਾਬ ਦਿੰਦੇ, ਦਬਲੀ ਕੁਚਲੀ ਜਨਤਾ ਨੂੰ ਹਲੂਣ ਕੇ ਜਗਾਇਆ, ਦਾ ਵਰਨਣ ਇਸ ਕ੍ਰਾਂਤੀਕਾਰੀ ਸ਼ਬਦ ਵਿੱਚ ਇਉਂ ਕੀਤਾ ਗਿਆ ਹੈ-ਬੇਗਮਪੁਰਾ ਸਹਰ ਕੋ ਨਾਉ॥ ਦੂਖੁ ਅੰਦੋਹੁ ਨਹੀ ਤਿਹਿ ਠਾਉ॥ ਨਾਂ ਤਸਵੀਸ ਖਿਰਾਜੁ ਨ ਮਾਲੁ॥ ਖਉਫੁ ਨ ਖਤਾ ਨ ਤਰਸੁ ਜਵਾਲੁ॥੧॥ ਅਬ ਮੋਹਿ ਖੂਬ ਵਤਨ ਗਹ ਪਾਈ॥ ਊਹਾਂ ਖੈਰਿ ਸਦਾ ਮੇਰੇ ਭਾਈ॥੧॥ਰਹਾਉ॥ ਕਾਇਮੁ ਦਾਇਮੁ ਸਦਾ ਪਾਤਿਸਾਹੀ॥ ਦੋਮ ਨ ਸੇਮ, ਏਕ ਸੋ ਆਹੀ॥ ਆਬਾਦਾਨੁ ਸਦਾ ਮਸਹੂਰ॥ ਊਹਾਂ ਗਨੀ ਬਸਹਿ ਮਾਮੂਰ॥੨॥ ਤਿਉ ਤਿਉ ਸੈਲ ਕਰਹਿ ਜਿਉ ਭਾਵੈ॥ ਮਹਰਮ ਮਹਲ ਨ ਕੋ ਅਟਕਾਵੈ॥ ਕਹਿ ਰਵਿਦਾਸ ਖਲਾਸ ਚਮਾਰਾ॥ ਜੋ ਹਮ ਸਹਰੀ ਸੁ ਮੀਤੁ ਹਮਾਰਾ॥੩॥੨॥ (੩੪੫)
ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ੩੪੫ ਅੰਗ 'ਤੇ ਅੰਕਿਤ ਹੈ। ਇਸ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਪਦ ਅਰਥ ਹਨ-ਬੇਗਮ=ਜਿੱਥੇ ਕੋਈ ਗ਼ਮ ਨਹੀਂ। ਪੁਰਾ-ਸ਼ਹਿਰ। ਕੋ=ਦਾ। ਅੰਦੋਹੁ=ਚਿੰਤਾ। ਤਿਹਿ ਠਾਉ=ਉਸ ਥਾਂ ਤੇ, ਉਸ ਆਤਮਕ ਅਵਸਥਾ ਵਿੱਚ। ਤਸਵੀਸ=ਸੋਚ, ਘਬਰਾਹਟ। ਖਿਰਾਜ=ਕਰ, ਮਸੂਲ, ਟੈਕਸ। ਖਤਾ=ਦੋਸ਼, ਪਾਪ। ਤਰਸੁ=ਡਰ। ਜਵਾਲ=ਘਾਟਾ। ਮੋਹਿ=ਮੈਂ। ਵਤਨ ਗਹ=ਵਤਨ ਵਿੱਚ ਰਹਿਣ ਦੀ ਥਾਂ। ਖੈਰਿ=ਖ਼ੈਰੀਅਤ, ਸੁਖ। ਕਾਇਮੁ=ਥਿਰ ਰਹਿਣ ਵਾਲੀ। ਦਾਇਮੁ=ਸਦਾ। ਦੋਮ ਸੇਮ=ਦੂਜਾ ਤੀਜਾ ਦਰਜਾ। ਏਕ ਸੋ=ਇਕੋ ਜੈਸੇ। ਆਹੀ=ਹਨ। ਆਬਾਦਾਨੁ=ਆਬਾਦ, ਵੱਸਦਾ। ਗਨੀ=ਧਨੀ, ਧਨਾਢ। ਮਾਮੂਰ=ਰੱਜੇ ਹੋਏ। ਸੈਲ ਕਰਹਿ=ਮਨ-ਮਰਜ਼ੀ ਨਾਲ ਤੁਰਦੇ ਫਿਰਦੇ ਹਨ। ਮਹਰਮ ਮਹਲ=ਮਹਿਲ ਦੇ ਵਾਕਿਫ਼। ਕੋ ਨ ਅਟਕਾਵੈ= ਕੋਈ ਰੋਕਦਾ ਨਹੀਂ। ਕਹਿ=ਆਖਦਾ ਹੈ। ਖਲਾਸ=ਮੁਕਤ, ਅਜ਼ਾਦ-ਜਿਸ ਨੇ ਦੁੱਖ-ਅੰਦੋਹ ਤਸ਼ਵੀਸ਼ ਆਦਿਕ ਤੋਂ ਖ਼ਲਾਸੀ ਪਾਈ ਹੈ। ਹਮ ਸਹਰੀ=ਇੱਕੋ ਸ਼ਹਿਰ ਦੇਵੱਸਣ ਵਾਲਾ, ਹਮ-ਵਤਨ, ਸਤਸੰਗੀ।
ਨੋਟ-ਇਸ ਸ਼ਬਦ ਵਿੱਚ ਵੱਖ ਵੱਖ ਧਰਮ ਆਗੂਆਂ ਦੇ ਮਿਥੇ ਹੋਏ ਸੁਰਗ-ਭਿਸ਼ਤ ਦੇ ਮੁਕਾਬਲੇ 'ਤੇ ਇਸ ਦੀ ਅਸਲੀ ਤਸਵੀਰ ਪੇਸ਼ ਕੀਤੀ ਹੈ। ਸੁਰਗ-ਭਿਸ਼ਤ ਦੇ ਤਾਂ ਸਿਰਫ਼ ਝੂਠੇ ਲਾਰੇ ਹੀ ਹਨ, ਮਨੁੱਖ ਸਿਰਫ਼ ਆਸਾਂ ਹੀ ਕਰ ਸਕਦਾ ਹੈ ਕਿ ਮਰਨ ਪਿਛੋਂ ਮਿਲੇਗਾ, ਜੀਵਨ ਦੇ ਸਹੀ ਰਾਹ ਤੇ ਤੁਰਦਾ ਮਨੁੱਖ, ਉਸ ਨੂੰ ਇਸ ਜ਼ਿੰਦਗੀ ਵਿੱਚ ਹੀ ਅਨੁਭਵ ਕਰ ਸਕਦਾ ਹੈ। 
ਹੁਣ ਅੱਗੇ ਵਿਸਥਾਰ ਨਾਲ ਇਸ ਸ਼ਬਦ ਦਾ ਭਾਵ ਹੈ ਕਿ ਹੇ ਮੇਰੇ ਭਾਈ! ਹੁਣ ਮੈਂ ਵੱਸਣ ਲਈ ਸੋਹਣੀ ਥਾਂ ਲੱਭ ਲਈ ਅਤੇ ਉੱਥੇ ਸਦਾ ਸੁਖ ਹੀ ਸੁਖ ਹੈ।ਜਿਸ ਆਤਮਕ ਅਵਸਥਾ-ਰੂਪ ਸ਼ਹਿਰ ਵਿਚ ਮੈਂ ਵੱਸਦਾ ਹਾਂ, ਉਸ ਸ਼ਹਿਰ ਦਾ ਨਾਮ ਹੈ ਬੇਗ਼ਮਪੁਰਾ ਭਾਵ ਉਸ ਅਵਸਥਾ ਵਿੱਚ ਕੋਈ ਗ਼ਮ ਨਹੀਂ। ਉਸ ਥਾਂ ਨਾਂ ਕੋਈ ਦੁੱਖ, ਚਿੰਤਾ ਅਤੇ ਨਾਂ ਕੋਈ ਘਬਰਾਹਟ ਹੈ। ਉੱਥੇ ਦੁਨੀਆਵੀ ਜਾਇਦਾਦ ਨਹੀਂ ਅਤੇ ਨਾਂ ਹੀ ਉਸ ਜਾਇਦਾਦ ਨੂੰ ਮਸੂਲ ਲਗਦਾ ਹੈ। ਉਸ ਅਵਸਥਾ ਵਿੱਚ ਕਿਸੇ ਪਾਪ ਕਰਮ ਕਰਨ ਦਾ ਕੋਈ ਖ਼ਤਰਾ, ਡਰ ਅਤੇ ਗਿਰਾਵਟ ਨਹੀਂ। ਉਹ ਅਵੱਸਥਾ ਇੱਕ ਐਸੀ ਪਾਤਸ਼ਾਹੀ ਹੈ ਜੋ ਸਦਾ ਬਹਾਰ ਅਤੇ ਓਥੇ ਕੋਈ ਦੂਜ ਤੀਜ ਨਹੀਂ ਸਗੋਂ ਸਭ ਬਰਾਬਰ ਹਨ। ਉਹ ਸ਼ਹਿਰ ਸਦਾ ਉੱਘਾ, ਘੁੱਗ ਵੱਸਦਾ, ਓਥੇ ਧਨੀ ਅਤੇ ਰੱਜੇ ਹੋਏ ਬੰਦੇ ਵੱਸਦੇ ਹਨ। ਉਸ ਉੱਚ ਦਰਜੇ 'ਤੇ ਜੋ ਜੋ ਪਹੁੰਚਦੇ ਹਨ ਉਹਨਾਂ ਦੇ ਅੰਦਰ ਕੋਈ ਵਿਤਕਰਾ ਨਹੀਂ ਅਤੇ ਉਨ੍ਹਾਂ ਨੂੰ ਦੁਨੀਆਂ ਦੀ ਭੁੱਖ ਨਹੀਂ ਰਹਿੰਦੀ। ਉਸ ਆਤਮਕ ਸ਼ਹਿਰ ਦੇ ਵਾਸੀ ਉਸ ਅਵਸਥਾ ਵਿੱਚ ਅਨੰਦ ਨਾਲ ਵਿਚਰਦੇ ਹੋਏ, ਉਸ ਰੱਬੀ ਮਹਲ ਦੇ ਭੇਤੀ ਹੁੰਦੇ ਨੇ, ਇਸ ਕਰਕੇ ਕੋਈ ਉਨ੍ਹਾਂ ਦੇ ਰਾਹ ਵਿੱਚ ਰੋਕ ਨਹੀਂ ਪਾ ਸਕਦਾ। ਸ਼ਬਦ ਦੇ ਅਖੀਰ ਵਿੱਚ ਫੁਰਮਾਂਦੇ ਹਨ ਕਿ ਅਸਲੀ ਚਮਾਰ ਰਵਿਦਾਸ ਨੇ, ਦੁੱਖ-ਅੰਦੋਹ ਤਸ਼ਵੀਸ਼ ਆਦਿਕ ਤੋਂ ਖ਼ਲਾਸੀ ਪਾ ਲਈ ਅਤੇ ਸਾਡਾ ਮਿੱਤ੍ਰ ਉਹ ਹੈ ਜੋ ਇਸ ਅਵਸਥਾ ਧਾਰਨੀ ਹੈ।
ਨੋਟ-ਇਸ ਸ਼ਬਦ ਵਿੱਚ ਆਏ ਲਫਜ "ਜੋ ਹਮ ਸ਼ਹਿਰੀ ਸੋ ਮੀਤ ਹਮਾਰਾ" ਦਾ ਕਦਾਚਿਤ ਵੀ ਇਹ ਭਾਵ ਨਹੀਂ ਕਿ ਮੇਰੇ ਸ਼ਹਿਰ ਦਾ ਵਾਸੀ ਹੀ ਮੇਰਾ ਮਿੱਤ੍ਰ ਅਤੇ ਬਾਕੀ ਸ਼ਹਿਰਾਂ ਦੇ ਦੁਸ਼ਮਣ ਹਨ। "ਜੋ ਹਮ ਸ਼ਹਿਰੀ" ਤੋਂ ਭਾਵ ਜੋ ਉੱਚੀ-ਸੁੱਚੀ ਅਵੱਸਥਾ ਵਾਲੇ ਹਿਰਦੇ ਰੂਪੀ ਸ਼ਹਿਰ ਦਾ ਵਸਿੰਦਾ ਹੈ। ਇੱਥੇ ਕਿਸੇ ਦੁਨਿਆਵੀ ਰਾਜ ਦੀ ਗੱਲ ਨਹੀਂ ਜੋ ਹੱਦ ਬੰਦੀਆਂ ਵਿੱਚ ਘਿਰਿਆ ਹੁੰਦਾ ਹੈ। ਰੱਬੀ ਭਗਤ ਤਾਂ ਸਾਰੇ ਸੰਸਾਰ ਨੂੰ ਹੀ ਆਪਣਾ ਸ਼ਹਿਰ ਮੰਨਦੇ ਹਨ। 
ਇਸੇ ਨੂੰ ਗੁਰੂ ਅਰਜਨ ਸਾਹਿਬ ਨੇ "ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ" ਕਿਹਾ ਹੈ ਜਿਸ ਅਨੁਸਾਰ ਹੁਣ ਮਿਹਰਬਾਨ ਅਕਾਲ ਪੁਰਖ ਦਾ ਹੁਕਮ ਹੋ ਗਿਆ ਹੈ ਕਿ ਕੋਈ ਕਿਸੇ 'ਤੇ ਪ੍ਰਬਲ ਹੋ, ਉਸ ਨੂੰ ਦੁੱਖ ਨਹੀਂ ਦੇ ਸਕੇਗਾ। ਸਾਰੀ ਪਰਜਾ ਸੁਖ ਨਾਲ ਵਸੇਗੀ ਕਿਉਂਕਿ ਹੁਣ ਨਰਮੀ ਵਾਲਾ ਰਾਜ ਹੋ ਗਿਆ ਹੈ। ਇਹ ਬਾਣੀ ਦਾ ਅਧਿਆਤਮਕ ਪੱਖ  ਅਤੇ ਇਸ ਦੇ ਅਰਥ ਕਰਦਿਆਂ "ਬੇਗਮਪੁਰਾ" ਨੂੰ ਆਤਮਕ ਅਵਸਥਾ-ਰੂਪ ਸ਼ਹਿਰ ਦੇ ਅਰਥਾਂ ਵਿੱਚ ਲਿਆ ਗਿਆ ਹੈ। ਮਨੁੱਖ ਨੇ ਹਰ ਤਰ੍ਹਾਂ ਦੀਆਂ ਅੜਚਣਾਂ ਨੂੰ ਦੂਰ ਕਰ, ਇਸ ਅਵਸਥਾ 'ਤੇ ਪਹੁੰਚਣਾ ਹੈ। ਇਹ ਤੱਥ ਧਿਆਨ ਯੋਗ ਹੈ ਕਿ ਗੁਰੂ ਸਾਹਿਬਾਨ ਨੇ ਬਾਣੀ ਵਿੱਚ ਕੋਈ ਵੀ ਅਜਿਹਾ ਸੰਕਲਪ ਜਾਂ ਸਿਧਾਂਤ ਦਰਜ ਨਹੀਂ ਕੀਤਾ ਜਿਸ ਨੂੰ ਅਮਲ ਵਿੱਚ ਨਹੀਂ ਲਿਆਂਦਾ ਜਾ ਸਕਦਾ ਕਿਉਂਕਿ ਅਮਲਾਂ ਤੋਂ ਬਿਨਾ ਸਿਧਾਂਤ ਬੇਕਾਰ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਵਿਖੇ ਅਜਿਹੇ ਹੀ ਹਮ ਸ਼ਹਿਰੀਆਂ ਦੀ ਪਵਿਤ੍ਰ ਰਚਨਾ ਦਰਜ ਹੈ ਜੋ ਆਤਮਕ ਅਵਸਥਾ ਕਰਕੇ, ਸਾਰੇ ਹਮ ਸ਼ਹਿਰੀ ਅਵੱਸਥਾ ਦੇ ਮਾਲਕ ਸਨ। ਅਸਲੀ ਸ਼ਹਿਰ ਗੁਰੂ ਗ੍ਰੰਥ ਸਾਹਿਬ ਅਤੇ ਉੱਚ ਅਵਸੱਥਾ ਦੇ ਵਾਸੀ ਰੱਬੀ ਭਗਤ ਅਤੇ ਗੁਰੂ ਬਰਾਬਰ ਵਾਸੀ ਹਨ। 
ਹਾਂ ਜੇ ਕਿਤੇ ਦੇਵਨੇਤ ਨਾਲ ਐਸੀ ਅਵੱਸਥਾ ਵਾਲੇ ਮਾਈਆਂ-ਭਾਈਆਂ ਕੋਲ ਦੁਨਿਆਵੀ ਰਾਜ ਆ ਜਾਵੇ ਤਾਂ ਪਰਜਾ ਦਾ ਭਲਾ ਹੋ ਸਕਦਾ ਹੈ। ਬੀਜ ਨਾਸ ਨਹੀਂ ਸਗੋਂ ਸੰਸਾਰ ਦੇ ਕੋਨੇ ਕੋਨੇ ਵਿੱਚ ਅਜਿਹੀ ਅਵੱਸਥਾ ਵਾਲੇ ਲੋਕ ਉਪਲਬਦ ਹੋਣ ਕਰਕੇ, ਇਸ ਸ਼ਬਦ ਵਿਚਲਾ ਸਿਧਾਂਤ ਸਾਨੂੰ ਸਾਰੀ ਦੁਨੀਆਂ ਨਾਲ ਜੋੜਦਾ ਹੈ। ਇਸ ਅਵੱਸਥਾ ਦੇ ਵਾਸੀ ਦੁਨਿਆਵੀ ਮੋਹ ਮਾਇਆ ਤੋਂ ਨਿਰਲੇਪ ਹੁੰਦੇ ਹਨ। ਜੇ ਅਸੀਂ ਵੀ ਐਸੇ ਬੇਗਮਪੁਰੇ ਦੇ ਵਾਸੀ ਬਣ ਜਾਈਏ ਤਾਂ ਸਾਡੇ ਵਿੱਚੋਂ ਬਦਨੀਤ ਬ੍ਰਾਹਮਣਾਂ ਦੀ ਪੈਦਾ ਕੀਤੀ, ਊਚ-ਨੀਚ, ਜਾਤ-ਪਾਤ ਅਤੇ ਛੂਆ-ਛਾਤ ਖਤਮ ਹੋ ਸਕਦੀ ਹੈ।
ਅਸੀਂ ਸਾਰੇ ਜੀਵ ਚਮੜੀ ਵਾਲੇ ਹੋਣ ਕਰਕੇ ਖਲਾਸ ਚਮਾਰ ਹਾਂ। ਚਮਾਰ ਕੋਈ ਨੀਵੀਂ ਜਾਤੀ ਨਹੀਂ ਸਗੋਂ ਸਾਰੇ ਚੰਮ ਤੋਂ ਪੈਦਾ ਹੋਣ ਕਰਕੇ ਸਰੀਰਕ ਤੌਰ 'ਤੇ ਚਮਾਰ ਹੀ ਹਨ। ਦੁਨਿਆਵੀ ਚਿੰਤਾ, ਫਿਕਰਾਂ ਅਤੇ ਵਹਿਮਾਂ ਭਰਮਾਂ ਤੋਂ ਮੁਕਤ ਹੋ ਕੇ ਹੀ ਬੇ-ਗਮਪੁਰੇ ਦੇ ਵਾਸੀ ਬਣਿਆ ਜਾ ਸਕਦਾ ਹੈ। ਗੁਰੂ ਬਾਬਾ ਜੀ ਵੀ ਇਹ ਹੀ ਉਪਦੇਸ਼ ਦਿੰਦੇ ਹਨ ਕਿ-ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥(੧੨੯੯) ਅਤੇ ਸਭ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥(੬੭੧) ਬਾਬਾ ਰਵਿਦਾਸ ਜਿਸ ਸਮਾਜ ਵਿੱਚ ਪਲੇ, ਵੱਡੇ ਹੋਏ, ਉਸ ਸਮਾਜ ਵਿੱਚ ਸਮਾਜਕ ਗਤੀਸ਼ੀਲਤਾ ਦੀ ਆਗਿਆ ਨਹੀਂ ਸੀ। ਮਨੁੱਖ ਦਾ ਇੱਕ ਵਰਣ ਤੋਂ ਦੂਸਰੇ ਵਿੱਚ ਪ੍ਰਵੇਸ਼, ਆਪਣਾ ਕਿੱਤਾ ਤਿਆਗ ਕੋਈ ਦੂਸਰਾ ਅਪਨਾਉਣਾ, ਸਿੱਖਿਆ ਪ੍ਰਾਪਤ ਕਰਨਾ, ਇਨ੍ਹਾਂ ਸਭ ਦੀ ਮਨਾਹੀ ਸੀ। ਇਸ ਸਮਾਜ ਵਿੱਚ ਤਾਂ ਮਨੁੱਖ ਦੇ ਰਹਿਣ ਦੀ ਥਾਂ ਵੀ ਉਸ ਦੇ ਵਰਣ ਅਨੁਸਾਰ ਨਿਸਚਿਤ ਕੀਤੀ ਹੋਈ ਸੀ ਅਤੇ ਹੈ। ਇੱਥੋਂ ਤੱਕ ਕਿ ਕਿਸੇ ਬ੍ਰਾਹਮਣ ਕਥਿਤ ਉੱਚ ਜਾਤੀ ਵਾਲੇ ਉੱਤੇ ਕਿਸੇ ਦਲਿਤ ਕਹੇ ਜਾਣ ਵਾਲੇ ਦਾ ਪਰਛਾਵਾਂ ਪੈਣਾ ਵੀ ਗੁਨਾਹ ਮੰਨਿਆਂ ਜਾਂਦਾ ਸੀ ਤੇ ਕਈ ਥਾਂ ਭਾਰਤ ਵਿੱਚ ਅੱਜ ਵੀ ਹੈ। ਜੀਵਨ ਹਰ ਤਰ੍ਹਾਂ ਦੇ ਅੰਦੇਸ਼ਿਆਂ, ਦੁੱਖਾਂ-ਤਕਲੀਫਾਂ ਨਾਲ ਭਰਿਆ ਪਿਆ ਹੈ। ਭਗਤ ਬਾਬਾ ਰਵਿਦਾਸ ਜੀ ਇਸ ਸਮਾਜਕ ਅਵਸਥਾ ਤੋਂ ਪੂਰੀ ਤਰ੍ਹਾਂ ਚੇਤੰਨ ਹੋ, ਦਲਿਤ ਚੇਤਨਾ ਦਾ ਹੀ ਪ੍ਰਗਟਾਵਾ ਕਰਦੇ ਹਨ ਕਿ-ਕਹਿ ਰਵਿਦਾਸ ਖਲਾਸ ਚਮਾਰਾ..॥ 
ਸੋ ਇਸ ਉੱਪ੍ਰੋਕਤ ਸ਼ਬਦ ਵਿੱਚ ਸਭ ਪ੍ਰਕਾਰ ਦੀਆਂ ਬੰਦਸ਼ਾਂ ਤੋਂ ਛੁਟਕਾਰਾ, ਦਲਿਤ ਚੇਤਨਾ ਵੱਲ ਸੰਕੇਤਕ ਹੈ। ਬਾਬਾ ਜੀ ਨੇ ਉਨ੍ਹਾਂ ਦੁਸ਼ਵਾਰੀਆਂ, ਸਮਾਜਕ ਨਾ-ਬਰਾਬਰੀ, ਦੁੱਖਾਂ-ਤਕਲੀਫਾਂ, ਸਮਾਜਕ ਗ਼ੁਲਾਮੀ, ਸਮਾਜਕ ਗਤੀਹੀਣਤਾ ਦੀ ਗੱਲ ਕੀਤੀ ਜਿਨ੍ਹਾਂ ਨੂੰ ਬੇਗਮਪੁਰੇ ਵਿੱਚ ਕੋਈ ਥਾਂ ਨਹੀਂ। ਇਸ ਤੋਂ ਪਤਾ ਚੱਲਦਾ ਹੈ ਕਿ ਰਾਜਸੀ ਅਤੇ ਧਾਰਮਿਕ ਸ਼ਕਤੀਆਂ ਦਾ ਨਪਾਕ ਗੱਠਜੋੜ ਜਿਸ ਦੀ ਬੁਨਿਆਦ ਝੂਠ ਅਤੇ ਲੁੱਟ-ਖਸੁੱਟ 'ਤੇ ਟਿਕੀ ਹੋਈ ਜੋ "ਬੇਗਮਪੁਰਾ" ਦੇ ਅਮਲ ਵਿੱਚ ਸਭ ਤੋਂ ਵੱਡਾ ਰੋੜਾ ਹੈ। ਅੱਜ ਵੀ ਭਾਵੇਂ ਭਾਰਤੀ ਸੰਵਿਧਾਨ ਵਿੱਚ ਪੱਛੜੀਆਂ ਜਾਤਾਂ ਅਤੇ ਕਬੀਲਿਆਂ ਲਈ ਹੱਕ ਰਾਖਵੇਂ ਕਰ ਦਿੱਤੇ ਗਏ ਅਤੇ ਸੰਵਿਧਾਨ ਦੀ ਨਿਗਾਹ ਵਿੱਚ ਸਾਰੇ ਬਰਾਬਰ ਸ਼ਹਿਰੀ ਹਨ ਪਰ ਜੋ ਕੁੱਝ ਭਾਰਤ ਵਿੱਚ ਵਾਪਰਦਾ ਰਿਹਾ, ਪਿਛਲੇ ਦਿਨੀਂ ਵਾਪਰਿਆ, ਉਸ ਦਾ ਕਾਰਨ ਰਾਜ-ਸ਼ਕਤੀ ਅਤੇ ਕਟੜ ਹਿੰਦੂਤਵ ਸ਼ਕਤੀਆਂ ਦਾ ਮਨੁੱਖਤਾ ਵਿਰੋਧੀ ਨਪਾਕ ਗੱਠਜੋੜ ਹੈ, ਜਿਸ ਨੂੰ ਬੇਗਮਪੁਰੇ ਦੇ ਸੂਝਵਾਨ, ਸੱਚੇ-ਸੁੱਚੇ, ਨਿਡੱਰ, ਨਿਧੱੜਕ, ਜਾਤ-ਪਾਤ ਰਹਿਤ, ਸਭ ਨੂੰ ਬਰਾਬਰ ਸਮਝਣ ਤੇ ਹੱਕ ਦੇਣ ਵਾਲੇ ਕ੍ਰਾਂਤੀਕਾਰੀ ਵਾਸੀ ਹੀ ਸਮਝ ਸਕਦੇ ਹਨ। ਐਸੀ ਕ੍ਰਾਂਤੀਕਾਰੀ ਅਵੱਸਥਾ ਦਾ ਬੇਖੌਫ ਜਿਕਰ ਹੀ ਬਾਬਾ ਰਵਿਦਾਸ ਜੀ ਨੇ, ਇਸ ਸ਼ਬਦੀ ਪੈਗਾਮ ਵਿੱਚ ਕੀਤਾ ਹੈ ਪਰ ਅੱਜ ਬਾਬਾ ਜੀ ਦੇ ਬਹੁਤੇ ਅਨੁਯਾਈ ਵੀ ਇਸ ਤੋਂ ਥਿੜਕਦੇ ਜਾ ਰਹੇ ਹਨ, ਨੂੰ ਸਮਝਣ ਦੀ ਅਤਿਅੰਤ ਲੋੜ ਹੈ।


Monday, February 6, 2017

ਧਰਮਾਂ ਦੀ ਬਰਾਬਰਤਾ ਬਾਰੇ

          ਧਰਮਾਂ ਦੀ ਬਰਾਬਰਤਾ ਬਾਰੇ
ਅਵਤਾਰ ਸਿੰਘ ਮਿਸ਼ਨਰੀ (5104325827)
ਆਮ ਲੋਕਾਂ ਖਾਸ ਕਰ ਧਰਮ ਪ੍ਰਚਾਰਕਾਂ ਅਤੇ ਪੁਲੀਟੀਕਲ ਲੀਡਰਾਂ ਦਾ ਧਰਿਆ ਧਰਾਇਆ ਜਵਾਬ ਹੁੰਦਾ ਹੈ ਕਿ ਸਭ ਧਰਮ ਬਰਾਬਰ ਹਨ ਪਰ ਐਸਾ ਨਹੀਂ ਹੈ ਜੇ ਸ਼ੱਕ ਹੈ ਤਾਂ ਸਾਰੇ ਧਰਮਾਂ ਭਾਰੇ ਸਟੱਡੀ ਕਰਕੇ ਦੇਖੋ, ਸਭ ਦੀਆਂ ਰਹੁ ਰੀਤਾਂ ਤੇ ਮਨੌਤਾਂ ਅਲੱਗ ਅਲੱਗ ਹਨ। ਹਰੇਕ ਦੇ ਰੱਬ, ਜੀਵਨ, ਕਰਮ ਅਤੇ ਮੁਕਤੀ ਬਾਰੇ ਸਿਧਾਂਤ ਵੱਖ ਵੱਖ ਹਨ। ਇਸ ਲਈ ਸਾਰੇ ਧਰਮ ਬਰਾਬਰ ਨਹੀਂ ਹਨ ਜੇ ਹੁੰਦੇ ਤਾਂ ਧਰਮ ਦੇ ਨਾਂ ਕੋਈ ਵੀ ਲੜਾਈ ਨਾਂ ਹੁੰਦੀ ਸਗੋਂ ਹਰੇਕ ਮਾਈ ਭਾਈ ਨੂੰ ਇੱਕ ਰੱਬ ਦੀ ਸੰਤਾਨ ਇਨਸਾਨ ਸਮਝਿਆ ਜਾਂਦਾ। ਅੱਜ ਤਾਂ ਮੰਦਰਾਂ, ਮਸਜਦਾਂ ਅਤੇ ਗੁਰਦੁਆਰਿਆਂ ਦੇ ਨਾਂ ਤੇ ਇੱਕ ਦੂਜੇ ਦਾ ਸਿਰ ਪਾੜ੍ਹਨ ਤੱਕ ਜਾਂਦੇ ਹਨ। ਜੇ ਬਰਾਬਰ ਹਨ ਤਾਂ ਐਸਾ ਕਿਉਂ? ਰੱਬ ਦੇ ਸ਼ਰੀਕਾਂ ਨੇ ਹੀ ਅਲੱਗ ਅਲੱਗ ਧਰਮ ਪੈਦਾ ਕੀਤੇ ਹੋਏ ਹਨ ਅਤੇ ਇਹ ਰੱਬ ਵੀ ਆਪੋ ਆਪਣੇ ਬਣਾਈ ਫਿਰਦੇ ਹਨ।
ਜਰਾ ਇਧਰ ਵੀ ਧਿਆਨ ਦਿਉ ਕਿ ਸਿੱਖ ਧਰਮ ਇੱਕ ਨਿਰੰਕਾਰ ਨੂੰ ਅਕਾਲ ਪੁਰਖ ਮੰਨਦਾ ਅਤੇ ਹਿੰਦੂ ਧਰਮ ਜਣੇ ਖਣੇ ਅਵਤਾਰ ਨੂੰ ਹੀ ਭਗਵਾਨ ਕਹੇ ਥਾਂ ਥਾਂ ਮੱਥੇ ਟੇਕੀ  ਜਾਂਦਾ ਹੈ। ਸਿੱਖ ਧਰਮ ਔਰਤ ਅਤੇ ਮਰਦ ਨੂੰ ਬਰਾਬਰ ਅਧਿਕਾਰ ਦਿੰਦਾ ਹੈ ਜਦ ਕਿ ਬਹੁਤੇ ਧਰਮ ਨਹੀਂ ਦਿੰਦੇ। ਸਿੱਖ ਧਰਮ ਅਖੌਤੀ ਨਰਕ ਸਵਰਗ, ਦੇਵੀ ਦੇਵਤਾ, ਭੂਤ-ਪ੍ਰੇਤ, ਚੜੇਲਾਂ, ਥੋਥੇ ਕਰਮਕਾਂਡ, ਵਹਿਮ ਭਰਮ, ਜਾਦੂ ਟੂਣੇ, ਧਰਮ ਦੇ ਨਾਂ ਤੇ ਬਲੀਆਂ ਦੇਣੀਆਂ, ਤੰਤ੍ਰ ਮੰਤ੍ਰ, ਜੋਤਿਸ਼ੀਆਂ, ਮਸਿਆ ਪੁਨਿਆਂ, ਸੰਗ੍ਰਾਂਦਾਂ, ਚੰਗੇ ਮੰਦੇ ਦਿਨਾਂ, ਮੜੀਆਂ ਮਸਾਣੀਆਂ, ਪੁਜਾਰੀਆਂ ਅਤੇ ਕਿਰਤ ਤੇ ਗ੍ਰਿਹਸਤ ਤੋਂ ਭਗੌੜੇ ਅਖੌਤੀ ਸਾਧਾਂ ਸੰਤਾਂ ਆਦਿਕ ਨੂੰ ਨਹੀ ਮੰਨਦਾ ਤੇ ਨਾਂ ਹੀ ਮਾਨਤਾ ਦਿੰਦਾ ਹੈ। ਸਿੱਖ ਧਰਮ ਇੱਕ ਕਰਤਾਰ ਨੂੰ ਸਰਬ ਨਿਵਾਸੀ ਘਟਿ ਘਟਿ ਵਾਸੀ ਮੰਨਦਾ ਹੋਇਆਂ ਸਭ ਵਿੱਚ ਉਸ ਦੀ ਜੋਤਿ ਮੰਨਦਾ ਹੈ। ਸਿੱਖ ਧਰਮ ਵਿੱਚ ਕੋਈ ਜਾਤ-ਪਾਤ ਨਹੀਂ। ਸਿੱਖ ਧਰਮ ਇੱਕ ਪ੍ਰਮਾਤਮਾਂ ਨੂੰ ਹੀ ਸਭ ਦਾ ਪਿਤਾ ਮੰਨਦਾ ਹੈ-ਏਕ ਪਿਤਾ ਏਕਸ ਕੇ ਹਮ ਬਾਰਿਕ (611) ਜਦ ਕਿ ਹਿੰਦੂ ਧਰਮ ਜਾਤ ਪਾਤੀ ਵਖਰੇਵਿਆਂ ਦਾ ਮੁਦਈ ਹੈ। ਸਿੱਖ ਧਰਮ ਕਿਰਤੀਆਂ ਦਾ ਧਰਮ ਹੈ ਇਸ ਵਿੱਚ ਪੁਜਾਰੀਵਾਦ ਨੂੰ ਕੋਈ ਥਾਂ ਨਹੀਂ।

ਇਸਲਾਮ ਵਿੱਚ ਬੀਫ ਖਾਣਾ ਹਰਾਮ ਨਹੀਂ ਪਰ ਹਿੰਦੂ ਪਾਪ ਮੰਨਦੇ ਹਨ। ਮੁਸਲਿਮ ਸੂਰ ਨਹੀਂ ਖਾਂਦੇ ਪਰ ਸਿੱਖਾਂ ਵਾਸਤੇ ਨਾਂ ਬੀਫ ਤੇ ਨਾਂ ਹੀ ਸੂਰ ਹਰਾਮ ਹੈ। ਹਿੰਦੂਆਂ ਦੇ ਮੰਦਰਾਂ ਵਿੱਚ ਸ਼ੂਦਰ ਨੀਵੀ ਜਾਤ ਦਾ ਮਨੁੱਖ ਨਹੀਂ ਜਾ ਸਕਦਾ। ਇਵੇਂ ਹੀ ਇਸਲਾਮਿਕ ਕੇਂਦਰ ਮੱਕੇ ਵਿੱਚ ਕੋਈ ਗੈਰ ਮੁਸਲਿਮ ਨਹੀਂ ਜਾ ਸਕਦਾ ਅਤੇ ਉਹ ਗੈਰ ਮੁਸਲਿਮ ਨੂੰ ਕਾਫਰ ਕਹਿੰਦੇ ਹਨ ਪਰ ਸਿੱਖ ਗੁਰਦੁਆਰਿਆਂ ਦੇ ਦਰਵਾਜੇ ਸਭ ਲਈ ਖੁੱਲ੍ਹੇ ਹਨ ਫਿਰ ਕਿਵੇਂ ਕਿਹਾ ਜਾ ਸਕਦਾ ਹੈ ਕਿ ਸਭ ਧਰਮ ਬਰਾਬਰ ਹਨ? ਐਸਾ ਕਹਿਣ ਜਾਂ ਮੰਨਣ ਵਾਲੇ ਜਰਾ ਠੰਡੇ ਦਿਲ ਦਿਮਾਗ ਨਾਲ ਸੋਚ ਕੇ ਜਵਾਬ ਦੇਣ ਹਾਂ ਇਹ ਵੱਖਰੀ ਗੱਲ ਹੈ ਕਿ ਸਾਨੂੰ ਸਭ ਦਾ ਸਤਿਕਾਰ ਕਰਨਾ ਚਾਹੀਦਾ ਹੈ ਨਾਂ ਕਿ ਨਿਰਾਦਰ ਪਰ ਸਾਰਥਕ ਤਰਕ ਦੇ ਅਧਾਰ ਤੇ ਵਿਚਾਰ ਚਰਚਾ ਤਾਂ ਕੀਤੀ ਹੀ ਜਾ ਸਕਦੀ ਹੈ ਜਿਸ ਬਾਰੇ ਬਾਬੇ ਨਾਨਕ ਜੀ ਨੇ ਫੁਰਮਾਇਆ ਹੈ ਕਿ-ਜਬ ਲਗੁ ਦੁਨੀਆਂ ਰਹੀਏ ਨਾਨਕ ਕਿਛੁ ਸੁਣੀਐਂ ਕਿਛੁ ਕਹੀਐ॥ (661) ਅਤੇ ਰੋਸੁ ਨਾ ਕੀਜੈ ਉਤਰੁ ਦੀਜੈ ਕਿਉਂ ਪਾਈਐ ਗੁਰ ਦੁਆਰੋ॥(938) ਸੋ ਅੰਖਾਂ ਮੀਟ ਕੇ ਜਾਂ ਕਿਸੇ ਦੇ ਕਹੇ ਕਹਾਏ ਨਹੀ ਕਹੀ ਜਾਣਾ ਕਿ ਸਭ ਧਰਮ ਬਰਾਬਰ ਹਨ ਜਥਾਰਥ ਨਹੀਂ ਹੈ ਸਗੋਂ ਸਚਾਈ ਤੋਂ ਅੱਖਾਂ ਮੀਟਣ ਵਾਲੀ ਗੱਲ ਹੈ। ਹਾਂ ਇਨਸਾਨੀਅਤ ਤੌਰ ਤੇ ਸਾਰੀ ਦੁਨੀਆਂ ਦਾ ਸੱਚ ਧਰਮ ਇੱਕ ਹੀ ਹੈ-ਏਕੋ ਧਰਮੁ ਦ੍ਰਿੜੈ ਸਚੁ ਕੋਈ॥ ਗੁਰਮਤਿ ਪੂਰਾ ਜਗਿ ਜੁਗਿ ਸੋਈ॥ (1188) ਜੇ ਰੱਬ ਇੱਕ ਹੈ ਤਾਂ ਅਸੀਂ ਸਾਰੇ ਹੀ ਉਸ ਦੇ ਬੱਚੇ ਬੱਚੀਆਂ ਹਾਂ ਇਸ ਲਈ ਜੋ ਸਾਡੇ ਪਿਤਾ ਰੱਬ ਦਾ ਧਰਮ ਹੈ ਉਹ ਹੀ ਸਾਡਾ ਸਭ ਦਾ ਤੇ ਜੋ ਉਸ ਦੀ ਜਾਤ ਹੈ ਉਹ ਹੀ ਸਾਡੀ ਸਭ ਦੀ ਜਾਤ ਹੈ। ਅਜਿਹਾ ਸੱਚ ਧਰਮ ਹੀ ਸਭ ਲਈ ਬਰਾਬਰ ਹੈ ਬਾਕੀ ਸਭ ਵੱਖਰੇ ਵੱਖਰੇ ਹਨ।

Thursday, June 2, 2011

ਪੀਰ ਬੁੱਧੂਸ਼ਾਹ ਦੀ ਕੁਰਬਾਨੀ, ਗੰਗੂ ਅਤੇ ਹੋਰਾਂ ਦੀ ਲੂਣਹਰਾਮੀ

ਪੀਰ ਬੁੱਧੂਸ਼ਾਹ ਦੀ ਕੁਰਬਾਨੀ, ਗੰਗੂ ਅਤੇ ਹੋਰਾਂ ਦੀ ਲੂਣਹਰਾਮੀਅਵਤਾਰ ਸਿੰਘ ਮਿਸ਼ਨਰੀ (5104325827)

ਪੀਰ ਬੁੱਧੂਸ਼ਾਹ ਸਢੌਰਾ ਜਿਲ੍ਹਾ ਅੰਬਾਲਾ (ਪੰਜਾਬ) ਦਾ ਰਹਿਣ ਵਾਲਾ ਸੀ। ਜਿਸ ਦਾ ਅਸਲ ਨਾਮ ਸਯਦ ਸ਼ਾਹ ਬਦਰੁੱਦੀਨ ਸੀ, ਆਪ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਕੋਲ ਸਿਫਾਰਿਸ਼ ਕਰਕੇ 500 ਪਠਾਨ ਨੌਕਰ ਰਖਵਾਏ ਸਨ, ਜਿਨ੍ਹਾਂ ਦੇ ਚਾਰ ਮੁੱਖ ਸਰਦਾਰ ਕਾਲਾ ਖਾਂ, ਭੀਖਨ ਖਾਂ, ਨਿਯਾਬਤ ਖਾਂ ਅਤੇ ਹਯਾਤ ਖਾਂ ਸਨ। ਇਨ੍ਹਾਂ ਵਿੱਚੋਂ ਕਾਲਾ ਖਾਂ ਨੂੰ ਛੱਡ ਕੇ ਬਾਕੀ ਤਿੰਨੇ ਖਾਂਨ ਸਰਦਾਰ ਨਮਕਹਰਾਮੀ ਹੋ ਗਏ ਅਤੇ ਆਪਣੇ ਸਵਾਰਾਂ ਸਮੇਤ ਭੰਗਾਣੀ ਦੇ ਯੁੱਧ ਵਿੱਚ ਗੁਰੂ ਦਾ ਸਾਥ ਛੱਣ ਗਏ ਸਨ। ਜਦ ਇਸ ਨਮਕਹਰਾਮੀ ਦੀ ਖਬਰ ਪੀਰ ਬੁੱਧੂਸ਼ਾਹ ਨੂੰ ਮਿਲੀ ਤਾਂ ਪੀਰ ਜੀ ਦਾ ਹਿਰਦਾ ਬੜਾ ਦੁੱਖੀ ਹੋਇਆ। ਫਿਰ ਪੀਰ ਜੀ ਆਪਣੇ ਚਾਰ ਪੁੱਤਰ ਅਤੇ 700 ਮਰੀਦ ਲੈ ਕੇ ਦਸ਼ਮੇਸ਼ ਦੀ ਮਦਦ ਲਈ ਭੰਗਾਣੀ ਦੇ ਜੰਗ ਵਿੱਚ ਜਾ ਕੁੱਦਿਆ। ਇਸ ਜੰਗ ਵਿੱਚ ਪੀਰ ਜੀ ਦੇ ਦੋ ਸਪੁੱਤਰ ਅਤੇ ਬਹੁਤ ਸਾਰੇ ਮੁਰੀਦ ਸ਼ਹੀਦ ਹੋਏ ਅਤੇ ਜੰਗ ਦੀ ਸਮਾਪਤੀ ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੀ ਦਸਤਾਰ ਕੰਘੇ ਸਹਿਤ ਜਿਸ ਵਿੱਚ ਵਾਹੇ ਹੋਏ ਕੇਸ ਵੀ ਲੱਗੇ ਹੋਏ ਸਨ ਅਤੇ ਛੋਟੀ ਕ੍ਰਿਪਾਨ ਪੀਰ ਬੁੱਧੂਸ਼ਾਹ ਨੂੰ, ਇੱਕ ਹੁਕਮਨਾਮੇ ਸਮੇਤ ਬਖਸ਼ੀ। ਨਾਭ੍ਹਾ ਦੇ ਮਹਾਂਰਾਜਾ ਭਰਪੂਰ ਸਿੰਘ ਨੇ ਪੀਰ ਜੀ ਦੀ ਸੰਤਾਨ ਨੂੰ ਬਹੁਤ ਭੇਟਾਵਾਂ ਅਤੇ ਜਗੀਰ ਦੇ ਕੇ, ਇਹ ਵਸਤਾਂ ਬਖਸ਼ਿਸ਼ ਜਾਣ ਕੇ ਲੈ ਲਈਆਂ, ਜੋ ਹੁਣ ਨਾਭ੍ਹਾ ਰਿਆਸਤ ਦੇ ਗੁਰਦੁਆਰੇ ਵਿੱਚ ਸੁਭਾਏਮਾਨ ਹਨ।
ਫਿਰ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਮੈਦਾਨੇ ਜੰਗ ਵਿੱਚ ਸਹਾਇਤਾ ਦੇਣ ਦਾ ਅਪਰਾਧ ਲਾ ਕੇ, ਸਰਦਾਰ ਅਸਮਾਨਖਾਂ ਹਾਕਮ ਸਢੌਰਾ ਨੇ ਪੀਰ ਜੀ ਨੂੰ ਧੌਖੇ ਨਾਲ ਪਕੜ ਕੇ, ਕਤਲ ਕਰਵਾ ਦਿੱਤਾ। ਇਸ ਬੇਗੁਨਾਹੇ ਦਰਵੇਸ਼ ਪੀਰ ਬੁੱਧੂਸ਼ਾਹ ਦੇ ਬੇ-ਰਹਿਮੀ ਨਾਲ ਕੀਤੇ ਗਏ ਕਤਲ ਦੀ ਸਜਾ, ਬਾਬਾ ਬੰਦਾ ਸਿੰਘ ਬਹਾਦਰ ਨੇ, ਸੰਮਤ 1766 ਸੰਨ (1709 ਈ.) ਨੂੰ ਸਢੌਰਾ ਫ਼ਤੇ ਕਰਕੇ ਅਸਮਾਨਖਾਂ ਨੂੰ ਕੀਤੇ ਦਾ ਫਲ ਭੁਗਤਾਉਂਦੇ ਹੋਏ, ਫਾਂਸੀ ਤੇ ਲਟਕਾ ਕੇ ਦਿੱਤੀ। ਇਹ ਸੀ ਸੰਖੇਪ ਹਾਲ ਪੀਰ ਸਯਦ ਸ਼ਾਹ ਬਦਰੁੱਦੀਨ (ਪੀਰ ਬੁੱਧੂਸ਼ਾਹ) ਦਾ ਜੋ ਇੱਕ ਸੱਚਾ ਸੁੱਚਾ ਮੁਸਲਮਾਨ ਪੀਰ ਸੀ ਅਤੇ ਇਲਾਕੇ ਵਿੱਚ ਪੀਰ ਜੀ ਦੀ ਬਹੁੱਤ ਮਾਨਤਾ ਸੀ। ਇਸ ਗਲ੍ਹ ਦਾ ਇੱਥੋਂ ਹੀ ਅੰਦਾਜਾ ਲੱਗ ਜਾਂਦਾ ਹੈ ਕਿ ਉਸ ਦੇ ਇੱਕੋ ਇਸ਼ਾਰੇ ਤੇ 700 ਮੁਰੀਦ ਜਾਨਾਂ ਵਾਰਨ ਨੂੰ ਤਿਆਰ ਹੋ ਗਏ ਸਨ। ਗੁਰੂ ਘਰ ਹਰੇਕ ਸੱਚ ਦੇ ਪਾਂਧੀ ਇਨਸਾਨ ਨਾਲ ਮਿਤਰਤਾ ਅਤੇ ਹਮਦਰਦੀ ਰੱਖਦਾ ਹੈ ਭਾਵੇਂ ਉਹ ਕਿਸੇ ਵੀ ਮਜ੍ਹਬ ਜਾਂ ਕੌਮ ਦਾ ਹੋਵੇ। ਇਸ ਕਰਕੇ ਸੱਚ ਦੇ ਮੁਤਲਾਸ਼ੀ ਸ਼ੁਰੂ ਤੋਂ ਹੀ ਗੁਰੂ ਘਰ ਨਾਲ ਜੁੜੇ ਰਹੇ ਹਨ। ਭਾਵੇਂ ਉਹ ਭਾਈ ਮਰਦਾਨਾ, ਸਾਂਈ ਮੀਆਂ ਮੀਰ, ਅਕਬਰ ਬਾਦਸ਼ਾਹ, ਪੀਰ ਬੁੱਧੂਸ਼ਾਹ, ਮਾਛੀਵਾੜੇ ਦੇ ਪੰਜਾਬਾ ਅਤੇ ਗੁਲਾਬਾ ਸਨ ਜੋ ਗੁਰੂ ਜੀ ਨੂੰ ਉੱਚ ਦਾ ਪੀਰ ਬਣਾ ਵੈਰੀਆਂ ਦੀ ਵਾੜ ਚੋ ਲੰਘ ਗਏ ਸਨ। ਸਿੱਖ ਧਰਮ ਦੇ ਬਾਨੀ ਬਾਬਾ ਨਾਨਕ ਜੀ ਮੱਕੇ ਵੀ ਗਏ ਸਨ ਜਿੱਥੇ ਗੈਰ ਮੁਸਲਮਾਨ ਨੂੰ ਜਾਣ ਦਾ ਕੋਈ ਹੱਕ ਨਹੀਂ ਸੀ। ਓਥੇ ਹੋਈ ਵਿਚਾਰ ਚਰਚਾ ਵਿੱਚ ਓਥੋਂ ਦੇ ਮੁਸਲਮ ਆਗੂ ਗੁਰੂ ਜੀ ਦੇ ਵਿਚਾਰ ਸੁਣ ਕੇ ਬੜੇ ਪ੍ਰਭਾਵਿਤ ਹੋਏ ਸਨ ਜਦ ਬਾਬਾ ਜੀ ਨੇ ਇਹ ਕਿਹਾ ਕਿ ਜਿਧਰ ਅੱਲਾਹ ਦਾ ਘਰ ਨਹੀਂ ਤੁਸੀਂ ਮੇਰੇ ਪੈਰ ਓਧਰ ਕਰ ਦਿਓ। ਉਹ ਸੋਚੀਂ ਪੈ ਗਏ ਹੈਂ! ਅੱਲਾਹ ਕਿੱਥੇ ਨਹੀਂ ਹੈ? ਇਹ ਤਾਂ ਕੋਈ ਅੱਲਾਹ ਦਾ ਪੀਰ ਆਇਆ ਹੈ। ਇਸੇ ਕਰਕੇ ਓਦੋਂ ਤੋਂ ਲੈ ਕੇ ਅੱਜ ਤੱਕ ਅਸਲੀ ਮੁਸਲਮਾਨ ਗੁਰੂ ਬਾਬਾ ਜੀ ਨੂੰ ਨਾਨਕ ਸ਼ਾਹ ਪੀਰ ਕਹਿ ਕੇ ਆਦਰ ਨਾਲ ਯਾਦ ਕਰਦੇ ਹਨ।
ਆਓ ਹੁਣ ਦੂਜੇ ਪਾਸੇ ਦੀ ਤਸਵੀਰ ਦੇਖੀਏ ਭਾਵ ਗੰਗੂ ਬ੍ਰਾਹਮਣ ਬਾਰੇ ਜਾਣੀਏਂ। ਮਹਾਨ ਕੋਸ਼ ਦੇ ਕਰਤਾ ਭਾਈ ਸਾਹਿਬ ਭਾਈ ਕਾਨ੍ਹ ਸਿੰਘ ਨ੍ਹਾਭਾ ਅਨੁਸਾਰ, ਖੇੜੀ ਪਿੰਡ ਦਾ ਵਸਨੀਕ ਇੱਕ ਬ੍ਰਾਹਮਣ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਕਪਟੀ ਨੌਕਰ ਸੀ। ਜੋ ਸੰਮਤ 1761 ਮੁਤਾਬਿਕ ਸੰਨ 1704 ਈ. ਨੂੰ ਜਦ ਗੁਰੂ ਸਾਹਿਬ ਨੇ ਅਨੰਦਪੁਰ ਛੱਡਿਆ, ਉਸ ਵੇਲੇ ਇਹ ਕਪਟੀ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਖੇੜੀ ਲੈ ਗਿਆ ਅਤੇ ਮਾਤਾ ਜੀ ਦਾ ਸਾਰਾ ਧੰਨ ਰਾਤ ਨੂੰ ਚੁਰਾਕੇ ਸਵੇਰੇ ਮੋਰਿੰਡੇ ਦੇ ਥਾਂਣੇਦਾਰ ਨੂੰ ਆਪਣੇ ਪ੍ਰਤਪਾਲਕਾਂ ਨੂੰ ਫੜਾਉਣ ਲਈ ਭਾਰੀ ਲਾਲਚ ਵਿੱਚ ਆ ਕੇ ਅਤਿਅੰਤ ਅਕ੍ਰਿਤਘਣਤਾ ਦਾ ਸਬੂਤ ਦਿੰਦੇ ਹੋਇਆਂ, ਗੁਰੂ ਦੇ ਛੋਟੇ ਬੱਚਿਆਂ ਅਤੇ ਬਿਰਦ ਮਾਤਾ ਗੁਜਰੀ ਜੀ ਬਾਰੇ ਇਤਲਾਹ ਦਿੱਤੀ। ਤਿੰਨਾਂ ਨੂੰ ਕੈਦ ਕਰਵਾ ਕੇ ਸਰਹੰਦ ਭੇਜਵਾ ਦਿੱਤਾ, ਜਿੱਥੇ ਛੋਟੇ ਬੱਚਿਆਂ ਅਤੇ ਬਿਰਦ ਮਾਤਾ ਜੀ ਨੇ ਧਰਮ ਵਿੱਚ ਪ੍ਰਪੱਕ ਰਹਿ ਕੇ ਸ਼ਹੀਦੀਆਂ ਪਾਈਆਂ ਪਰ ਕਿਸੇ ਲਾਲਚ ਜਾਂ ਡਰਾਵੇ ਵਿੱਚ ਜ਼ਾਲਮ ਮੁਗਲ ਹਾਕਮਾਂ ਦੀ ਈਨ ਨਹੀਂ ਮੰਨੀ। ਓਥੇ ਹੀ ਇੱਕ ਹੋਰ ਅਕ੍ਰਿਤਘਣ ਸੁੱਚਾ ਨੰਦ (ਅਸਲ ਵਿੱਚ ਝੂਠਾ ਨੰਦ) ਖਤਰੀ ਜੋ ਚਾਰ ਛਿਲੜਾ ਖਾਤਰ ਮੁਗਲ ਹਕੂਮਤ ਦਾ ਝੋਲੀ ਚੁੱਕ ਬਣਿਆ ਹੋਇਆ ਸੀ ਨੇ ਕਿਹਾ ਕਿ ਸੱਪ ਦੇ ਬੱਚੇ ਸਪੋਲੀਏ ਹੁੰਦੇ ਹਨ ਇਸ ਲਈ ਉਨ੍ਹਾਂ ਨੂੰ ਛੋਟਿਆਂ ਨੂੰ ਹੀ ਖਤਮ ਕਰ ਦੇਣਾ ਚਾਹੀਦਾ ਹੈ। ਇੱਥੇ ਹੀ ਇੱਕ ਅਕੀਦਤਮੰਦ ਸ਼ਰਧਾਲੂ ਮੋਤੀ ਮਹਿਰੇ ਨੇ ਜਾਨ ਹੂਲ ਕੇ ਵੀ ਬੱਚਿਆਂ ਅਤੇ ਮਾਤਾ ਜੀ ਨੂੰ ਦੁੱਧ ਪਿਲਾਇਆ ਅਤੇ ਮਲੇਰਕੋਟਲੇ ਦੇ ਨਵਾਬ ਸ਼ੇਰ ਖਾਂਨ ਨੇ ਮਸੂਮ ਬੱਚਿਆਂ ਦੀ ਖਾਤਰ ਹਾਅ ਦਾ ਨਾਹਰਾ ਮਾਰਿਆ ਭਾਵੇਂ ਕਿ ਇਸ ਦਾ ਇੱਕ ਭਾਈ ਚਮਕੌਰ ਦੀ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਲੜਦਾ ਮਾਰਿਆ ਗਿਆ ਸੀ। ਜਦ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਰਾਜ ਆਇਆ ਤਾਂ ਉਸ ਨੇ ਅਜਿਹੇ ਅਕ੍ਰਿਤਘਣਾਂ ਅਤੇ ਜ਼ਾਲਮਾਂ ਨੂੰ ਭਾਰੀ ਸਾਜਾਵਾਂ ਦਿੱਤੀਆਂ। ਉਸੇ ਹੀ ਕੜੀ ਵਿੱਚ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸੰਮਤ 1767 (1710ਈ.) ਵਿੱਚ ਪਾਪੀ ਅਤੇ ਨਮਕਹਰਾਮੀ ਗੰਗੂ ਨੂੰ ਕਤਲ ਕਰਕੇ ਖੇੜੀ ਪਿੰਡ ਨੂੰ ਢਾਹ ਕੇ ਥੇਹ ਬਣਾ ਦਿੱਤਾ। ਹੁਣ ਨਵੀਂ ਬਸਤੀ ਦਾ ਨਾਉਂ ਖੇੜੀ ਨਹੀਂ ਸਗੋਂ ਸਹੇੜੀ ਹੈ।
ਸੋ ਇੱਕ ਪਾਸੇ ਨਮਕ ਹਲਾਲ ਹਨ ਅਤੇ ਦੂਜੇ ਪਾਸੇ ਨਮਕਹਰਾਮ ਹਨ ਪਰ ਅੱਜ ਦੇ ਸਿੱਖਾਂ ਨੇ ਨਮਕ ਹਲਾਲਾਂ ਭਾਵ ਗੁਰੂ ਨਾਲ ਨੇੜਤਾ ਰੱਖਣ ਅਤੇ ਗੁਰੂ ਖਾਤਰ ਕੁਰਬਾਨ ਹੋਣ ਵਾਲਿਆਂ ਨੂੰ ਵਿਸਾਰ ਦਿੱਤਾ ਹੈ। ਉਨ੍ਹਾਂ ਦੀ ਕੋਈ ਢੁੱਕਵੀਂ ਯਾਦਗਾਰ ਵੀ ਨਹੀਂ ਬਣਾਈ ਅਤੇ ਨਮਕਹਰਾਮਾਂ ਦੀ ਸੰਤਾਨ ਅਜੋਕੇ ਡੇਰੇਦਾਰਾਂ ਨੂੰ ਸਿੱਰ ਉੱਤੇ ਚੁੱਕਿਆ ਹੋਇਆ ਹੈ। ਦੇਖੋ! ਸੰਤ ਮਹਾਂਰਾਜ ਬਾਬਿਆਂ ਦੀਆਂ ਬਰਸੀਆਂ ਅਤੇ ਸੰਗ੍ਰਾਂਦਾਂ ਤਾਂ ਗੁਰੂ ਘਰਾਂ ਵਿੱਚ ਧੂੰਮਧਾਮ ਨਾਲ ਮਨਾਈਆਂ ਜਾ ਰਹੀਆਂ ਹਨ ਪਰ ਭਾਈ ਮਰਦਾਨਾਂ, ਸਾਂਈ ਮੀਆਂ ਮੀਰ, ਪੀਰ ਬੁੱਧੂਸ਼ਾਹ ਅਤੇ ਨਵਾਬ ਸ਼ੇਰਖਾਂਨ ਮਲੇਰਕੋਟਲਾ ਆਦਿਕ ਗੁਰੂ ਘਰ ਦੇ ਅਤਿਅੰਤ ਸ਼ਧਾਲੂਆਂ ਅਤੇ ਕੁਰਬਾਨ ਹੋਣ ਵਾਲਿਆਂ ਨੂੰ ਭੁਲਾ ਦਿੱਤਾ ਹੈ। ਓਸ ਸਮੇਂ ਦੇ ਨਮਕਹਰਾਮੀ ਗੰਗੂ ਨੂੰ ਤਾਂ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਜਾਗਤ ਜ਼ਮੀਰ ਵਾਲਿਆਂ ਨੇ ਸਜਾ ਦੇ ਕੇ ਕੀਤੀ ਦਾ ਫਲ ਭੁਗਤਾ ਦਿੱਤਾ ਸੀ ਪਰ ਅਜੋਕੇ ਗੰਗੂ ਬ੍ਰਾਹਮਣ ਡੇਰੇਦਾਰ ਅਤੇ ਕਪਟੀ ਲੀਡਰਾਂ ਨੂੰ ਸਜਾ ਕੌਣ ਦੇਵੇਗਾ? ਜੋ ਇਸ ਵੇਲੇ ਸਿੱਖਾਂ ਦੀ ਸ਼੍ਰੋਮਣੀ ਸੰਸਥਾ “ਸ਼੍ਰੋਮਣੀ ਕਮੇਟੀ” ਅਕਾਲ ਤਖਤ ਅਤੇ ਹੋਰ ਗੁਰੂ ਘਰਾਂ ਵਿੱਚ ਵੀ ਪ੍ਰਬੰਧਕਾਂ ਅਤੇ ਬਾਬਿਆਂ ਦੇ ਰੂਪ ਵਿੱਚ ਕਬਜ਼ਾ ਕਰੀ ਬੈਠੇ ਹਨ। ਐਸੇ ਹਲਾਤਾਂ ਨੂੰ ਦੇਖ ਕੇ “ਸ਼ਰਮ ਸੀ ਆਤੀ ਹੈ ਐਸੇ ਪੰਥ ਕੋ ਪੰਥ ਕਹਿਤੇ ਹੂਏ” ਜੋ ਬ੍ਰਾਹਮਣਵਾਦੀ ਡੇਰੇਦਾਰਾਂ ਦੇ ਪ੍ਰਭਾਵ ਥੱਲੇ ਕੌਮੀ ਹੀਰਿਆਂ ਨੂੰ ਭੁਲਾ ਕੇ ਅਖੌਤੀ ਸਾਧਾਂ ਦੀਆਂ ਹੀ ਬਰਸੀਆਂ ਮਨਾਈ ਜਾ ਰਿਹਾ ਹੈ! ! ! ! !

ਗੁਰਬਾਣੀ ਦੀਆਂ ਪੋਥੀਆਂ ਗੁਰਮਤਿ ਪ੍ਰਚਾਰ ਲਈ ਜਾਂ ਘਰਾਂ ਦੇ ਸ਼ਿੰਗਾਰ ਲਈ!

ਗੁਰਬਾਣੀ ਦੀਆਂ ਪੋਥੀਆਂ ਗੁਰਮਤਿ ਪ੍ਰਚਾਰ ਲਈ ਜਾਂ ਘਰਾਂ ਦੇ ਸ਼ਿੰਗਾਰ ਲਈ!

ਅਵਤਾਰ ਸਿੰਘ ਮਿਸ਼ਨਰੀ (5104325827)

ਰੱਬੀ ਗਿਆਨ ਜੋ ਗੁਰੂਆਂ ਅਤੇ ਭਗਤਾਂ ਨੇ ਪ੍ਰਮਾਤਮਾਂ ਨਾਲ ਇਕਮਿਕ ਹੋ ਕੇ ਪ੍ਰਾਪਤ ਕੀਤਾ ਅਤੇ ਜਲਦੇ ਬਲਦੇ ਸੰਸਾਰ ਵਿੱਚ ਵੰਡਿਆ ਅਤੇ ਪ੍ਰਚਾਰਿਆ ਜਿਸ ਸਦਕਾ ਭਰਮਾਂ ਵਿੱਚ ਜਨਤਾ ਜਾਗ ਪਈ। ਲੋਕਾਂ ਨੇ ਪੁਜਾਰੀਵਾਦ ਦਾ ਜੂਲਾ ਗੁਰ ਗਿਆਨ ਦੇ ਬਲ ਸਦਕਾ ਲਾਹ ਦਿੱਤਾ। ਗੁਰੂ ਬਾਬਾ ਨਾਨਕ ਜੀ ਦੇ ਕਥਨ ਅਨੁਸਾਰ ਧਰਮ ਦੇ ਆਗੂ ਭ੍ਰਿਸ਼ਟ ਹੋ ਚੁੱਕੇ ਸਨ-ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆਂ ਘਾਇ॥ ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਉਜਾੜੇ ਕਾ ਬੰਧੁ॥ (662) ਮੁਸਲਮ ਆਗੂ ਕਾਜ਼ੀ ਇਨਸਾਫ ਦੀ ਕੁਰਸੀ ਤੇ ਬੈਠ ਕੇ ਵੀ ਰਿਸ਼ਵਤ ਲੈ ਕੇ ਝੂਠੇ ਫੈਸਲੇ ਕਰ ਦਿੰਦੇ ਸਨ। ਹਿੰਦੂਆਂ ਦੇ ਆਗੂ ਬ੍ਰਾਹਮਣ ਵੀ ਧਰਮ ਦੇ ਨਾਂ ਤੇ ਜੀਵਾਂ ਦੀਆਂ ਬਲੀਆਂ ਦਿਵਾ ਕੇ ਘਾਤ ਕਰਦੇ ਸਨ। ਜੋਗੀ ਗ੍ਰਿਹਸਤ ਨੂੰ ਛੱਡ ਕੇ ਜੰਗਲਾਂ ਪਹਾੜਾਂ ਦੀਆਂ ਕੰਦਰਾਂ ਵਿੱਚ ਰਹਿੰਦੇ, ਖਾਣ ਪੀਣ ਲਈ ਗ੍ਰਿਹਸਤੀ ਲੋਕਾਂ ਤੋਂ ਮੰਗ ਲਿਆਉਂਦੇ ਅਤੇ ਉਨ੍ਹਾਂ ਨੂੰ ਹੀ ਨਿੰਦਦੇ ਸਨ। ਇਹ ਸਭ ਲੋਕ ਧਰਮ ਦਾ ਮਖੌਟਾ ਪਾ ਕੇ ਧਰਮ ਦਾ ਵਾਪਾਰ ਕਰਦੇ ਸਨ। ਧਰਮ ਗ੍ਰੰਥ ਵੀ ਇਨ੍ਹਾਂ ਨੇ ਔਖੀਆਂ ਬੋਲੀਆਂ ਵਿੱਚ ਲਿਖੇ ਅਤੇ ਉਨ੍ਹਾਂ ਨੂੰ ਪੜ੍ਹਨ ਅਤੇ ਵਿਚਾਰਨ ਦਾ ਅਧਿਕਾਰ ਆਂਮ ਲੋਕਾਂ ਨੂੰ ਨਹੀਂ ਸੀ। ਦੂਜਾ ਧਰਮ ਗ੍ਰੰਥ ਰੇਸ਼ਮੀ ਰਮਾਲਿਆਂ ਵਿੱਚ ਵਲੇਟ ਕੇ ਉੱਚੀਆਂ ਥਾਵਾਂ ਤੇ ਰੱਖ ਕੇ ਪੂਜੇ ਜਾਂਦੇ ਸਨ। ਲੋਕ ਉਨ੍ਹਾਂ ਨੂੰ ਰੁਪਿਆ ਪੈਸਾ ਮੱਥੇ ਟੇਕਦੇ, ਧੂਪਾਂ ਧੁਖਾਉਂਦੇ ਅਤੇ ਧਰਮ ਪੁਜਾਰੀਆਂ ਤੋਂ ਆਪਣੇ ਦੁੱਖਾਂ ਦੀ ਨਵਿਰਤੀ ਲਈ ਪਾਠ ਕਰਾਉਂਦੇ ਸਨ।

ਇਸ ਸਬੰਧ ਵਿੱਚ ਈਸਾਈ ਵੀਰ ਵਧਾਈ ਦੇ ਪਾਤਰ ਹਨ ਜੋ ਪਵਿਤਰ ਬਾਈਬਲ ਨੂੰ ਰੁਮਾਲਿਆਂ ਵਿੱਚ ਵਲੇਟ ਕੇ ਨਹੀਂ ਰੱਖਦੇ ਸਗੋਂ ਵੱਧ ਤੋਂ ਵੱਧ ਹੋਰਨਾਂ ਨੂੰ ਪੜ੍ਹਾਉਂਦੇ ਅਤੇ ਫਰੀ ਵੰਡਦੇ ਹਨ। ਦੁਨੀਆਂ ਦੀ ਹਰੇਕ ਲਾਇਬ੍ਰੇਰੀ ਵਿੱਚ ਬਾਈਬਲ ਮਿਲ ਜਾਵੇਗੀ। ਇਸ ਕਰਕੇ ਦੁਨੀਆਂ ਵਿੱਚ ਈਸਾਈਆਂ ਦੀ ਗਿਣਤੀ ਸਭ ਤੋਂ ਵੱਧ ਹੈ ਕਿਉਂਕਿ ਉਨ੍ਹਾਂ ਦਾ ਪ੍ਰਚਾਰ ਢੰਗ ਅਖੌਤੀ ਰੀਤਾਂ ਰਸਮਾਂ ਤੋਂ ਉੱਪਰ ਹੈ। ਉਹ ਇਹ ਨਹੀਂ ਮੰਨਦੇ ਕਿ ਜੇ ਬਾਈਬਲ ਕਿਸੇ ਲਾਇਬ੍ਰੇਰੀ ਵਿੱਚ ਬਿਨਾ ਰੁਮਾਲੇ ਰੱਖੀ ਗਈ ਤਾਂ ਕੋਈ ਬੇ ਅਦਬੀ ਹੋਵੇਗੀ। ਸਿੱਖ ਧਰਮ ਜੋ ਦੁਨੀਆਂ ਦਾ ਨਵਾਂ ਅਤੇ ਅਧੁਨਿਕ ਧਰਮ ਹੈ ਇਸ ਦੇ ਧਰਮ ਆਗੂ ਅੱਜ ਪੁਜਾਰੀਆਂ ਦਾ ਰੂਪ ਧਾਰਨ ਕਰ ਗਏ ਹਨ ਜਾਂ ਬ੍ਰਾਹਮਣ ਭਾਊ ਨੇ ਸਿੱਖੀ ਦਾ ਮਖੌਟਾ ਪਾ ਕੇ ਧਰਮ ਆਗੂਆਂ ਦੀ ਥਾਂ ਲੈ ਲਈ ਹੈ। ਉਸ ਨੇ ਬੜੀ ਦੂਰ ਅੰਦੇਸ਼ੀ ਨਾਲ ਸੋਚਿਆ ਹੈ ਕਿ ਗੁਰਬਾਣੀ ਜੋ ਨਿਰੋਲ ਸੱਚ ਹੈ ਅਤੇ ਸਭ ਪ੍ਰਕਾਰ ਦੇ ਕਰਮਕਾਂਡਾਂ ਤੋਂ ਉੱਪਰ ਉੱਠ ਕੇ ਚੰਗੇ ਗੁਣ ਅਤੇ ਸਚਾਈ ਧਾਰਨ ਕਰਨ ਦਾ ਉਪਦੇਸ਼ ਦਿੰਦੀ ਹੈ ਜਿਸ ਨਾਲ ਸਾਡਾ ਸਦੀਆਂ ਤੋਂ ਚਲਦਾ ਆ ਰਿਹਾ ਹਲਵਾ ਮੰਡਾ ਬੰਦ ਹੁੰਦਾ ਹੈ। ਕਿਉਂ ਨਾਂ ਸਿੱਖਾਂ ਨੂੰ ਐਸੇ ਵਹਿਮਾਂ ਵਿੱਚ ਪਾ ਦਿੱਤਾ ਜਾਵੇ ਜੋ ਗੁਰਬਾਣੀ ਪੜ੍ਹਨ, ਵਿਚਾਰਨ ਅਤੇ ਧਾਰਨ ਦੀ ਬਜਾਏ ਸੁਹਣੇ-ਸੁਹਣੇ ਰੇਸ਼ਮੀ ਰੁਮਾਲਿਆਂ ਵਿੱਚ ਵਲੇਟ ਕੇ, ਉੱਚੀ ਥਾਂ ਤੇ ਰੱਖ ਕੇ ਮੱਥੇ ਟੇਕੀ ਜਾਣ, ਧੂਫਾਂ ਧੁਖਾਈ ਜਾਣ, ਚੌਰਾਂ ਹੀ ਕਰੀ ਜਾਣ ਅਤੇ ਸਾਡੇ ਧਰਮ ਆਗੂਆਂ ਤੋਂ ਪੂਜਾ ਪਾਠ ਕਰਾ ਕੇ ਭੇਟਾ ਦਈ ਜਾਣ। ਬਾਮਣ ਇਸ ਚਾਲ ਵਿੱਚ ਉਦਾਸੀਆਂ, ਨਿਰਮਲਿਆਂ ਅਤੇ ਟਕਸਾਲੀਆਂ ਦੇ ਰੂਪ ਵਿੱਚ ਕਾਮਯਾਬ ਹੋ ਗਿਆ।

ਕਾਫੀ ਦੇਰ ਬਾਅਦ ਸਿੰਘ ਸਭਾ ਲਹਿਰ ਉੱਠੀ ਉਸ ਨੇ ਲੋਕਾਂ ਨੂੰ ਜਾਗਰਤ ਕਰਕੇ ਇਸ ਭੇਖੀ ਭਾਊ ਨੂੰ ਗੁਰਦੁਆਰਿਆਂ ਚੋਂ ਬਾਹਰ ਕੱਢਿਆ। ਇਸ ਵਾਸਤੇ ਬੜੀਆਂ ਵੱਡੀਆਂ ਕੁਰਬਾਨੀਆਂ ਕਰਨੀਆਂ ਪਈਆਂ ਪਰ ਨਰੈਣੂ ਮਹੰਤਾਂ ਤੋਂ ਆਪਣੇ ਧਰਮ ਅਸਥਾਨ ਅਜ਼ਾਦ ਕਰਵਾ ਲਏ ਅਤੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਅਤੇ ਪ੍ਰਚਾਰ ਲਈ ਸ੍ਰੋਮਣੀ ਕਮੇਟੀ ਚੁਣੀ ਗਈ, ਜਿਸ ਨੇ ਬੜੀ ਤਨਦੇਹੀ ਨਾਲ ਸਿੱਖੀ ਦਾ ਪ੍ਰਚਾਰ ਕੀਤਾ। ਪਰ ਸਮਾਂ ਪਾ ਕੇ ਇਹ ਉਦਾਸੀ, ਨਿਰਮਲੇ ਅਤੇ ਟਕਸਾਲੀ ਫਿਰ ਇਸ ਵਿੱਚ ਇੰਟਰ ਹੋਣ ਵਿੱਚ ਕਾਮਯਾਬ ਹੋ ਗਏ, ਫਿਰ ਬ੍ਰਾਹਮਣੀ ਕਰਮਕਾਂਡ ਦੁਬਾਰਾ ਪ੍ਰਚਲਿਤ ਕਰ ਦਿੱਤੇ ਗਏ। ਜਿਵੇਂ ਪਾਠ ਸਿਰਫ ਟਕਾਸਲੀ ਪਾਠੀ ਹੀ ਕਰ ਸਕਦਾ ਹੈ, ਗੁਰੂ ਨੂੰ ਵੀ ਸਾਡੇ ਵਾਂਗ ਸਰਦੀ ਗਰਮੀ ਲਗਦੀ ਹੈ। ਇਸ ਲਈ ਸਰਦੀਆਂ ਵਿੱਚ ਗਰਮ ਰੁਮਾਲੇ, ਹੀਟਰ ਅਤੇ ਗਰਮੀਆਂ ਵਿੱਚ ਠੰਡੇ ਰੁਮਾਲੇ ਅਤੇ ਏਅਰ ਕੰਡੀਸ਼ਨ ਜਰੂਰੀ ਕਰ ਦਿੱਤੇ। ਪਾਠਾਂ ਨਾਲ ਧੂਪਾਂ, ਦੀਪਾਂ, ਸਗੱਗਰੀਆਂ ਚਲਾ ਦਿੱਤੀਆਂ। ਆਂਮ ਸਿੱਖ ਨੂੰ ਇਹ ਕਹਿ ਕੇ ਗੁਰਬਾਣੀ ਤੋਂ ਤੋੜ ਦਿੱਤਾ ਗਿਆ ਕਿ ਇਸ ਨੇ ਸੰਥਿਆ ਨਹੀਂ ਕੀਤੀ, ਇਹ ਗੁਰਬਾਣੀ ਨਹੀਂ ਪੜ੍ਹ ਸਕਦਾ ਜੇ ਪੜ੍ਹੇਗਾ ਤਾਂ ਗੁਰਬਾਣੀ ਦੀ ਬੇਅਦਬੀ ਹੈ। ਇਸ ਦਾ ਸਿੱਟ ਇਹ ਨਿਕਲਿਆ ਕਿ ਆਂਮ ਸਿੱਖ ਵੀ ਇਨ੍ਹਾਂ ਡੇਰੇਦਾਰਾਂ ਤੇ ਹੀ ਡੀਪੈਂਡ ਹੋ ਗਿਆ। ਅੱਜ ਗੁਰਬਾਣੀ ਦੀਆਂ ਪੋਥੀਆਂ ਦੁਨੀਆਂ ਦੀਆਂ ਲਾਇਬ੍ਰੇਰੀਆਂ ਵਿੱਚ ਤਾਂ ਕੀ ਆਮ ਸਿੱਖਾਂ ਦੇ ਘਰਾਂ ਵਿੱਚ ਵੀ ਨਹੀਂ ਹਨ। ਸਿੱਖ ਬੇਅਦਬੀ ਤੋਂ ਡਰਦੇ ਗੁਰਬਾਣੀ ਤੋਂ ਹੀ ਦੂਰ ਹੋ ਗਏ। ਦੂਜਾ ਵਾਰ ਇਹ ਕੀਤਾ ਕਿ ਵੇਖਣਾ ਕਿਤੇ ਗੁਰਬਾਣੀ ਅਖਬਾਰਾਂ, ਰਸਾਲਿਆਂ ਅਤੇ ਲਿਟਰੈਚਰ ਰੂਪ ਵਿੱਚ ਨਾਂ ਲਿਖੀ ਅਤੇ ਵੰਡੀ ਜਾਵੇ ਇਹ ਬੇਅਦਬੀ ਹੈ। ਜਿਹੜਾ ਕੰਮ ਬ੍ਰਾਹਮਣ ਕਰ ਰਿਹਾ ਸੀ ਉਹ ਹੀ ਅੱਜ ਦੇ ਡੇਰੇਦਾਰ ਅਤੇ ਟਕਸਾਲੀ ਕਰ ਰਹੇ ਹਨ। ਗਿਣਤੀ ਮਿਣਤੀ ਦੇ ਮੰਤ੍ਰ ਅਤੇ ਸੰਪਟ ਪਾਠ ਕੀਤੇ ਕਰਾਏ ਜਾ ਰਹੇ ਹਨ। ਦਾਸ 12-11-2010 ਨੂੰ ਅੱਜ ਹੀ ਰੋਜ਼ਾਨਾਂ ਸਪੋਕਸਮੈਨ ਅਖਬਾਰ ਪੜ੍ਹ ਰਿਹਾ ਸੀ ਜਿਸ ਵਿੱਚ ਖਬਰ ਲੱਗੀ ਹੈ ਕਿ ਕੁੱਝ ਪ੍ਰੇਮੀ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੋਮਣੀ ਕਮੇਟੀ ਦੀ ਦੁਕਾਨ ਤੋਂ ਗੁਰਬਾਣੀ ਦੀਆਂ ਪੋਥੀਆਂ ਲੈਣ ਪਹੁੰਚੇ ਪਰ ਓਥੋਂ ਦੇ ਅਧਿਕਾਰੀਆਂ ਨੇ ਦੋਵੇਂ ਪੋਥੀਆਂ ਇਹ ਕਹਿ ਕੇ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਗੁਰਬਾਣੀ ਦੀ ਬੇਅਦਬੀ ਹੈ। ਫਿਰ ਉਹ ਸਿੱਖ ਓਥੋਂ ਦੇ ਹੈੱਡ ਗ੍ਰੰਥੀ ਨੂੰ ਮਿਲੇ ਤਾਂ ਉਸ ਨੇ ਵੀ ਕਿਹਾ ਕਿ ਗੁਰਬਾਣੀ ਦੀਆਂ ਦੋਵੇਂ ਪੋਥੀਆਂ ਨਹੀਂ ਦਿੱਤੀਆਂ ਜਾ ਸਕਦੀਆਂ ਕਿਉਂਕਿ ਦੋ ਮਿਲ ਕੇ ਗੁਰੂ ਬਣ ਜਾਂਦਾ ਹੈ। ਫਿਰ ਉਹ ਸ਼ਰਧਾਲੂ ਸਿੱਖ, ਸ਼ਹਿਰ ਵਿੱਚੋਂ ਕਿਸੇ ਕਿਤਾਬਾਂ ਦੀ ਦੁਕਾਨ ਤੋਂ ਗੁਰਬਾਣੀ ਦੀਆਂ ਪੋਥੀਆਂ ਲੈ ਗਏ।

ਇਹ ਸਾਰਾ ਵਰਤਾਰਾ ਪੜ੍ਹ, ਸੁਣ ਅਤੇ ਦੇਖ ਕੇ ਜਿੱਥੇ ਦੁੱਖ ਲਗਦਾ ਹੈ ਓਥੇ ਸਿੱਖ ਧਰਮ ਨੂੰ ਅਗਾਂਹ ਵਧੂ ਵਿਗਿਆਨਕ ਧਰਮ ਕਹਿਣ ਵਾਲੇ ਕਿਉਂ ਸੌਂ ਗਏ ਹਨ? ਅੱਜ ਸਿੱਖੀ ਬਾਗ ਗਾਲੜ ਪਟਵਾਰੀ ਬਣ ਕੇ ਇਸ ਨੂੰ ਉਜਾੜ ਰਹੇ ਹਨ। ਅੱਜ ਸਾਡੇ ਬਾਣਾਧਾਰੀ ਵੀਰ ਗੁਰਬਾਣੀ ਦਾ ਨਿਰੋਲ ਪ੍ਰਚਾਰ ਕਰਨ ਵਾਲਿਆਂ ਨੂੰ ਤਾਂ ਗੁਰਦੁਆਰਿਆਂ ਦੀਆਂ ਸਟੇਜਾਂ ਤੋਂ ਹੁਲੜਬਾਜੀ ਕਰਕੇ ਰੋਕ ਰਹੇ ਹਨ ਪਰ ਨੰਗੀਆਂ ਲੱਤਾਂ ਵਾਲੇ ਡੇਰੇਦਾਰਾਂ ਨੂੰ ਬੁਲਾ ਕੇ ਸਨਮਾਨਤ ਕੀਤਾ ਜਾ ਰਿਹਾ ਹੈ। ਸਾਡੇ ਪੜ੍ਹੇ ਲਿਖੇ ਸਿੱਖ ਨੌਜਵਾਨ ਅਤੇ ਆਗੂ ਕਿਉਂ ਨਹੀਂ ਉੱਠ ਰਹੇ? ਗੁਰੂ ਘਰਾਂ ਦੀਆਂ ਸਟੇਜਾਂ ਤੇ ਡੇਰੇਦਾਰ ਹੀ ਕਿਉਂ ਹਾਵੀ ਹੋ ਰਹੇ ਹਨ? ਸਿੱਖੋ! ਜਾਗੋ ਅੱਜ ਸਾਡੀ ਸ੍ਰੋਮਣੀ ਕਮੇਟੀ ਵੀ ਗੁਰਬਾਣੀ ਦੀਆਂ ਪੋਥੀਆਂ ਦੇਣ ਤੋਂ ਇਨਕਾਰ ਕਰ ਰਹੀ ਹੈ। ਫਿਰ ਵੀ ਕਹਿੰਦੇ ਹਨ ਕਿ ਬੀਜ ਨਾਸ ਨਹੀਂ ਹੁੰਦਾ ਹੁਣ ਕੁੱਝ ਵੈਬਸਾਈਟਾਂ ਅਤੇ ਅਖਬਾਰ ਗੁਰਬਾਣੀ ਦਾ ਪ੍ਰਚਾਰ ਕਰ ਰਹੇ ਹਨ। ਹੁਣ ਗੁਰੂ ਗ੍ਰੰਥ ਸਾਹਿਬ ਇੰਟ੍ਰਨੈੱਟ ਤੇ ਆ ਚੁੱਕਾ ਹੈ। ਹੁਣ ਇਹ ਡੇਰੇਦਾਰ ਆਗੂ ਕਿਵੇਂ ਰੋਕਣਗੇ? ਕਿਉਂਕਿ ਇੰਟ੍ਰਨੈੱਟ ਵਿੱਚ ਵੜ ਕੇ ਕੌਣ ਰੁਮਾਲੇ ਚੜ੍ਹਾਵੇਗਾ? ਕੌਣ ਧੂਪਾਂ ਧੁਖਾਵੇਗਾ? ਅਤੇ ਕੌਣ ਇੰਟ੍ਰਨੈੱਟ ਤੇ ਜਾਣ ਤੋਂ ਲੋਕਾਂ ਨੂੰ ਰੋਕੇਗਾ? ਅਤੇ ਕਹੇਗਾ ਕਿ ਦੋਵੇਂ ਪੋਥੀਆਂ ਤੁਸੀਂ ਇੰਟ੍ਰਨੈੱਟ ਤੇ ਵੀ ਨਹੀਂ ਪੜ੍ਹ ਸਕਦੇ? ਸਿੱਖੋ ਹੋਸ਼ ਕਰੋ! ਗੁਰਬਾਣੀ ਦੀ ਬੇਅਦਬੀ, ਗੁਰਬਾਣੀ ਕਿਸੇ ਚੀਜ ਵਿੱਚ ਲਕੋ ਕੇ ਰੱਖਣ ਅਤੇ ਨਾਂ ਪੜ੍ਹਨ ਵਿਚਾਰਨ ਅਤੇ ਧਾਰਨ ਵਿੱਚ ਹੈ ਨਾਂ ਕਿ ਗੁਰਬਾਣੀ ਦਾ ਵੱਧ ਤੋਂ ਵੱਧ ਅਧੁਨਿਕ ਤਰੀਕਿਆਂ ਰਾਹੀਂ ਪ੍ਰਚਾਰ ਕਰਨ ਵਿੱਚ? ਪੰਚਮ ਪਾਤਸ਼ਾਹ ਹੀ ਗੁਰਬਾਣੀ ਦੀਆਂ ਪੋਥੀਆਂ ਲਿਖਣ, ਪੜ੍ਹਨ, ਵਿਚਾਰਨ, ਧਾਰਨ ਅਤੇ ਵੱਧ ਤੋਂ ਵੱਧ ਹੋਰਨਾਂ ਨੂੰ ਵੰਡਣ ਦਾ ਹੁਕਮ ਕਰ ਗਏ ਸਨ ਜਿਸ ਨੁੰ ਭਾਈ ਗੁਰਦਾਸ ਜੀ ਨੇ ਇਉਂ ਬਿਆਨ ਕੀਤਾ ਹੈ “ਗੁਰਬਾਣੀ ਲਿਖ ਪੋਥੀਆਂ ਤਾਲ ਮ੍ਰਿਦੰਗ ਰੁਬਾਬਾ ਬਜਾਵੈ” ਸਾਡਾ ਗੁਰੂ ਸ਼ਬਦ ਹੈ ਜੋ ਕਦੇ ਖਾਂਦਾ, ਪੀਂਦਾ ਅਤੇ ਸੌਂਦਾ ਥਕਦਾ ਨਹੀਂ। ਜੋ ਗਿਆਨ ਰੂਪ ਹੈ ਗਿਆਨ ਨੂੰ ਧੂਪਾਂ ਰੁਮਾਲਿਆਂ ਅਤੇ ਉੱਚੀਆਂ ਥਾਵਾਂ ਦੀ ਲੋੜ ਨਹੀਂ। ਗੁਰਬਾਣੀ ਦਾ ਫੁਰਮਾਣ ਹੈ ਸਚੁ ਪੁਰਾਣਾ ਨਾ ਥੀਏ ਨਾਮ ਨ ਮੈਲਾ ਹੋਏ॥ (1248) ਸੋਨਾ ਸੋਨਾ ਹੀ ਰਹਿੰਦਾ ਹੈ ਭਾਂਵੇ ਉਸ ਨੂੰ ਮੈਲੇ ਥਾਂ ਤੇ ਵੀ ਰੱਖ ਦਿਤਾ ਜਾਵੇ ਕਦੇ ਜੰਗਾਲਦਾ ਨਹੀਂ ਇਵੇਂ ਹੀ ਗੁਰਬਾਣੀ ਸ਼ਬਦ ਗਿਆਨ ਦੀ ਕਦੇ ਬੇਅਦਬੀ ਨਹੀਂ ਹੁੰਦੀ ਜੋ ਵੀ ਮਾਈ ਭਾਈ ਇਸ ਨੂੰ ਜਦੋਂ ਵੀ ਜਿਸ ਸਮੇ ਧਿਆਨ ਨਾਲ ਪੜ੍ਹੇ, ਵਿਚਾਰੇ ਅਤੇ ਧਾਰੇਗਾ ਉਹ ਮੁਕਤੀ ਦਾ ਮਾਰਗ ਪ੍ਰਾਪਤ ਕਰ ਲਵੇਗਾ। ਇਸ ਲਈ ਸਾਨੂੰ ਇਸ ਵਹਿਮ ਚੋਂ ਬਾਹਰ ਨਿਕਲਣਾ ਚਾਹੀਦਾ ਹੈ ਕਿ ਗੁਰਬਾਣੀ ਦੀਆਂ ਪੋਥੀਆਂ ਦੁਨੀਆਂ ਦੀਆਂ ਲਾਇਬ੍ਰੇਰੀਆਂ ਵਿੱਚ ਨਹੀਂ ਰੱਖੀਆਂ ਜਾ ਸਕਦੀਆਂ ਪਰ ਇਹ ਅਸੀਂ ਤਾਂ ਹੀ ਕਰ ਸਕਾਂਗੇ ਜਦ ਡੇਰਾਵਾਦ ਦਾ ਜੂਲਾ ਸਾਡੇ ਮੋਢਿਆਂ ਤੋਂ ਉੱਤਰ ਜਾਵੇਗਾ। ਸੋ ਗੁਰਬਾਣੀ ਪੋਥੀਆਂ ਗੁਰਮਤਿ ਪ੍ਰਚਾਰ ਲਈ ਹਨ ਨਾਂ ਕਿ ਘਰਾਂ ਦੇ ਸ਼ਿੰਗਾਰ ਲਈ। ਗੁਰੂ ਭਲੀ ਕਰੇ॥

ਨਵਾਂ ਸਾਲ, ਸਾਡੇ ਲਈ ਕਰਨਯੋਗ ਕਰਮ-ਧਰਮ ਅਤੇ ਪਰਣ

ਨਵਾਂ ਸਾਲ, ਸਾਡੇ ਲਈ ਕਰਨਯੋਗ ਕਰਮ-ਧਰਮ ਅਤੇ ਪਰਣ

ਅਵਤਾਰ ਸਿੰਘ ਮਿਸ਼ਨਰੀ (5104325827)

ਨਵਾਂ ਸਾਲ-
ਉਹ ਹਰ ਸਮਾਂ ਹੀ ਨਿੱਤ ਨਵਾਂ ਹੈ ਜੋ-ਸਾਹਿਬ ਮੇਰਾ ਨੀਤਿ ਨਵਾਂ ਸਦਾ ਸਦਾ ਦਾਤਾਰੁ (660) ਦੀ ਯਾਦ ਵਿੱਚ ਲੰਘੇ-ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ॥ ਜਿਤੁ ਦਿਨਿ ਵਿਸਰੇ ਪਾਰਬ੍ਰਹਮੁ ਫਿਟੁ ਭੁਲੇਰੀ ਰੁਤਿ (318) ਸੋ ਕੋਈ ਵੀ ਨਿਮਖ, ਪਲ, ਘੜੀ, ਪਹਰ, ਮਹੂਰਤ, ਦਿਨ-ਰਾਤ ਹਫਤਾ, ਮਹੀਨਾ ਅਤੇ ਸਾਲ ਮਾੜਾ ਨਹੀਂ ਸਗੋਂ ਮਾੜੇ ਚੰਗੇ ਸਾਡੇ ਕਰਮ ਹਨ। ਜਿਵੇਂ ਹਰ ਸਾਲ ਬਨਾਸਪਤੀ ਨੂੰ ਨਵੇਂ ਫੁੱਲ ਖਿੜਦੇ ਅਤੇ ਨਵੀਆਂ ਕਰੂੰਬਲਾਂ ਨਿਕਲਦੀਆਂ ਹਨ ਇਵੇਂ ਹੀ ਸਾਡੇ ਹਿਰਦੇ ਵੀ ਸ਼ੁਭ ਗੁਣਾਂ ਦੇ ਫੁੱਲ ਅਤੇ ਅਗਾਂਹ ਵਧੂ ਵਿਚਾਰਾਂ ਦੀਆਂ ਕਰੂੰਬਲਾਂ ਪੈਦਾ ਹੋਣੀਆਂ ਚਾਹੀਦੀਆਂ ਹਨ। ਜਿਵੇਂ ਕੱਟ ਕੇ ਪਰੂਣੀ ਕੀਤੀ ਵੇਲ ਨੂੰ ਵਧੀਆ ਫਲ ਲੱਗਦੇ ਹਨ ਇਵੇਂ ਹੀ ਬੁਰੇ ਕਰਮ, ਗੰਦੀ ਸੋਚ, ਪਿਛਾਂਹ ਖਿੱਚੂ ਪੁਰਾਣੇ ਤੇ ਬੋਸੇ ਵਿਚਾਰ ਜੋ ਭਰਮ-ਗਿਆਨੀਆਂ, ਮਿਥਿਹਾਸਕ ਗ੍ਰੰਥਾਂ ਅਤੇ ਮਨਮਤਿ ਰਾਹੀਂ ਸਾਡੇ ਹਿਰਦੇ ਤੇ ਦਿਲ ਦਿਮਾਗ ਵਿੱਚ ਪਾ ਅਤੇ ਅਮਰਵੇਲ ਵਾਂਗ ਉੱਪਰ ਚੜ੍ਹਾ ਦਿੰਦੇ ਹਨ। ਉਨ੍ਹਾਂ ਨੂੰ ਗੁਰੂ ਸ਼ਬਦ ਗਿਆਨ ਦੇ ਨਸ਼ਤ੍ਰ ਨਾਲ ਕੱਟ ਛੱਟ ਕੇ ਹਰ ਸਾਲ ਪਰੂਣੀ ਕਰਨ ਦੀ ਲੋੜ ਹੈ ਤਾਂ ਕਿ ਸ਼ੁਭ ਗੁਣਾਂ ਅਤੇ ਸਰਬ ਪ੍ਰਵਾਣਤ ਅਗਾਂਹ ਵਧੂ ਉਸਾਰੂ ਵਿਚਾਰਾਂ ਦੇ ਚੰਗੇ ਫਲ ਲੱਗ ਸੱਕਣ। ਜਿਵੇਂ ਹਰੇਕ ਕਾਰੋਬਾਰ ਭਾਵ ਕਿਰਤ ਕਮਾਈ ਕਰਨ ਵਾਲਾ ਇਨਸਾਨ ਲਾਭ ਵਾਸਤੇ ਕੰਮ ਕਰਦਾ ਹੈ। ਹਰ ਸਾਲ ਦੇ ਅਖੀਰ ਤੇ ਲੇਖਾ ਜੋਖਾ ਕਰਦਾ ਹੈ ਕਿ ਕਿਨ੍ਹਾ ਲਾਭ, ਘਾਟਾ, ਅਤੇ ਖਰਚਾ ਹੋਇਆ? ਮੈਂ ਅੱਗੇ ਕਿਵੇਂ ਕਰਨਾ ਹੈ? ਇਵੇਂ ਹਿਸਾਬ ਕਿਤਾਬ ਰੱਖਣਵਾਲਾ ਇਨਸਾਨ ਹਾਨ-ਲਾਭ ਬਾਰੇ ਸੋਚ ਕੇ ਆਪਣੀ ਦੁਨੀਆਵੀ ਜ਼ਿੰਦਗੀ ਹੋਰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਬੇਹਿਸਾਬਾ ਵਿਅਕਤੀ ਹਮੇਸ਼ਾਂ ਘਾਟੇ ਵਿੱਚ ਰਹਿੰਦਾ ਹੈ ਅਤੇ ਸੰਸਾਰੀ ਵੀ ਉਸ ਦੀ ਇਜ਼ਤ ਨਹੀਂ ਕਰਦੇ। ਇਵੇਂ ਹੀ ਸਿੱਖ ਨੇ ਵੀ ਇਹ ਲੇਖਾ ਜੋਖਾ ਕਰਨਾ ਹੈ ਕਿ ਮੈ ਹੁਣ ਤੱਕ ਗੁਰੂ ਗ੍ਰੰਥ ਸਾਹਿਬ, ਸਿੱਖ ਰਹਿਤ ਮਰਯਾਦਾ, ਫਿਲੌਸਫੀ ਅਤੇ ਇਤਿਹਾਸ ਤੋਂ ਕੀ ਸਿਖਿਆ ਹੈ? ਸਿੱਖ ਦੇ ਅਰਥ ਹੀ ਸਿਖਿਆਰਥੀ ਹਨ, ਜੋ ਹਮੇਸ਼ਾ ਸਿੱਖਦਾ ਰਹਿੰਦਾ ਹੈ। ਹਰੇਕ ਸਿੱਖ ਨੂੰ ਗੁਰਬਾਣੀ ਦਾ ਆਪ ਪਾਠ ਕਰਨਾ ਅਰਥ ਸਿੱਖਣੇ ਅਤੇ ਕਮਉਣੇ ਚਾਹੀਦੇ ਹਨ। ਸਿੱਖ ਰਹਿਤਮਰਯਾਦਾ, ਸਿੱਖ ਫਿਲੌਸਫੀ ਅਤੇ ਇਤਿਹਾਸ ਆਪ ਪੜਦੇ ਜਾਂ ਸੁਣਦੇ ਰਹਿਣਾ ਚਾਹੀਦਾ ਹੈ। ਭੇਖੀ ਸਾਧਾਂ-ਸੰਤਾਂ, ਸੰਪ੍ਰਦਾਈਆਂ ਅਤੇ ਪੁਜਾਰੀਆਂ ਤੇ ਹੀ ਨਿਰੀ ਟੇਕ ਨਹੀਂ ਰੱਖਣੀ ਚਾਹੀਦੀ ਜੋ ਜੋਕਾਂ ਵਾਂਗ ਸਿੱਖ ਕੌਮ ਦਾ ਖੂਨ ਪੀਂਦੇ ਹੋਏ ਕੌਮ ਵਿੱਚ ਵਹਿਮ-ਭਰਮ, ਫੋਕਟ-ਕਰਮਕਾਂਡ, ਸੁੱਚ-ਭਿੱਟ, ਛੂਆ-ਛਾਤ ਅਤੇ ਜਾਤ-ਪਾਤ ਆਦਿ ਫਲਾ ਰਹੇ ਹਨ। ਜਿਨ੍ਹਾਂ ਨੇ ਅਰਸ਼ੀ ਸਿੱਖੀ ਨੂੰ ਪੱਥਰ ਯੁੱਗ ਦਾ ਧਰਮ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਜੋ ਬ੍ਰਾਹਮਣੀ ਗ੍ਰੰਥਾਂ ਦੀਆਂ ਬੇ-ਫਜ਼ੂਲ ਮਿਥਿਹਾਸਕ ਕਥਾ ਕਹਾਣੀਆਂ, ਗੁਰਦੁਆਰਿਆਂ ਵਿੱਚ ਸੁਣਾ-ਸੁਣਾ ਕੇ ਸਿੱਖੀ ਦਾ ਬ੍ਰਾਹਮਣੀਕਰਨ ਕਰੀ ਜਾ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਵਰਗੇ ਅਸ਼ਲੀਲ ਗੰਦੀ ਕਵਿਤਾ ਵਾਲੇ ਗ੍ਰੰਥ ਨੂੰ ਹਿੱਕ ਦੇ ਜੋਰ ਨਾਲ ਪ੍ਰਕਾਸ਼ ਕਰਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਘਟਾ ਕੇ ਸਿੱਖ ਸਿਧਾਤਾਂ ਦੀਆਂ ਜੜ੍ਹਾਂ ਵੱਢ ਰਹੇ ਹਨ। ਸੋ ਜਿਵੇਂ ਸਮੇਂ ਦੀ ਚਾਲ ਹਰ ਵੇਲੇ ਚਲਦੀ ਰਹਿੰਦੀ ਹੈ ਇਵੇਂ ਹੀ ਸਿੱਖ ਵੀ ਹਰ ਵੇਲੇ ਸਿੱਖਦਾ ਸਿਖਾਂਦਾ ਅਤੇ ਸਮੇਂ ਮੁਤਾਬਕ ਆਪਣੇ ਆਪ ਨੂੰ ਢਾਲ ਕੇ ਕਰਨਯੋਗ ਕਰਮ ਧਰਮ ਅਤੇ ਪਰਣ ਕਰਦਾ ਹੋਇਆ ਯਤਨਸ਼ੀਲ ਰਹਿੰਦਾ ਹੈ।

ਕਰਨਯੋਗ ਕਰਮ-ਧਰਮ ਅਤੇ ਪਰਣ

ਆਓ ਨਵੇਂ ਸਾਲ ਤੇ ਪ੍ਰਣ ਕਰੀਏ ਕਿ ਅਸੀਂ ਔਗੁਣਾਂ ਦਾ ਤਿਆਗ ਕਰਕੇ ਸ਼ੁਭ ਗੁਣ ਧਾਰਨ ਕਰਾਂਗੇ।

ਧਰਮ ਦੀ ਕਿਰਤ ਕਰਦੇ ਹੋਏ ਵੰਡ ਛਕਾਂਗੇ ਅਤੇ ਅਕਾਲ ਪੁਰਖ ਦਾ ਨਾਮ ਜਪਾਂਗੇ।

ਗੁਰਬਾਣੀ ਆਪ ਪੜ੍ਹਦੇ-ਪੜ੍ਹਾਂਦੇ, ਗਾਂਦੇ, ਵਿਚਾਰਦੇ ਅਤੇ ਧਾਰਦੇ ਹੋਏ ਹੋਰਨਾਂ ਨੂੰ ਵੀ ਸਿਖਾਵਾਂਗੇ, ਨਿਰਾ ਸਾਰੀ ਉਮਰ ਪਾਠੀਆਂ ਤੋਂ ਪਾਠ ਹੀ ਨਹੀਂ ਕਰਾਈ ਜਾਵਾਂਗੇ। ਹਰ ਗੁਰਦੁਆਰੇ ਨਾਲ ਲਾਇਬ੍ਰੇਰੀ, ਸਕੂਲ, ਕਾਲਜ ਅਦਿਕ ਖੋਲਾਂਗੇ ਜਿੱਥੇ ਦਨਿਆਵੀ ਵਿਦਿਆ ਦੇ ਨਾਲ-ਨਾਲ ਧਾਰਮਿਕ ਵਿਦਿਆ ਵੀ ਪ੍ਰਾਪਤ ਕੀਤੀ ਜਾ ਸਕੇ।

ਗੁਰਦੁਆਰਿਆਂ, ਧਰਮ-ਅਸਥਾਨਾਂ ਵਿੱਚ ਪੜ੍ਹੇ ਲਿਖੇ ਟ੍ਰੇਂਡ ਪ੍ਰਚਾਰਕਾਂ ਅਤੇ ਰਾਗੀ ਗ੍ਰੰਥੀਆਂ ਨੂੰ ਭਰਤੀ ਕਰਾਂਗੇ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰੋਲ ਬਾਣੀ, ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਦੇ ਧਾਰਨੀ ਪ੍ਰਚਾਰਕ ਹੋਣ ਅਤੇ ਕਥਾ ਕੀਰਤਨ ਵਿੱਚ ਬ੍ਰਾਹਮਣੀ ਕਥਾ ਕਹਾਣੀਆਂ ਸੁਣਾ-ਸੁਣਾ ਕੇ ਸਿੱਖੀ ਦਾ ਭਗਵਾਕਰਨ ਨਾਂ ਕਰਨ।

ਪੰਥ ਤੋਂ ਬਗੈਰ, ਕਿਸੇ ਭੇਖੀ ਸਾਧ-ਸੰਤ ਸੰਪ੍ਰਦਾਈ ਨੂੰ, ਮਾਨਤਾ ਨਹੀਂ ਦੇਵਾਂਗੇ ਅਤੇ ਨਾਂ ਹੀ ਆਪਣੇ ਜਾਂ ਆਪਣੇ ਤੋਂ ਵੱਡੀ ਕਿਸੇ ਵੀ ਹਸਤੀ ਦੇ ਨਾਂ ਦੇ ਅੱਗੇ ਜਾਂ ਪਿਛੇ ਸੰਤ ਸ਼ਬਦ ਵਰਤਾਂਗੇ ਸਗੋਂ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਉਪਨਾਮ ਭਾਈ, ਬਾਬਾ, ਸਿੰਘ ਅਤੇ ਕੌਰ ਸ਼ਬਦਾਂ ਦੀ ਵਰਤੋਂ ਕਰਾਂਗੇ।

ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਵੀ ਪੋਥੀ ਜਾਂ ਅਖੌਤੀ ਦਸਮ ਗ੍ਰੰਥ ਆਦਿ ਦਾ ਪ੍ਰਕਾਸ਼ ਨਹੀਂ ਕਰਾਂਗੇ ਅਤੇ ਨਾਂ ਹੀ ਕਿਸੇ ਦੋਖੀ ਨੂੰ ਕਰਨ ਦੇਵਾਂਗੇ। ਨੋਂਟ
-ਡੇਰੇਦਾਰ ਤੇ ਟਕਸਾਲੀ ਅਜਿਹਾ ਅਨਰਥ ਸ਼ਰੇਆਂਮ ਕਰ ਰਹੇ ਹਨ।

ਸਿੱਖ ਗੁਰਦੁਆਰਿਆਂ ਤੇ ਫਿਰ ਆਪਣੇ ਘਰਾਂ ਵਿੱਚੋਂ ਕੁੰਭ, ਨਾਰੀਅਲ, ਜੋਤਾਂ, ਮੌਲੀਆਂ, ਹਵਨ ਨੁਮਾਂ ਗੁਗਲ ਦੀਆਂ ਧੂਫਾਂ ਅਤੇ ਹਵਨ ਸਮੱਗਰੀਆਂ ਕੱਢਾਂਗੇ। ਗੁਰੂ ਗ੍ਰੰਥ ਸਹਿਬ ਜੀ ਦੇ ਪਾਠ ਨਾਲ ਇਹ ਸਾਰੀ ਬ੍ਰਾਹਮਣੀ ਪੂਜਾ ਸਮੱਗਰੀ ਨਹੀਂ ਰੱਖਾਂਗੇ ਅਤੇ ਨਾਂ ਹੀ ਕਿਸੇ ਨੂੰ ਰੱਖਣ ਦਿਆਂਗੇ।

ਮਾਰੂ ਨਸ਼ਿਆਂ ਦਾ ਤਿਆਗ ਕਰਦੇ ਹੋਏ ਜਨਤਾ ਨੂੰ ਇਸ ਬਾਰੇ ਜਾਗਰੂਕ ਕਰਾਂਗੇ ਕਿਉਂਕਿ ਨਸ਼ਿਆਂ ਨਾਲ ਜਿੱਥੇ ਧੰਨ ਬਰਬਾਦ ਹੁੰਦਾ, ਬੇਇਜ਼ਤੀ ਹੁੰਦੀ, ਭਿਆਨਕ ਰੋਗ ਲਗਦੇ ਹਨ ਓਥੇ ਮਤਿ ਵੀ ਮਾਰੀ ਜਾਂਦੀ ਹੈ-
ਜਿਤੁ ਪੀਤੈ ਮਤਿ ਦੂਰਿ ਹੋਏ ਬਰਲੁ ਪਵੈ ਵਿਚਿ ਆਇ॥ ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ॥ … ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥ (554)

ਔਰਤ ਦਾ ਮਰਦ ਦੇ ਬਰਾਬਰ ਸਨਮਾਨ ਕਰਾਂਗੇ, ਧੀਆਂ ਦੀ ਭਰੂਣ ਹਤਿਆ ਨਹੀਂ ਕਰਾਂਗੇ ਕਿਉਂਕਿ ਇਹ ਮਾਨ ਸਿੱਖ ਧਰਮ ਦੇ ਬਾਨੀ ਬਾਬਾ ਨਾਨਕ ਜੀ ਨੇ ਬਖਸ਼ਦਿਆਂ ਫੁਰਮਾਇਆ-
ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ (473) ਜੇ ਮਰਦ ਗੁਰਬਾਣੀ ਦਾ ਪਾਠ ਕਥਾ ਕੀਰਤਨ ਗੁਰੂ ਘਰ ਦੀ ਹਰੇਕ ਪ੍ਰਕਾਰ ਸੇਵਾ ਕਰ ਸਕਦਾ ਹੈ ਤਾਂ ਔਰਤ ਵੀ ਇਹ ਸਭ ਕੁੱਝ ਕਰ ਸਕਦੀ ਹੈ ਪਰ ਸੰਪ੍ਰਦਾਈ ਤੇ ਕੇਸਾਧਾਰੀ ਬ੍ਰਾਹਮਣੀ ਟੋਲੇ ਅਜੋਕੇ ਸਿੰਘ ਸਹਿਬਾਨ ਰੂਪੀ ਆਦਿਕ ਅਖੌਤੀ ਆਗੂਆਂ ਨੇ ਬ੍ਰਹਾਮਣਾਂ ਵਾਂਗ ਹੀ ਸਿੱਖ ਔਰਤਾਂ ਤੇ ਵੀ ਅਜਿਹੀ ਮੰਨੂਵਾਦੀ ਪਾਬੰਦੀ ਲਾ ਰੱਖੀ ਹੈ, ਜਿਸ ਨੂੰ ਰਲ ਕੇ ਤੋੜਾਂਗੇ ਕਿਉਂਕਿ ਗੁਰੂ ਅਮਰਦਾਸ ਸਾਹਿਬ ਜੀ ਨੇ ਵੀ ਬੀਬੀਆਂ ਨੂੰ 52 ਪੀਹੜੇ ਬਖਸ਼ੇ ਸਨ।

ਸਿੱਖ ਧਰਮ ਦੇ ਦਰਵਾਜੇ ਸਭ ਮਾਈ ਭਾਈ ਲਈ ਖੁਲ੍ਹੇ ਰੱਖਾਂਗੇ ਕਿਉਂਕਿ-
ਸਭੇ ਸਾਂਝੀਵਾਲ ਸਦਾਇਨਿ (97) ਅਤੇ ਉਪਦੇਸ਼ੁ ਚਹੁ ਵਰਨਾ ਕਉ ਸਾਂਝਾ (747)

ਵੱਧ ਤੋਂ ਵੱਧ ਬੋਲੀਆਂ (ਭਾਸ਼ਾਵਾਂ) ਵਿੱਚ ਗੁਰਬਾਣੀ, ਸਿੱਖ ਇਤਿਹਾਸ ਅਤੇ ਫਿਲੌਸਫੀ ਆਦਿਕ ਦਾ ਪ੍ਰਚਾਰ ਬੜੀ ਫਰਾਕ ਦਿਲੀ ਨਾਲ ਕਰਾਂਗੇ। ਇਹ ਸਭ ਗੁਰੂ ਦੀ ਗੋਲਕ ਨਾਲ ਅਤੇ ਸਿੱਖਾਂ ਦੇ ਦਸਵੰਧ ਨਾਲ ਹੋ ਸਕਦਾ ਹੈ। ਅੱਜ ਕੱਲ੍ਹ ਅਖਬਾਰਾਂ, ਰਸਾਲੇ, ਸੀਡੀਆਂ, ਟੀ. ਵੀ. , ਮੂਵੀਆਂ ਅਤੇ ਇੰਟ੍ਰਨੈੱਟ ਆਦਿਕ ਦਾ ਜੁੱਗ ਹੈ। ਇਸ ਸਭ ਪ੍ਰਕਾਰ ਦੇ ਮੀਡੀਏ ਰਾਹੀਂ ਸਿੱਖੀ ਦਾ ਪ੍ਰਚਾਰ ਕਰਾਂਗੇ, ਇਸ ਨੂੰ ਗੁਰਬਾਣੀ ਦਾ ਪ੍ਰਚਾਰ ਸਮਝਾਂਗੇ ਨਾ ਕਿ ਬੇਅਦਬੀ।

ਕੁਝ ਸਵੇਦਨਸ਼ੀਲ ਮਸਲੇ ਜਿਵੇਂ ਰਾਗ ਮਾਲਾ, ਅਖੌਤੀ ਦਸਮ ਗ੍ਰੰਥ, ਸਿੱਖ ਬੀਬੀਆਂ ਦੀ ਸ੍ਰ਼ੀ ਦਰਬਾਰ ਸਾਹਿਬ ਵਿਖੇ ਕੀਰਤਨ ਅਤੇ ਪੰਜਾਂ ਪਿਆਰਿਆਂ ਵਿੱਚ ਖੰਡੇ ਪਾਹੁਲ ਦੀ ਸੇਵਾ, ਗੁਰਦੁਆਰਿਆਂ ਵਿੱਚ ਸਿੱਖ ਰਹਿਤ ਮਰਯਾਦਾ ਅਤੇ ਅਸਲੀ ਨਾਨਕਸ਼ਾਹੀ ਕੈਲੰਡਰ ਲਾਗੂ ਕਰਨਾਂ ਆਦਿਕ ਨੂੰ ਫੌਰਨ ਬੜੀ ਦ੍ਰਿੜਤਾ ਅਤੇ ਸੁਹਿਰਦਤਾ ਨਾਲ, ਨਿਕਟ ਭਵਿੱਖ ਵਿੱਚ ਹੱਲ ਕਰਾਂਗੇ।

ਆਏ ਦਿਨ ਸਾਧਾਂ ਸੰਪ੍ਰਦਾਈਆਂ ਦੇ ਦਬਾਅ ਥੱਲੇ ਆ ਕੇ, ਅਖੌਤੀ ਜਥੇਦਾਰਾਂ ਵਲੋਂ, ਪੰਥਕ ਵਿਦਵਾਨਾਂ ਨੂੰ ਪੰਥ ਵਿੱਚੋ ਛੇਕਣਾ ਅਤੇ ਛੇਕਣ ਦੀਆਂ ਧਮਕੀਆਂ ਦੇਣ ਦੀ ਬਜਾਏ ਸਗੋਂ ਵਿਚਾਰ ਗੋਸ਼ਟੀਆਂ ਦਾ ਸਿਲਸਿਲਾ ਚਲਾ ਕੇ ਵਿਚਾਰ ਵਿਟਾਂਦਰੇ ਅਤੇ ਪ੍ਰੇਮ ਪਿਆਰ ਰਾਹੀਂ ਮਸਲੇ ਹੱਲ ਕੀਤੇ ਜਾਣ।

ਪੰਥਕ ਅਖ਼ਬਾਰਾਂ, ਰਸਾਲੇ, ਰੇਡੀਓ, ਲਿਖਾਰੀ ਅਤੇ ਜੋ ਅਦਾਰੇ ਗੁਰੂ ਗ੍ਰੰਥ ਸਹਿਬ ਜੀ ਦੀ ਵਿਚਾਰਧਾਰਾ ਅਤੇ ਸਿੱਖ ਰਹਿਤ ਮਰਯਾਦਾ ਦਾ ਡਟ ਕੇ ਪ੍ਰਚਾਰ ਕਰਦੇ ਹਨ, ਉਨ੍ਹਾਂ ਦੀ ਹਰ ਤਰ੍ਹਾਂ ਮਦਦ ਕੀਤੀ ਜਾਵੇ।

ਜੋ ਡੇਰੇ ਜਾਂ ਗੁਰਦੁਆਰੇ ਸ਼੍ਰੀ ਅਕਾਲ ਤਖ਼ਤ ਦੀ ਮਰਯਾਦਾ ਨੂੰ ਨਹੀਂ ਮੰਨਦੇ ਓਥੇ ਜਾਣਾ ਅਤੇ ਖੂਨ ਪਸੀਨੇ ਦੀ ਕੀਤੀ ਕਮਾਈ ਚੋਂ ਭੇਟਾ ਚੜਾਉਣੀ ਬੰਦ ਕੀਤੀ ਜਾਵੇ ਜੋ ਕੌਮੀ ਪੈਸੇ ਦੀ ਦੁਰਵਰਤੋਂ ਕਰ ਰਹੇ ਹਨ।

ਛੁੱਟੀਆਂ ਜਾਂ ਜਦੋਂ ਵੀ ਵਿਹਲ ਮਿਲੇ ਇਸਾਈ ਮਿਸ਼ਨਰੀਆਂ ਦੀ ਤਰ੍ਹਾਂ ਡੋਰ-ਟੂ ਡੋਰ ਹਰੇਕ ਮਾਈ ਭਾਈ ਪ੍ਰਚਾਰ ਕਰੇ ਅਤੇ ਗੁਰਮਤਿ ਸਬੰਧੀ ਵਧੀਆ ਲਿਟ੍ਰੇਚਰ ਵੰਡਿਆ ਜਾਵੇ।

ਜੇ ਅਜਿਹਾ ਕਰਦੇ ਹਾਂ ਤਾਂ ਨਵਾਂ ਸਾਲ ਮੁਬਾਰਕ ਤੇ ਭਾਗਾਂਵਾਲਾ ਹੋ ਸਕਦਾ ਹੈ ਵਰਨਾਂ ਰਸਮੀ ਪਾਠ, ਕੀਰਤਨ, ਕਥਾ, ਢਾਡੀ ਦਰਬਾਰਾਂ, ਵੰਨ ਸੁਵੰਨੇ ਲੰਗਰ ਅਤੇ ਡੈਕੋਰੇਸ਼ਨਾਂ ਦਾ ਕੋਈ ਬਹੁਤਾ ਫਾਇਦਾ ਨਹੀਂ ਹੋਣਾ ਜਿਨ੍ਹਾਂ ਚਿਰ ਗੁਰੂ ਬਾਬਾ ਨਾਨਕ ਜੀ ਦੀ ਸੱਚੀ ਸੁੱਚੀ ਤੇ ਵਿਗਿਆਨਕ ਵਿਚਾਰਧਾਰਾ ਨੂੰ ਨਹੀਂ ਅਪਨਉਂਦੇ ਅਤੇ ਉਸ ਦਾ ਪ੍ਰਚਾਰ ਅਮਲੀ ਰੂਪ ਵਿੱਚ ਨਹੀਂ ਕਰਦੇ। ਪੁਜਰੀਵਾਦ, ਸਾਧਵਾਦ, ਭੇਖਵਾਦ, ਸੁੱਚ-ਭਿਟ, ਭਰਮ ਅਤੇ ਪਾਖੰਡਵਾਦ ਤੋਂ ਗੁਰੂ ਗਿਆਨ ਆਸਰੇ ਬਚ ਜਾਈਏ ਤਾਂ ਨਵਾਂ ਸਾਲ ਮੁਬਾਰਕ ਹੈ।