Thursday, June 2, 2011

ਪੀਰ ਬੁੱਧੂਸ਼ਾਹ ਦੀ ਕੁਰਬਾਨੀ, ਗੰਗੂ ਅਤੇ ਹੋਰਾਂ ਦੀ ਲੂਣਹਰਾਮੀ

ਪੀਰ ਬੁੱਧੂਸ਼ਾਹ ਦੀ ਕੁਰਬਾਨੀ, ਗੰਗੂ ਅਤੇ ਹੋਰਾਂ ਦੀ ਲੂਣਹਰਾਮੀਅਵਤਾਰ ਸਿੰਘ ਮਿਸ਼ਨਰੀ (5104325827)

ਪੀਰ ਬੁੱਧੂਸ਼ਾਹ ਸਢੌਰਾ ਜਿਲ੍ਹਾ ਅੰਬਾਲਾ (ਪੰਜਾਬ) ਦਾ ਰਹਿਣ ਵਾਲਾ ਸੀ। ਜਿਸ ਦਾ ਅਸਲ ਨਾਮ ਸਯਦ ਸ਼ਾਹ ਬਦਰੁੱਦੀਨ ਸੀ, ਆਪ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਕੋਲ ਸਿਫਾਰਿਸ਼ ਕਰਕੇ 500 ਪਠਾਨ ਨੌਕਰ ਰਖਵਾਏ ਸਨ, ਜਿਨ੍ਹਾਂ ਦੇ ਚਾਰ ਮੁੱਖ ਸਰਦਾਰ ਕਾਲਾ ਖਾਂ, ਭੀਖਨ ਖਾਂ, ਨਿਯਾਬਤ ਖਾਂ ਅਤੇ ਹਯਾਤ ਖਾਂ ਸਨ। ਇਨ੍ਹਾਂ ਵਿੱਚੋਂ ਕਾਲਾ ਖਾਂ ਨੂੰ ਛੱਡ ਕੇ ਬਾਕੀ ਤਿੰਨੇ ਖਾਂਨ ਸਰਦਾਰ ਨਮਕਹਰਾਮੀ ਹੋ ਗਏ ਅਤੇ ਆਪਣੇ ਸਵਾਰਾਂ ਸਮੇਤ ਭੰਗਾਣੀ ਦੇ ਯੁੱਧ ਵਿੱਚ ਗੁਰੂ ਦਾ ਸਾਥ ਛੱਣ ਗਏ ਸਨ। ਜਦ ਇਸ ਨਮਕਹਰਾਮੀ ਦੀ ਖਬਰ ਪੀਰ ਬੁੱਧੂਸ਼ਾਹ ਨੂੰ ਮਿਲੀ ਤਾਂ ਪੀਰ ਜੀ ਦਾ ਹਿਰਦਾ ਬੜਾ ਦੁੱਖੀ ਹੋਇਆ। ਫਿਰ ਪੀਰ ਜੀ ਆਪਣੇ ਚਾਰ ਪੁੱਤਰ ਅਤੇ 700 ਮਰੀਦ ਲੈ ਕੇ ਦਸ਼ਮੇਸ਼ ਦੀ ਮਦਦ ਲਈ ਭੰਗਾਣੀ ਦੇ ਜੰਗ ਵਿੱਚ ਜਾ ਕੁੱਦਿਆ। ਇਸ ਜੰਗ ਵਿੱਚ ਪੀਰ ਜੀ ਦੇ ਦੋ ਸਪੁੱਤਰ ਅਤੇ ਬਹੁਤ ਸਾਰੇ ਮੁਰੀਦ ਸ਼ਹੀਦ ਹੋਏ ਅਤੇ ਜੰਗ ਦੀ ਸਮਾਪਤੀ ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੀ ਦਸਤਾਰ ਕੰਘੇ ਸਹਿਤ ਜਿਸ ਵਿੱਚ ਵਾਹੇ ਹੋਏ ਕੇਸ ਵੀ ਲੱਗੇ ਹੋਏ ਸਨ ਅਤੇ ਛੋਟੀ ਕ੍ਰਿਪਾਨ ਪੀਰ ਬੁੱਧੂਸ਼ਾਹ ਨੂੰ, ਇੱਕ ਹੁਕਮਨਾਮੇ ਸਮੇਤ ਬਖਸ਼ੀ। ਨਾਭ੍ਹਾ ਦੇ ਮਹਾਂਰਾਜਾ ਭਰਪੂਰ ਸਿੰਘ ਨੇ ਪੀਰ ਜੀ ਦੀ ਸੰਤਾਨ ਨੂੰ ਬਹੁਤ ਭੇਟਾਵਾਂ ਅਤੇ ਜਗੀਰ ਦੇ ਕੇ, ਇਹ ਵਸਤਾਂ ਬਖਸ਼ਿਸ਼ ਜਾਣ ਕੇ ਲੈ ਲਈਆਂ, ਜੋ ਹੁਣ ਨਾਭ੍ਹਾ ਰਿਆਸਤ ਦੇ ਗੁਰਦੁਆਰੇ ਵਿੱਚ ਸੁਭਾਏਮਾਨ ਹਨ।
ਫਿਰ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਮੈਦਾਨੇ ਜੰਗ ਵਿੱਚ ਸਹਾਇਤਾ ਦੇਣ ਦਾ ਅਪਰਾਧ ਲਾ ਕੇ, ਸਰਦਾਰ ਅਸਮਾਨਖਾਂ ਹਾਕਮ ਸਢੌਰਾ ਨੇ ਪੀਰ ਜੀ ਨੂੰ ਧੌਖੇ ਨਾਲ ਪਕੜ ਕੇ, ਕਤਲ ਕਰਵਾ ਦਿੱਤਾ। ਇਸ ਬੇਗੁਨਾਹੇ ਦਰਵੇਸ਼ ਪੀਰ ਬੁੱਧੂਸ਼ਾਹ ਦੇ ਬੇ-ਰਹਿਮੀ ਨਾਲ ਕੀਤੇ ਗਏ ਕਤਲ ਦੀ ਸਜਾ, ਬਾਬਾ ਬੰਦਾ ਸਿੰਘ ਬਹਾਦਰ ਨੇ, ਸੰਮਤ 1766 ਸੰਨ (1709 ਈ.) ਨੂੰ ਸਢੌਰਾ ਫ਼ਤੇ ਕਰਕੇ ਅਸਮਾਨਖਾਂ ਨੂੰ ਕੀਤੇ ਦਾ ਫਲ ਭੁਗਤਾਉਂਦੇ ਹੋਏ, ਫਾਂਸੀ ਤੇ ਲਟਕਾ ਕੇ ਦਿੱਤੀ। ਇਹ ਸੀ ਸੰਖੇਪ ਹਾਲ ਪੀਰ ਸਯਦ ਸ਼ਾਹ ਬਦਰੁੱਦੀਨ (ਪੀਰ ਬੁੱਧੂਸ਼ਾਹ) ਦਾ ਜੋ ਇੱਕ ਸੱਚਾ ਸੁੱਚਾ ਮੁਸਲਮਾਨ ਪੀਰ ਸੀ ਅਤੇ ਇਲਾਕੇ ਵਿੱਚ ਪੀਰ ਜੀ ਦੀ ਬਹੁੱਤ ਮਾਨਤਾ ਸੀ। ਇਸ ਗਲ੍ਹ ਦਾ ਇੱਥੋਂ ਹੀ ਅੰਦਾਜਾ ਲੱਗ ਜਾਂਦਾ ਹੈ ਕਿ ਉਸ ਦੇ ਇੱਕੋ ਇਸ਼ਾਰੇ ਤੇ 700 ਮੁਰੀਦ ਜਾਨਾਂ ਵਾਰਨ ਨੂੰ ਤਿਆਰ ਹੋ ਗਏ ਸਨ। ਗੁਰੂ ਘਰ ਹਰੇਕ ਸੱਚ ਦੇ ਪਾਂਧੀ ਇਨਸਾਨ ਨਾਲ ਮਿਤਰਤਾ ਅਤੇ ਹਮਦਰਦੀ ਰੱਖਦਾ ਹੈ ਭਾਵੇਂ ਉਹ ਕਿਸੇ ਵੀ ਮਜ੍ਹਬ ਜਾਂ ਕੌਮ ਦਾ ਹੋਵੇ। ਇਸ ਕਰਕੇ ਸੱਚ ਦੇ ਮੁਤਲਾਸ਼ੀ ਸ਼ੁਰੂ ਤੋਂ ਹੀ ਗੁਰੂ ਘਰ ਨਾਲ ਜੁੜੇ ਰਹੇ ਹਨ। ਭਾਵੇਂ ਉਹ ਭਾਈ ਮਰਦਾਨਾ, ਸਾਂਈ ਮੀਆਂ ਮੀਰ, ਅਕਬਰ ਬਾਦਸ਼ਾਹ, ਪੀਰ ਬੁੱਧੂਸ਼ਾਹ, ਮਾਛੀਵਾੜੇ ਦੇ ਪੰਜਾਬਾ ਅਤੇ ਗੁਲਾਬਾ ਸਨ ਜੋ ਗੁਰੂ ਜੀ ਨੂੰ ਉੱਚ ਦਾ ਪੀਰ ਬਣਾ ਵੈਰੀਆਂ ਦੀ ਵਾੜ ਚੋ ਲੰਘ ਗਏ ਸਨ। ਸਿੱਖ ਧਰਮ ਦੇ ਬਾਨੀ ਬਾਬਾ ਨਾਨਕ ਜੀ ਮੱਕੇ ਵੀ ਗਏ ਸਨ ਜਿੱਥੇ ਗੈਰ ਮੁਸਲਮਾਨ ਨੂੰ ਜਾਣ ਦਾ ਕੋਈ ਹੱਕ ਨਹੀਂ ਸੀ। ਓਥੇ ਹੋਈ ਵਿਚਾਰ ਚਰਚਾ ਵਿੱਚ ਓਥੋਂ ਦੇ ਮੁਸਲਮ ਆਗੂ ਗੁਰੂ ਜੀ ਦੇ ਵਿਚਾਰ ਸੁਣ ਕੇ ਬੜੇ ਪ੍ਰਭਾਵਿਤ ਹੋਏ ਸਨ ਜਦ ਬਾਬਾ ਜੀ ਨੇ ਇਹ ਕਿਹਾ ਕਿ ਜਿਧਰ ਅੱਲਾਹ ਦਾ ਘਰ ਨਹੀਂ ਤੁਸੀਂ ਮੇਰੇ ਪੈਰ ਓਧਰ ਕਰ ਦਿਓ। ਉਹ ਸੋਚੀਂ ਪੈ ਗਏ ਹੈਂ! ਅੱਲਾਹ ਕਿੱਥੇ ਨਹੀਂ ਹੈ? ਇਹ ਤਾਂ ਕੋਈ ਅੱਲਾਹ ਦਾ ਪੀਰ ਆਇਆ ਹੈ। ਇਸੇ ਕਰਕੇ ਓਦੋਂ ਤੋਂ ਲੈ ਕੇ ਅੱਜ ਤੱਕ ਅਸਲੀ ਮੁਸਲਮਾਨ ਗੁਰੂ ਬਾਬਾ ਜੀ ਨੂੰ ਨਾਨਕ ਸ਼ਾਹ ਪੀਰ ਕਹਿ ਕੇ ਆਦਰ ਨਾਲ ਯਾਦ ਕਰਦੇ ਹਨ।
ਆਓ ਹੁਣ ਦੂਜੇ ਪਾਸੇ ਦੀ ਤਸਵੀਰ ਦੇਖੀਏ ਭਾਵ ਗੰਗੂ ਬ੍ਰਾਹਮਣ ਬਾਰੇ ਜਾਣੀਏਂ। ਮਹਾਨ ਕੋਸ਼ ਦੇ ਕਰਤਾ ਭਾਈ ਸਾਹਿਬ ਭਾਈ ਕਾਨ੍ਹ ਸਿੰਘ ਨ੍ਹਾਭਾ ਅਨੁਸਾਰ, ਖੇੜੀ ਪਿੰਡ ਦਾ ਵਸਨੀਕ ਇੱਕ ਬ੍ਰਾਹਮਣ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਕਪਟੀ ਨੌਕਰ ਸੀ। ਜੋ ਸੰਮਤ 1761 ਮੁਤਾਬਿਕ ਸੰਨ 1704 ਈ. ਨੂੰ ਜਦ ਗੁਰੂ ਸਾਹਿਬ ਨੇ ਅਨੰਦਪੁਰ ਛੱਡਿਆ, ਉਸ ਵੇਲੇ ਇਹ ਕਪਟੀ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਖੇੜੀ ਲੈ ਗਿਆ ਅਤੇ ਮਾਤਾ ਜੀ ਦਾ ਸਾਰਾ ਧੰਨ ਰਾਤ ਨੂੰ ਚੁਰਾਕੇ ਸਵੇਰੇ ਮੋਰਿੰਡੇ ਦੇ ਥਾਂਣੇਦਾਰ ਨੂੰ ਆਪਣੇ ਪ੍ਰਤਪਾਲਕਾਂ ਨੂੰ ਫੜਾਉਣ ਲਈ ਭਾਰੀ ਲਾਲਚ ਵਿੱਚ ਆ ਕੇ ਅਤਿਅੰਤ ਅਕ੍ਰਿਤਘਣਤਾ ਦਾ ਸਬੂਤ ਦਿੰਦੇ ਹੋਇਆਂ, ਗੁਰੂ ਦੇ ਛੋਟੇ ਬੱਚਿਆਂ ਅਤੇ ਬਿਰਦ ਮਾਤਾ ਗੁਜਰੀ ਜੀ ਬਾਰੇ ਇਤਲਾਹ ਦਿੱਤੀ। ਤਿੰਨਾਂ ਨੂੰ ਕੈਦ ਕਰਵਾ ਕੇ ਸਰਹੰਦ ਭੇਜਵਾ ਦਿੱਤਾ, ਜਿੱਥੇ ਛੋਟੇ ਬੱਚਿਆਂ ਅਤੇ ਬਿਰਦ ਮਾਤਾ ਜੀ ਨੇ ਧਰਮ ਵਿੱਚ ਪ੍ਰਪੱਕ ਰਹਿ ਕੇ ਸ਼ਹੀਦੀਆਂ ਪਾਈਆਂ ਪਰ ਕਿਸੇ ਲਾਲਚ ਜਾਂ ਡਰਾਵੇ ਵਿੱਚ ਜ਼ਾਲਮ ਮੁਗਲ ਹਾਕਮਾਂ ਦੀ ਈਨ ਨਹੀਂ ਮੰਨੀ। ਓਥੇ ਹੀ ਇੱਕ ਹੋਰ ਅਕ੍ਰਿਤਘਣ ਸੁੱਚਾ ਨੰਦ (ਅਸਲ ਵਿੱਚ ਝੂਠਾ ਨੰਦ) ਖਤਰੀ ਜੋ ਚਾਰ ਛਿਲੜਾ ਖਾਤਰ ਮੁਗਲ ਹਕੂਮਤ ਦਾ ਝੋਲੀ ਚੁੱਕ ਬਣਿਆ ਹੋਇਆ ਸੀ ਨੇ ਕਿਹਾ ਕਿ ਸੱਪ ਦੇ ਬੱਚੇ ਸਪੋਲੀਏ ਹੁੰਦੇ ਹਨ ਇਸ ਲਈ ਉਨ੍ਹਾਂ ਨੂੰ ਛੋਟਿਆਂ ਨੂੰ ਹੀ ਖਤਮ ਕਰ ਦੇਣਾ ਚਾਹੀਦਾ ਹੈ। ਇੱਥੇ ਹੀ ਇੱਕ ਅਕੀਦਤਮੰਦ ਸ਼ਰਧਾਲੂ ਮੋਤੀ ਮਹਿਰੇ ਨੇ ਜਾਨ ਹੂਲ ਕੇ ਵੀ ਬੱਚਿਆਂ ਅਤੇ ਮਾਤਾ ਜੀ ਨੂੰ ਦੁੱਧ ਪਿਲਾਇਆ ਅਤੇ ਮਲੇਰਕੋਟਲੇ ਦੇ ਨਵਾਬ ਸ਼ੇਰ ਖਾਂਨ ਨੇ ਮਸੂਮ ਬੱਚਿਆਂ ਦੀ ਖਾਤਰ ਹਾਅ ਦਾ ਨਾਹਰਾ ਮਾਰਿਆ ਭਾਵੇਂ ਕਿ ਇਸ ਦਾ ਇੱਕ ਭਾਈ ਚਮਕੌਰ ਦੀ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਲੜਦਾ ਮਾਰਿਆ ਗਿਆ ਸੀ। ਜਦ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਰਾਜ ਆਇਆ ਤਾਂ ਉਸ ਨੇ ਅਜਿਹੇ ਅਕ੍ਰਿਤਘਣਾਂ ਅਤੇ ਜ਼ਾਲਮਾਂ ਨੂੰ ਭਾਰੀ ਸਾਜਾਵਾਂ ਦਿੱਤੀਆਂ। ਉਸੇ ਹੀ ਕੜੀ ਵਿੱਚ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸੰਮਤ 1767 (1710ਈ.) ਵਿੱਚ ਪਾਪੀ ਅਤੇ ਨਮਕਹਰਾਮੀ ਗੰਗੂ ਨੂੰ ਕਤਲ ਕਰਕੇ ਖੇੜੀ ਪਿੰਡ ਨੂੰ ਢਾਹ ਕੇ ਥੇਹ ਬਣਾ ਦਿੱਤਾ। ਹੁਣ ਨਵੀਂ ਬਸਤੀ ਦਾ ਨਾਉਂ ਖੇੜੀ ਨਹੀਂ ਸਗੋਂ ਸਹੇੜੀ ਹੈ।
ਸੋ ਇੱਕ ਪਾਸੇ ਨਮਕ ਹਲਾਲ ਹਨ ਅਤੇ ਦੂਜੇ ਪਾਸੇ ਨਮਕਹਰਾਮ ਹਨ ਪਰ ਅੱਜ ਦੇ ਸਿੱਖਾਂ ਨੇ ਨਮਕ ਹਲਾਲਾਂ ਭਾਵ ਗੁਰੂ ਨਾਲ ਨੇੜਤਾ ਰੱਖਣ ਅਤੇ ਗੁਰੂ ਖਾਤਰ ਕੁਰਬਾਨ ਹੋਣ ਵਾਲਿਆਂ ਨੂੰ ਵਿਸਾਰ ਦਿੱਤਾ ਹੈ। ਉਨ੍ਹਾਂ ਦੀ ਕੋਈ ਢੁੱਕਵੀਂ ਯਾਦਗਾਰ ਵੀ ਨਹੀਂ ਬਣਾਈ ਅਤੇ ਨਮਕਹਰਾਮਾਂ ਦੀ ਸੰਤਾਨ ਅਜੋਕੇ ਡੇਰੇਦਾਰਾਂ ਨੂੰ ਸਿੱਰ ਉੱਤੇ ਚੁੱਕਿਆ ਹੋਇਆ ਹੈ। ਦੇਖੋ! ਸੰਤ ਮਹਾਂਰਾਜ ਬਾਬਿਆਂ ਦੀਆਂ ਬਰਸੀਆਂ ਅਤੇ ਸੰਗ੍ਰਾਂਦਾਂ ਤਾਂ ਗੁਰੂ ਘਰਾਂ ਵਿੱਚ ਧੂੰਮਧਾਮ ਨਾਲ ਮਨਾਈਆਂ ਜਾ ਰਹੀਆਂ ਹਨ ਪਰ ਭਾਈ ਮਰਦਾਨਾਂ, ਸਾਂਈ ਮੀਆਂ ਮੀਰ, ਪੀਰ ਬੁੱਧੂਸ਼ਾਹ ਅਤੇ ਨਵਾਬ ਸ਼ੇਰਖਾਂਨ ਮਲੇਰਕੋਟਲਾ ਆਦਿਕ ਗੁਰੂ ਘਰ ਦੇ ਅਤਿਅੰਤ ਸ਼ਧਾਲੂਆਂ ਅਤੇ ਕੁਰਬਾਨ ਹੋਣ ਵਾਲਿਆਂ ਨੂੰ ਭੁਲਾ ਦਿੱਤਾ ਹੈ। ਓਸ ਸਮੇਂ ਦੇ ਨਮਕਹਰਾਮੀ ਗੰਗੂ ਨੂੰ ਤਾਂ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਜਾਗਤ ਜ਼ਮੀਰ ਵਾਲਿਆਂ ਨੇ ਸਜਾ ਦੇ ਕੇ ਕੀਤੀ ਦਾ ਫਲ ਭੁਗਤਾ ਦਿੱਤਾ ਸੀ ਪਰ ਅਜੋਕੇ ਗੰਗੂ ਬ੍ਰਾਹਮਣ ਡੇਰੇਦਾਰ ਅਤੇ ਕਪਟੀ ਲੀਡਰਾਂ ਨੂੰ ਸਜਾ ਕੌਣ ਦੇਵੇਗਾ? ਜੋ ਇਸ ਵੇਲੇ ਸਿੱਖਾਂ ਦੀ ਸ਼੍ਰੋਮਣੀ ਸੰਸਥਾ “ਸ਼੍ਰੋਮਣੀ ਕਮੇਟੀ” ਅਕਾਲ ਤਖਤ ਅਤੇ ਹੋਰ ਗੁਰੂ ਘਰਾਂ ਵਿੱਚ ਵੀ ਪ੍ਰਬੰਧਕਾਂ ਅਤੇ ਬਾਬਿਆਂ ਦੇ ਰੂਪ ਵਿੱਚ ਕਬਜ਼ਾ ਕਰੀ ਬੈਠੇ ਹਨ। ਐਸੇ ਹਲਾਤਾਂ ਨੂੰ ਦੇਖ ਕੇ “ਸ਼ਰਮ ਸੀ ਆਤੀ ਹੈ ਐਸੇ ਪੰਥ ਕੋ ਪੰਥ ਕਹਿਤੇ ਹੂਏ” ਜੋ ਬ੍ਰਾਹਮਣਵਾਦੀ ਡੇਰੇਦਾਰਾਂ ਦੇ ਪ੍ਰਭਾਵ ਥੱਲੇ ਕੌਮੀ ਹੀਰਿਆਂ ਨੂੰ ਭੁਲਾ ਕੇ ਅਖੌਤੀ ਸਾਧਾਂ ਦੀਆਂ ਹੀ ਬਰਸੀਆਂ ਮਨਾਈ ਜਾ ਰਿਹਾ ਹੈ! ! ! ! !

ਗੁਰਬਾਣੀ ਦੀਆਂ ਪੋਥੀਆਂ ਗੁਰਮਤਿ ਪ੍ਰਚਾਰ ਲਈ ਜਾਂ ਘਰਾਂ ਦੇ ਸ਼ਿੰਗਾਰ ਲਈ!

ਗੁਰਬਾਣੀ ਦੀਆਂ ਪੋਥੀਆਂ ਗੁਰਮਤਿ ਪ੍ਰਚਾਰ ਲਈ ਜਾਂ ਘਰਾਂ ਦੇ ਸ਼ਿੰਗਾਰ ਲਈ!

ਅਵਤਾਰ ਸਿੰਘ ਮਿਸ਼ਨਰੀ (5104325827)

ਰੱਬੀ ਗਿਆਨ ਜੋ ਗੁਰੂਆਂ ਅਤੇ ਭਗਤਾਂ ਨੇ ਪ੍ਰਮਾਤਮਾਂ ਨਾਲ ਇਕਮਿਕ ਹੋ ਕੇ ਪ੍ਰਾਪਤ ਕੀਤਾ ਅਤੇ ਜਲਦੇ ਬਲਦੇ ਸੰਸਾਰ ਵਿੱਚ ਵੰਡਿਆ ਅਤੇ ਪ੍ਰਚਾਰਿਆ ਜਿਸ ਸਦਕਾ ਭਰਮਾਂ ਵਿੱਚ ਜਨਤਾ ਜਾਗ ਪਈ। ਲੋਕਾਂ ਨੇ ਪੁਜਾਰੀਵਾਦ ਦਾ ਜੂਲਾ ਗੁਰ ਗਿਆਨ ਦੇ ਬਲ ਸਦਕਾ ਲਾਹ ਦਿੱਤਾ। ਗੁਰੂ ਬਾਬਾ ਨਾਨਕ ਜੀ ਦੇ ਕਥਨ ਅਨੁਸਾਰ ਧਰਮ ਦੇ ਆਗੂ ਭ੍ਰਿਸ਼ਟ ਹੋ ਚੁੱਕੇ ਸਨ-ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆਂ ਘਾਇ॥ ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਉਜਾੜੇ ਕਾ ਬੰਧੁ॥ (662) ਮੁਸਲਮ ਆਗੂ ਕਾਜ਼ੀ ਇਨਸਾਫ ਦੀ ਕੁਰਸੀ ਤੇ ਬੈਠ ਕੇ ਵੀ ਰਿਸ਼ਵਤ ਲੈ ਕੇ ਝੂਠੇ ਫੈਸਲੇ ਕਰ ਦਿੰਦੇ ਸਨ। ਹਿੰਦੂਆਂ ਦੇ ਆਗੂ ਬ੍ਰਾਹਮਣ ਵੀ ਧਰਮ ਦੇ ਨਾਂ ਤੇ ਜੀਵਾਂ ਦੀਆਂ ਬਲੀਆਂ ਦਿਵਾ ਕੇ ਘਾਤ ਕਰਦੇ ਸਨ। ਜੋਗੀ ਗ੍ਰਿਹਸਤ ਨੂੰ ਛੱਡ ਕੇ ਜੰਗਲਾਂ ਪਹਾੜਾਂ ਦੀਆਂ ਕੰਦਰਾਂ ਵਿੱਚ ਰਹਿੰਦੇ, ਖਾਣ ਪੀਣ ਲਈ ਗ੍ਰਿਹਸਤੀ ਲੋਕਾਂ ਤੋਂ ਮੰਗ ਲਿਆਉਂਦੇ ਅਤੇ ਉਨ੍ਹਾਂ ਨੂੰ ਹੀ ਨਿੰਦਦੇ ਸਨ। ਇਹ ਸਭ ਲੋਕ ਧਰਮ ਦਾ ਮਖੌਟਾ ਪਾ ਕੇ ਧਰਮ ਦਾ ਵਾਪਾਰ ਕਰਦੇ ਸਨ। ਧਰਮ ਗ੍ਰੰਥ ਵੀ ਇਨ੍ਹਾਂ ਨੇ ਔਖੀਆਂ ਬੋਲੀਆਂ ਵਿੱਚ ਲਿਖੇ ਅਤੇ ਉਨ੍ਹਾਂ ਨੂੰ ਪੜ੍ਹਨ ਅਤੇ ਵਿਚਾਰਨ ਦਾ ਅਧਿਕਾਰ ਆਂਮ ਲੋਕਾਂ ਨੂੰ ਨਹੀਂ ਸੀ। ਦੂਜਾ ਧਰਮ ਗ੍ਰੰਥ ਰੇਸ਼ਮੀ ਰਮਾਲਿਆਂ ਵਿੱਚ ਵਲੇਟ ਕੇ ਉੱਚੀਆਂ ਥਾਵਾਂ ਤੇ ਰੱਖ ਕੇ ਪੂਜੇ ਜਾਂਦੇ ਸਨ। ਲੋਕ ਉਨ੍ਹਾਂ ਨੂੰ ਰੁਪਿਆ ਪੈਸਾ ਮੱਥੇ ਟੇਕਦੇ, ਧੂਪਾਂ ਧੁਖਾਉਂਦੇ ਅਤੇ ਧਰਮ ਪੁਜਾਰੀਆਂ ਤੋਂ ਆਪਣੇ ਦੁੱਖਾਂ ਦੀ ਨਵਿਰਤੀ ਲਈ ਪਾਠ ਕਰਾਉਂਦੇ ਸਨ।

ਇਸ ਸਬੰਧ ਵਿੱਚ ਈਸਾਈ ਵੀਰ ਵਧਾਈ ਦੇ ਪਾਤਰ ਹਨ ਜੋ ਪਵਿਤਰ ਬਾਈਬਲ ਨੂੰ ਰੁਮਾਲਿਆਂ ਵਿੱਚ ਵਲੇਟ ਕੇ ਨਹੀਂ ਰੱਖਦੇ ਸਗੋਂ ਵੱਧ ਤੋਂ ਵੱਧ ਹੋਰਨਾਂ ਨੂੰ ਪੜ੍ਹਾਉਂਦੇ ਅਤੇ ਫਰੀ ਵੰਡਦੇ ਹਨ। ਦੁਨੀਆਂ ਦੀ ਹਰੇਕ ਲਾਇਬ੍ਰੇਰੀ ਵਿੱਚ ਬਾਈਬਲ ਮਿਲ ਜਾਵੇਗੀ। ਇਸ ਕਰਕੇ ਦੁਨੀਆਂ ਵਿੱਚ ਈਸਾਈਆਂ ਦੀ ਗਿਣਤੀ ਸਭ ਤੋਂ ਵੱਧ ਹੈ ਕਿਉਂਕਿ ਉਨ੍ਹਾਂ ਦਾ ਪ੍ਰਚਾਰ ਢੰਗ ਅਖੌਤੀ ਰੀਤਾਂ ਰਸਮਾਂ ਤੋਂ ਉੱਪਰ ਹੈ। ਉਹ ਇਹ ਨਹੀਂ ਮੰਨਦੇ ਕਿ ਜੇ ਬਾਈਬਲ ਕਿਸੇ ਲਾਇਬ੍ਰੇਰੀ ਵਿੱਚ ਬਿਨਾ ਰੁਮਾਲੇ ਰੱਖੀ ਗਈ ਤਾਂ ਕੋਈ ਬੇ ਅਦਬੀ ਹੋਵੇਗੀ। ਸਿੱਖ ਧਰਮ ਜੋ ਦੁਨੀਆਂ ਦਾ ਨਵਾਂ ਅਤੇ ਅਧੁਨਿਕ ਧਰਮ ਹੈ ਇਸ ਦੇ ਧਰਮ ਆਗੂ ਅੱਜ ਪੁਜਾਰੀਆਂ ਦਾ ਰੂਪ ਧਾਰਨ ਕਰ ਗਏ ਹਨ ਜਾਂ ਬ੍ਰਾਹਮਣ ਭਾਊ ਨੇ ਸਿੱਖੀ ਦਾ ਮਖੌਟਾ ਪਾ ਕੇ ਧਰਮ ਆਗੂਆਂ ਦੀ ਥਾਂ ਲੈ ਲਈ ਹੈ। ਉਸ ਨੇ ਬੜੀ ਦੂਰ ਅੰਦੇਸ਼ੀ ਨਾਲ ਸੋਚਿਆ ਹੈ ਕਿ ਗੁਰਬਾਣੀ ਜੋ ਨਿਰੋਲ ਸੱਚ ਹੈ ਅਤੇ ਸਭ ਪ੍ਰਕਾਰ ਦੇ ਕਰਮਕਾਂਡਾਂ ਤੋਂ ਉੱਪਰ ਉੱਠ ਕੇ ਚੰਗੇ ਗੁਣ ਅਤੇ ਸਚਾਈ ਧਾਰਨ ਕਰਨ ਦਾ ਉਪਦੇਸ਼ ਦਿੰਦੀ ਹੈ ਜਿਸ ਨਾਲ ਸਾਡਾ ਸਦੀਆਂ ਤੋਂ ਚਲਦਾ ਆ ਰਿਹਾ ਹਲਵਾ ਮੰਡਾ ਬੰਦ ਹੁੰਦਾ ਹੈ। ਕਿਉਂ ਨਾਂ ਸਿੱਖਾਂ ਨੂੰ ਐਸੇ ਵਹਿਮਾਂ ਵਿੱਚ ਪਾ ਦਿੱਤਾ ਜਾਵੇ ਜੋ ਗੁਰਬਾਣੀ ਪੜ੍ਹਨ, ਵਿਚਾਰਨ ਅਤੇ ਧਾਰਨ ਦੀ ਬਜਾਏ ਸੁਹਣੇ-ਸੁਹਣੇ ਰੇਸ਼ਮੀ ਰੁਮਾਲਿਆਂ ਵਿੱਚ ਵਲੇਟ ਕੇ, ਉੱਚੀ ਥਾਂ ਤੇ ਰੱਖ ਕੇ ਮੱਥੇ ਟੇਕੀ ਜਾਣ, ਧੂਫਾਂ ਧੁਖਾਈ ਜਾਣ, ਚੌਰਾਂ ਹੀ ਕਰੀ ਜਾਣ ਅਤੇ ਸਾਡੇ ਧਰਮ ਆਗੂਆਂ ਤੋਂ ਪੂਜਾ ਪਾਠ ਕਰਾ ਕੇ ਭੇਟਾ ਦਈ ਜਾਣ। ਬਾਮਣ ਇਸ ਚਾਲ ਵਿੱਚ ਉਦਾਸੀਆਂ, ਨਿਰਮਲਿਆਂ ਅਤੇ ਟਕਸਾਲੀਆਂ ਦੇ ਰੂਪ ਵਿੱਚ ਕਾਮਯਾਬ ਹੋ ਗਿਆ।

ਕਾਫੀ ਦੇਰ ਬਾਅਦ ਸਿੰਘ ਸਭਾ ਲਹਿਰ ਉੱਠੀ ਉਸ ਨੇ ਲੋਕਾਂ ਨੂੰ ਜਾਗਰਤ ਕਰਕੇ ਇਸ ਭੇਖੀ ਭਾਊ ਨੂੰ ਗੁਰਦੁਆਰਿਆਂ ਚੋਂ ਬਾਹਰ ਕੱਢਿਆ। ਇਸ ਵਾਸਤੇ ਬੜੀਆਂ ਵੱਡੀਆਂ ਕੁਰਬਾਨੀਆਂ ਕਰਨੀਆਂ ਪਈਆਂ ਪਰ ਨਰੈਣੂ ਮਹੰਤਾਂ ਤੋਂ ਆਪਣੇ ਧਰਮ ਅਸਥਾਨ ਅਜ਼ਾਦ ਕਰਵਾ ਲਏ ਅਤੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਅਤੇ ਪ੍ਰਚਾਰ ਲਈ ਸ੍ਰੋਮਣੀ ਕਮੇਟੀ ਚੁਣੀ ਗਈ, ਜਿਸ ਨੇ ਬੜੀ ਤਨਦੇਹੀ ਨਾਲ ਸਿੱਖੀ ਦਾ ਪ੍ਰਚਾਰ ਕੀਤਾ। ਪਰ ਸਮਾਂ ਪਾ ਕੇ ਇਹ ਉਦਾਸੀ, ਨਿਰਮਲੇ ਅਤੇ ਟਕਸਾਲੀ ਫਿਰ ਇਸ ਵਿੱਚ ਇੰਟਰ ਹੋਣ ਵਿੱਚ ਕਾਮਯਾਬ ਹੋ ਗਏ, ਫਿਰ ਬ੍ਰਾਹਮਣੀ ਕਰਮਕਾਂਡ ਦੁਬਾਰਾ ਪ੍ਰਚਲਿਤ ਕਰ ਦਿੱਤੇ ਗਏ। ਜਿਵੇਂ ਪਾਠ ਸਿਰਫ ਟਕਾਸਲੀ ਪਾਠੀ ਹੀ ਕਰ ਸਕਦਾ ਹੈ, ਗੁਰੂ ਨੂੰ ਵੀ ਸਾਡੇ ਵਾਂਗ ਸਰਦੀ ਗਰਮੀ ਲਗਦੀ ਹੈ। ਇਸ ਲਈ ਸਰਦੀਆਂ ਵਿੱਚ ਗਰਮ ਰੁਮਾਲੇ, ਹੀਟਰ ਅਤੇ ਗਰਮੀਆਂ ਵਿੱਚ ਠੰਡੇ ਰੁਮਾਲੇ ਅਤੇ ਏਅਰ ਕੰਡੀਸ਼ਨ ਜਰੂਰੀ ਕਰ ਦਿੱਤੇ। ਪਾਠਾਂ ਨਾਲ ਧੂਪਾਂ, ਦੀਪਾਂ, ਸਗੱਗਰੀਆਂ ਚਲਾ ਦਿੱਤੀਆਂ। ਆਂਮ ਸਿੱਖ ਨੂੰ ਇਹ ਕਹਿ ਕੇ ਗੁਰਬਾਣੀ ਤੋਂ ਤੋੜ ਦਿੱਤਾ ਗਿਆ ਕਿ ਇਸ ਨੇ ਸੰਥਿਆ ਨਹੀਂ ਕੀਤੀ, ਇਹ ਗੁਰਬਾਣੀ ਨਹੀਂ ਪੜ੍ਹ ਸਕਦਾ ਜੇ ਪੜ੍ਹੇਗਾ ਤਾਂ ਗੁਰਬਾਣੀ ਦੀ ਬੇਅਦਬੀ ਹੈ। ਇਸ ਦਾ ਸਿੱਟ ਇਹ ਨਿਕਲਿਆ ਕਿ ਆਂਮ ਸਿੱਖ ਵੀ ਇਨ੍ਹਾਂ ਡੇਰੇਦਾਰਾਂ ਤੇ ਹੀ ਡੀਪੈਂਡ ਹੋ ਗਿਆ। ਅੱਜ ਗੁਰਬਾਣੀ ਦੀਆਂ ਪੋਥੀਆਂ ਦੁਨੀਆਂ ਦੀਆਂ ਲਾਇਬ੍ਰੇਰੀਆਂ ਵਿੱਚ ਤਾਂ ਕੀ ਆਮ ਸਿੱਖਾਂ ਦੇ ਘਰਾਂ ਵਿੱਚ ਵੀ ਨਹੀਂ ਹਨ। ਸਿੱਖ ਬੇਅਦਬੀ ਤੋਂ ਡਰਦੇ ਗੁਰਬਾਣੀ ਤੋਂ ਹੀ ਦੂਰ ਹੋ ਗਏ। ਦੂਜਾ ਵਾਰ ਇਹ ਕੀਤਾ ਕਿ ਵੇਖਣਾ ਕਿਤੇ ਗੁਰਬਾਣੀ ਅਖਬਾਰਾਂ, ਰਸਾਲਿਆਂ ਅਤੇ ਲਿਟਰੈਚਰ ਰੂਪ ਵਿੱਚ ਨਾਂ ਲਿਖੀ ਅਤੇ ਵੰਡੀ ਜਾਵੇ ਇਹ ਬੇਅਦਬੀ ਹੈ। ਜਿਹੜਾ ਕੰਮ ਬ੍ਰਾਹਮਣ ਕਰ ਰਿਹਾ ਸੀ ਉਹ ਹੀ ਅੱਜ ਦੇ ਡੇਰੇਦਾਰ ਅਤੇ ਟਕਸਾਲੀ ਕਰ ਰਹੇ ਹਨ। ਗਿਣਤੀ ਮਿਣਤੀ ਦੇ ਮੰਤ੍ਰ ਅਤੇ ਸੰਪਟ ਪਾਠ ਕੀਤੇ ਕਰਾਏ ਜਾ ਰਹੇ ਹਨ। ਦਾਸ 12-11-2010 ਨੂੰ ਅੱਜ ਹੀ ਰੋਜ਼ਾਨਾਂ ਸਪੋਕਸਮੈਨ ਅਖਬਾਰ ਪੜ੍ਹ ਰਿਹਾ ਸੀ ਜਿਸ ਵਿੱਚ ਖਬਰ ਲੱਗੀ ਹੈ ਕਿ ਕੁੱਝ ਪ੍ਰੇਮੀ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੋਮਣੀ ਕਮੇਟੀ ਦੀ ਦੁਕਾਨ ਤੋਂ ਗੁਰਬਾਣੀ ਦੀਆਂ ਪੋਥੀਆਂ ਲੈਣ ਪਹੁੰਚੇ ਪਰ ਓਥੋਂ ਦੇ ਅਧਿਕਾਰੀਆਂ ਨੇ ਦੋਵੇਂ ਪੋਥੀਆਂ ਇਹ ਕਹਿ ਕੇ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਗੁਰਬਾਣੀ ਦੀ ਬੇਅਦਬੀ ਹੈ। ਫਿਰ ਉਹ ਸਿੱਖ ਓਥੋਂ ਦੇ ਹੈੱਡ ਗ੍ਰੰਥੀ ਨੂੰ ਮਿਲੇ ਤਾਂ ਉਸ ਨੇ ਵੀ ਕਿਹਾ ਕਿ ਗੁਰਬਾਣੀ ਦੀਆਂ ਦੋਵੇਂ ਪੋਥੀਆਂ ਨਹੀਂ ਦਿੱਤੀਆਂ ਜਾ ਸਕਦੀਆਂ ਕਿਉਂਕਿ ਦੋ ਮਿਲ ਕੇ ਗੁਰੂ ਬਣ ਜਾਂਦਾ ਹੈ। ਫਿਰ ਉਹ ਸ਼ਰਧਾਲੂ ਸਿੱਖ, ਸ਼ਹਿਰ ਵਿੱਚੋਂ ਕਿਸੇ ਕਿਤਾਬਾਂ ਦੀ ਦੁਕਾਨ ਤੋਂ ਗੁਰਬਾਣੀ ਦੀਆਂ ਪੋਥੀਆਂ ਲੈ ਗਏ।

ਇਹ ਸਾਰਾ ਵਰਤਾਰਾ ਪੜ੍ਹ, ਸੁਣ ਅਤੇ ਦੇਖ ਕੇ ਜਿੱਥੇ ਦੁੱਖ ਲਗਦਾ ਹੈ ਓਥੇ ਸਿੱਖ ਧਰਮ ਨੂੰ ਅਗਾਂਹ ਵਧੂ ਵਿਗਿਆਨਕ ਧਰਮ ਕਹਿਣ ਵਾਲੇ ਕਿਉਂ ਸੌਂ ਗਏ ਹਨ? ਅੱਜ ਸਿੱਖੀ ਬਾਗ ਗਾਲੜ ਪਟਵਾਰੀ ਬਣ ਕੇ ਇਸ ਨੂੰ ਉਜਾੜ ਰਹੇ ਹਨ। ਅੱਜ ਸਾਡੇ ਬਾਣਾਧਾਰੀ ਵੀਰ ਗੁਰਬਾਣੀ ਦਾ ਨਿਰੋਲ ਪ੍ਰਚਾਰ ਕਰਨ ਵਾਲਿਆਂ ਨੂੰ ਤਾਂ ਗੁਰਦੁਆਰਿਆਂ ਦੀਆਂ ਸਟੇਜਾਂ ਤੋਂ ਹੁਲੜਬਾਜੀ ਕਰਕੇ ਰੋਕ ਰਹੇ ਹਨ ਪਰ ਨੰਗੀਆਂ ਲੱਤਾਂ ਵਾਲੇ ਡੇਰੇਦਾਰਾਂ ਨੂੰ ਬੁਲਾ ਕੇ ਸਨਮਾਨਤ ਕੀਤਾ ਜਾ ਰਿਹਾ ਹੈ। ਸਾਡੇ ਪੜ੍ਹੇ ਲਿਖੇ ਸਿੱਖ ਨੌਜਵਾਨ ਅਤੇ ਆਗੂ ਕਿਉਂ ਨਹੀਂ ਉੱਠ ਰਹੇ? ਗੁਰੂ ਘਰਾਂ ਦੀਆਂ ਸਟੇਜਾਂ ਤੇ ਡੇਰੇਦਾਰ ਹੀ ਕਿਉਂ ਹਾਵੀ ਹੋ ਰਹੇ ਹਨ? ਸਿੱਖੋ! ਜਾਗੋ ਅੱਜ ਸਾਡੀ ਸ੍ਰੋਮਣੀ ਕਮੇਟੀ ਵੀ ਗੁਰਬਾਣੀ ਦੀਆਂ ਪੋਥੀਆਂ ਦੇਣ ਤੋਂ ਇਨਕਾਰ ਕਰ ਰਹੀ ਹੈ। ਫਿਰ ਵੀ ਕਹਿੰਦੇ ਹਨ ਕਿ ਬੀਜ ਨਾਸ ਨਹੀਂ ਹੁੰਦਾ ਹੁਣ ਕੁੱਝ ਵੈਬਸਾਈਟਾਂ ਅਤੇ ਅਖਬਾਰ ਗੁਰਬਾਣੀ ਦਾ ਪ੍ਰਚਾਰ ਕਰ ਰਹੇ ਹਨ। ਹੁਣ ਗੁਰੂ ਗ੍ਰੰਥ ਸਾਹਿਬ ਇੰਟ੍ਰਨੈੱਟ ਤੇ ਆ ਚੁੱਕਾ ਹੈ। ਹੁਣ ਇਹ ਡੇਰੇਦਾਰ ਆਗੂ ਕਿਵੇਂ ਰੋਕਣਗੇ? ਕਿਉਂਕਿ ਇੰਟ੍ਰਨੈੱਟ ਵਿੱਚ ਵੜ ਕੇ ਕੌਣ ਰੁਮਾਲੇ ਚੜ੍ਹਾਵੇਗਾ? ਕੌਣ ਧੂਪਾਂ ਧੁਖਾਵੇਗਾ? ਅਤੇ ਕੌਣ ਇੰਟ੍ਰਨੈੱਟ ਤੇ ਜਾਣ ਤੋਂ ਲੋਕਾਂ ਨੂੰ ਰੋਕੇਗਾ? ਅਤੇ ਕਹੇਗਾ ਕਿ ਦੋਵੇਂ ਪੋਥੀਆਂ ਤੁਸੀਂ ਇੰਟ੍ਰਨੈੱਟ ਤੇ ਵੀ ਨਹੀਂ ਪੜ੍ਹ ਸਕਦੇ? ਸਿੱਖੋ ਹੋਸ਼ ਕਰੋ! ਗੁਰਬਾਣੀ ਦੀ ਬੇਅਦਬੀ, ਗੁਰਬਾਣੀ ਕਿਸੇ ਚੀਜ ਵਿੱਚ ਲਕੋ ਕੇ ਰੱਖਣ ਅਤੇ ਨਾਂ ਪੜ੍ਹਨ ਵਿਚਾਰਨ ਅਤੇ ਧਾਰਨ ਵਿੱਚ ਹੈ ਨਾਂ ਕਿ ਗੁਰਬਾਣੀ ਦਾ ਵੱਧ ਤੋਂ ਵੱਧ ਅਧੁਨਿਕ ਤਰੀਕਿਆਂ ਰਾਹੀਂ ਪ੍ਰਚਾਰ ਕਰਨ ਵਿੱਚ? ਪੰਚਮ ਪਾਤਸ਼ਾਹ ਹੀ ਗੁਰਬਾਣੀ ਦੀਆਂ ਪੋਥੀਆਂ ਲਿਖਣ, ਪੜ੍ਹਨ, ਵਿਚਾਰਨ, ਧਾਰਨ ਅਤੇ ਵੱਧ ਤੋਂ ਵੱਧ ਹੋਰਨਾਂ ਨੂੰ ਵੰਡਣ ਦਾ ਹੁਕਮ ਕਰ ਗਏ ਸਨ ਜਿਸ ਨੁੰ ਭਾਈ ਗੁਰਦਾਸ ਜੀ ਨੇ ਇਉਂ ਬਿਆਨ ਕੀਤਾ ਹੈ “ਗੁਰਬਾਣੀ ਲਿਖ ਪੋਥੀਆਂ ਤਾਲ ਮ੍ਰਿਦੰਗ ਰੁਬਾਬਾ ਬਜਾਵੈ” ਸਾਡਾ ਗੁਰੂ ਸ਼ਬਦ ਹੈ ਜੋ ਕਦੇ ਖਾਂਦਾ, ਪੀਂਦਾ ਅਤੇ ਸੌਂਦਾ ਥਕਦਾ ਨਹੀਂ। ਜੋ ਗਿਆਨ ਰੂਪ ਹੈ ਗਿਆਨ ਨੂੰ ਧੂਪਾਂ ਰੁਮਾਲਿਆਂ ਅਤੇ ਉੱਚੀਆਂ ਥਾਵਾਂ ਦੀ ਲੋੜ ਨਹੀਂ। ਗੁਰਬਾਣੀ ਦਾ ਫੁਰਮਾਣ ਹੈ ਸਚੁ ਪੁਰਾਣਾ ਨਾ ਥੀਏ ਨਾਮ ਨ ਮੈਲਾ ਹੋਏ॥ (1248) ਸੋਨਾ ਸੋਨਾ ਹੀ ਰਹਿੰਦਾ ਹੈ ਭਾਂਵੇ ਉਸ ਨੂੰ ਮੈਲੇ ਥਾਂ ਤੇ ਵੀ ਰੱਖ ਦਿਤਾ ਜਾਵੇ ਕਦੇ ਜੰਗਾਲਦਾ ਨਹੀਂ ਇਵੇਂ ਹੀ ਗੁਰਬਾਣੀ ਸ਼ਬਦ ਗਿਆਨ ਦੀ ਕਦੇ ਬੇਅਦਬੀ ਨਹੀਂ ਹੁੰਦੀ ਜੋ ਵੀ ਮਾਈ ਭਾਈ ਇਸ ਨੂੰ ਜਦੋਂ ਵੀ ਜਿਸ ਸਮੇ ਧਿਆਨ ਨਾਲ ਪੜ੍ਹੇ, ਵਿਚਾਰੇ ਅਤੇ ਧਾਰੇਗਾ ਉਹ ਮੁਕਤੀ ਦਾ ਮਾਰਗ ਪ੍ਰਾਪਤ ਕਰ ਲਵੇਗਾ। ਇਸ ਲਈ ਸਾਨੂੰ ਇਸ ਵਹਿਮ ਚੋਂ ਬਾਹਰ ਨਿਕਲਣਾ ਚਾਹੀਦਾ ਹੈ ਕਿ ਗੁਰਬਾਣੀ ਦੀਆਂ ਪੋਥੀਆਂ ਦੁਨੀਆਂ ਦੀਆਂ ਲਾਇਬ੍ਰੇਰੀਆਂ ਵਿੱਚ ਨਹੀਂ ਰੱਖੀਆਂ ਜਾ ਸਕਦੀਆਂ ਪਰ ਇਹ ਅਸੀਂ ਤਾਂ ਹੀ ਕਰ ਸਕਾਂਗੇ ਜਦ ਡੇਰਾਵਾਦ ਦਾ ਜੂਲਾ ਸਾਡੇ ਮੋਢਿਆਂ ਤੋਂ ਉੱਤਰ ਜਾਵੇਗਾ। ਸੋ ਗੁਰਬਾਣੀ ਪੋਥੀਆਂ ਗੁਰਮਤਿ ਪ੍ਰਚਾਰ ਲਈ ਹਨ ਨਾਂ ਕਿ ਘਰਾਂ ਦੇ ਸ਼ਿੰਗਾਰ ਲਈ। ਗੁਰੂ ਭਲੀ ਕਰੇ॥

ਨਵਾਂ ਸਾਲ, ਸਾਡੇ ਲਈ ਕਰਨਯੋਗ ਕਰਮ-ਧਰਮ ਅਤੇ ਪਰਣ

ਨਵਾਂ ਸਾਲ, ਸਾਡੇ ਲਈ ਕਰਨਯੋਗ ਕਰਮ-ਧਰਮ ਅਤੇ ਪਰਣ

ਅਵਤਾਰ ਸਿੰਘ ਮਿਸ਼ਨਰੀ (5104325827)

ਨਵਾਂ ਸਾਲ-
ਉਹ ਹਰ ਸਮਾਂ ਹੀ ਨਿੱਤ ਨਵਾਂ ਹੈ ਜੋ-ਸਾਹਿਬ ਮੇਰਾ ਨੀਤਿ ਨਵਾਂ ਸਦਾ ਸਦਾ ਦਾਤਾਰੁ (660) ਦੀ ਯਾਦ ਵਿੱਚ ਲੰਘੇ-ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ॥ ਜਿਤੁ ਦਿਨਿ ਵਿਸਰੇ ਪਾਰਬ੍ਰਹਮੁ ਫਿਟੁ ਭੁਲੇਰੀ ਰੁਤਿ (318) ਸੋ ਕੋਈ ਵੀ ਨਿਮਖ, ਪਲ, ਘੜੀ, ਪਹਰ, ਮਹੂਰਤ, ਦਿਨ-ਰਾਤ ਹਫਤਾ, ਮਹੀਨਾ ਅਤੇ ਸਾਲ ਮਾੜਾ ਨਹੀਂ ਸਗੋਂ ਮਾੜੇ ਚੰਗੇ ਸਾਡੇ ਕਰਮ ਹਨ। ਜਿਵੇਂ ਹਰ ਸਾਲ ਬਨਾਸਪਤੀ ਨੂੰ ਨਵੇਂ ਫੁੱਲ ਖਿੜਦੇ ਅਤੇ ਨਵੀਆਂ ਕਰੂੰਬਲਾਂ ਨਿਕਲਦੀਆਂ ਹਨ ਇਵੇਂ ਹੀ ਸਾਡੇ ਹਿਰਦੇ ਵੀ ਸ਼ੁਭ ਗੁਣਾਂ ਦੇ ਫੁੱਲ ਅਤੇ ਅਗਾਂਹ ਵਧੂ ਵਿਚਾਰਾਂ ਦੀਆਂ ਕਰੂੰਬਲਾਂ ਪੈਦਾ ਹੋਣੀਆਂ ਚਾਹੀਦੀਆਂ ਹਨ। ਜਿਵੇਂ ਕੱਟ ਕੇ ਪਰੂਣੀ ਕੀਤੀ ਵੇਲ ਨੂੰ ਵਧੀਆ ਫਲ ਲੱਗਦੇ ਹਨ ਇਵੇਂ ਹੀ ਬੁਰੇ ਕਰਮ, ਗੰਦੀ ਸੋਚ, ਪਿਛਾਂਹ ਖਿੱਚੂ ਪੁਰਾਣੇ ਤੇ ਬੋਸੇ ਵਿਚਾਰ ਜੋ ਭਰਮ-ਗਿਆਨੀਆਂ, ਮਿਥਿਹਾਸਕ ਗ੍ਰੰਥਾਂ ਅਤੇ ਮਨਮਤਿ ਰਾਹੀਂ ਸਾਡੇ ਹਿਰਦੇ ਤੇ ਦਿਲ ਦਿਮਾਗ ਵਿੱਚ ਪਾ ਅਤੇ ਅਮਰਵੇਲ ਵਾਂਗ ਉੱਪਰ ਚੜ੍ਹਾ ਦਿੰਦੇ ਹਨ। ਉਨ੍ਹਾਂ ਨੂੰ ਗੁਰੂ ਸ਼ਬਦ ਗਿਆਨ ਦੇ ਨਸ਼ਤ੍ਰ ਨਾਲ ਕੱਟ ਛੱਟ ਕੇ ਹਰ ਸਾਲ ਪਰੂਣੀ ਕਰਨ ਦੀ ਲੋੜ ਹੈ ਤਾਂ ਕਿ ਸ਼ੁਭ ਗੁਣਾਂ ਅਤੇ ਸਰਬ ਪ੍ਰਵਾਣਤ ਅਗਾਂਹ ਵਧੂ ਉਸਾਰੂ ਵਿਚਾਰਾਂ ਦੇ ਚੰਗੇ ਫਲ ਲੱਗ ਸੱਕਣ। ਜਿਵੇਂ ਹਰੇਕ ਕਾਰੋਬਾਰ ਭਾਵ ਕਿਰਤ ਕਮਾਈ ਕਰਨ ਵਾਲਾ ਇਨਸਾਨ ਲਾਭ ਵਾਸਤੇ ਕੰਮ ਕਰਦਾ ਹੈ। ਹਰ ਸਾਲ ਦੇ ਅਖੀਰ ਤੇ ਲੇਖਾ ਜੋਖਾ ਕਰਦਾ ਹੈ ਕਿ ਕਿਨ੍ਹਾ ਲਾਭ, ਘਾਟਾ, ਅਤੇ ਖਰਚਾ ਹੋਇਆ? ਮੈਂ ਅੱਗੇ ਕਿਵੇਂ ਕਰਨਾ ਹੈ? ਇਵੇਂ ਹਿਸਾਬ ਕਿਤਾਬ ਰੱਖਣਵਾਲਾ ਇਨਸਾਨ ਹਾਨ-ਲਾਭ ਬਾਰੇ ਸੋਚ ਕੇ ਆਪਣੀ ਦੁਨੀਆਵੀ ਜ਼ਿੰਦਗੀ ਹੋਰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਬੇਹਿਸਾਬਾ ਵਿਅਕਤੀ ਹਮੇਸ਼ਾਂ ਘਾਟੇ ਵਿੱਚ ਰਹਿੰਦਾ ਹੈ ਅਤੇ ਸੰਸਾਰੀ ਵੀ ਉਸ ਦੀ ਇਜ਼ਤ ਨਹੀਂ ਕਰਦੇ। ਇਵੇਂ ਹੀ ਸਿੱਖ ਨੇ ਵੀ ਇਹ ਲੇਖਾ ਜੋਖਾ ਕਰਨਾ ਹੈ ਕਿ ਮੈ ਹੁਣ ਤੱਕ ਗੁਰੂ ਗ੍ਰੰਥ ਸਾਹਿਬ, ਸਿੱਖ ਰਹਿਤ ਮਰਯਾਦਾ, ਫਿਲੌਸਫੀ ਅਤੇ ਇਤਿਹਾਸ ਤੋਂ ਕੀ ਸਿਖਿਆ ਹੈ? ਸਿੱਖ ਦੇ ਅਰਥ ਹੀ ਸਿਖਿਆਰਥੀ ਹਨ, ਜੋ ਹਮੇਸ਼ਾ ਸਿੱਖਦਾ ਰਹਿੰਦਾ ਹੈ। ਹਰੇਕ ਸਿੱਖ ਨੂੰ ਗੁਰਬਾਣੀ ਦਾ ਆਪ ਪਾਠ ਕਰਨਾ ਅਰਥ ਸਿੱਖਣੇ ਅਤੇ ਕਮਉਣੇ ਚਾਹੀਦੇ ਹਨ। ਸਿੱਖ ਰਹਿਤਮਰਯਾਦਾ, ਸਿੱਖ ਫਿਲੌਸਫੀ ਅਤੇ ਇਤਿਹਾਸ ਆਪ ਪੜਦੇ ਜਾਂ ਸੁਣਦੇ ਰਹਿਣਾ ਚਾਹੀਦਾ ਹੈ। ਭੇਖੀ ਸਾਧਾਂ-ਸੰਤਾਂ, ਸੰਪ੍ਰਦਾਈਆਂ ਅਤੇ ਪੁਜਾਰੀਆਂ ਤੇ ਹੀ ਨਿਰੀ ਟੇਕ ਨਹੀਂ ਰੱਖਣੀ ਚਾਹੀਦੀ ਜੋ ਜੋਕਾਂ ਵਾਂਗ ਸਿੱਖ ਕੌਮ ਦਾ ਖੂਨ ਪੀਂਦੇ ਹੋਏ ਕੌਮ ਵਿੱਚ ਵਹਿਮ-ਭਰਮ, ਫੋਕਟ-ਕਰਮਕਾਂਡ, ਸੁੱਚ-ਭਿੱਟ, ਛੂਆ-ਛਾਤ ਅਤੇ ਜਾਤ-ਪਾਤ ਆਦਿ ਫਲਾ ਰਹੇ ਹਨ। ਜਿਨ੍ਹਾਂ ਨੇ ਅਰਸ਼ੀ ਸਿੱਖੀ ਨੂੰ ਪੱਥਰ ਯੁੱਗ ਦਾ ਧਰਮ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਜੋ ਬ੍ਰਾਹਮਣੀ ਗ੍ਰੰਥਾਂ ਦੀਆਂ ਬੇ-ਫਜ਼ੂਲ ਮਿਥਿਹਾਸਕ ਕਥਾ ਕਹਾਣੀਆਂ, ਗੁਰਦੁਆਰਿਆਂ ਵਿੱਚ ਸੁਣਾ-ਸੁਣਾ ਕੇ ਸਿੱਖੀ ਦਾ ਬ੍ਰਾਹਮਣੀਕਰਨ ਕਰੀ ਜਾ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਵਰਗੇ ਅਸ਼ਲੀਲ ਗੰਦੀ ਕਵਿਤਾ ਵਾਲੇ ਗ੍ਰੰਥ ਨੂੰ ਹਿੱਕ ਦੇ ਜੋਰ ਨਾਲ ਪ੍ਰਕਾਸ਼ ਕਰਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਘਟਾ ਕੇ ਸਿੱਖ ਸਿਧਾਤਾਂ ਦੀਆਂ ਜੜ੍ਹਾਂ ਵੱਢ ਰਹੇ ਹਨ। ਸੋ ਜਿਵੇਂ ਸਮੇਂ ਦੀ ਚਾਲ ਹਰ ਵੇਲੇ ਚਲਦੀ ਰਹਿੰਦੀ ਹੈ ਇਵੇਂ ਹੀ ਸਿੱਖ ਵੀ ਹਰ ਵੇਲੇ ਸਿੱਖਦਾ ਸਿਖਾਂਦਾ ਅਤੇ ਸਮੇਂ ਮੁਤਾਬਕ ਆਪਣੇ ਆਪ ਨੂੰ ਢਾਲ ਕੇ ਕਰਨਯੋਗ ਕਰਮ ਧਰਮ ਅਤੇ ਪਰਣ ਕਰਦਾ ਹੋਇਆ ਯਤਨਸ਼ੀਲ ਰਹਿੰਦਾ ਹੈ।

ਕਰਨਯੋਗ ਕਰਮ-ਧਰਮ ਅਤੇ ਪਰਣ

ਆਓ ਨਵੇਂ ਸਾਲ ਤੇ ਪ੍ਰਣ ਕਰੀਏ ਕਿ ਅਸੀਂ ਔਗੁਣਾਂ ਦਾ ਤਿਆਗ ਕਰਕੇ ਸ਼ੁਭ ਗੁਣ ਧਾਰਨ ਕਰਾਂਗੇ।

ਧਰਮ ਦੀ ਕਿਰਤ ਕਰਦੇ ਹੋਏ ਵੰਡ ਛਕਾਂਗੇ ਅਤੇ ਅਕਾਲ ਪੁਰਖ ਦਾ ਨਾਮ ਜਪਾਂਗੇ।

ਗੁਰਬਾਣੀ ਆਪ ਪੜ੍ਹਦੇ-ਪੜ੍ਹਾਂਦੇ, ਗਾਂਦੇ, ਵਿਚਾਰਦੇ ਅਤੇ ਧਾਰਦੇ ਹੋਏ ਹੋਰਨਾਂ ਨੂੰ ਵੀ ਸਿਖਾਵਾਂਗੇ, ਨਿਰਾ ਸਾਰੀ ਉਮਰ ਪਾਠੀਆਂ ਤੋਂ ਪਾਠ ਹੀ ਨਹੀਂ ਕਰਾਈ ਜਾਵਾਂਗੇ। ਹਰ ਗੁਰਦੁਆਰੇ ਨਾਲ ਲਾਇਬ੍ਰੇਰੀ, ਸਕੂਲ, ਕਾਲਜ ਅਦਿਕ ਖੋਲਾਂਗੇ ਜਿੱਥੇ ਦਨਿਆਵੀ ਵਿਦਿਆ ਦੇ ਨਾਲ-ਨਾਲ ਧਾਰਮਿਕ ਵਿਦਿਆ ਵੀ ਪ੍ਰਾਪਤ ਕੀਤੀ ਜਾ ਸਕੇ।

ਗੁਰਦੁਆਰਿਆਂ, ਧਰਮ-ਅਸਥਾਨਾਂ ਵਿੱਚ ਪੜ੍ਹੇ ਲਿਖੇ ਟ੍ਰੇਂਡ ਪ੍ਰਚਾਰਕਾਂ ਅਤੇ ਰਾਗੀ ਗ੍ਰੰਥੀਆਂ ਨੂੰ ਭਰਤੀ ਕਰਾਂਗੇ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰੋਲ ਬਾਣੀ, ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਦੇ ਧਾਰਨੀ ਪ੍ਰਚਾਰਕ ਹੋਣ ਅਤੇ ਕਥਾ ਕੀਰਤਨ ਵਿੱਚ ਬ੍ਰਾਹਮਣੀ ਕਥਾ ਕਹਾਣੀਆਂ ਸੁਣਾ-ਸੁਣਾ ਕੇ ਸਿੱਖੀ ਦਾ ਭਗਵਾਕਰਨ ਨਾਂ ਕਰਨ।

ਪੰਥ ਤੋਂ ਬਗੈਰ, ਕਿਸੇ ਭੇਖੀ ਸਾਧ-ਸੰਤ ਸੰਪ੍ਰਦਾਈ ਨੂੰ, ਮਾਨਤਾ ਨਹੀਂ ਦੇਵਾਂਗੇ ਅਤੇ ਨਾਂ ਹੀ ਆਪਣੇ ਜਾਂ ਆਪਣੇ ਤੋਂ ਵੱਡੀ ਕਿਸੇ ਵੀ ਹਸਤੀ ਦੇ ਨਾਂ ਦੇ ਅੱਗੇ ਜਾਂ ਪਿਛੇ ਸੰਤ ਸ਼ਬਦ ਵਰਤਾਂਗੇ ਸਗੋਂ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਉਪਨਾਮ ਭਾਈ, ਬਾਬਾ, ਸਿੰਘ ਅਤੇ ਕੌਰ ਸ਼ਬਦਾਂ ਦੀ ਵਰਤੋਂ ਕਰਾਂਗੇ।

ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਵੀ ਪੋਥੀ ਜਾਂ ਅਖੌਤੀ ਦਸਮ ਗ੍ਰੰਥ ਆਦਿ ਦਾ ਪ੍ਰਕਾਸ਼ ਨਹੀਂ ਕਰਾਂਗੇ ਅਤੇ ਨਾਂ ਹੀ ਕਿਸੇ ਦੋਖੀ ਨੂੰ ਕਰਨ ਦੇਵਾਂਗੇ। ਨੋਂਟ
-ਡੇਰੇਦਾਰ ਤੇ ਟਕਸਾਲੀ ਅਜਿਹਾ ਅਨਰਥ ਸ਼ਰੇਆਂਮ ਕਰ ਰਹੇ ਹਨ।

ਸਿੱਖ ਗੁਰਦੁਆਰਿਆਂ ਤੇ ਫਿਰ ਆਪਣੇ ਘਰਾਂ ਵਿੱਚੋਂ ਕੁੰਭ, ਨਾਰੀਅਲ, ਜੋਤਾਂ, ਮੌਲੀਆਂ, ਹਵਨ ਨੁਮਾਂ ਗੁਗਲ ਦੀਆਂ ਧੂਫਾਂ ਅਤੇ ਹਵਨ ਸਮੱਗਰੀਆਂ ਕੱਢਾਂਗੇ। ਗੁਰੂ ਗ੍ਰੰਥ ਸਹਿਬ ਜੀ ਦੇ ਪਾਠ ਨਾਲ ਇਹ ਸਾਰੀ ਬ੍ਰਾਹਮਣੀ ਪੂਜਾ ਸਮੱਗਰੀ ਨਹੀਂ ਰੱਖਾਂਗੇ ਅਤੇ ਨਾਂ ਹੀ ਕਿਸੇ ਨੂੰ ਰੱਖਣ ਦਿਆਂਗੇ।

ਮਾਰੂ ਨਸ਼ਿਆਂ ਦਾ ਤਿਆਗ ਕਰਦੇ ਹੋਏ ਜਨਤਾ ਨੂੰ ਇਸ ਬਾਰੇ ਜਾਗਰੂਕ ਕਰਾਂਗੇ ਕਿਉਂਕਿ ਨਸ਼ਿਆਂ ਨਾਲ ਜਿੱਥੇ ਧੰਨ ਬਰਬਾਦ ਹੁੰਦਾ, ਬੇਇਜ਼ਤੀ ਹੁੰਦੀ, ਭਿਆਨਕ ਰੋਗ ਲਗਦੇ ਹਨ ਓਥੇ ਮਤਿ ਵੀ ਮਾਰੀ ਜਾਂਦੀ ਹੈ-
ਜਿਤੁ ਪੀਤੈ ਮਤਿ ਦੂਰਿ ਹੋਏ ਬਰਲੁ ਪਵੈ ਵਿਚਿ ਆਇ॥ ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ॥ … ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥ (554)

ਔਰਤ ਦਾ ਮਰਦ ਦੇ ਬਰਾਬਰ ਸਨਮਾਨ ਕਰਾਂਗੇ, ਧੀਆਂ ਦੀ ਭਰੂਣ ਹਤਿਆ ਨਹੀਂ ਕਰਾਂਗੇ ਕਿਉਂਕਿ ਇਹ ਮਾਨ ਸਿੱਖ ਧਰਮ ਦੇ ਬਾਨੀ ਬਾਬਾ ਨਾਨਕ ਜੀ ਨੇ ਬਖਸ਼ਦਿਆਂ ਫੁਰਮਾਇਆ-
ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ (473) ਜੇ ਮਰਦ ਗੁਰਬਾਣੀ ਦਾ ਪਾਠ ਕਥਾ ਕੀਰਤਨ ਗੁਰੂ ਘਰ ਦੀ ਹਰੇਕ ਪ੍ਰਕਾਰ ਸੇਵਾ ਕਰ ਸਕਦਾ ਹੈ ਤਾਂ ਔਰਤ ਵੀ ਇਹ ਸਭ ਕੁੱਝ ਕਰ ਸਕਦੀ ਹੈ ਪਰ ਸੰਪ੍ਰਦਾਈ ਤੇ ਕੇਸਾਧਾਰੀ ਬ੍ਰਾਹਮਣੀ ਟੋਲੇ ਅਜੋਕੇ ਸਿੰਘ ਸਹਿਬਾਨ ਰੂਪੀ ਆਦਿਕ ਅਖੌਤੀ ਆਗੂਆਂ ਨੇ ਬ੍ਰਹਾਮਣਾਂ ਵਾਂਗ ਹੀ ਸਿੱਖ ਔਰਤਾਂ ਤੇ ਵੀ ਅਜਿਹੀ ਮੰਨੂਵਾਦੀ ਪਾਬੰਦੀ ਲਾ ਰੱਖੀ ਹੈ, ਜਿਸ ਨੂੰ ਰਲ ਕੇ ਤੋੜਾਂਗੇ ਕਿਉਂਕਿ ਗੁਰੂ ਅਮਰਦਾਸ ਸਾਹਿਬ ਜੀ ਨੇ ਵੀ ਬੀਬੀਆਂ ਨੂੰ 52 ਪੀਹੜੇ ਬਖਸ਼ੇ ਸਨ।

ਸਿੱਖ ਧਰਮ ਦੇ ਦਰਵਾਜੇ ਸਭ ਮਾਈ ਭਾਈ ਲਈ ਖੁਲ੍ਹੇ ਰੱਖਾਂਗੇ ਕਿਉਂਕਿ-
ਸਭੇ ਸਾਂਝੀਵਾਲ ਸਦਾਇਨਿ (97) ਅਤੇ ਉਪਦੇਸ਼ੁ ਚਹੁ ਵਰਨਾ ਕਉ ਸਾਂਝਾ (747)

ਵੱਧ ਤੋਂ ਵੱਧ ਬੋਲੀਆਂ (ਭਾਸ਼ਾਵਾਂ) ਵਿੱਚ ਗੁਰਬਾਣੀ, ਸਿੱਖ ਇਤਿਹਾਸ ਅਤੇ ਫਿਲੌਸਫੀ ਆਦਿਕ ਦਾ ਪ੍ਰਚਾਰ ਬੜੀ ਫਰਾਕ ਦਿਲੀ ਨਾਲ ਕਰਾਂਗੇ। ਇਹ ਸਭ ਗੁਰੂ ਦੀ ਗੋਲਕ ਨਾਲ ਅਤੇ ਸਿੱਖਾਂ ਦੇ ਦਸਵੰਧ ਨਾਲ ਹੋ ਸਕਦਾ ਹੈ। ਅੱਜ ਕੱਲ੍ਹ ਅਖਬਾਰਾਂ, ਰਸਾਲੇ, ਸੀਡੀਆਂ, ਟੀ. ਵੀ. , ਮੂਵੀਆਂ ਅਤੇ ਇੰਟ੍ਰਨੈੱਟ ਆਦਿਕ ਦਾ ਜੁੱਗ ਹੈ। ਇਸ ਸਭ ਪ੍ਰਕਾਰ ਦੇ ਮੀਡੀਏ ਰਾਹੀਂ ਸਿੱਖੀ ਦਾ ਪ੍ਰਚਾਰ ਕਰਾਂਗੇ, ਇਸ ਨੂੰ ਗੁਰਬਾਣੀ ਦਾ ਪ੍ਰਚਾਰ ਸਮਝਾਂਗੇ ਨਾ ਕਿ ਬੇਅਦਬੀ।

ਕੁਝ ਸਵੇਦਨਸ਼ੀਲ ਮਸਲੇ ਜਿਵੇਂ ਰਾਗ ਮਾਲਾ, ਅਖੌਤੀ ਦਸਮ ਗ੍ਰੰਥ, ਸਿੱਖ ਬੀਬੀਆਂ ਦੀ ਸ੍ਰ਼ੀ ਦਰਬਾਰ ਸਾਹਿਬ ਵਿਖੇ ਕੀਰਤਨ ਅਤੇ ਪੰਜਾਂ ਪਿਆਰਿਆਂ ਵਿੱਚ ਖੰਡੇ ਪਾਹੁਲ ਦੀ ਸੇਵਾ, ਗੁਰਦੁਆਰਿਆਂ ਵਿੱਚ ਸਿੱਖ ਰਹਿਤ ਮਰਯਾਦਾ ਅਤੇ ਅਸਲੀ ਨਾਨਕਸ਼ਾਹੀ ਕੈਲੰਡਰ ਲਾਗੂ ਕਰਨਾਂ ਆਦਿਕ ਨੂੰ ਫੌਰਨ ਬੜੀ ਦ੍ਰਿੜਤਾ ਅਤੇ ਸੁਹਿਰਦਤਾ ਨਾਲ, ਨਿਕਟ ਭਵਿੱਖ ਵਿੱਚ ਹੱਲ ਕਰਾਂਗੇ।

ਆਏ ਦਿਨ ਸਾਧਾਂ ਸੰਪ੍ਰਦਾਈਆਂ ਦੇ ਦਬਾਅ ਥੱਲੇ ਆ ਕੇ, ਅਖੌਤੀ ਜਥੇਦਾਰਾਂ ਵਲੋਂ, ਪੰਥਕ ਵਿਦਵਾਨਾਂ ਨੂੰ ਪੰਥ ਵਿੱਚੋ ਛੇਕਣਾ ਅਤੇ ਛੇਕਣ ਦੀਆਂ ਧਮਕੀਆਂ ਦੇਣ ਦੀ ਬਜਾਏ ਸਗੋਂ ਵਿਚਾਰ ਗੋਸ਼ਟੀਆਂ ਦਾ ਸਿਲਸਿਲਾ ਚਲਾ ਕੇ ਵਿਚਾਰ ਵਿਟਾਂਦਰੇ ਅਤੇ ਪ੍ਰੇਮ ਪਿਆਰ ਰਾਹੀਂ ਮਸਲੇ ਹੱਲ ਕੀਤੇ ਜਾਣ।

ਪੰਥਕ ਅਖ਼ਬਾਰਾਂ, ਰਸਾਲੇ, ਰੇਡੀਓ, ਲਿਖਾਰੀ ਅਤੇ ਜੋ ਅਦਾਰੇ ਗੁਰੂ ਗ੍ਰੰਥ ਸਹਿਬ ਜੀ ਦੀ ਵਿਚਾਰਧਾਰਾ ਅਤੇ ਸਿੱਖ ਰਹਿਤ ਮਰਯਾਦਾ ਦਾ ਡਟ ਕੇ ਪ੍ਰਚਾਰ ਕਰਦੇ ਹਨ, ਉਨ੍ਹਾਂ ਦੀ ਹਰ ਤਰ੍ਹਾਂ ਮਦਦ ਕੀਤੀ ਜਾਵੇ।

ਜੋ ਡੇਰੇ ਜਾਂ ਗੁਰਦੁਆਰੇ ਸ਼੍ਰੀ ਅਕਾਲ ਤਖ਼ਤ ਦੀ ਮਰਯਾਦਾ ਨੂੰ ਨਹੀਂ ਮੰਨਦੇ ਓਥੇ ਜਾਣਾ ਅਤੇ ਖੂਨ ਪਸੀਨੇ ਦੀ ਕੀਤੀ ਕਮਾਈ ਚੋਂ ਭੇਟਾ ਚੜਾਉਣੀ ਬੰਦ ਕੀਤੀ ਜਾਵੇ ਜੋ ਕੌਮੀ ਪੈਸੇ ਦੀ ਦੁਰਵਰਤੋਂ ਕਰ ਰਹੇ ਹਨ।

ਛੁੱਟੀਆਂ ਜਾਂ ਜਦੋਂ ਵੀ ਵਿਹਲ ਮਿਲੇ ਇਸਾਈ ਮਿਸ਼ਨਰੀਆਂ ਦੀ ਤਰ੍ਹਾਂ ਡੋਰ-ਟੂ ਡੋਰ ਹਰੇਕ ਮਾਈ ਭਾਈ ਪ੍ਰਚਾਰ ਕਰੇ ਅਤੇ ਗੁਰਮਤਿ ਸਬੰਧੀ ਵਧੀਆ ਲਿਟ੍ਰੇਚਰ ਵੰਡਿਆ ਜਾਵੇ।

ਜੇ ਅਜਿਹਾ ਕਰਦੇ ਹਾਂ ਤਾਂ ਨਵਾਂ ਸਾਲ ਮੁਬਾਰਕ ਤੇ ਭਾਗਾਂਵਾਲਾ ਹੋ ਸਕਦਾ ਹੈ ਵਰਨਾਂ ਰਸਮੀ ਪਾਠ, ਕੀਰਤਨ, ਕਥਾ, ਢਾਡੀ ਦਰਬਾਰਾਂ, ਵੰਨ ਸੁਵੰਨੇ ਲੰਗਰ ਅਤੇ ਡੈਕੋਰੇਸ਼ਨਾਂ ਦਾ ਕੋਈ ਬਹੁਤਾ ਫਾਇਦਾ ਨਹੀਂ ਹੋਣਾ ਜਿਨ੍ਹਾਂ ਚਿਰ ਗੁਰੂ ਬਾਬਾ ਨਾਨਕ ਜੀ ਦੀ ਸੱਚੀ ਸੁੱਚੀ ਤੇ ਵਿਗਿਆਨਕ ਵਿਚਾਰਧਾਰਾ ਨੂੰ ਨਹੀਂ ਅਪਨਉਂਦੇ ਅਤੇ ਉਸ ਦਾ ਪ੍ਰਚਾਰ ਅਮਲੀ ਰੂਪ ਵਿੱਚ ਨਹੀਂ ਕਰਦੇ। ਪੁਜਰੀਵਾਦ, ਸਾਧਵਾਦ, ਭੇਖਵਾਦ, ਸੁੱਚ-ਭਿਟ, ਭਰਮ ਅਤੇ ਪਾਖੰਡਵਾਦ ਤੋਂ ਗੁਰੂ ਗਿਆਨ ਆਸਰੇ ਬਚ ਜਾਈਏ ਤਾਂ ਨਵਾਂ ਸਾਲ ਮੁਬਾਰਕ ਹੈ।

ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਪਾਤਸ਼ਾਹ ਦੇ ਜਾਨਸ਼ੀਨ ਜਾਂ ਵੱਖਰੇ ਪੰਥ ਦੇ ਵਾਲੀ?

ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਪਾਤਸ਼ਾਹ ਦੇ ਜਾਨਸ਼ੀਨ ਜਾਂ ਵੱਖਰੇ ਪੰਥ ਦੇ ਵਾਲੀ?

ਅਵਤਾਰ ਸਿੰਘ ਮਿਸ਼ਨਰੀ (5104325827)

ਭਾਈ ਕਾਹਨ ਸਿੰਘ ਨ੍ਹਾਭਾ ਰਚਿਤ ਮਹਾਨ ਕੋਸ਼ ਅਨੁਸਾਰ ਜਾਨਸ਼ੀਨ ਫਾਰਸੀ ਦਾ ਲਫ਼ਜ ਹੈ ਅਤੇ ਇਸ ਦੇ ਅਰਥ ਹਨ ਉੱਤਰਾਧਿਕਾਰੀ, ਕਿਸੇ ਦੀ ਥਾਂ ਬੈਠਣ ਵਾਲਾ ਅਤੇ ਕਾਇਮ-ਮੁਕਾਇਮ ਥਾਪਿਆ ਜਾਣ ਵਾਲਾ। ਅਰਬੀ ਵਿੱਚ ਵਾਲੀ ਦੇ ਅਰਥ ਹਨ ਮਾਲਕ, ਸੁਵਾਮੀ ਅਤੇ ਹਾਕਮ। ਆਓ ਹੁਣ ਆਪਾਂ ਵਿਚਾਰ ਕਰੀਏ ਕਿ ਸਿੱਖ ਪੰਥ ਦੇ ਮਹਾਂਨ ਰਹਿਬਰ ਅਤੇ ਬਾਨੀ ਗੁਰੂ ਨਾਨਕ ਪਾਤਸ਼ਾਹ ਜੀ ਸਨ ਜਿਨ੍ਹਾਂ ਨੇ ਗਿਆਨਮਈ ਵਿਦਵਤਾ, ਨਿਡਰਤਾ, ਹਲੇਮੀ, ਪਿਆਰ, ਸੇਵਾ ਅਤੇ ਬੜੀ ਸੂਝ-ਬੂਝ ਨਾਲ ਅਖੌਤੀ ਧਰਮ ਆਗੂਆਂ ਵੱਲੋਂ ਭਰਮਾਂ ਵਿੱਚ ਪਾਈ ਅਤੇ ਉਲਝਾਈ ਗਈ ਲੋਕਾਈ ਨੂੰ ਸੱਚਾ-ਸੁੱਚਾ ਗਿਆਨ-ਵਿਗਿਆਨਮਈ ਉਪਦੇਸ਼ ਦੇਸ਼ ਵਿਦੇਸ਼ ਵਿੱਚ ਵਿਚਰ ਕੇ ਦਿੱਤਾ। ਉਸ ਵੇਲੇ ਦੇ ਵੱਡੇ ਵੱਡੇ ਧਰਮ ਅਸਥਾਨਾਂ ਅਤੇ ਧਰਮ ਆਗੂਆਂ ਨਾਲ ਗਿਆਨ ਗੋਸ਼ਟੀਆਂ ਕੀਤੀਆਂ। ਗੁਰੂ ਨਾਨਕ ਪਾਤਸ਼ਾਹ ਇੱਕ ਅਜਿਹੇ ਰਹਿਬਰ ਸਨ ਜਿਨ੍ਹਾਂ ਨੇ ਕਿਸੇ ਨੂੰ ਧਰਮ ਬਦਲਣ ਦਾ ਨਹੀਂ ਸਗੋਂ ਮਨ ਅਤੇ ਕਰਮ ਬਦਲਣ ਦਾ ਉਪਦੇਸ਼ ਦਿੱਤਾ। ਇਸ ਕਰਕੇ ਕੀ ਹਿੰਦੂ ਅਤੇ ਕੀ ਮੁਸਲਮਾਨ ਗੁਰੂ ਬਾਬੇ ਦੇ ਵਿਚਾਰ ਸੁਣਨ, ਮੰਨਣ ਅਤੇ ਅਪਨਾਉਣ ਲੱਗ ਪਏ। ਗੁਰੂ ਜੀ ਨੇ ਧਰਮਾਂ ਦੇ ਝਗੜੇ ਛੱਡ ਕੇ ਸੱਚੇ ਮਾਰਗ ਤੇ ਚੱਲਣ ਦਾ ਹੋਕਾ ਦਿੰਦਿਆ ਕਿਹਾ ਕਿ ਜੇ ਰੱਬ ਇੱਕ ਹੈ ਤਾਂ ਅਸੀਂ ਸਾਰੇ ਵੀ ਉਸੇ ਦੇ ਬੱਚੇ ਬੱਚੀਆਂ ਹਾਂ। ਵੱਖ ਵੱਖ ਰੰਗਾਂ ਦੇ ਫੁੱਲਾਂ ਦੇ ਗੁਲਦਸਤੇ ਵਾਂਗ ਹਾਂ। ਉਸ ਉਪਦੇਸ਼ ਨੂੰ ਆਪਣੇ ਹੱਥ ਨਾਲ ਕਿਤਾਬ (ਪੋਥੀ) ਵਿੱਚ ਲਿਖਿਆ “ਤਿਤ ਮਹਲ ਜੋ ਸ਼ਬਦ ਹੋਆ ਸੋ ਪੋਥੀ ਗੁਰ ਅੰਗਦ ਯੋਗ ਮਿਲੀ” (ਪੁਰਾਤਨ ਜਨਮਸਾਖੀ)

ਇਸ ਸੱਚੀ-ਸੁੱਚੀ ਅਗਾਂਹ ਵਧੂ ਵਿਚਾਰਧਾਰਾ ਨੂੰ ਸਦੀਵ ਸੰਸਾਰ ਵਿੱਚ ਪ੍ਰਚਾਰਨ ਅਤੇ ਫਲਾਉਣ ਲਈ ਆਪਣੀ ਥਾਂ ਯੋਗ ਵਿਅਕਤੀਆਂ ਨੂੰ ਆਪਣਾਂ ਜਾਨਸ਼ੀਨ ਥਾਪਣ ਦਾ ਸਿਲਸਿਲਾ ਸ਼ੁਰੂ ਕੀਤਾ। ਇਵੇਂ ਉਨ੍ਹਾਂ ਦੀ ਗਿਆਨਮਈ ਰੱਬੀ ਵਿਚਾਰਧਾਰਾ ਨੂੰ ਸੰਸਾਰ ਵਿੱਚ ਪ੍ਰਾਚਰਨ ਲਈ ਕ੍ਰਮਵਾਰ ਗੁਰੂ ਅੰਗਦ, ਅਮਰਦਾਸ, ਰਾਮਦਾਸ, ਅਰਜਨ ਦੇਵ, ਹਰਗੋਬਿੰਦ, ਹਰਕ੍ਰਿਸ਼ਨ, ਤੇਗਬਹਾਦਰ ਅਤੇ ਦਸਵੀਂ ਥਾਂ ਗੁਰੂ ਗੋਬਿੰਦ ਸਿੰਘ ਜੀ ਗੁਰਤਾ ਗੱਦੀ ਦੇ ਜਾਨਸ਼ੀਨ ਥਾਪੇ ਗਏ, ਜਿਨ੍ਹਾ ਨੇ ਤਨ, ਮਨ ਅਤੇ ਧਨ ਨਾਲ ਇਹ ਸੇਵਾ ਬਾਖੂਬੀ ਨਿਭਾਈ ਅਤੇ ਇਸ ਸੰਪੂਰਨ ਨਿਰਮਲ ਵਿਚਾਰਧਾਰਾ ਨੂੰ ਸਦੀਵ ਚਲਦਾ ਰੱਖਣ ਲਈ “ਸ਼ਬਦ ਗੁਰੂ” ਗੁਰੂ ਗ੍ਰੰਥ ਸਾਹਿਬ ਦੀ ਰਹਿਨਮਾਈ ਵਿੱਚ ਸਿੱਖਾਂ ਨੂੰ ਚੱਲਣ ਦਾ ਫੁਰਮਾਨ ਜਾਰੀ ਕੀਤਾ-ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ।

ਇਸ ਸੱਚੀ-ਸੱਚੀ ਵਿਚਾਰਧਾਰਾ ਦਾ ਹਰੇਕ ਅਖੌਤੀ ਧਰਮ ਅਤੇ ਰਾਜਨੀਤਕ ਆਗੂ ਨੇ ਕਰੜਾ ਵਿਰੋਧ ਕੀਤਾ ਜਿਸ ਦੇ ਫਲਸਰੂਪ ਕਈ ਜੰਗ ਜੁੱਧ ਵੀ ਲੜਨੇ ਪਏ ਜਿਨ੍ਹਾਂ ਵਿੱਚ ਗੁਰੂਆਂ, ਬਹੁੱਤਸਾਰੇ ਸਿੱਖਾਂ ਨੂੰ ਸ਼ਹੀਦ ਹੋਣਾ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਰਬੰਸ ਵਾਰਨਾ ਪਿਆ। ਬਾਬਾ ਬੰਦਾ ਸਿੰਘ ਬਹਾਦਰ ਦੇ ਸਿੱਖ ਰਾਜ ਤੋਂ ਬਾਅਦ ਮੁਗਲ ਹਕੂਮਤਾਂ ਅਤੇ ਉਨ੍ਹਾਂ ਦੇ ਝੋਲੀ ਚੁੱਕ ਜੀ-ਹਜੂਰੀਏ ਪਹਾੜੀ ਰਾਜੇ ਇਸ ਵਿਚਾਰਧਾਰਾ ਨੂੰ ਖਤਮ ਕਰਨ ਲਈ ਇੱਕਮੁੱਠ ਹੋ ਗਏ। ਸਿੱਖਾਂ ਦੇ ਘਰ ਘਾਟ ਹੁਣ ਘੋੜਿਆਂ ਦੀਆਂ ਕਾਠੀਆਂ ਅਤੇ ਜੰਗਲ ਬੇਲੇ ਸਨ। ਮੁਗਲੀਆ ਹਕੂਮਤ ਸਿੱਖਾਂ ਦਾ ਜਾਨਵਰਾਂ ਵਾਂਗ ਸ਼ਿਕਾਰ ਕਰਨ ਲੱਗ ਪਈ। ਜਦ ਫਿਰ ਵੀ ਜ਼ਾਲਮ ਦੀ ਤਲਵਾਰ ਗੁਰਸਿੱਖਾਂ ਦਾ ਖੁਰਾ-ਖੋਜ ਨਾ ਮਿਟਾ ਸੱਕੀ ਅਤੇ ਗੁਰਸਿੱਖ ਸਿਰਧੜ ਦੀ ਬਾਜੀ ਲਾ ਕੇ ਇਹ ਨਾਹਰੇ ਲਾਉਣ ਗੱਗ ਪਏ “ਮੰਨੂੰ ਸਾਡੀ ਦਾਤਰੀ ਅਸੀਂ ਮੰਨੂੰ ਦੇ ਸੋਏ। ਜਿਉਂ ਜਿਉਂ ਮੰਨੂੰ ਵੱਢ੍ਹਦਾ ਅਸੀਂ ਦੂਣ ਸਵਾਏ ਹੋਏ” ਤਾਂ ਹੋਸ਼ੇ ਹਥਿਆਰਾਂ ਤੇ ਆ ਕੇ ਅਖੌਤੀ ਧਰਮ ਅਤੇ ਰਾਜਨੀਤਕ ਆਗੂਆਂ ਨੇ ਕੂਟਨੀਤੀ ਵਰਤਦੇ ਹੋਏ ਰੱਬੀ ਭਗਤਾਂ, ਗੁਰੂਆਂ ਅਤੇ ਗੁਰਸਿੱਖਾਂ ਦੇ ਇਤਿਹਾਸ ਅਤੇ ਸਿਧਾਂਤਕ ਵਿਚਾਰਧਾਰਾ ਵਿੱਚ ਰਲਾ ਪਾਉਣਾ ਸ਼ੁਰੂ ਕਰ ਦਿੱਤਾ। ਜਿਸ ਵਿੱਚ ਉਨ੍ਹਾ ਨੇ ਜਿੱਥੇ ਬ੍ਰਾਹਮਣਵਾਦੀ ਕਰਮਕਾਂਡੀ ਰੀਤਾਂ ਘਸੋੜੀਆਂ ਓਥੇ ਸਿੱਖੀ ਦੇ ਮੂਲ ਰਹਿਬਰ ਗੁਰੂ ਨਾਨਕ ਪਾਤਸ਼ਾਹ ਅਤੇ ਉਨ੍ਹਾਂ ਦੇ ਦਸਵੇਂ ਜਾਨਸ਼ੀਨ ਗੁਰੂ ਗੋਬਿੰਦ ਸਿੰਘ ਨੂੰ ਵੱਖਰੇ ਵੱਖਰੇ ਪੰਥ ਦੇ ਆਗੂ ਪ੍ਰਚਾਰਨਾ ਸ਼ੁਰੂ ਕਰ ਦਿੱਤਾ। ਗੁਰੂ ਨਾਨਕ ਪੰਥ ਤੋਂ ਦੂਰ ਕਰਨ ਕਈ ਗੁਰੂ ਗੋਬਿੰਦ ਸਿੰਘ ਨੂੰ ਨਵਾਂ ਖਾਲਸਾ ਪੰਥ ਚਲਾਉਣ ਵਾਲੇ, ਤੀਜਾ ਧਰਮ ਚਲਾਉਣ ਵਾਲੇ, ਪੰਥ ਦੇ ਵਾਲੀ ਅਤੇ ਖਾਲਸਾ ਧਰਮ ਦੇ ਬਾਨੀ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਦੂਜਾ ਗੁਰੂ ਨਾਨਕ ਪਾਤਸ਼ਾਹ ਦਾ ਸ਼ਾਂਤੀ ਦਾ ਮਾਰਗ ਅਤੇ ਦਸਵੇਂ ਪਾਤਸ਼ਾਹ ਦਾ ਲੜਨ ਮਰਨ ਵਾਲਾ ਮਾਰਗ ਪ੍ਰਚਾਰ ਕੇ ਲੋਕਾਂ ਦੇ ਮਨਾਂ ਵਿੱਚ ਭਰਮ ਪੈਦਾ ਕਰ ਦਿੱਤਾ ਕਿ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਅਤੇ ਖਾਲਸਾ ਧਰਮ ਦੇ ਬਾਨੀ ਗੁਰੂ ਗੋਬਿੰਦ ਸਿੰਘ ਹਨ।

ਪਹਿਲਾਂ ਇਹ ਲੋਕ ਉਦਸੀਆਂ ਅਤੇ ਨਿਰਮਲਿਆਂ ਦੇ ਰੂਪ ਵਿੱਚ ਸਿੱਖਾਂ ਦੇ ਧਰਮ ਅਸਥਾਨਾਂ ਦੀ ਸੇਵਾ ਸੰਭਾਲ ਦੇ ਬਹਾਨੇ ਇੰਟਰ ਹੋਏ ਅਤੇ ਅੱਜ ਅਖੌਤੀ ਸਾਧਾਂ-ਸੰਤਾਂ, ਸੰਪ੍ਰਦਾਈਆਂ, ਸਿੱਖੀ ਦਿੱਖ ਵਾਲੇ ਡੇਰੇਦਾਰਾਂ ਅਤੇ ਅਖੌਤੀ ਜਥੇਦਾਰ ਜੋ ਬਾਦਲ ਦੇ ਰਾਹੀਂ
RSS (ਰਸ਼ਟਰੀਆ) ਸਿੱਖ ਸੰਗਤ ਦੇ ਰੂਪ ਵਿੱਚ ਸਿੱਖ ਪੰਥ ਵਿੱਚ ਘੁਸੜ ਕੇ ਵੱਖਰੀਆਂ ਵੱਖਰੀਆਂ ਰੀਤਾਂ, ਵੱਖਰੇ ਵੱਖਰੇ ਗ੍ਰੰਥਾਂ ਜਿਨ੍ਹਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿਤਰ ਵਿਚਾਰਧਾਰਾ ਦੇ ਉਲਟ ਅਖੌਤੀ ਕਥਿਤ ਕਥਾ ਕਹਾਣੀਆਂ ਰਲਾ ਕੇ ਸਿੱਖੀ ਦਾ ਭਗਵਾਕਰਣ ਕਰਦੇ ਹੋਏ ਚੋਲੇ, ਢੋਲਕੀਆਂ, ਚਿਮਟੇ ਆਦਿਕ ਢੋਲ ਵਜਾ ਕੇ ਸਿੱਖ ਸੰਗਤਾਂ ਵਿੱਚ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੀ ਵਿਚਾਰਧਾਰਾ ਨੂੰ ਅਲੱਗ ਅਲੱਗ ਕਰ ਦਿੱਤਾ ਹੈ। ਇਨ੍ਹਾਂ ਦਾ ਪੂਰਾ ਜੋਰ ਸਿੱਖਾਂ ਨੂੰ “ਗੁਰੂ ਗ੍ਰੰਥ ਸਾਹਿਬ” ਨਾਲੋਂ ਤੋੜ ਕੇ ਗੀਤਾ, ਰਮਾਇਣ, ਗਰੜ ਪੁਰਾਣ, ਡੇਰੇ, ਮੱਠ, ਕਬਰਾਂ ਅਤੇ ਅਖੌਤੀ ਦਸਮ ਗ੍ਰੰਥ ਜੋ ਬ੍ਰਾਹਮਣੀ ਕਥਾ ਕਹਾਣੀਆਂ ਅਤੇ ਵਿਸ਼ੇ ਵਿਕਾਰਾਂ ਦੀ ਸਮੱਗਰੀ ਨਾਲ ਭਰਿਆ ਪਿਆ ਹੈ ਨਾਲ ਜੋੜਨ ਦਾ ਲੱਗਾ ਹੋਇਆ ਹੈ। ਐਸ ਵੇਲੇ ਇਹ ਡੇਰੇਦਾਰ ਅਤੇ ਸੰਪ੍ਰਦਾਈ ਇਸ ਮਕਸਦ ਵਿੱਚ ਇਸ ਲਈ ਕਾਮਯਾਬ ਹੋ ਰਹੇ ਹਨ ਕਿ ਸਿੱਖ ਆਪ ਗੁਰਬਾਣੀ, ਇਤਿਹਾਸ ਅਤੇ ਧਰਮ ਫਿਲੌਸਫੀ ਨੂੰ ਪੜ੍ਹਨ, ਵਿਚਾਰਨ ਅਤੇ ਧਾਰਨ ਨੂੰ ਛੱਡ ਕੇ ਇਨ੍ਹਾਂ ਕੋਲੋਂ ਅੰਨ੍ਹੀ ਸ਼ਰਧਾ ਹੇਠ ਆਪਣੀ ਖੂਨ ਪਸੀਨੇ ਦੀ ਕਿਰਤ ਕਮਾਈ ਨੂੰ ਪਾਠਾਂ, ਸੰਪਟ ਪਾਠਾਂ, ਕੀਰਤਨਾਂ ਅਤੇ ਜਪਾਂ ਤਪਾਂ ਦੇ ਨਾਂ ਤੇ ਵੱਡੀਆਂ ਵੱਡੀਆਂ ਭੇਟਾਂ ਦੇ ਰੂਪ ਵਿੱਚ ਲੁਟਾਈ ਜਾ ਰਹੇ ਹਨ। ਇਨ੍ਹਾਂ ਲੋਕਾਂ ਨੇ ਸਿੱਖ ਧਰਮ ਨੂੰ ਵਾਪਾਰ ਅਤੇ ਗੁਰਦੁਆਰਿਆਂ ਨੂੰ ਕਮਰਸ਼ੀਅਲ ਅੱਡੇ ਬਣਾ ਦਿੱਤਾ ਹੈ। ਗਿਣਤੀ ਮਿਣਤੀ ਦੇ ਮੰਤ੍ਰ ਪਾਠ ਜੋ ਬ੍ਰਾਹਮਣ ਅਤੇ ਮੌਲਾਣੇ ਕਰਕੇ ਉਸ ਵੇਲੇ ਜਨਤਾ ਨੂੰ ਲੁੱਟ ਰਹੇ ਸਨ, ਗੁਰੂ ਨਾਨਕ ਪਾਤਸ਼ਾਹ ਨੇ ਤਾਂ ਉਨ੍ਹਾਂ ਦਾ ਵਿਰੋਧ ਕੀਤਾ ਸੀ ਅਤੇ ਅੱਜ ਅਸੀਂ ਡੇਰੇਦਾਰਾਂ ਅਤੇ ਸੰਤ ਬਾਬਿਆਂ, ਸੰਪ੍ਰਦਾਈਆਂ ਅਤੇ ਪੈਸੇ ਦੇ ਪੁਜਾਰੀ ਭਾਈਆਂ ਤੋਂ ਉਹ ਕੁੱਝ ਹੀ ਕਰਾਉਣ ਲੱਗ ਪਏ ਹਾਂ।

ਸਾਡੇ ਅੰਤਸ਼ਕਰਣ ਉੱਤੇ ਬ੍ਰਾਹਮਣੀ ਰੀਤਾਂ ਦਾ ਪੜਦਾ ਪਾ ਦਿੱਤਾ ਗਿਆ ਹੈ, ਇਸ ਲਈ ਅੱਜ ਸਾਨੂੰ ਗੁਰੂ ਨਾਨਕ ਪਾਤਸ਼ਾਹ ਅਤੇ ਗੁਰੂ ਗੋਬਿੰਦ ਸਿੰਘ ਦਾ ਇੱਕੋ ਹੀ ਮਾਰਗ (ਪੰਥ) ਹੈ ਵਾਲਾ ਰਸਤਾ ਭੁੱਲਦਾ ਜਾ ਰਿਹਾ ਹੈ। ਸੋ ਜੇ ਅਸੀਂ ਆਪ ਸਿੱਖ ਸਿਧਾਂਤਾਂ ਗੁਰਬਾਣੀ ਨੂੰ ਵਿਚਾਰਾਂਗੇ ਤਾਂ ਪਤਾ ਚੱਲ ਜਾਵੇਗਾ ਕਿ ਗੁਰੂ ਨਾਨਕ ਪਾਤਸ਼ਾਹ ਹੀ ਸਾਡੇ ਰਹਿਬਰ ਅਤੇ ਬਾਨੀ ਸਨ ਅਤੇ ਬਾਕੀ ਨੌਂ ਗੁਰੂ ਉਨ੍ਹਾਂ ਦੇ ਜਾਨਸ਼ੀਨ ਸਨ। ਇਵੇਂ ਪੰਥ ਦੇ ਵਾਲੀ ਗੁਰੂ ਨਾਨਕ ਪਾਤਸ਼ਾਹ ਹਨ ਅਤੇ ਗੁਰੂ ਗੋਬਿੰਦ ਸਿੰਘ ਜੀ ਉਨ੍ਹਾਂ ਦੇ ਦਸਵੇਂ ਜਾਨਸ਼ੀਨ ਸੰਤ ਸਿਪਾਹੀ ਸਿੱਖ ਪੰਥ ਦੇ ਮਹਾਂਨ ਪ੍ਰਚਾਰਕ ਗੁਰੂ ਸਨ। ਆਓ ਇਨ੍ਹਾਂ ਡੇਰੇਦਾਰਾਂ ਅਤੇ ਅਖੌਤੀ ਜਥੇਦਾਰਾਂ ਤੋਂ ਅਜ਼ਾਦ ਹੋ ਕੇ ਗੁਰੂ ਨਾਨਕ ਜੀ ਦੇ ਦਸਵੇਂ ਜਾਨਸ਼ੀਨ ਸਰਬੰਸਦਾਨੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ-ਪ੍ਰਕਾਸ਼ ਦਿਹਾੜਾ ਅਸਲੀ ਨਾਨਕ ਸ਼ਾਹੀ ਕੈਲੰਡਰ 2003 ਦੇ ਅਨੁਸਾਰ 5 ਜਨਵਰੀ ਸੰਨ 2011 ਨੂੰ ਸ਼ਰਧਾ ਭਾਵਨਾਂ ਨਾਲ ਮਨਾ ਕੇ ਡੇਰੇਦਾਰਾਂ ਦੇ ਭਰਮਜਾਲ ਦੇ ਜੂਲੇ ਨੂੰ ਆਪੋ ਆਪਣੇ ਗਲੋਂ ਵਗਾਹ ਮਾਰੀਏ। ਕੇਵਲ ਤੇ ਕੇਵਲ ਗੁਰੂ ਗਰੰਥ ਸਹਿਬ ਜੀ ਦੇ ਲੜ ਲਾਉਣ ਵਾਲੇ ਦਸਵੇਂ ਪਾਤਸ਼ਾਹ ਨੂੰ ਕੋਟਿ ਕੋਟਿ ਪ੍ਰਣਾਮ! ! ! ! ! ! !

ਕੀ ਲੋਹੜੀ ਮੌਸਮੀ, ਬ੍ਰਾਹਮਣੀ ਜਾਂ ਸਿੱਖ ਤਿਉਹਾਰ ਹੈ?

ਕੀ ਲੋਹੜੀ ਮੌਸਮੀ, ਬ੍ਰਾਹਮਣੀ ਜਾਂ ਸਿੱਖ ਤਿਉਹਾਰ ਹੈ?

ਅਵਤਾਰ ਸਿੰਘ ਮਿਸ਼ਨਰੀ (5104325827)

ਭਾ. ਕਾਹਨ ਸਿੰਘ ਨ੍ਹਾਭਾ ਮਹਾਨ ਕੋਸ਼ ਦੇ ਪੰਨਾ 1075 ਤੇ ਲਿਖਦੇ ਹਨ ਕਿ “ਵੈਦਿਕਧਰਮ” ਨਾਮ ਰਸਾਲੇ ਵਿੱਚ ਲਿਖਿਆ ਹੈ ਕਿ ਲੋੜ੍ਹੀ ਦਾ ਮੂਲ “ਤਿਲ-ਰੋੜੀ” ਹੈ ਇਸ ਤੋਂ ਤਿਲੋੜੀ ਹੋਇਆ ਅਰ ਇਸ ਦਾ ਰੂਪਾਂਤਰ ਲੋੜ੍ਹੀ ਹੈ। ਲੋੜ੍ਹੀ ਦੇ ਦਿਨ ਤਿਲ ਅਤੇ ਰੋੜੀ (ਗੁੜ) ਖਾਦੇ ਹਵਨ ਕੀਤੇ ਜਾਂਦੇ ਹਨ। ਇਹ ਤਿਉਹਾਰ ਮਾਘੀ ਦੀ ਸੰਗ੍ਰਾਂਦ ਤੋਂ ਇੱਕ ਦਿਨ ਪਹਿਲਾਂ ਆਉਂਦਾ ਹੈ। ਲੋਹੜੀ ਸਿੱਖਾਂ ਦਾ ਨਹੀਂ ਸਗੋਂ ਮੌਸਮੀ ਤਿਉਹਾਰ ਹੈ। ਅੱਜ ਇਸ ਨੂੰ ਨਿਰੋਲ ਬ੍ਰਾਹਮਣੀ ਤਿਉਹਾਰ ਬਣਾ ਦਿੱਤਾ ਗਿਆ ਹੈ। ਮੁਕਤਸਰ ਦਾ ਇਤਿਹਾਸਕ ਸਾਕਾ ਜਿਹੜਾ ਕਿ ਅਸਲ ਵਿੱਚ ਮਈ ਮਹੀਨੇ ਦਾ ਸਾਕਾ ਹੈ ਨੂੰ ਰਲ-ਗਢ ਕਰਕੇ, ਮਾਘ ਮਹੀਨੇ ਨਾਲ ਜੋੜ ਕੇ, ਮਾਘੀ ਦੀ ਸੰਗ੍ਰਾਂਦ ਨੂੰ ਸਿੱਖ ਦਿਹਾੜਾ ਹੋਣ ਦਾ ਭੁਲੇਖਾ ਪਾਇਆ ਗਿਆ ਹੈ। ਇਵੇਂ ਹੀ ਲੜਕੇ ਦੇ ਜਨਮ ਅਤੇ ਵਿਆਹ ਦੀ ਪਹਿਲੀ ਲੋਹੜੀ ਆਦਿਕ। ਅੱਜ ਦੇਖਾ ਦੇਖੀ ਹੋਰਾਂ ਮਗਰ ਲੱਗ ਕੇ, ਅਪਣੇ ਆਪ ਨੂੰ ਗੁਰੂ ਨਾਨਕ ਦੇ ਸਿੱਖ ਅਖਵਾਉਣ ਵਾਲੇ ਵੀ ਪੁੱਤਾਂ-ਧੀਆਂ ਦੀਆਂ ਲੋਹੜੀਆਂ ਮਨਾਈ ਜਾਂਦੇ ਹਨ, ਐਸਾ ਕਿਉਂ ਹੈ? ਜਰਾ ਧਿਆਨ ਨਾਲ ਸੋਚੋ! ਲੋਹੜੀ ਦਾ ਮੂਲ ਸੰਬੰਧ ਦੇਵੀ-ਦੇਵਤਿਆਂ ਦੀ ਪੂਜਾ ਅਤੇ ਜੱਗਾਂ ਨਾਲ ਹੈ। ਬ੍ਰਾਹਮਣੀ ਮਤ ਦਾ ਆਧਾਰ ਹੀ ਦੇਵੀ-ਦੇਵਤਿਆਂ ਦੀ ਪੂਜਾ-ਅਰਚਾ ਅਤੇ ਜੱਗ-ਹਵਨ ਹਨ। ਗੁਰਮਤਿ ਅਜਿਹੇ ਥੋਥੇ ਕਰਮਕਾਂਡਾਂ ਅਤੇ ਅੰਧਵਿਸ਼ਵਾਸ਼ਾਂ ਦਾ ਭਰਵਾਂ ਖੰਡਨ ਕਰਦੀ ਹੈ। ਦੇਵੀ-ਦੇਵਤਿਆਂ ਬਾਰੇ ਗੁਰਮਤਿ ਦਾ ਫੁਰਮਾਨ ਹੈ-ਦੇਵੀ ਦੇਵਾ ਮੂਲੁ ਹੈ ਮਾਇਆ॥ ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ (129)

ਬ੍ਰਾਹਮਣ ਮੱਤ ਦਾ ਸਭ ਤੋਂ ਪੁਰਾਤਨ ਗ੍ਰੰਥ “ਰਿਗ ਵੇਦ” ਮੰਨਿਆਂ ਜਾਂਦਾ ਹੈ। ਭਾ. ਕਾਹਨ ਸਿੰਘ ਨ੍ਹਾਭਾ ਅਨੁਸਾਰ-ਇਸ ਵੇਦ ਦਾ ਮੂਲ ਦੇਵੀ ਦੇਵਤਿਆਂ ਦੀ ਉਸਤਤ ਵਿੱਚ ਰਚੇ ਗਏ ਮੰਤ੍ਰਾਂ ਦੇ ਸੰਗ੍ਰਹ ਨਾਲ ਹੈ। ਦੂਜਾ “ਸਾਮਦੇਵ” ਹੋਂਦ ਵਿੱਚ ਆਇਆ ਭਾਵ ਮੰਤ੍ਰਾਂ ਦੀ ਸਮਾਨਤਾ ਦਰਸਾਉਣ ਵਾਲਾ ਵੇਦ। ਉਸਤਤ ਦਾ ਢੰਗ ਕਿਹੜਾ ਵਰਤਿਆ ਜਾਵੇ? ਇਸ ਵਾਸਤੇ ਜੱਗ ਕਰਨੇ ਆਰੰਭ ਹੋਏ। ਫਿਰ “ਯਜੁਰ ਵੇਦ” ਹੋਂਦ ਵਿੱਚ ਆਇਆ। ਅਗਨੀ ਨੂੰ ਦੇਵੀ ਦੇਵਤਿਆਂ ਦੀ ਜੀਭ ਦੱਸਿਆ ਗਿਆ ਹੈ। ਸਾਰੇ ਜੱਗਾਂ ਦਾ ਆਧਾਰ ਹੀ ਅਗਨ ਦੇਵਤਾ ਮੰਨਿਆਂ ਗਿਆ ਹੈ, ਇਸ ਕਰਕੇ ਲੋਹੜੀ ਜੱਗਾਂ ਦੀ ਅਰੰਭਤਾ ਦਾ ਸੂਚਕ ਮੰਨੀ ਜਾਂਦੀ ਹੈ। ਇਵੇਂ ਲੋਹੜੀ ਵਾਲੇ ਦਿਨ ਜਾਣੇ ਅਣਜਾਣੇ ਅਗਨ ਦੇਵਤਾ ਦੀ ਖੂਬ ਪੂਜਾ ਕੀਤੀ ਜਾਂਦੀ ਹੈ। ਇਸ ਦੇ ਨਾਲ ਸਾਨੂੰ ਇਹ ਵੀ ਸੋਚਣ ਦੀ ਲੋੜ ਹੈ ਕਿ ਆਪਣੀ ਗੁਰਮਤਿ ਵਿਰੋਧੀ ਕਰਨੀ ਨਾਲ ਅਸੀਂ ਅਪਣੀ ਸੰਤਾਨ ਨੂੰ ਵਿਰਾਸਤ ਵਿੱਚ ਕਿਹੜੀ ਸਿੱਖੀ ਦੇ ਰਹੇ ਹਾਂ? ਕੀ ਇਹ ਸਿੱਖੀ ਹੈ ਜਾਂ ਕਿ ਕਰਮਕਾਂਡੀ ਬ੍ਰਾਹਮਣੀ ਰੀਤ? ਸਿੱਖ ਤਾਂ ਗੁਰਬਾਣੀ ਦੀ ਸਿਖਿਆ ਤੇ ਚਲਣ ਵਾਲਾ ਵਿਅਕਤੀ ਹੈ ਨਾਂ ਕਿ ਅੰਧਵਿਸ਼ਵਾਸ਼ੀ ਪੂਜਾ ਕਰਨ ਵਾਲਾ ਇਨਸਾਨ।

ਸਗਨ ਅਪਸਗਨ ਸਿੱਧੇ ਤੌਰ ਤੇ ਬ੍ਰਾਹਮਣ ਮੱਤ ਨਾਲ ਸਬੰਧਤ ਹਨ। ਗੁਰਬਾਣੀ ਦਾ ਫੁਰਮਾਨ ਹੈ-ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ (401) ਭਾਵ ਇਨ੍ਹਾਂ ਸਗਨਾਂ-ਅਪਸਗਨਾਂ ਦੇ ਚੱਕਰ ਵਿੱਚ ਉਹੀ ਲੋਕ ਪੈਂਦੇ ਹਨ ਜਿਨ੍ਹਾਂ ਨੂੰ ਰੱਬ ਯਾਦ ਨਹੀਂ ਅਉਂਦਾ ਹੈ। ਪ੍ਰਮਾਤਮਾ ਵਿੱਚ ਵਿਸ਼ਵਾਸ ਰੱਖਣ ਵਾਲੇ ਕਦੇ ਸਗਨਾਂ-ਅਪਸਗਨਾਂ ਦੇ ਵਹਿਮ ਵਿੱਚ ਨਹੀਂ ਪੈਂਦੇ। ਲੋਹੜੀ ਦਾ ਵੀ ਸਗਨਾਂ ਨਾਲ ਸੰਬੰਧ ਹੈ। ਭਾਰਤ ਵਿੱਚ ਬਹੁਤਾ, ਹਿੰਦੂ ਬ੍ਰਾਹਮਣ ਦਾ ਪ੍ਰਭਾਵ ਹੋਣ ਕਰਕੇ ਫਸਲਾਂ ਵੀ ਸਗਨ ਅਪਸਗਨ ਦੇਖ ਕੇ ਬੀਜੀਆਂ ਜਾਂਦੀਆਂ ਸਨ। ਅੱਜ ਵੀ ਅਜਿਹਾ ਕੀਤਾ ਜਾ ਰਿਹਾ ਹੈ। ਇਸ ਕਰਕੇ ਲੋਹੜੀ ਦੇ ਸ਼ੁਭ ਸ਼ਗਨਾਂ ਦੇ ਨਾਮ ਤੇ ਪਹਿਲੇ ਚੌਵੀ ਘੰਟੇ ਸਗਨਾਂ ਨੂੰ ਹੀ ਸਮ੍ਰਪਤ ਹੁੰਦੇ ਹਨ। ਮਾਘ ਰਿੱਧੀ ਪੋਹ ਖਾਧੀ ਦੇ ਕਥਨ ਅਨੁਸਾਰ ਪੰਜਾਬ ਵਿੱਚ ਰਾਤ ਨੂੰ ਪੋਹ ਮਹੀਨੇ ਦੇ ਵਿੱਚ ਖਿਚੜੀ ਰਿੰਨ੍ਹ ਲਈ ਜਾਂਦੀ ਹੈ ਅਤੇ ਸਵੇਰੇ ਮਾਘੀ ਦੀ ਸੰਗ੍ਰਾਂਦ ਵਾਲੇ ਦਿਨ ਖਾਧੀ ਜਾਂਦੀ ਹੈ। ਉਚੇਚੇ ਰਾਤ ਨੂੰ ਰਿੰਨ੍ਹ ਕੇ ਸਵੇਰੇ ਖਾਣ ਵਾਲੇ ਇਸ ਸਗਨ ਪਿੱਛੇ ਅੰਨ ਦੇਵਤੇ ਪਾਸੋਂ ਕਾਮਨਾ ਕੀਤੀ ਜਾਂਦੀ ਹੈ ਕਿ ਅੰਨ ਭੰਡਾਰ ਹਰ ਸਵੇਰ ਚਲਦਾ ਰਹੇ ਅਤੇ ਫ਼ਸਲਾਂ ਸਦਾ ਵਧਦੀਆਂ ਫੁਲਦੀਆਂ ਰਹਿਣ। ਜਰਾ ਸੋਚੋ! ਕੀ ਫਸਲਾਂ ਚੰਗੀ ਦੇਖ-ਭਾਲ, ਚੰਗੇ ਵਾਤਾਵਰਣ ਅਤੇ ਵਧੀਆ ਮੌਸਮ ਨਾਲ ਵਧਦੀਆਂ ਫੁੱਲਦੀਆਂ ਹਨ ਜਾਂ ਕਿਸੇ ਮੰਤ੍ਰ ਪੜ੍ਹਨ ਜਾਂ ਸਗਨ-ਅਪਸਗਨ ਮੰਨਣ ਨਾਲ?

ਠੰਡੀ ਸਿਆਲੀ ਰੁੱਤ ਹੋਣ ਕਰਕੇ ਪੁਰਾਨੇ ਸਮੇਂ ਲੋਕ ਠੰਡ ਤੋਂ ਬਚਨ ਲਈ ਲਕੜਾਂ, ਗੋਹਿਆਂ ਆਦਿਕ ਦੀ ਅੱਗ ਬਾਲ ਕੇ ਸੇਕਦੇ ਸਨ। ਗਲੀਆਂ, ਚੌਰਾਹਿਆਂ ਅਤੇ ਮੁਹੱਲਿਆਂ ਵਿੱਚ ਵੱਡੇ-ਵੱਡੇ ਖੁੰਡ ਬਾਲ ਕੇ ਲੋਕ ਇਕੱਠੇ ਹੋ ਕੇ ਅੱਗ ਸੇਕਦੇ, ਤਿਲ-ਗੁੜ ਦੀਆਂ ਬਣੀਆਂ ਰਿਉੜੀਆਂ, ਮੁੰਗਫਲੀ ਆਦਿਕ ਖਾਂਦੇ ਅਤੇ ਖੁਸ਼ੀ ਦੇ ਗੀਤ ਗਾਉਂਦੇ ਸਨ। ਅਖੌਤੀ ਧਰਮ ਅਤੇ ਵਹਿਮ ਦੇ ਨਾਂ ਤੇ ਪੇਟ ਪਾਲਣ ਵਾਲੇ ਪੁਜਾਰੀ ਹਰ ਵੇਲੇ ਇਸ ਤਾਕ ਵਿੱਚ ਰਹਿੰਦੇ ਹਨ ਕਿ ਜਿਸ ਕਰਮ ਵੱਲ ਲੋਕਾਂ ਦਾ ਝੁਕਾ ਵੱਧ ਹੈ ਕਿਉਂ ਨਾਂ ਉਸ ਨੂੰ ਧਰਮ ਅਤੇ ਵਹਿਮ ਨਾਲ ਜੋੜ ਕੇ ਪੂਜਾ ਦੇ ਨਾਂ ਤੇ ਸ਼ਧਾਲੂਆਂ ਤੋਂ ਮਾਇਆ ਦੇ ਗੱਫੇ ਬਟੋਰੇ ਜਾਣ। ਅੱਗ ਨੂੰ ਵੇਦਾਂ ਵਿੱਚ ਦੇਵਤਿਆਂ ਦੀ ਜੀਭ ਮੰਨਿਆਂ ਗਿਆ ਹੈ ਜੋ ਇਸ ਵਿੱਚ ਜਾਂ ਇਸ ਦੇ ਨਾਂ ਤੇ ਭੇਟਾ ਕੀਤਾ ਜਾਵੇ ਉਹ ਸਿੱਧਾ ਦੇਵਤਿਆਂ ਨੂੰ ਪਹੁੰਚ ਜਾਂਦਾ ਹੈ ਅਤੇ ਦੇਵੀ-ਦੇਵਤਾ ਪ੍ਰਸੰਨ ਹੋ ਕੇ ਵਰ ਦਿੰਦੇ ਹਨ ਪਰ ਇਹ ਸਾਰਾ ਕੁੱਝ ਪੁਜਾਰੀ ਰਾਹੀਂ ਕਰਵਾਇਆ ਜਾਵੇ ਤਾਂ ਜਲਦੀ ਪਹੁੰਚਦਾ ਹੈ। ਪੁਜਾਰੀ ਲੋਕ ਚੰਗੇ ਮੰਦੇ ਸਮੇਂ ਦੇ ਸਗਨ-ਅਪਸਗਨ ਵੀ ਦਸਦੇ ਹਨ। ਲੋਕ ਡਰਦੇ ਹਨ ਕਿ ਕਿਤੇ ਅਪਸ਼ਗਨ ਨਾਂ ਹੋ ਜਾਵੇ, ਇਸ ਲਈ ਉਹ ਹਰ ਕੰਮ ਭਾਂਵੇ ਉਹ ਖੁਸ਼ੀ, ਗਮੀ, ਬੀਜ-ਬਜਾਈ, ਖਾਣ-ਪਾਨ ਜਾਂ ਕੋਈ ਘਰ, ਜਮੀਨ ਆਦਿਕ ਖ੍ਰੀਦਣ ਦਾ ਹੋਵੇ ਜਨਮ ਤੋਂ ਮਰਨ ਤੱਕ ਇਨ੍ਹਾਂ ਅਖੌਤੀ ਧਰਮ ਪੁਜਾਰੀਆਂ ਤੋਂ ਪੁੱਛ ਕੇ ਕਰਦੇ ਹਨ। ਇਵੇਂ ਹੀ ਲੋਹੜੀ ਵਾਲੇ ਦਿਨ ਜਿੱਥੇ ਆਮ ਲੋਕ ਘਰਾਂ ਵਿੱਚੋਂ ਗੁੜ, ਮੁੰਗਫਲੀਆਂ ਅਤੇ ਰਿਉੜੀਆਂ ਇਕੱਠੀਆਂ ਕਰਕੇ ਲਿਆਉਂਦੇ ਅਤੇ ਠੰਡ ਤੋਂ ਬਚਣ ਲਈ ਅੱਗ ਦੇ ਅੰਗੀਠੇ ਦੁਆਲੇ ਬੈਠ ਕੇ ਖਾਂਦੇ ਸਨ। ਫਿਰ ਬ੍ਰਾਹਮਣ ਪੁਜਾਰੀ ਦੇ ਕਹਿਣ ਤੇ ਅਗਨ ਦੇਵਤਾ ਨੂੰ ਖੁਸ਼ ਕਰਨ ਲਈ ਤਿਲ ਆਦਿਕ ਸਮਗਰੀ ਅਗਨਿ ਭੇਟ ਅਤੇ ਸੰਗ੍ਰਾਂਦ ਆਦਿਕ ਦਿਨ ਤੇ ਧਰਮ ਅਸਥਾਨਾਂ ਤੇ ਪਹੁੰਚ ਕੇ ਮਨ ਚਾਹਿਆ ਦਾਨ ਕਰਨ ਲੱਗ ਪਏ। ਜਿਸ ਨਾਲ ਪੁਜਾਰੀ ਬ੍ਰਾਹਮਣ ਭਾਊ ਦਾ ਹਲਵਾ ਮੰਡਾ ਖੂਬ ਚੱਲਣ ਲੱਗ ਪਿਆ। ਉਸ ਨੇ ਏਂਵੇਂ ਦੇ ਪੁੰਨਿਆਂ, ਮੱਸਿਆ, ਸੰਗਰਾਂਦ, ਦਸਵੀਂ, ਪੰਚਕਾਂ, ਹੋਲੀ, ਲੋਹੜੀ ਆਦਿਕ ਅਨੇਕ ਦਿਨ ਦਿਹਾਰ ਮੇਲਿਆਂ ਦੇ ਵੱਡੇ ਇਕੱਠ ਦੇ ਰੂਪ ਵਿੱਚ ਮਨਾਉਣੇ ਸ਼ੁਰੂ ਕਰ ਦਿੱਤੇ, ਜਿਨ੍ਹਾਂ ਨੂੰ ਇਸੇ ਬ੍ਰਾਹਮਣ ਦੇ ਬਦਲਵੇਂ ਰੂਪ ਉਦਾਸੀ, ਨਿਰਮਲੇ, ਸੰਤ, ਮਹੰਤ, ਅਜੋਕੇ ਡੇਰੇਡਾਰ ਅਤੇ ਸੰਪ੍ਰਦਾਈ ਗ੍ਰੰਥੀਆਂ ਨੇ ਵੀ ਰੋਜੀ ਰੋਟੀ ਲਈ ਅਪਣਾਅ ਲਿਆ। ਇਨ੍ਹਾਂ ਦਿਨਾਂ ਤੇ ਪਾਠਾਂ ਦੀਆਂ ਇਕੋਤਰੀਆਂ, ਕੀਰਤਨ ਦਰਬਾਰ, ਯੱਗ, ਹਵਨ ਆਦਿਕ ਕਰਕੇ ਵੱਡੀਆਂ-2 ਭੇਟਾਵਾਂ ਲੈ ਕੇ ਜਨਤਾ ਨੂੰ ਲੁੱਟਿਆ ਜਾ ਰਿਹਾ ਹੈ।

ਹੁਣ ਸਿੱਖਾਂ ਦੇ ਡੇਰਿਆਂ ਅਤੇ ਕੁੱਝ ਸੰਸਥਾਵਾਂ ਨੇ ਇਸ ਬਹਾਨੇ ਫੰਡ ਇਕੱਠਾ ਕਰਨ ਅਤੇ ਮੀਡੀਏ ਵਿੱਚ ਆਏ ਰਹਿਣ ਲਈ ਪੁੱਤਾਂ ਦੀ ਥਾਂ ਧੀਆਂ ਦੀਆਂ ਲੋਹੜੀਆਂ ਮਨਾਉਂਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜਰਾ ਸੋਚੋ! ਜਿਸ ਤਿਉਹਾਰ ਨਾਲ ਸਾਡਾ ਸਬੰਧ ਹੀ ਕੋਈ ਨਹੀਂ ਉਸ ਨੂੰ ਧੀਆਂ-ਪੁੱਤਾਂ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ। ਅੱਜ ਪੁਰਾਣਾ ਜਮਾਨਾਂ ਨਹੀਂ ਕਿ ਠੰਡ ਤੋਂ ਬਚਣ ਲਈ ਲਕੜਾਂ-ਗੋਹਿਆਂ ਆਦਿਕ ਦੀਆਂ ਅੱਗਾਂ ਬਾਲ ਕੇ ਹੀ ਨਿੱਘ ਪ੍ਰਾਪਤ ਕੀਤਾ ਜਾ ਸਕੇ। ਅੱਜ ਦੇ ਜਮਾਨੇ ਵਿੱਚ ਮਣਾਂ-ਮੂੰਹੀਂ ਅਨਾਜ਼ ਸਾੜਨਾ ਮੂਰਖਤਾ ਨਹੀਂ ਤਾਂ ਹੋਰ ਕੀ ਹੈ? ਜਿਸ ਸ਼ੇਰ ਮਰਦ ਗੁਰੂ ਨਾਨਕ ਸਾਹਿਬ ਜੀ ਨੇ ਡੰਕੇ ਦੀ ਚੋਟ ਨਾਲ ਔਰਤ ਅਤੇ ਮਰਦ ਨੂੰ ਬਾਬਰਤਾ ਦਿੱਤੀ ਸੀ, ਕੀ ਇਹ ਧੀਆਂ ਦੀਆਂ ਲੋਹੜੀਆਂ ਮਨਾਉਣ ਵਾਲੇ ਬਰਾਬਰਤਾ ਦੇ ਅਧਾਰ ਤੇ ਆਪਣੀਆਂ, ਮਾਵਾਂ, ਭੈਣਾਂ ਅਤੇ ਧੀਆਂ ਨੂੰ ਪੰਜਾਂ ਪਿਆਰਿਆਂ ਦੀ ਦੇਗ਼, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕੀਰਤਨ, ਗ੍ਰੰਥੀ ਅਤੇ ਪੰਜਾਂ ਤਖਤਾਂ ਚੋਂ ਕਿਸੇ ਤਖਤ ਦੀ ਜਥੇਦਾਰੀ ਦੀ ਸੇਵਾ ਅਤੇ ਪੰਜਾਂ ਪਿਆਰਿਆਂ ਵਿੱਚ ਸ਼ਾਮਲ ਹੋ ਖੰਡੇ ਬਾਟੇ ਦੀ ਪਹੁਲ ਤਿਆਰ ਕਰਨ ਦੀ ਮਾਨਤਾ ਦੇਣ ਜਾਂ ਦਿਵਾਉਣ ਲਈ ਯਤਨਸ਼ੀਲ ਸਿੱਖ ਸੰਸਥਾਵਾਂ ਦਾ ਸਾਥ ਦੇਣਗੇ? ਲੋਹੜੀ ਮਨਾਉਣ ਅਤੇ ਬਾਲਣ ਵਾਲੇ ਇਹ ਦੱਸਣਗੇ ਕਿ ਗੁਰੂ ਗ੍ਰੰਥ ਸਹਿਬ ਵਿਖੇ ਰੱਬੀ ਭਗਤਾਂ ਅਤੇ ਸਿੱਖ ਗੁਰੂਆਂ ਨੇ ਆਪਣੇ ਗੁਰਮਤੀ ਜੀਵਨ ਕਾਲ ਸਮੇਂ ਧੀਆਂ-ਪੁੱਤਾਂ ਦੀਆਂ ਲੋਹੜੀਆਂ ਬਾਲੀਆਂ ਸਨ? ਕੀ ਬੇਬੇ ਨਾਨਕੀ, ਮਾਤਾ ਖੀਵੀ, ਮਾਤਾ ਗੰਗਾ, ਬੀਬੀ ਵੀਰੋ, ਮਾਤਾ ਗੁਜਰੀ, ਮਾਤਾ ਜੀਤੋ, ਮਾਤਾ ਭਾਗ ਕੌਰ, ਬੀਬੀ ਸ਼ਰਨ ਕੌਰ ਆਦਿਕ ਸਿੱਖ ਬੀਬੀਆਂ ਨੇ ਵੀ ਗੁਰਮਤਿ ਧਾਰਨ ਕਰਕੇ ਲੋਹੜੀ ਬਾਲੀ ਜਾਂ ਮਨਾਈ ਸੀ?

ਗੁਰੂ ਪਾਤਸ਼ਾਹ ਨੇ ਗੁਰਬਾਣੀ ਰਾਹੀਂ ਸੰਗਤਾਂ ਨੂੰ ਹੋਮ-ਯੱਗਾਂ ਅਤੇ ਦੇਵੀ ਦੇਵਤਿਆਂ ਦੀ ਪੂਜਾ ਤੋਂ ਰੋਕਿਆ ਹੈ। ਅਗਨੀ, ਹਵਾ, ਪਾਣੀ, ਅਨਾਜ ਦੀ ਪੂਜਾ ਨੂੰ ਕਿਰਤਮ ਦੀ ਪੂਜਾ ਦੱਸਕੇ ਇਸ ਤੋਂ ਸੁਚੇਤ ਕੀਤਾ ਹੈ-ਪੂਜਾ ਕੀਚੈ ਨਾਮੁ ਧਿਆਈਐ ਬਿਨੁ ਨਾਵੈ ਪੂਜ ਨ ਹੋਇ (489) ਗੁਮਮਤਿ ਵਿੱਚ ਕੇਵਲ ਕਰਤੇ ਦੀ ਪੂਜਾ ਹੀ ਸਮਝਾਈ ਗਈ ਹੈ। ਗੁਰੂ ਦੀ ਸਿਖਿਆ ਲੈ ਕੇ ਜੀਵਨ ਨੂੰ ਚਲਾਉਣਾ ਅਤੇ ਇਸ ਤਰ੍ਹਾਂ ਜੀਂਦੇ ਜੀਅ ਆਪਣੇ ਮਨੁੱਖਾ ਜੀਵਨ ਨੂੰ ਚੰਗੇ ਗੁਣਾਂ ਵਾਲਾ ਸਦਾਚਾਰੀ ਬਣਾ ਕੇ “ਗੁਣ ਕਹਿ ਗੁਣੀ ਸਮਾਵਣਿਆ” ਹੋਣਾ ਹੈ। ਇਸੇ ਨੂੰ ਗੁਰਬਾਣੀ ਵਿੱਚ ਜੀਵਨ ਮੁਕਤ ਹੋਣਾ ਵੀ ਆਖਿਆ ਗਿਆ ਹੈ। ਗੁਰਬਾਣੀ ਦੀ ਸਿਖਿਆ ਅਨੁਸਾਰ ਚਲਣ ਵਾਲਾ ਇਨਸਾਨ, ਇਸ ਅਵਸਥਾ ਨੂੰ ਸਹਿਜੇ ਹੀ ਪ੍ਰਾਪਤ ਕਰ ਲੈਂਦਾ ਹੈ।

ਲੋਹੜੀ ਦਾ ਤਿਉਹਾਰ ਸਿੱਖ ਸਿਧਾਂਤਾਂ ਨਾਲ ਮੇਲ ਹੀ ਨਹੀਂ ਖਾਂਦਾ। ਅਨ-ਅਧਿਕਾਰੀ ਪ੍ਰਚਾਰਕਾਂ ਅਤੇ ਪ੍ਰਬੰਧਕਾਂ ਕਾਰਨ ਅੱਜ ਸਿੱਖਾਂ ਅੰਦਰ ਗੁਰਬਾਣੀ ਅਨੁਸਾਰ ਜੀਵਨ ਢਾਲਣ ਦੀ ਥਾਂ ਅਗਿਆਨਤਾ ਦਾ ਦੌਰ ਚਲ ਰਿਹਾ ਹੈ। ਜਿਸ ਕਰਕੇ ਅਜੋਕੇ ਦੌਰ ਵਿੱਚ ਦੂਜਿਆਂ ਦੀ ਦੇਖਾ ਦੇਖੀ, ਕਈ ਸਿੱਖ ਵੀ ਇਸ ਨੂੰ ਆਪਣਾ ਤਿਉਹਾਰ ਜਾਣ ਕੇ, ਕਈ ਕਈ ਦਿਨ ਪਹਲਾਂ ਹੀ ਲੋਹੜੀ ਦੀ ਤਿਆਰੀ ਵਿੱਚ ਜੁੱਟ ਜਾਂਦੇ ਹਨ। ਇਸ ਦਿਨ, ਕਈ ਮਨਚਲੇ ਸ਼ਰਾਬ ਆਦਿਕ ਮਾਰੂ ਨਸ਼ੇ ਸੇਵਨ ਕਰਕੇ, ਆਪਣੀ ਧੰਨ ਦੌਲਤ ਅਤੇ ਇਜ਼ਤ ਆਬਰੂ ਵੀ ਮਿੱਟੀ ਵਿੱਚ ਰੋਲਦੇ ਹੋਏ, ਸਿੱਖੀ ਤੋਂ ਬੇਮੁੱਖ ਹੋ ਜਾਂਦੇ ਹਨ। ਜੋ ਨਸ਼ੇ ਵਿੱਚ ਧੁੱਤ, ਲੜਾਈਆਂ-ਝਗੜੇ ਅਤੇ ਮਾਰ-ਕੁਟਾਈਆਂ ਕਰਕੇ ਮੁਕੱਦਮੇ ਬਾਜ਼ੀਆਂ ਦਾ ਕਾਰਣ ਵੀ ਬਣਦੇ ਹਨ। ਕਈ ਵਾਰੀ ਤਿਉਹਾਰਾਂ ਤੇ ਅਪਣੀਆਂ ਪੁਰਾਣੀਆਂ ਦੁਸ਼ਮਣੀਆਂ ਵੀ ਕੱਢੀਆਂ ਜਾਂਦੀਆਂ ਹਨ ਅਤੇ ਅਨੇਕਾਂ ਨੂੰ ਲੰਮਾ ਸਮਾਂ ਜੇਲ੍ਹਾਂ, ਵਕੀਲਾਂ ਆਦਿਕ ਦੇ ਚੱਕਰ ਵੀ ਕੱਟਣੇ ਪੈਂਦੇ ਹਨ।

ਗੁਰਸਿੱਖਾਂ ਨੂੰ ਅਜਿਹੇ ਮੌਸਮੀ ਤਿਉਹਾਰਾਂ ਜਿਨ੍ਹਾਂ ਨੂੰ ਧਰਮ ਨਾਲ ਜੋੜ ਲਿਆ ਗਿਆ ਹੈ, ਦੇ ਕਰਮਕਾਂਡ-ਪਾਖੰਡ ਛੱਡ ਕੇ ਗੁਰਦੁਆਰਿਆਂ, ਸਕੂਲਾਂ-ਕਾਲਜਾਂ, ਲਾਇਬ੍ਰੇਰੀਆਂ, ਸਮਾਗਮਾਂ ਆਦਿਕ ਥਾਵਾਂ ਤੇ ਜਾ ਕੇ ਗੁਰਬਾਣੀ ਦੀ ਵਿਚਾਰ ਹੀ ਕਰਨੀ ਚਾਹੀਦੀ ਹੈ। ਜੋ ਸਾਨੂੰ ਇਨ੍ਹਾਂ ਵਿਖਾਵੇ ਵਾਲੇ ਥੋਥੇ ਕਰਮਕਾਂਡਾਂ ਅਤੇ ਹੂੜਮੱਤਾਂ ਤੋਂ ਬਚਾ ਸਕਦੀ ਹੈ। ਅੱਜ ਅਸੀਂ ਆਪਣਾ ਨਿਆਰਾਪਨ, ਵੱਖਰੀ ਹੋਂਦ ਦੇਖਾ-ਦੇਖੀ ਦੇ ਥੋਥੇ ਕਰਮਕਾਂਡਾਂ ਵਿੱਚ ਰਲ-ਗਡ ਹੋ ਕੇ ਮਿਟਾਈ ਜਾ ਰਹੇ ਹਾਂ। ਅਜਿਹੀਆਂ ਕਰਮਕਾਂਡੀ ਮਨੌਤਾਂ ਅਤੇ ਤਿਉਹਾਰਾਂ ਦਾ ਹੀ ਅਸਰ ਹੈ ਕਿ ਅਗਿਆਨੀ ਸਿੱਖ ਅੱਜ ਗੁਰਦੁਆਰਿਆਂ ਵਿਖੇ ਮਸਿਆ, ਪੁੰਨਿਆਂ, ਪੰਚਕਾਂ, ਸੰਗ੍ਰਾਂਦਾਂ, ਲੋਹੜੀਆਂ ਅਤੇ ਹੋਲੀਆਂ ਮਨਾ ਕੇ ਗੁਰਮਤਿ ਸਿਧਾਂਤਾਂ ਅਤੇ ਸਿੱਖ ਕੌਮ ਦੀ ਨਿਆਰੀ ਹੋਂਦ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਦਾ ਭਗਵਾਕਰਨ ਕਰੀ ਕਰਾਈ ਜਾ ਰਹੇ ਹਨ। ਨਾਮਵਰ ਪੰਥਕ ਸੰਸਥਾਵਾਂ ਅਤੇ ਸਿੱਖ ਜਥੇਬੰਦੀਆਂ ਦਾ ਫ਼ਰਜ਼ ਬਣਦਾ ਹੈ ਕਿ ਅਜੇਹੇ ਅੰਧਵਿਸ਼ਵਾਸ਼ੀ, ਹੰਕਾਰੀ ਅਤੇ ਪਦਵੀਆਂ ਦੇ ਲਾਲਚੀ ਸਿੱਖਾਂ ਨੂੰ ਇਨ੍ਹਾਂ ਕੋਝੀਆਂ ਚਾਲਾਂ ਅਤੇ ਹੂੜਮੱਤਾਂ ਵਿੱਚੋਂ ਕੱਢਣ ਲਈ ਨਿਧੜਕ ਹੋ ਕੇ ਅੱਗੇ ਆਉਣ ਅਤੇ ਕੋਈ ਯੋਗ ਅਤੇ ਠੋਸ ਉਪਰਾਲਾ ਕਰਨ।

ਇਸ ਸਭ ਕੁੱਝ ਲਈ ਪੰਥ ਦੇ ਸਿਰਕੱਢ ਵਿਦਵਾਨ ਆਗੂਆਂ ਨੂੰ ਛੋਟੇ-ਮੋਟੇ ਮਤ-ਭੇਦ ਭੁਲਾ, ਹਉਮੈ-ਹੰਕਾਰ ਅਤੇ ਲੀਡਰੀ ਦੀ ਹੋੜ ਨੂੰ ਛੱਡ ਕੇ ਇੱਕ ਪਲੇਟ ਫਾਰਮ ਤੇ ਇਕੱਠੇ ਹੋ ਕੇ ਸਿੱਖ ਕੌਮ ਦੀ ਅਗਵਾਈ ਕਰਨੀ ਚਾਹੀਦੀ ਹੈ। ਕੋਈ ਕੌਮੀ ਜਥੇਬੰਦੀ ਜੋ ਕੇਵਲ ਤੇ ਕੇਵਲ “ਗੁਰੂ ਗ੍ਰੰਥ ਸਾਹਿਬ ਜੀ” ਦੀ ਰਹਿਨੁਮਾਈ ਵਿੱਚ ਚੱਲਣਵਾਲੀ ਹੋਵੇ ਅਤੇ ਕਿਸੇ ਸੇਵਾ-ਭਾਵਨਾ ਨਿਮਰਤਾ ਦੇ ਪੁੰਜ, ਸੂਰਬੀਰ, ਬਚਨ ਦੇ ਬਲੀ ਪੜ੍ਹੇ ਲਿਖੇ ਗੁਰਮੁਖ ਵਿਦਵਾਨ ਨੂੰ ਕੌਮੀ ਆਗੂ ਮੰਨ ਕੇ, ਇੱਕ ਕਾਫਲੇ ਦੇ ਰੂਪ ਵਿੱਚ ਸਦਾ ਸਰਗਰਮ ਹੋ ਚਲਦੀ ਰਹੇ। ਜੇ ਕਿਤੇ ਅਜਿਹਾ ਹੋ ਗਿਆ ਤਾਂ ਸਿੱਖ ਕੌਮ ਬ੍ਰਾਹਮਣੀ ਕਰਮਕਾਂਡਾਂ ਅਤੇ ਡੇਰੇਦਾਰਾਂ ਦੀ “ਗੋਹ ਵਾਂਗ ਚਿੰਬੜੀ” ਗੁਲਾਮੀ ਨੂੰ ਗਲੋਂ ਲਾਹ ਸੁੱਟੇਗੀ ਅਤੇ ਅਜ਼ਾਦ ਹੋ ਕੇ “ਨਾਨਕ ਰਾਜ ਚਲਾਇਆ” ਵਾਲੇ ਰਾਜ-ਭਾਗ ਵੱਲ ਵਧੇਗੀ, ਸੰਸਾਰ ਵਿੱਚ ਸਿਰ ਉੱਚਾ ਕਰਕੇ ਵਿਚਰੇਗੀ। ਹੁਣ ਬਹੁਤ ਸਾਰੀਆਂ ਜਥੇਬੰਦੀਆਂ ਨੇ ਅਸਲੀ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦੇ ਕੇ ਸਿੱਖੀ ਦੇ ਕੀਤੇ ਜਾ ਰਹੇ ਭਗਵਾਕਰਨ ਨੂੰ ਰੱਦ ਕਰ ਦਿੱਤਾ ਹੈ। ਅੱਜ ਗੁਰਦੁਆਰਿਆਂ, ਗੁਰਧਾਮਾਂ-ਤਖਤਾਂ ਆਦਿਕ ਚੋਂ ਸਿੱਖੀ ਸਰੂਪ ਵਿੱਚ ਵੱਡੇ-ਵੱਡੇ ਔਹਦਿਆਂ ਤੇ ਬਿਰਾਜਮਾਨ ਕੇਸਾਧਾਰੀ, ਕਰਮਕਾਂਡੀ ਡੇਰਿਆਂ ਨਾਲ ਸਬੰਧਤ ਭੇਖੀਆਂ ਨੂੰ ਗੁਰਮਤਿ ਦੀ ਐਨਕ ਨਾਲ ਪਛਾਣ ਕੇ ਉਨ੍ਹਾਂ ਤੋਂ ਧਰਮ ਅਸਥਾਂਨ ਅਜ਼ਾਦ ਕਰਾਏ ਜਾਣ ਅਤੇ ਕੌਮੀ ਸਹਿਮਤੀ ਨਾਲ ਗੁਰਮੁਖ ਜਨਾਂ ਨੂੰ ਗੁਰਧਾਮਾਂ ਦੀ ਸੇਵਾ ਸੌਂਪੀ ਜਾਵੇ, ਤਾਂ ਹੀ ਅਜਿਹੇ ਅਖੌਤੀ, ਅੰਧ ਵਿਸ਼ਵਾਸ਼ੀ ਅਨਮਤੀ ਤਿਉਹਾਰਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਅੱਜ ਸਿੱਖ ਕੌਮ ਦੀ ਖੁਆਰੀ ਦੋ ਬੇੜੀਆਂ ਵਿੱਚ ਸਵਾਰੀ❁

ਅੱਜ ਸਿੱਖ ਕੌਮ ਦੀ ਖੁਆਰੀ ਦੋ ਬੇੜੀਆਂ ਵਿੱਚ ਸਵਾਰੀ❁
ਅਵਤਾਰ ਸਿੰਘ ਮਿਸ਼ਨਰੀ (5104325827)

ਸਿੱਖ ਕੌਮ ਇੱਕ ਨਿਰੰਕਾਰ ਵਿੱਚ ਵਿਸ਼ਵਾਸ਼ ਰੱਖਣ ਵਾਲੀ ਕੌਮ ਹੈ। ਇਸ ਕੌਮ ਦੇ ਬਾਨੀ ਵੀ ਨਾਨਕ ਨਿਰੰਕਾਰੀ ਹਨ ਜਿਨ੍ਹਾਂ ਨੇ ਨਿਰੰਕਾਰ (ਨਿਰ-ਅਕਾਰ) ਕਰਤਾਰ ਨੂੰ ਹੀ ਅਰਾਧਿਆ ਅਤੇ ਸਮੁੱਚੇ ਜਗਤ ਨੂੰ ਉਸੇ ਨੂੰ ਅਰਾਧਨ ਦਾ ਹੀ ਉਪਦੇਸ਼ ਦਿੰਦੇ ਹੋਏ ਫੁਰਮਾਇਆ ਕਿ-ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ (470) ਪੰਜਾਬੀ ਦੀ ਆਮ ਕਹਾਵਤ ਹੈ ਕਿ “ਦੋ ਬੇੜੀਆਂ ਦਾ ਸਵਾਰ ਕਦੇ ਪਾਰ ਨਹੀਂ ਲੰਘਦਾ ਸਗੋਂ ਡੁਬਦਾ ਹੈ”। ਅੱਜ ਥੋੜਿਆਂ ਨੂੰ ਛੱਡ ਬਹੁਤੀ ਸਿੱਖ ਕੌਮ ਇੱਕ ਨਿਰੰਕਾਰ ਦਾ ਅਰਾਧਣ ਕਰਨ ਦੀ ਬਜਾਏ, ਗੁਰੂਆਂ, ਭਗਤਾਂ ਅਤੇ ਸੰਤ ਬਾਬਿਆਂ ਦੀਆਂ ਵੱਡ ਅਕਾਰੀ ਆਪੂੰ ਬਣਾਈਆਂ ਤਸਵੀਰਾਂ ਦਾ ਹੀ ਅਰਾਧਣ ਕਰੀ ਜਾ ਰਹੀ ਹੈ। ਬਾਬੇ ਨਾਨਕ ਨੇ ਤਾਂ ਇੱਕ ਨਿਰੰਕਾਰ ਦੀ ਉਪਾਸ਼ਨਾਂ ਦਾ ਉਪਦੇਸ਼ ਦਿੱਤਾ ਸੀ ਨਾਂ ਕਿ ਕਿਸੇ ਅਕਾਰ ਵਾਲੇ ਗੁਰੂ, ਭਗਤ ਜਾਂ ਸੰਤ ਬਾਬੇ ਜਾਂ ਉਸ ਦੀ ਤਸਵੀਰ ਨੂੰ ਮੱਥੇ ਟੇਕਣ ਦਾ। ਜਦ ਸਿੱਖ ਅਰਦਾਸ ਕਰਦਾ ਹੈ ਤਾਂ ਉਸ ਨੇ ਇੱਕ ਨਿਰੰਕਾਰ-ਕਰਤਾਰ ਸਨਮੁਖ ਹੀ ਕਰਨੀ ਹੈ ਪਰ ਅਜੋਕਾ ਅਗਿਆਨੀ ਅਤੇ ਮਾਇਆਧਾਰੀ ਸਿੱਖ ਭਾਂਤ-ਸੁਭਾਂਤੇ ਬਾਬਿਆਂ, ਧੰਨ ਧੰਨ ਬਾਬਾ ਫਲਾਨਾਂ ਜੀ ਮਹਾਂਰਾਜ ਦੇ ਵੱਖ-ਵੱਖ ਨਾਂ ਲੈ ਕੇ ਕਰ ਰਿਹਾ ਹੈ। ਜਦ ਕਿ ਅਰਦਾਸ ਕੇਵਲ ਕਰਤਾਰ ਅੱਗੇ ਹੀ ਕਰਨੀ ਚਾਹੀਦੀ ਹੈ ਅਤੇ ਇੱਕ ਦੋ ਗੁਰੂਆਂ ਭਗਤਾਂ (ਜਿਵੇਂ ਬਾਬਾ ਨਾਨਕ, ਗੁਰੂ ਗੋਬਿੰਦ ਸਿੰਘ ਅਤੇ ਭਗਤ ਰਵਿਦਾਸ ਜੀ) ਦਾ ਹੀ ਕੇਵਲ ਨਾਂ ਲੈਣ ਦੀ ਬਜਾਏ ਸੱਚੇ ਮਾਰਗ ਤੇ ਚੱਲਣ ਵਾਲੇ ਸਮਸਤ ਗੁਰੂਆਂ-ਭਗਤਾਂ ਦਾ ਸਾਂਝਾ ਨਾਂ (ਗੁਰੂਆਂ ਅਤੇ ਭਗਤਾਂ) ਲੈਣਾ ਚਾਹੀਦਾ ਹੈ ਕਿਉਂਕਿ ਸੱਚ ਮਾਰਗੀ ਗੁਰੂਆਂ-ਭਗਤਾਂ ਦੀ ਜੋਤ ਇੱਕ ਹੈ।

ਅਜੋਕਾ ਅਗਿਆਨੀ ਸਿੱਖ ਪੂਜਾ ਅਕਾਲ ਕੀਦੇ ਸਿਧਾਂਤ ਨੂੰ ਛੱਡ ਕੇ ਪੂਜਾ ਫੋਟੋਆਂ ਦੀ ਕਰ ਰਿਹਾ ਹੈ। ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ (646) ਨੂੰ ਵਿਸਾਰ ਕੇ ਅਨੇਕਾਂ ਬਾਣੀਆਂ ਮੰਨੀ ਫਿਰਦਾ ਹੈ। ਗੁਰਬਾਣੀ ਸ਼ਬਦ ਦੇ ਇੱਕ ਅਰਥ ਕਰਨ ਦੀ ਬਜਾਏ, ਵਾਲ ਦੀ ਖੱਲ ਉਧੇੜਦਾ ਹੋਇਆ, ਵਿਦਵਤਾ ਦਿਖਾਉਣ ਦੀ ਖਾਤਰ, ਇੱਕ ਸ਼ਬਦ ਦੇ ਕਈ-ਕਈ ਅਰਥ ਕਰੀ ਜਾ ਰਿਹਾ ਹੈ। ਇੱਕ ਗੁਰੂ ਗ੍ਰੰਥ ਨੂੰ ਛੱਡ ਕੇ, ਹੋਰ ਆਪਾ ਵਿਰੋਧੀ ਗ੍ਰੰਥਾਂ ਦੇ ਵੀ ਮਗਰ ਲੱਗ ਕੇ, ਥਾਂ-ਥਾਂ ਤੇ ਸੀਸ ਝੁਕਾ ਰਿਹਾ ਹੈ। ਇੱਕ ਗੁਰੂ ਪੰਥ ਨੂੰ ਛੱਡ ਕੇ ਅਨੇਕਾਂ ਟਕਸਾਲੀ ਅਤੇ ਸੰਪ੍ਰਦਾਈ ਪੰਥਾਂ ਵਿੱਚ ਵੰਡਿਆ ਪਿਆ ਹੈ। ਇਹ ਭੁੱਲ ਹੀ ਗਿਆ ਹੈ ਕਿ ਗੁਰੂ ਨੇ ਸਿੱਖ-ਪੰਥ (ਖਾਲਸਾ-ਪੰਥ) ਚਲਾਇਆ ਤੇ ਸਾਜਿਆ ਸੀ ਨਾਂ ਕਿ ਅਨੇਕ ਭਾਂਤੀ ਡੇਰੇ ਅਤੇ ਟਕਸਾਲਾਂ। ਗੁਰੂ ਨੇ ਸਿੱਖਾਂ ਨੂੰ ਇੱਕੋ ਰਹਿਤ ਮਰਯਾਦਾ ਦਿੱਤੀ ਸੀ, ਅੱਜ ਜਿੰਨੀਆਂ ਟਕਸਾਲਾਂ, ਜਿੰਨੇ ਡੇਰੇ, ਅਤੇ ਜਿੰਨੇ ਸੰਤ ਸਭ ਨੇ ਆਪਣੀ ਵੱਖਰੀ-ਵੱਖਰੀ ਮਰਯਾਦਾ ਚਲਾਈ ਹੋਈ ਹੈ। ਅੱਜ ਬਹੁਤੇ ਸਿੱਖ ਦੋ ਬੇੜੀਆਂ ਵਿੱਚ ਸਵਾਰ ਹੁੰਦੇ ਜਾ ਰਹੇ ਹਨ। “ਪੰਥਕ ਰਹਿਤ ਮਰਯਾਦਾਨੂੰ ਛੱਡ ਕੇ, ਡੇਰਿਆਂ ਤੇ ਟਕਸਾਲਾਂ ਦੀ ਮਰਯਾਦਾ ਦੀ ਪਾਲਨਾ ਕਰ ਰਹੇ ਹਨ। ਟਾਹਰਾਂ ਅਕਾਲ ਤਖਤ ਦੇ ਨਾਂ ਦੀਆਂ ਮਾਰਦੇ ਹਨ ਪਰ ਅਕਾਲ ਤਖਤ ਦੀ ਮਰਯਾਦਾ ਗੁਰਦੁਆਰਿਆਂ ਚੋਂ ਖਤਮ ਕਰੀ ਜਾ ਰਹੇ ਹਨ। ਗੁਰੂ ਨੇ ਬਾਣੀ ਪੜ੍ਹਨ, ਵਿਚਾਰਨ ਅਤੇ ਧਾਰਨ ਲਈ ਰਚੀ ਸੀ ਪਰ ਅਜੋਕੇ ਬਹੁਤੇ ਸਿੱਖ, ਬ੍ਰਾਹਮਣਾਂ ਵਾਂਗ ਪੂਜਾ ਕਰਦੇ ਹੋਏ, ਮੰਤਰ ਜਾਪ ਹੀ ਕਰ ਰਹੇ ਹਨ। ਬਹੁਤੇ ਡੇਰਿਆਂ ਅਤੇ ਗੁਰਦੁਆਰਿਆਂ ਵਿੱਚ 5-5, 11-11, 21-21, 31-31 ਅਤੇ 51-51 ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਨੂੰ ਇਕੱਠਿਆਂ ਜੁੜਵੇਂ ਪ੍ਰਕਾਸ਼ ਕਰਕੇ, ਇੱਕੋ ਥਾਂ ਪਾਠਾਂ ਦੀਆਂ ਲੜੀਆਂ ਚਲਾ ਕੇ, ਪੈਸੇ ਕਮਾ ਰਹੇ ਹਨ। ਗੁਰੂ ਦਾ ਤਾਂ ਹੁਕਮ ਬਾਣੀ ਪੜ੍ਹਨ, ਵਿਚਾਰਨ ਅਤੇ ਧਾਰਨ ਦਾ ਸੀ ਨਾਂ ਕਿ ਤੋਤਾ ਰਟਨੀ ਭਾੜੇ ਦੇ ਪਾਠ ਕਰਾਈ ਜਾਣ ਦਾ, ਕੀ ਕਦੇ ਈਸਾਈ ਪਵਿਤਰ ਬਾਈਬਲ ਦੇ ਤੋਤਾ ਰਟਨੀ ਪਾਠ ਕਰਦੇ ਹਨ?


ਇਹ ਦੋ ਬੇੜੀਆਂ ਵਿੱਚ ਪੈਰ ਨਹੀਂ ਤਾਂ ਹੋਰ ਕੀ ਹੈ? ਸਿੱਖ ਨੇ ਕਿਸ ਦਾ ਹੁਕਮ ਮੰਨਣਾ ਹੈ? ਸਦਾ ਇਹ ਯਾਦ ਰੱਖੋ ਕਿ ਹੁਕਮ ਗੁਰੂ ਦਾ ਮੰਨਣਾ ਹੈ ਨਾਂ ਕਿ ਕਿਸੇ ਟਕਸਾਲੀ ਸੰਤ ਜਾਂ ਡੇਰੇਦਾਰ ਦਾ। ਗੁਰੂ ਜੀ ਹਿੰਦੂ ਦੇਵੀ-ਦੇਵਤਿਆਂ ਵਾਲੀ ਸਮੱਗਰੀ ਦਾ ਖੰਡਨ ਕਰਦੇ ਹਨ ਪਰ ਸਾਡੇ ਅਜੋਕੇ ਗ੍ਰੰਥੀ ਅਤੇ ਪ੍ਰਬੰਧਕ ਜੋ ਬਹੁਤੇ ਸੰਤ-ਮੱਤ ਦੇ ਧਾਰਨੀ ਹਨ, ਇਹ ਸਾਰੀ ਸਮੱਗਰੀ ਗੁਰੂ ਗ੍ਰੰਥ ਨਾਲ ਰੱਖੀ ਜਾ ਰਹੇ ਹਨ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਨਿਰੰਕਾਰੀ ਨੇ ਫਜੂਲ ਦੀਆਂ ਆਰਤੀਆਂ, ਜੋਤਾਂ ਦਾ ਜਗਨਨਾਥ ਪੁਰੀ ਵਿਖੇ ਵਿਰੋਧ ਕੀਤਾ ਸੀ ਪਰ ਅਜੋਕੇ ਡੇਰਦਾਰ ਸਿੱਖ ਆਰਤੀਆਂ ਤੇ ਜੋਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬਾਲ ਕੇ ਥਾਲੀਆਂ ਘੁਮਾ ਰਹੇ ਹਨ। ਗੁਰੂ ਨੇ ਬ੍ਰਾਹਮਣੀ ਥਿੱਤਾਂ ਵਾਰਾਂ ਦਾ ਖੰਡਨ ਕੀਤਾ ਹੈ ਪਰ ਅਜੋਕੇ ਸ਼ਕਲੀ-ਸਿੱਖ ਸੰਗ੍ਰਾਂਦ, ਮਸਿਆ, ਪੰਚਕਾਂ ਅਤੇ ਪੂਰਨਮਾਸ਼ੀਆਂ ਹੀ ਗੁਰੂ ਘਰਾਂ ਵਿੱਚ ਮਨਾਈ ਜਾ ਰਹੇ ਹਨ। ਯਾਦ ਰੱਖੋ! ਇਹ ਸਭ ਕੁਛ ਸਿੱਖੀ ਸਰੂਪ ਵਾਲੇ ਸਨਾਤਨੀ ਮਹੰਤਾਂ ਨੇ ਗੁਰੂ ਘਰਾਂ ਵਿੱਚ ਵਾੜਿਆ ਸੀ। ਸਿੱਖਾਂ ਨੇ ਕਰਮਕਾਂਡੀ ਅਤੇ ਦੁਰਾਚਾਰੀ ਮਹੰਤ ਤਾਂ ਗੁਰਦੁਆਰਿਆਂ ਚੋਂ ਕੱਢ ਦਿੱਤੇ ਪਰ ਉਨ੍ਹਾਂ ਦੀਆਂ ਚਲਾਈਆਂ ਰੀਤਾਂ ਨਹੀਂ ਕੱਢੀਆਂ। ਗੁਰੂ ਨਾਨਕ ਨੇ ਤਾਂ ਕਿਹਾ ਸੀ-ਜਾਲਉ ਐਸੀ ਰੀਤਿ (590) ਪਰ ਸਾਡੀ ਤਾਂ ਪੈ ਗਈ ਹੈ ਇਨ੍ਹਾਂ ਨਾਲ ਪਰੀਤ।

ਗੁਰੂ ਨੇ ਮਰਦ ਤੇ ਔਰਤ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਸਨ ਪਰ ਅਜੋਕੇ ਸਿੱਖਾਂ ਨੇ ਸਾਧਾਂ ਦੇ ਮਗਰ ਲੱਗ ਕੇ ਔਰਤਾਂ ਤੋਂ ਇਹ ਅਧਿਕਾਰ ਖੋਹੇ ਹਨ। ਗੁਰੂਆਂ ਨੇ ਸਭ ਵਿੱਚ ਰੱਬੀ ਜੋਤ ਦਰਸਾਈ ਸੀ ਫਿਰ ਜਾਤਾਂ-ਪਾਤਾਂ ਕਿਵੇਂ ਉੱਚੀਆਂ-ਨੀਵੀਆਂ ਹੋ ਗਈਆਂ?

ਗੱਲ ਕੀ ਹਰੇਕ ਪਾਸੇ ਦੋਗਲਾਪਨ ਭਾਵ ਦੋ ਬੇੜੀਆਂ ਵਿੱਚ ਪੈਰ। ਇੱਕ ਦੀ ਥਾਂ ਅਨੇਕ ਦੀ ਪੂਜਾ, ਇੱਕ ਗੁਰੂ ਗ੍ਰੰਥ ਸਾਹਿਬ ਦੇ ਨਾਲ ਦੂਸਰਾ ਅਖੌਤੀ ਦਸਮ ਗ੍ਰੰਥ, ਇੱਕ ਸਿੱਖ ਰਹਿਤ ਮਰਯਾਦਾ ਨਾਲ ਦੂਜੀ ਅਖੌਤੀ ਸੰਤਾਂ ਦੀ ਮਰਯਾਦਾ, ਇੱਕ ਨਾਨਕਸ਼ਾਹੀ ਕੈਲੰਡਰ ਨਾਲ ਦੂਜਾ ਬਿਕ੍ਰਮੀ-ਨਾਨਕਸ਼ਾਹੀ (ਧੁਮੱਕੜ) ਕੈਲੰਡਰ, ਇੱਕ ਗੁਰੂ ਗ੍ਰੰਥ ਸਾਹਿਬ ਦੇ ਪਾਠ ਨਾਲ ਦੂਜੀ ਜਪੁਜੀ ਦੀ ਪੋਥੀ, ਇੱਕ ਪਾਸੇ ਅਖੰਡ ਪਾਠ ਦੂਜੇ ਪਾਸੇ ਸੰਪਟ ਅਤੇ ਸਪਤਾਹਕ ਪਾਠ। ਸਿੱਖ ਤਿਉਹਾਰਾਂ ਦੇ ਨਾਲ ਬ੍ਰਾਹਮਣੀ ਤਿਉਹਾਰ। ਰਾਗਮਾਲਾ ਪੜ੍ਹੋ ਜਾਂ ਨਾਂ ਪੜ੍ਹੋ ਦਾ ਦੋਗਲਾਪਨ, ਰਹਿਰਾਸ ਵਿੱਚ ਫਰਕ ਵੱਡੀ ਕਿ ਛੋਟੀ, ਬ੍ਰਾਹਮਣਾਂ ਨੂੰ ਘਰਾਂ ਵਿੱਚ ਭੋਜਨ ਖਵਾਉਣ ਅਤੇ ਦੱਸ਼ਣਾ ਦੇਣ ਵਾਂਗ, ਪੰਜ ਗ੍ਰੰਥੀਆਂ ਨੂੰ ਬੁਲਾ ਕੇ, ਭੋਜਨ ਅਤੇ ਦੱਸ਼ਣਾ। ਇੱਕ ਖਾਲਸਾ ਪੰਥ ਦੀ ਥਾਂ, ਅਨੇਕ ਡੇਰੇ ਅਤੇ ਸੰਪ੍ਰਦਾਵਾਂ ਆਦਿ ਨੂੰ ਮਾਨਤਾ, ਅਜਿਹਆਂ ਦੋ ਬੇੜੀਆਂ ਵਿੱਚ ਸਵਾਰ ਹੋਣਾ ਹੀ ਸਿੱਖਾਂ ਦੀ ਖੁਆਰੀ ਦਾ ਮੁੱਖ ਕਾਰਨ ਹੈ। ਯਾਦ ਰੱਖੋ! ਦੋ ਬੇੜੀਆਂ ਦਾ ਸਵਾਰ ਕਦੇ ਵੀ ਪਾਰ ਨਹੀਂ ਲੰਘਦਾ ਸਗੋਂ ਰਸਤੇ ਵਿੱਚ ਹੀ ਡੱਕੇ-ਡੋਲੇ ਖਾਂਦਾ ਹੋਇਆ ਡੁੱਬ ਜਾਂਦਾ ਹੈ। ਅੱਜ ਸਿੱਖ ਕੌਮ ਨੂੰ ਦੋਗਲਾਪਨ ਭਾਵ ਦੋ ਬੇੜੀਆਂ ਦੀ ਸਵਾਰੀ ਅਤੇ ਹਰੇਕ ਪੱਖ ਤੇ ਦੋ ਮੂੰਹੀਆਂ ਚਾਲਾਂ ਛੱਡਣੀਆਂ ਪੈਣਗੀਆਂ। ਧੜੇਬੰਧੀਆਂ ਤੋਂ ਉੱਪਰ ਉੱਠ ਕੇ, ਇੱਕ ਗੁਰੂ ਪੰਥ ਦੇ ਮੈਂਬਰ ਬਣਨਾਂ ਅਤੇ ਅਖੌਤੀ ਸੰਤ-ਡੇਰੇ ਛੱਡਣੇ ਪੈਣਗੇ। ਬਸ
“ਗੁਰੂ ਗੁਰੂ ਅਤੇ ਸਿੱਖ ਸਿੱਖ ਹੀ ਹੈ” ਦੇ ਸਿਧਾਂਤ ਨੂੰ ਅਪਨਾਉਣਾ ਅਤੇ ਨਫਰਤਾਂ-ਤੰਗਦਿਲੀਆਂ ਛੱਡਣੀਆਂ ਪੈਣਗੀਆਂ। ਗੁਰਸਿਖਾਂ ਇਕੋ ਪਿਆਰੁ ਗੁਰ ਮਿਤਾਂ ਪੁਤਾਂ ਭਾਈਆਂ (648) ਦੇ ਸਿਧਾਂਤ ਤੇ ਪਹਿਰਾ ਦੇਣਾ, ਤਨੋਂ ਮਨੋਂ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਸੁਪਰੀਮ ਮੰਨਣਾ ਪਵੇਗਾ ਵਰਨਾ ਦੋ ਬੇੜੀਆਂ ਵਿੱਚ ਸਵਾਰ ਰਹਿਣ ਨਾਲ, ਕੌਮ ਦੇ ਗਲ ਹੋਰ ਖੁਆਰੀਆਂ ਹੀ ਪੈਣਗੀਆਂ। ਪੰਜਾਬੀ ਦੀ ਕਹਾਵਤ ਹੈ “ਸੌ ਦਾਰੂ ਤੇ ਇੱਕ ਘਿਉ, ਸੌ ਚਾਚਾ ਤੇ ਇੱਕ ਪਿਉ” ਚਾਚੇ, ਚਾਚੇ ਹੀ ਹਨ ਸੌ ਚਾਚੇ ਮਿਲ ਕੇ ਵੀ ਇੱਕ ਪਿਉ ਨਹੀਂ ਬਣ ਸਕਦੇ। ਇਵੇਂ ਹੀ ਸੌ ਸਾਧ ਮਿਲ ਕੇ ਵੀ ਗੁਰੂ ਨਹੀਂ ਹੋ ਸਕਦੇ, ਫਿਰ ਅੱਜ ਅਸੀਂ ਇੱਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਸੌ ਸਾਧਾਂ ਦੇ ਡੇਰਿਆਂ ਤੇ ਜਾ ਕੇ ਤਨ, ਮਨ ਅਤੇ ਧਨ ਕਿਉਂ ਬਰਬਾਦ ਕਰ ਰਹੇ ਹਾਂ? ਵਾਸਤਾ ਰੱਬ ਦਾ! ਸਿੱਖੋ ਦੋ ਬੇੜੀਆਂ (ਇੱਕ ਪਾਸੇ ਸੱਚਾ ਸ਼ਬਦ ਗੁਰੂ ਗ੍ਰ੍ਰੰਥ ਸਾਹਿਬ ਦੂਜੇ ਪਾਸੇ ਅਖੌਤੀ ਸਾਧ ਅਤੇ ਦਸਮ ਗ੍ਰੰਥ) ਵਿੱਚ ਸਵਾਰ ਹੋਣਾ ਛੱਡ ਕੇ ਸ਼ਬਦ ਗੁਰੂ “ਗੁਰੂ ਗ੍ਰੰਥ ਸਾਹਿਬ” ਦੇ ਬੇੜੇ ਵਿੱਚ ਸਵਾਰ ਹੋ ਜਾਵੋ ਤਾਂ ਥੋਥੇ ਕਰਮਕਾਂਡਾਂ ਦੇ ਅਗਿਆਨਤਾ ਭਰੇ ਸਾਗਰ ਵਿੱਚ ਡੁੱਬਣ ਤੋਂ ਬਚ ਜਾਓਗੇ। ਆਓ ਇੱਕ ਗੁਰੂ ਗ੍ਰੰਥ ਦੇ ਮਹਾਂਨ ਬੇੜੇ ਵਿੱਚ ਸਵਾਰ ਹੋ ਕੇ, ਅਖੌਤੀ ਪੁਜਾਰੀਆਂ ਅਤੇ ਸਾਧਾਂ ਦੇ ਪਾਏ ਭੰਬਲਭੂਸਿਆਂ ਦੇ ਸਾਗਰ ਤੋਂ ਪਾਰ ਹੋ ਜਾਈਏ। ਪੰਥ ਦੇ ਮਹਾਂਨ ਦਾਰਸ਼ਨਿਕ ਵਿਦਵਾਨ ਕਵੀ ਭਾਈ ਨੰਦ ਲਾਲ ਸਿੰਘ ਜੀ ਵੀ ਦਰਸਾਉਂਦੇ ਹਨ ਕਿ “ਆਗੇ ਸਮਝ ਚਲੋ ਨੰਦ ਲਾਲਾ ਪਾਛੇ ਜੋ ਬੀਤੀ ਸੋ ਬੀਤੀ” ਸਮਝ ਕੇ ਚੱਲਣ ਵਿੱਚ ਹੀ ਕੌਮ ਦਾ ਭਲਾ ਵਰਨਾ ਖਵਾਰੀ ਹੀ ਹੈ।

ਇਨਸਾਨ ਅਤੇ ਹੈਵਾਨ ਵੱਖੋ ਵੱਖ ਹੈ ਪਛਾਨ

ਇਨਸਾਨ ਅਤੇ ਹੈਵਾਨ ਵੱਖੋ ਵੱਖ ਹੈ ਪਛਾਨ

ਅਵਤਾਰ ਸਿੰਘ ਮਿਸ਼ਨਰੀ 5104325827

ਇਨਸਾਨ ਅਰਬੀ ਦਾ ਲਫਜ਼ ਹੈ, ਜਿਸ ਦਾ ਮਤਲਵ ਹੈ ਆਦਮੀ ਜਾਂ ਮਨੁੱਖ ਅਤੇ ਹੈਵਾਨ ਦਾ ਅਰਥ ਹੈ ਪਸ਼ੂ। ਇਨਸਾਨ ਅਤੇ ਹੈਵਾਨ ਸਾਰੀ ਕਾਇਨਾਤ ਪ੍ਰਮਾਤਮਾਂ ਦੀ ਰਚਨਾ ਹੈ। ਇਸ ਕਾਇਨਾਤ ਵਿੱਚ ਬਹੁਤ ਕੁਛ ਹੈ, ਅਨੇਕਾਂ ਪ੍ਰਕਾਰ ਦੇ ਜੀਵ ਜੰਤ ਹਨ। ਮੁੱਖ ਤੌਰ ਤੇ ਇਨਸਾਨ ਅਤੇ ਹੈਵਾਨ ਹੀ ਹਨ। ਇਸ ਬਾਰੇ ਜਾਨਣ ਦੀ ਕੋਸ਼ਿਸ਼ ਕਰਦੇ ਹਾਂ। ਇਨਸਾਨ ਕੋਲ ਵਿਕਸਤ ਦਿਮਾਗ ਹੈ, ਜਿਸ ਨੂੰ ਵਰਤ ਕੇ ਬਹੁਤ ਕੁੱਝ ਕਰ ਸਕਦਾ ਹੈ। ਪਸ਼ੂ ਮੋਟੇ ਦਿਮਾਗ ਦਾ ਹੋਣ ਕਰਕੇ ਬੁਰਾ ਭਲਾ ਨਹੀਂ ਸੋਚ ਸਕਦਾ ਪਰ ਕੁੱਝ ਗੁਣ ਦੋਹਾਂ ਦੇ ਬਰਾਬਰ ਹਨ, ਬੱਚੇ ਪੈਦਾ ਕਰਨਾ, ਖਾਣਾ, ਸੌਣਾ ਅਤੇ ਮਰਨਾ। ਕਾਦਰ ਨੇ ਕੁਦਰਤ ਵਿੱਚ ਹੈਵਾਨਾਂ ਤੋਂ ਇਨਸਾਨ ਬਣਾ ਦਿੱਤੇ ਜਾਂ ਇਉਂ ਕਹਿ ਲਉ ਕਿ ਹੈਵਾਨ ਤੋਂ ਵਿਕਸਤ ਹੋ ਇਨਸਾਨ ਬਣੇ। ਇਨਸਾਨ ਕੋਲ ਇਲਮ (ਵਿਦਿਆ) ਹੈ, ਇਸ ਲਈ ਉਹ ਪੜ੍ਹ, ਲਿਖ ਅਤੇ ਸੋਚ ਵਿਚਾਰ ਸਕਦਾ ਹੈ। ਹੈਵਾਨ ਕੋਲ ਇਹ ਇਲਮ ਨਹੀਂ ਪਰ ਪਾਲਤੂ ਹੈਵਾਨ ਸਿਖਾਇਆਂ ਕੁੱਝ ਨਾਂ ਕੁੱਝ ਇਸ਼ਾਰਿਆਂ ਨਾਲ ਸਿੱਖ ਜਾਂਦਾ ਹੈ।

ਇਨਸਾਨ ਪਹਿਲੇ ਜੰਗਲਾਂ ਵਿੱਚ ਰਹਿੰਦਾ ਸੀ, ਫਿਰ ਤਰੱਕੀ ਕਰਕੇ ਝੁੱਗੀਆਂ ਝੌਂਪੜੀਆਂ, ਕੱਚੇ ਕੋਠਿਆਂ ਅਤੇ ਪਿੰਡਾਂ ਵਿੱਚ ਰਹਿਣ ਲੱਗਾ। ਕਬੀਲੇ ਬਣਾ ਲੈ, ਫਿਰ ਪਿੰਡਾਂ ਤੋਂ ਸ਼ਹਿਰ ਵੱਲ ਵਧਿਆ, ਪੱਕੇ ਮਕਾਨ ਬਣ ਲਏ, ਸਭਾ ਸੁਸਾਇਟੀਆਂ ਪੈਦਾ ਹੋ ਗਈਆਂ। ਇਨਸਾਨ ਪਹਿਲੇ ਪੈਦਲ ਚਲਦਾ ਸੀ ਅਤੇ ਜੰਗਲੀ ਅਨਾਜ ਖਾਂਦਾ ਸੀ। ਹੌਲੀ ਹੌਲੀ ਇਸ ਨੇ ਕਾਦਰ ਦੀ ਕੁਦਰਤ ਵਿੱਚੋਂ ਕਈ ਸੁਖ ਸਹੂਲਤਾਂ ਖੋਜ ਲਈਆਂ। ਪੈਦਲ ਤੋਂ ਘੋੜਾ, ਖੋਤਾ, ਊਠ ਅਤੇ ਹਾਥੀ ਦੀ ਸਵਾਰੀ ਕਰਨ ਲੱਗਾ। ਬੈਲ ਗੱਡੀਆਂ ਅਤੇ ਤਾਂਗੇ ਪੈਦਾ ਕਰ ਲਏ। ਸਾਈਕਲ, ਮੋਟਰ ਸਾਈਕਲ, ਰੇਲ ਗੱਡੀਆਂ, ਬੱਸਾਂ, ਮੋਟਰ ਕਾਰਾਂ ਅਤੇ ਹਵਾਈ ਜਹਾਜ਼ ਪੈਦਾ ਕਰ ਲਏ। ਵੱਖ ਵੱਖ ਬੋਲ ਚਾਲ ਤੋਂ ਵੱਖ-ਵੱਖ ਭਾਸ਼ਾ ਪੈਦਾ ਕਰ ਲਈਆਂ, ਜਿਨ੍ਹਾਂ ਵਿੱਚ ਪੁਸਤਕਾਂ ਅਤੇ ਗ੍ਰੰਥ ਲਿਖੇ। ਵਿਦਿਆਲੇ ਮਦਰੱਸੇ ਬਣ ਗਏ, ਜਿੱਥੇ ਵਿਦਿਆ ਪੜ੍ਹਨ ਪੜ੍ਹਾਉਣ ਦਾ ਸਿਲਸਲਾ ਸ਼ੁਰੂ ਹੋ ਗਿਆ। ਦੂਰ ਦੁਰਾਡੇ ਸੁਨੇਹੇ ਲਈ ਚਿੱਠੀ ਪੱਤਰ ਸ਼ੁਰੂ ਹੋ ਗਏ। ਵਿਦਿਆਲਿਆਂ ਤੋਂ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਪੈਦਾ ਹੋ ਗਈਆਂ। ਰਸਾਲੇ ਅਤੇ ਅਖਬਾਰਾਂ ਸ਼ੁਰੂ ਹੋਈਆਂ, ਰੇਡੀਓ ਅਤੇ ਟੀ ਵੀ ਪੈਦਾ ਹੋ ਗਏ, ਸੁਨੇਹਿਆਂ ਅਤੇ ਚਿੱਠੀ ਪੱਤਰਾਂ ਦੀ ਥਾਂ ਫੋਨ, ਈਮੇਲਾਂ ਨੇ ਲੈ ਲਈ। ਅੱਜ ਇਨਸਾਨ ਸਾਰੇ ਸੰਸਾਰ ਵਿੱਚ ਘੁੰਮ ਫਿਰ ਸਕਦਾ ਹੈ। ਚੰਦ, ਮੰਗਲ ਅਤੇ ਕਈ ਹੋਰ ਧਰਤੀਆਂ ਤੇ ਵੀ ਜਾ ਚੁੱਕਾ ਹੈ।

ਗੁਰਬਾਣੀ ਦੇ ਮਹਾਂਵਾਕ-ਕਰਤੂਤਿ ਪਸੂ ਕੀ ਮਾਨਸ ਜਾਤਿ॥ (267) ਅਨੁਸਾਰ ਇਨਸਾਨ ਹੋ ਕੇ ਅਤੇ ਇਤਨੀ ਤਰੱਕੀ ਕਰਕੇ ਵੀ ਕਰਤੂਤਾਂ (ਕਾਰਵਾਈਆਂ) ਪਸ਼ੂਆਂ (ਹੈਵਾਨਾਂ) ਵਾਲੀਆਂ ਬਲਕਿ ਉਨ੍ਹਾਂ ਤੋਂ ਵੀ ਬਦਤਰ ਕਰ ਰਿਹਾ ਹੈ। ਜਿਵੇਂ ਪਸ਼ੂ ਬੇਗਾਨੀ ਖੁਰਲੀ ਵਿੱਚ ਮੂੰਹ ਮਾਰਦੇ ਹਨ, ਇਵੇਂ ਹੀ ਅਜੋਕਾ ਇਨਸਾਨ ਵੀ, ਦੂਜਿਆਂ ਦੇ ਹੱਕ ਖੋਹ ਕੇ ਖਾ ਰਿਹਾ ਹੈ। ਪਸ਼ੂ ਨੂੰ ਤਾਂ ਮਾਂ, ਧੀ ਅਤੇ ਭੈਣ ਦਾ ਗਿਆਨ ਨਹੀਂ ਪਰ ਇਨਸਾਨ ਗਿਆਨ ਹੁੰਦੇ ਹੋਏ ਵੀ ਪਰਾਈਆਂ ਧੀਆਂ ਭੈਣਾਂ ਨਾਲ ਦੁਰ ਵਿਹਾਰ ਕਰ ਰਿਹਾ ਹੈ। ਪਸ਼ੂਆਂ ਦਾ ਤਾਂ ਕਾਮ ਤੇ ਕੰਟਰੋਲ ਹੈ, ਬਿਨਾ ਮੌਸਮ ਉਹ ਕਾਮਕ੍ਰੀੜਾ ਨਹੀਂ ਕਰਦੇ ਪਰ ਇਨਸਾਨ ਇਹ ਕੰਟਰੋਲ ਗਵਾ ਰਿਹਾ ਹੈ। ਪਸ਼ੂ ਭੁੱਖ ਲੱਗਣ ਤੇ ਹੀ ਖਾਂਦਾ ਹੈ ਪਰ ਇਹ ਹਰ ਵੇਲੇ ਮੂੰਹ ਦੇ ਸਵਾਦ ਲਈ ਪੇਟ ਦੀ ਤੁੰਨ-ਮਤੁੰਨ ਕਰ ਰਿਹਾ ਹੈ। ਵਿਦਿਆ ਦਾ ਦੀਵਾ ਲੈ ਹਨੇਰੇ ਖੱਡਿਆਂ ਵਿੱਚ ਡਿੱਗ ਰਿਹਾ ਹੈ। ਨਸ਼ੇ ਜੋ ਮਨੁੱਖਤਾ ਦੇ ਵੈਰੀ ਹਨ, ਉਨ੍ਹਾਂ ਦੀ ਨਾਜਾਇਜ ਵਰਤੋਂ ਕਰਕੇ ਮਨੁੱਖਤਾ ਵਿਰੋਧੀ ਹਾਦਸੇ ਅਤੇ ਕਾਰਵਾਈਆਂ ਕਰ ਰਿਹਾ ਹੈ। ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਵਿੱਚ ਇਤਨਾ ਗਲਤਾਨ ਹੋ ਚੁੱਕਾ ਹੈ ਕਿ ਬੁਰਾ ਭਲਾ ਵੀ ਨਹੀਂ ਸੋਚਦਾ। ਇਹ ਵਿਸ਼ੇ ਤਾਂ ਘੋੜੇ ਸਨ, ਜਿਨ੍ਹਾਂ ਨੂੰ ਗਿਆਨ ਦੀ ਲੁਗਾਂਮ ਦੇ ਕੇ, ਇਉਂ ਚਲਾਉਣਾ ਸੀ, ਜਿਵੇਂ ਇੱਕ ਰਥਵਾਹੀ ਘੋੜੇ ਨੂੰ ਚਲਾਉਂਦਾ ਹੈ। ਰੱਬ ਨੂੰ ਭੁੱਲ ਕੇ ਇਨਸਾਨ ਨੇ ਧ੍ਰਿਗ ਕਰਮ ਕਰਨੇ ਸ਼ੁਰੂ ਕਰ ਦਿੱਤੇ ਪਰ ਪਸ਼ੂ ਤਾਂ ਘਾਹ ਪੱਠਾ ਖਾ ਕੇ ਵੀ ਮਨੁੱਖਤਾ ਦੇ ਕੰਮ ਆਉਂਦਾ ਹੈ-ਪਸੂ ਮਿਲਹਿ ਚੰਗਿਆਈਆਂ ਖੜੁ ਖਾਵਹਿ ਅੰਮ੍ਰਿਤੁ ਦੇਹਿ॥ ਨਾਮ ਵਿਹੂਣੇ ਆਦਮੀ ਧ੍ਰਿਗੁ ਜੀਵਨ ਕਰਮ ਕਰੇਹਿ॥ 3॥ (489) ਪੀਣ ਲਈ ਦੁੱਧ, ਖੇਤਾਂ ਵਿੱਚ ਹਲਾਂ ਅੱਗੇ ਜੁਪਣਾ, ਸਵਾਰੀਆਂ ਢੋਣਾਂ ਅਤੇ ਗੱਡੀਆਂ ਖਿਚਣਾ, ਖੇਤੀ ਲਈ ਗੋਬਰ ਖਾਦ ਅਤੇ ਕਈ ਹੋਰ ਦੇਣਾਂ ਤੋਂ ਬਾਅਦ ਮਰਨ ਉਪ੍ਰੰਤ ਵੀ ਪਸ਼ੂਆਂ ਦੀ ਚਮੜੀ ਜੁੱਤੀਆਂ, ਬੈਲਟਾਂ ਅਤੇ ਪਰਸਾਂ ਆਦਿਕ ਲਈ ਵਰਤੀ ਜਾਂਦੀ ਹੈ।

ਸਾਰੀ ਕਾਇਨਾਤ ਨੂੰ ਰੱਬ ਨੇ ਹੀ ਪੈਦਾ ਕੀਤਾ ਹੈ। ਇਹ ਕਰਤੇ ਦੀ ਕੁਦਰਤੀ ਰਚਨਾ ਹੈ-ਕੀਆ ਖੇਲੁ ਬਡ ਮੇਲੁ ਤਮਾਸਾ ਵਾਹਗੁਰੂ ਤੇਰੀ ਸਭ ਰਚਨਾ॥ 3॥ (1403) ਵੱਖ ਜੀਵ ਜੰਤ ਆਪਣੇ ਸੁਭਾ ਅਤੇ ਸੋਝੀ ਅਨੁਸਾਰ ਚਲ ਰਹੇ ਹਨ। ਪਸ਼ੂਆਂ ਵਿੱਚੋਂ ਵੀ ਕਈ ਸ਼੍ਰੇਣੀਆਂ ਵਿਗਸਤ ਹੋ ਗਈਆਂ ਹਨ ਪਰ ਸਾਰੀਆਂ ਜੀਵ ਜੋਨ-ਜਾਤੀਆਂ ਇਨਸਾਨ ਦੀ ਸੇਵਾ ਕਰ ਰਹੀਆਂ ਹਨ-ਅਵਰ ਜੋਨਿ ਤੇਰੀ ਪਨਹਾਰੀ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ॥ (374) ਸਿਕਦਾਰ ਫਾਰਸੀ ਦਾ ਲਫਜ਼ ਹੈ ਭਾਵ ਸਿੱਕਾ ਚਲਾਉਣ ਵਾਲਾ ਰਾਜਾ ਅਤੇ ਸਿਕਦਾਰੀ ਭਾਵ ਹਕੂਮਤ ਸਰਕਾਰ ਅਤੇ ਸਰਦਾਰੀ। ਸਿਕਦਾਰ (ਸਰਦਾਰ) ਰਾਜੇ ਨੇ ਕਰਮ ਤਾਂ ਸਰਦਾਰਾਂ ਵਾਲੇ ਕਰਨੇ ਸੀ ਤੇ ਕਰਨ ਬੇਜਾਨ ਹੈਵਾਨਾਂ ਨਾਲੋਂ ਵੀ ਬਦਤਰ ਲੱਗ ਪਿਆ। ਰੱਬ ਨੇ ਜਦ ਪੈਦਾ ਕੀਤਾ, ਸਭ ਇਨਸਾਨਾਂ ਨੂੰ, ਤਾਂ ਇਨਸਾਨੀਅਤ ਵਾਲਾ ਇੱਕੋ ਧਰਮ ਦਿੱਤਾ-ਏਕੋ ਧਰਮੁ ਦ੍ਰਿੜੈ ਸਚੁ ਸੋਈ॥ ਗੁਰਮਤਿ ਪੂਰਾ ਜਗਿ ਜੁਗਿ ਸੋਈ॥ (1188) ਪਰ ਚਾਤਰ ਇਨਸਾਨ ਨੇ ਇਸ ਧਰਮ ਨੂੰ ਵੀ ਕਈ ਮਜ਼ਹਬਾਂ ਅਤੇ ਫਿਰਕਿਆਂ ਜਿਵੇਂ ਈਸਾਈ, ਮੁਸਾਈ, ਮੁਸਲਿਮ, ਹਿੰਦੂ, ਬੋਧੀ ਅਤੇ ਸਿੱਖ ਆਦਿਕ ਵਿੱਚ ਵੰਡ ਦਿੱਤਾ। ਫਿਰ ਆਪਣੇ ਧਰਮ ਨੂੰ ਚੰਗਾ ਅਤੇ ਦੂਜੇ ਨੂੰ ਮੰਦਾ ਕਹਿ ਕੇ, ਆਪਸੀ ਲੜਾਈ ਝਗੜੇ ਸ਼ੁਰੂ ਕਰ ਲਏ। ਦੁਨੀਆਂ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਲੜਾਈਆਂ ਧਰਮ ਦੇ ਨਾਂ ਤੇ ਹੀ ਹੋਈਆਂ ਅਤੇ ਹੋ ਰਹੀਆਂ ਮਿਲਦੀਆਂ ਹਨ। ਇਹ ਲੜਾਈਆਂ ਵੀ ਇੱਕ ਰੋਗ ਹੀ ਹਨ-ਪਰਮੇਸ਼ਰ ਤੇ ਭੁਲਿਆਂ ਵਿਆਪਨਿ ਸਭੇ ਰੋਗ॥ (135) ਆਪਣੇ ਪਿਤਾ ਪਰਮੇਸ਼ਰ ਨੂੰ ਭੁੱਲਣ ਕਰਕੇ ਹੀ ਐਸਾ ਭਾਣਾ ਵਰਤਿਆ ਹੈ। ਜੇ ਇਨਸਾਨ ਨੂੰ ਇਹ ਯਾਦ ਹੁੰਦਾ ਕਿ ਸਾਡਾ ਸਭ ਦਾ ਪੈਦਾ ਕਰਨ ਵਾਲਾ ਪਿਤਾ ਇੱਕ ਹੀ ਹੈ-ਏਕੁ ਪਿਤਾ ਏਕਸ ਕੇ ਹਮ ਬਾਰਿਕ. .॥ (611) ਫਿਰ ਵੱਖ-ਵੱਖ ਧਰਮਾਂ, ਮਜ਼ਹਬਾਂ, ਫਿਰਕਿਆਂ ਅਤੇ ਦੇਸ਼ਾਂ ਦੀ ਲੜਾਈ ਕਿਸ ਲਈ ਹੈ, ਬਾਰੇ ਗੰਭੀਰਤਾ ਨਾਲ ਸੋਚਦਾ!

ਇਤਿਹਾਸ ਵਾਚਣ ਤੋਂ ਪਤਾ ਲਗਦਾ ਹੈ ਕਿ ਇਹ ਸਭ ਵਖਰੇਵਾਂ ਧਰਮ ਅਤੇ ਰਾਜ ਦੇ ਠੇਕੇਦਾਰਾਂ ਰਾਜਿਆਂ, ਅਖੌਤੀ ਅਵਤਾਰਾਂ, ਪੀਰਾਂ, ਪੰਡਤਾਂ, ਯੋਗੀਆਂ, ਸੰਤ ਬਾਬਿਆਂ ਅਤੇ ਚੁੰਚ ਗਿਆਨੀਆਂ ਨੇ ਪਾਇਆ ਹੈ। ਅੱਜ ਹਰ ਮਜ਼ਹਬ ਵਿੱਚ ਅੱਗੇ ਕਈ ਫਿਰਕੇ ਪੈਦਾ ਹੋ ਗਏ ਹਨ ਜੋ ਆਪਸੀ ਭਰਾ ਮਾਰੂ ਜੰਗ ਹੀ ਲੜੀ ਜਾ ਰਹੇ ਹਨ। ਬਾਹਰੀ ਭੇਖਾਂ, ਪਹਿਰਾਵਿਆਂ ਅਤੇ ਚਿੰਨ੍ਹਾਂ ਨੂੰ ਹੀ ਅਸਲੀ ਧਰਮ ਸਮਝਿਆ ਜਾ ਰਿਹਾ ਹੈ। ਸੰਸਾਰ ਦੀ ਉਤਪਤੀ ਨੂੰ ਜਾਰੀ ਰੱਖਣ ਲਈ ਕਰਤੇ ਨੇ ਮਰਦ ਅਤੇ ਔਰਤ (ਮੇਲ ਅਤੇ ਫੀ ਮੇਲ) ਪੈਦਾ ਕੀਤੇ। ਇਨਸਾਨ ਨੇ ਇੱਥੇ ਵੀ ਵੱਡੇ ਛੋਟੇ ਦਾ ਝਗੜਾ ਪੈਦਾ ਕਰ ਦਿੱਤਾ। ਮਰਦ ਪ੍ਰਧਾਨ ਸਮਾਜ ਹੋਣ ਕਰਕੇ ਸਦੀਆਂ ਤੋਂ ਔਰਤ ਨੂੰ ਨੀਵਾਂ ਦੱਸ ਕੇ ਉਸ ਦੇ ਕੁਦਰਤੀ ਹੱਕਾਂ ਨੂੰ ਦਬਾਇਆ ਗਿਆ। ਅਜੋਕਾ ਇਨਸਾਨ ਜਗਤ ਜਨਨੀ ਨੂੰ ਹੀ ਕੁਖ ਵਿੱਚ ਮਾਰੀ ਜਾ ਰਿਹਾ ਹੈ। ਇਨਸਾਨ ਨੇ ਬੇਜਾਨ ਜੀਵ ਜੰਤੂਆਂ ਨਾਲ ਤਾਂ ਧੱਕਾ ਕੀਤਾ ਹੀ ਪਰ ਅਜ ਆਪਣੇ ਸਕੇ ਭਰਾਵਾਂ ਅਤੇ ਜਗਤ ਜਨਨੀ ਨਾਲ ਵੀ ਕਰੀ ਜਾ ਰਿਹਾ ਹੈ। ਅੱਜ ਸੰਸਾਰ ਭਰ ਦੀਆਂ ਔਰਤਾਂ ਨੂੰ ਧਰਮੀ ਸ਼ੇਰ ਮਰਦ ਗੁਰੂ ਬਾਬਾ ਨਾਨਕ ਪਾਤਸ਼ਾਹ ਦੇ ਸ਼ੁਕਰਗੁਜਾਰ ਹੁੰਦਿਆਂ ਉਨ੍ਹਾਂ ਦੇ ਕ੍ਰਾਂਤੀਕਾਰੀ ਉਪਦੇਸ਼ਾਂ ਦਾ ਜੋਰਦਾਰ ਢੰਗ ਨਾਲ ਪ੍ਰਚਾਰ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਬਲੰਦ ਬਾਂਗ ਕਿਹਾ ਸੀ ਕਿ-ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (473) ਬਾਬੇ ਨਾਨਕ ਨੇ ਕਰਤੇ, ਕੁਦਰਤ, ਗਿਆਨ, ਵਿਗਿਆਨ, ਇਨਸਾਨ ਅਤੇ ਸਰਬ ਸਾਂਝੇ ਧਰਮ ਦੀ ਹੀ ਗੱਲ ਗੁਰਬਾਣੀ ਵਿੱਚ ਕਰਦੇ ਹੋਏ ਅੰਨ੍ਹੀ ਸ਼ਰਧਾਂ ਦਾ ਖੰਡਨ ਅਤੇ ਸੱਚੀ ਸ਼ਰਧਾ ਦਾ ਮੰਡਨ ਕੀਤਾ ਹੈ।

ਅੱਜ ਗੁਰੂ ਨਾਨਕ ਪਾਤਸ਼ਾਹ ਨਾਨਕ ਨਿਰੰਕਾਰੀ ਦੇ ਅਨੁਯਾਈ ਅਖਵਾਉਣ ਵਾਲੇ ਬਹੁਤੇ ਭੇਖੀ ਸਿੱਖ ਵੀ ਇਨਸਾਨੀਅਤ ਤੋਂ ਗਿਰੇ ਕਰਮ ਕਰੀ ਜਾ ਰਹੇ ਹਨ। ਇਸਾਨੀਅਤ ਇਨ੍ਹਾਂ ਵਿੱਚੋਂ ਖੰਭ ਲਾ ਕੇ ਉੱਡ ਗਈ ਹੈ ਅਤੇ ਹੈਵਾਨੀਅਤ ਅੰਦਰ ਪ੍ਰਵੇਸ਼ ਕਰ ਗਈ ਹੈ। ਬਾਬੇ ਨਾਨਕ ਨੇ ਤਾਂ ਸਿੱਖ ਬਣਾਇਆ ਸੀ ਅੱਜ ਇਹ ਸੰਤ ਬਣੀ ਫਿਰਦੇ ਹਨ? ਸੰਤ ਸ਼ਬਦ ਜੋ ਗੁਰਬਾਣੀ ਵਿੱਚ ਰੱਬ, ਗੁਰੂ ਅਤੇ ਬਹੁਵਚਨ ਵਿੱਚ ਗੁਰਸੰਗਤ ਲਈ ਵਰਤਿਆ ਗਿਆ ਹੈ, ਇਨ੍ਹਾਂ ਚੋਲਾਧਾਰੀ ਬਾਬਿਆਂ ਅਤੇ ਕਥਾਕਾਰਾਂ ਨੇ ਆਪਣੇ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੈ। ਗੁਰੂ ਬਾਬੇ ਨੇ ਸਿੱਖ ਪੰਥ (ਸਿੱਖੀ ਦਾ ਰਸਤਾ) ਸੁਖੈਣ ਬਣਾਇਆ ਸੀ-ਗੁਰਮੁਖ ਗਾਡੀ ਰਾਹ ਚਲੰਦਾ (ਭਾ. ਗੁ.) ਪਰ ਭੇਖੀ ਬਾਬਿਆਂ ਨੇ ਕੰਡੇਦਾਰ ਅਤੇ ਗੁੰਝਲਦਾਰ ਬਣਾ ਦਿੱਤਾ ਹੈ। ਆਪੋ ਆਪਣੀਆਂ ਟਕਸਾਲਾਂ, ਡੇਰੇ ਅਤੇ ਸਭਾ ਸੁਸਾਇਟੀਆਂ ਬਣਾ ਕੇ ਅਖੌਤੀ ਧਰਮ ਦੀਆਂ ਦੁਕਾਨਾਂ ਖੋਲ੍ਹ ਕੇ, ਧਰਮ ਦੇ ਨਾਂ ਤੇ ਵੱਖ-ਵੱਖ ਜਪਾਂ-ਤਪਾਂ, ਪਾਠਾਂ ਅਤੇ ਚਮਟਾ ਕੀਰਤਨਾਂ ਦੀਆਂ ਸੇਲਾਂ ਲਾਈਆਂ ਹੋਈਆਂ ਹਨ। ਜਿੱਥੇ ਇਨਸਾਨ ਦਾ ਨਹੀਂ ਸਗੋਂ ਹੈਵਾਨ ਬਣਨ ਦਾ ਉਪਦੇਸ਼ ਦਿੱਤਾ ਜਾ ਰਿਹਾ ਹੈ। ਹੈਵਾਨ (ਪਸ਼ੂ) ਜਿਵੇਂ ਖਾਣ ਪੀਣ ਤੋਂ ਲੜਦੇ ਹੋਏ ਇੱਕ ਦੂਜੇ ਨੂੰ ਢੁੱਡ ਮਾਰਦੇ ਹਨ। ਇਵੇਂ ਹੀ ਗੁਰੂ ਕੇ ਲੰਗਰਾਂ ਵਿੱਚ ਸੁੱਚ-ਭਿੱਟ ਦੇ ਨਾਂ ਅਤੇ ਵੱਡੇ ਦਾਨੀਆਂ ਦੇ ਨਾਂ ਤੇ ਲੜਾਈਆਂ ਹੋ ਰਹੀਆਂ ਹਨ। ਤਪੜਾਂ ਅਤੇ ਕੁਰਸੀਆਂ ਨੂੰ ਹੀ ਧਰਮ ਸਮਝਿਆ ਜਾ ਰਿਹਾ ਹੈ।

ਸਿੱਖਾਂ ਦੀ ਨਮਾਇੰਦਾ ਜਮਾਤ ਸ਼੍ਰੋਮਣੀ ਕਮੇਟੀ ਅਤੇ ਸ੍ਰੋਮਣੀ ਅਕਾਲੀ ਦਲ, ਧਰਮ ਨਾਲੋਂ ਧੜੇ ਨੂੰ ਵੱਧ ਮਹਾਨਤਾ ਦੇ ਰਹੇ ਹਨ। ਸਿੱਖਾਂ ਦਾ ਇੱਕ ਹੀ ਧੜਾ ਗੁਰੂ ਗ੍ਰੰਥ ਅਤੇ ਗੁਰ ਸੰਗਤ ਹੈ, ਦੇ ਸਿਧਾਂਤ ਨੂੰ ਵਿਸਾਰ ਕੇ ਟਕਸਾਲਾਂ, ਡੇਰੇ ਅਤੇ ਬਾਬੇ ਸਿੱਖਾਂ ਦੀਆਂ ਕੇਂਦਰੀ ਸੰਸਥਾਵਾਂ ਵਿੱਚ ਘੁਸੜ ਕੇ, ਇਨ੍ਹਾਂ ਸੰਸਥਾਵਾਂ ਦੇ ਮੁਖੀ, ਜਥੇਦਾਰ, ਰਾਗੀ ਅਤੇ ਗ੍ਰੰਥੀ ਬਣ ਚੁੱਕੇ ਹਨ, ਜੋ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਰੂਪ ਗਿਆਨ ਨਾਲੋਂ ਅਖੌਤੀ ਸੰਤ ਬਾਬਿਆਂ ਦੀਆਂ ਕਥਾ ਕਹਾਣੀ ਅਤੇ ਕਰਾਮਾਤਾਂ ਹੀ ਸੰਗਤਾਂ ਨੂੰ ਪ੍ਰਚਾਰੀ ਜਾ ਰਹੇ ਹਨ। ਇਨ੍ਹਾਂ ਲੋਕਾਂ ਨੇ ਸਿੱਖਾਂ ਨੂੰ ਕੁਕੜਾਂ ਅਤੇ ਕੁਤਿਆਂ ਵਾਲੀ ਲੜਾਈ ਲੜਨੀ ਸਿਖਾ ਦਿੱਤੀ ਹੈ। ਅਜੋਕੇ ਬਹੁਤੇ ਸਿੱਖ ਕੁਕੜ ਖੋਹ ਨਹੀਂ ਤਾਂ ਹੋਰ ਕੀ ਕਰ ਰਹੇ ਹਨ? ਕੁਰਸੀਆਂ ਅਤੇ ਅਹੁਦਿਆਂ ਵਾਸਤੇ ਸਭ ਕੁੱਝ ਦਾਅ ਤੇ ਲਾਇਆ ਜਾ ਰਿਹਾ ਹੈ। ਸਾਡੀ ਇਨਸਾਨੀਅਤ ਕਿਧਰ ਗਈ ਹੈ? ਜਦ ਅਸੀਂ ਇਹ ਪੜ੍ਹਦੇ, ਗਾਉਂਦੇ ਅਤੇ ਪ੍ਰਚਾਰਦੇ ਹਾਂ ਕਿ-ਏਕ ਪਿਤਾ ਏਕਸ ਕੇ ਹਮ ਬਾਰਿਕ, ਅਵਲ ਅਲਹ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ, ਸਭ ਮਹਿ ਜੋਤਿ ਜੋਤਿ ਹੈ ਸੋਇ, ਅਤੇ ਸਭੇ ਸਾਂਝੀਵਾਲ ਸਦਾਇਨ ਪਰ ਸਾਡੇ ਕਰਮ ਅਤੇ ਅਮਲ ਇਸ ਦੇ ਉਲਟ ਹਨ, ਅਸੀਂ ਧੜਾਵਾਦੀ ਹੋ ਕੇ ਇੱਕ ਦੂਜੇ ਨੂੰ ਨੀਵਾਂ ਦਿਖਾ ਰਹੇ ਹਾਂ। ਨਿਰਵੈਰ ਦਾ ਜਾਪ ਕਰਨ ਵਾਲੇ ਅਸੀਂ ਆਪਣੇ ਧਰਮ ਭਾਈਆਂ ਨਾਲ ਹੀ ਕੋਈ ਵਿਚਾਰ ਨਾਂ ਮਿਲਣ ਤੇ ਦਿਲੀ ਵੈਰ ਰੱਖਦੇ ਹਾਂ, ਦੂਜੇ ਵਿੱਚ ਰੱਬੀ ਜੋਤਿ ਨਾਂ ਸਮਝ ਕੇ ਰੱਬ ਦਾ ਹੀ ਤਿਸਕਾਰ ਕਰੀ ਜਾ ਰਹੇ ਹਾਂ। ਗੁਰੂ ਜੀ ਨੇ ਖਾਲਸਾ ਪੰਥ ਸਾਜਿਆ ਸੀ, ਅੱਜ ਅਸੀਂ ਵੱਖ ਵੱਖ ਟਕਸਾਲਾਂ ਅਤੇ ਡੇਰੇ ਸਾਜੇ ਦਾ ਪ੍ਰਚਾਰ ਕਰਕੇ ਲੜੀ ਜਾ ਰਹੇ ਹਾਂ। ਜਰਾ ਸੋਚੋ ਜੇ ਗੁਰੂ ਇੱਕ, ਸਿੱਖ ਪੰਥ ਇੱਕ, ਨਿਸ਼ਾਨ ਇੱਕ, ਵਿਧਾਨ ਇੱਕ ਫਿਰ ਇਹ ਵੱਖ-ਵੱਖ ਡੇਰੇ, ਟਕਸਾਲਾਂ ਅਤੇ ਵੱਖ-ਵੱਖ ਮਰਯਾਦਾ ਕਿੱਥੋਂ ਆ ਗਈਆਂ? ਸੋਚੋ, ਵਿਚਾਰੋ ਅਤੇ ਧਾਰੋ! ਅਸੀਂ ਇਨਸਾਨ ਪਹਿਲੇ ਹਾਂ ਬਾਕੀ ਸਭ ਕੁੱਝ ਬਾਅਦ ਵਿੱਚ। ਸਾਡੇ ਗੁਰੂਆਂ-ਭਗਤਾਂ ਨੇ ਸਾਨੂੰ ਹੈਵਾਨ ਤੋਂ ਇਨਸਾਨ ਹੀ ਬਣਾਇਆ ਸੀ ਅਤੇ ਸਦਾ ਇਨਸਾਨ ਬਣੇ ਰਹਿਣ ਦਾ ਸਦੀਵੀ ਉਪਦੇਸ਼ ਗੁਰਬਾਣੀ “ਗੁਰੂ ਗ੍ਰੰਥ ਸਾਹਿਬ” ਹੀ ਹੈ, ਸਾਨੂੰ ਦੇ ਗਏ। ਇਨ੍ਹਾਂ ਚਾਲ ਬਾਜ ਟਕਸਾਲੀਆਂ ਅਤੇ ਡੇਰੇਦਾਰ ਸੰਤ ਬਾਬਿਆਂ ਨੇ ਗੁਰੂ ਗ੍ਰੰਥ ਬਰਾਬਰ ਹੋਰ ਵੱਖ-ਵੱਖ ਗ੍ਰੰਥਾਂ ਦਾ ਪ੍ਰਕਾਸ਼ ਅਤੇ ਪ੍ਰਚਾਰ ਕਰਕੇ, ਮਨੁੱਖਤਾ ਦੇ ਸਰਬ ਸਾਂਝੇ ਗ੍ਰੰਥ “ਗੁਰੂ ਗ੍ਰੰਥ ਸਾਹਿਬ” ਦੀ ਬੇਅਦਬੀ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਤਾਂ ਧੜੇਬੰਦੀਆਂ ਖਤਮ ਕਰਕੇ, ਇਨਸਾਨ ਬਣ ਕੇ, ਇਨਸਾਨੀਅਤ ਨੂੰ ਧਾਰਨ ਅਤੇ ਮਨੁੱਖਾ ਜਨਮ ਨੂੰ ਸਫਲ ਕਰਨ ਲਈ ਪਰਉਪਕਾਰੀ ਜੀਵਨ ਜੀਂਦੇ ਹੋਏ-ਸਤਸੰਗਤਿ ਮਿਲਿ ਰਹੀਐ ਮਾਧਉ ਜੈਸੇ ਮਧੁਪ ਮਖੀਰਾ॥ (486) ਦਾ ਸੁਨਹਿਰੀ ਉਪਦੇਸ਼ ਦਿੰਦਾ ਹੈ।

ਸਿੱਖ ਨੇ ਤਾਂ ਗੁਰੂ ਬਾਬੇ ਨਾਨਕ ਦੇ ਉਪਦੇਸ਼ਾਂ ਦਾ ਪ੍ਰਚਾਰ ਕਰਕੇ, ਸਾਰੇ ਸੰਸਾਰ ਨੂੰ, ਆਪਸੀ ਭਾਈਚਾਰੇ ਵਿੱਚ, ਭ੍ਰਾਤਰੀਭਾਵ ਨਾਲ ਰਹਿੰਦਿਆਂ-ਏਕਸ ਕੇ ਹਮ ਬਾਰਿਕ, ਸਾਡਾ ਸਭ ਦਾ ਇਨਸਾਨੀਅਤ ਧਰਮ ਵੀ ਇੱਕ ਹੀ ਹੈ, ਦਾ ਪ੍ਰਚਾਰ ਕਰਨਾ ਹੈ ਨਾਂ ਕਿ ਕੋਈ ਵਿਚਾਰ ਨਾਂ ਮਿਲੇ ਤਾਂ, ਪੰਥ ਵਿਰੋਧੀ ਕਹਿ ਕੇ, ਆਪਣੇ ਹੀ ਭਾਈਆਂ ਨੂੰ, ਔਰੰਗਜ਼ੇਬੀ ਹੁਕਮਨਾਮਿਆਂ ਰਾਹੀਂ ਛੇਕੀ ਜਾਣਾ ਹੈ। ਸੋ-ਹੋਇ ਇਕੱਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰੋ ਲਿਵ ਲਾਇ॥ (1185) ਆਓ ਇਨਸਾਨ ਬਣੀਏ, ਹੈਵਾਨੀਅਤ ਦਾ ਤਿਆਗ ਅਤੇ ਇਨਸਾਨੀਅਤ ਦਾ ਹੀ ਪ੍ਰਚਾਰ ਕਰੀਏ, ਕਿਉਂ ਖਾਹ ਮਖਾਹ ਆਪਣੀਆਂ ਹੀ ਪੱਗਾਂ ਲਾਹੀ ਜਾ ਰਹੇ ਹਾਂ? ਸਿੱਖਾਂ ਦੀਆਂ ਜਿਆਦਾ ਆਪਸੀ ਲੜਾਈਆਂ ਇੱਕ ਗੁਰੂ ਗ੍ਰੰਥ ਸਾਹਿਬ ਅਤੇ ਇੱਕ ਮਰਯਾਦਾ ਨੂੰ ਤਿਆਗ ਕੇ, ਮਾਇਆਧਾਰੀ ਡੇਰੇਦਾਰਾਂ ਦੇ ਮੱਗਰ ਲੱਗਣਾ ਹੀ ਹੈ। ਸਾਨੂੰ ਇਹ ਸਮਝ ਕਦੋਂ ਆਵੇਗੀ ਕਿ ਅਸੀਂ ਸਾਰੇ ਇਨਸਾਨ ਪਹਿਲੇ ਹਾਂ ਬਾਕੀ ਸਭ ਕੁੱਝ ਬਾਅਦ ਵਿੱਚ? ਗੁਰ
ੂ ਭਲੀ ਕਰੇ!

ਸੰਜੋਗ ਵਿਜੋਗ ਕਿਹੜੀ “ਕਾਰ” ਚਲਾਉਂਦੇ ਹਨ? ਅਤੇ “ਕਾਰ” ਸ਼ਬਦ ਦੇ ਵੱਖ-ਵੱਖ ਰੂਪ

ਸੰਜੋਗ ਵਿਜੋਗ ਕਿਹੜੀ “ਕਾਰ” ਚਲਾਉਂਦੇ ਹਨ? ਅਤੇ “ਕਾਰ” ਸ਼ਬਦ ਦੇ ਵੱਖ-ਵੱਖ ਰੂਪ

ਅਵਤਾਰ ਸਿੰਘ ਮਿਸ਼ਨਰੀ (5104325827)

ਕਈ ਵਾਰ ਇੱਕੋ ਹੀ ਸ਼ਬਦ ਪ੍ਰਕਰਣ ਅਨੁਸਾਰ ਵੱਖ-ਵੱਖ ਥਾਵਾਂ ਤੇ ਵੱਖਰੇ-ਵੱਖਰੇ ਅਰਥਾਂ ਵਿੱਚ ਵਰਤਿਆ ਜਾਂਦਾ ਹੈ। ਉਸ ਦਾ ਸ਼ਬਦ ਸਰੂਪ ਇੱਕੋ ਜਿਹਾ ਹੀ ਹੁੰਦਾ ਹੈ ਪਰ ਭਾਵ ਅਰਥ ਹੋਰ ਹੁੰਦਾ ਹੈ। ਕਰੀਬ ਹਰੇਕ ਭਾਸ਼ਾ ਵਿੱਚ ਐਸਾ ਹੈ ਪਰ ਪੰਜਾਬੀ, ਗੁਰਮੁਖੀ ਅਤੇ ਗੁਰਬਾਣੀ ਵਿੱਚ ਤਾਂ ਬਹੁਤਾਤ ਐਸੀ ਵਰਤੋਂ ਹੋਈ ਮਿਲਦੀ ਹੈ। ਅੱਜ ਆਪਾਂ
“ਕਾਰ” ਸ਼ਬਦ ਦੀ ਹੀ ਵਿਚਾਰ ਕਰਾਂਗੇ। ਪੰਥ ਦੇ ਸੁਲਝੇ ਹੋਏ ਮਹਾਂਨ ਫਿਲੌਸਫਰ ਅਤੇ ਲਿਖਾਰੀ ਭਾਈ ਸਾਹਿਬ ਭਾਈ ਕਾਨ੍ਹ ਸਿੰਘ ਜੀ ਨਾਭਾ, ਇਸ ਬਾਰੇ ਅਪਣੀ ਮਹਾਂਨ ਰਚਨਾ ਮਹਾਨਕੋਸ਼ ਵਿੱਚ ਲਿਖਦੇ ਹਨ ਕਿ “ਕਾਰ” ਸ਼ਬਦ ਦੀ ਸੰਗਿਆ ਕਾਰਯਾ, ਕੰਮ ਅਤੇ ਕ੍ਰਿਆ ਹੈ-ਜੋ ਤੁਧੁ ਭਾਵੈ ਸਾਈ ਭਲੀ ਕਾਰ॥ (ਜਪੁਜੀ) ਨਾਨਕ ਸਚੇ ਕੀ ਸਾਚੀ ਕਾਰ॥ (ਜਪੁਜੀ) ਕਾਰ-ਕਰਤਾ, ਕਰਨ ਵਾਲਾ ਜੈਸੇ ਚਰਮਕਾਰ, ਸਵਰਣਕਾਰ ਅਤੇ ਲੋਹਕਾਰ ਆਦਿਕ ਐਸੀ ਦਸ਼ਾ ਵਿੱਚ ਇਹ “ਕਾਰ” ਸ਼ਬਦ ਦੇ ਅੰਤ ਵਿੱਚ ਆਉਂਦਾ ਹੈ। ਫਾਰਸੀ ਵਿੱਚ ਵੀ ਇਹ ਇਵੇਂ ਹੀ ਵਰਤਿਆ ਗਿਆ ਹੈ ਜਿਵੇਂ-ਮੀਨਾਕਾਰ। ਕਾਰ-ਕਰਨਯੋਗ ਕੰਮ, ਕਰਣੀਯ ਅਤੇ ਕਾਰਯ-ਜਿਤਨੇ ਜੀਅ ਜੰਤ ਪ੍ਰਭਿ ਕੀਨੇ ਤਿਤਨੇ ਸਿਰਿ ਕਾਰ ਲਿਖਾਵੈ॥ (1263) ਕਾਰ-ਧਰਮ ਟੈਕਸ ਦਸਵੰਦ ਆਦਿਕ ਜਿਵੇਂ “ਕਾਰ ਭੇਟ ਗੁਰ ਕੀ ਸਿੱਖ ਲਾਵਹਿ (ਸੂਰਜ ਪ੍ਰਕਾਸ਼) ਕਾਰ-ਰੇਖਾ, ਲਕੀਰ-ਦੇ ਕੇ ਚਉਂਕਾ ਕਢੀ ਕਾਰ॥ (ਆਸਾ ਕੀ ਵਾਰ) ਕਾਰ-ਤੰਤ੍ਰ ਸ਼ਾਸਤ੍ਰ ਅਨੁਸਾਰ ਮੰਤ੍ਰਵਿਧੀ ਨਾਲ ਰੱਖਿਆ ਲਈ ਆਲੇ ਦੁਆਲੇ ਕੱਢੀ ਹੋਈ ਲੀਕ-ਚਉਗਿਰਦ ਹਮਾਰੈ ਰਾਮ ਕਾਰ ਦੁਖੁ ਲਗੈ ਨ ਭਾਈ॥ (819) ਕਾਰ-ਕਾਲਖ (ਕਾਲਸ) -ਤਿਨ ਅੰਤਰਿ ਕਾਰ ਕਰੀਠਾ॥ (171) ਅਹੰਕਾਰ ਦਾ ਸੰਖੇਪ-ਨ ਕਾਮ ਹੈ ਨ ਕ੍ਰੋਧ ਹੈ ਨ ਲੋਭ ਹੈ ਨ ਕਾਰ ਹੈ। ਅਰਬੀ ਵਿੱਚ ਦਰਿਆ ਅਤੇ ਖੂਹ ਦੀ ਗਹਿਰਾਈ, ਖੁਹ ਅਤੇ ਤਾਲ ਦੀ ਗਾਰ-ਖਨਤੇ ਕਾਰ ਸੁ ਵਹਿਰ ਨਿਕਰਹੀ (ਗੁਪ੍ਰਸੂ) ਫਾਰਸੀ ਵਿੱਚ ਕਾਰ-ਜੰਗ-ਖਸਮ ਰਾ ਚੁ ਕੇਰੋ ਕੁਨਦ ਵਕਤ ਕਾਰ (ਜਫਰਨਾਮਾ) ਕਾਰ-ਬਰਫ। ਅਰਬੀ ਵਿੱਚ ਕਾਰ-ਕਾਲਾ ਰੰਗ।

ਕਾਰ ਕਰੀਠਾ
-ਸ਼ਿਆਹੀ ਅਤੇ ਕਠੋਰਤਾ-ਮਨਮੁਖ ਹੀਅਰਾ ਅਤਿ ਕਠੋਰੁ ਹੈ ਤਿਨਿ ਅੰਤਰਿ ਕਾਰ ਕਰੀਠਾ॥ (171) ਕਾਰਕੁੰਨ-ਕੰਮ ਕਰਨ ਵਾਲਾ, ਕਰਿੰਦਾ, ਪ੍ਰਬੰਧ ਕਰਤਾ। ਕਾਰਕੁਨੀ-ਅਹਿਲਕਾਰੀ-ਹਰਿਨਾਮੈ ਕੀ ਹਮ ਕਉ ਸਤਿਗੁਰਿ ਕਾਰਕੁਨੀ ਦੀਈ॥ (593) ਕਾਰਖਾਨਾ-ਕੰਮ ਕਰਨ ਦਾ ਘਰ, ਉਹ ਥਾਂ ਜਿੱਥੇ ਕੋਈ ਕੰਮ ਕੀਤਾ ਜਾਵੇ। ਕਾਰਖਿਕ (ਸੰਸਕ੍ਰਿਤ) ਇੱਕ ਪੁਰਾਨਾ ਸਿੱਕਾ ਜੋ ਇੱਕ ਕਰਸ਼ (16 ਮਾਸੇ) ਸੋਨੇ ਅਥਵਾ ਚਾਂਦੀ ਦਾ ਹੂੰਦਾ ਸੀ। ਭਾਈ ਸੰਤੋਖ ਸਿੰਘ ਜੀ ਨੇ ਰੁਪਏ ਦੀ ਥਾਂ ਕਾਰਖਿਕ ਸ਼ਬਦ ਵਰਤਿਆ ਹੈ “ਮਕਤਬ ਆਇ ਏਕ ਕਾਰਖਿਕ ਦੀਨ ਕਾਲੂ, ਕਛਕ ਮਠਾਈ ਬਾਂਟ ਪਟੀਆ ਲਿਖਾਈ ਹੈ (ਨਾਨਕ ਪ੍ਰਕਾਸ਼) ਕਾਰਗਾਹ (ਫਾਰਸੀ) ਕਾਰਖਾਨਾ-ਕਪੜਾ ਬੁਣਨ ਦੀ ਖੱਡੀ-ਕਹਤੁ ਕਬੀਰੁ ਕਾਰਗਹ ਤੋਰੀ॥ (484) ਕਾਰਗਰ (ਫਾਰਸੀ) ਲਾਭਦਾਇਕ, ਅਸਰ ਪਾਉਣ ਵਾਲਾ। ਕਾਰਗੁਜ਼ਾਰ (ਫਾਰਸੀ) ਕਾਰਜ ਪੂਰਾ ਕਰਨ ਵਾਲਾ, ਕੰਮ ਚਲਾਉਣ ਵਾਲਾ। ਕਾਰਤੂਸ (ਸੰਸਕ੍ਰਿਤ) ਅੰਗ੍ਰੇਜੀ (cartridge) ਕਾਗਜ਼ ਅਥਵਾ ਧਾਤ ਦੀ ਨਲਕੀ ਜਿਸ ਵਿੱਚ ਬਰੂਦ ਗੋਲੀ ਆਦਿਕ ਭਰ ਕੇ, ਬੰਦੂਕ ਵਿੱਚ ਰੱਖ ਕੇ ਚਲਾਈਦਾ ਹੈ। ਕਾਰਦਾਰ (ਫਾਰਸੀ) ਅਹਿਲਕਾਰ। ਕਾਰਬਾਰ (ਫਾਰਸੀ) ਵਪਾਰ, ਲੈਣ ਦੇਣ ਕਰਨ ਵਾਲਾ। ਕਾਰਿ-ਕਾਰੀ, ਰੀਤਿ-ਝੜਿ ਝੜਿ ਪਵਦੇ ਕਚੇ ਬਿਰਹੀ ਜਿਨ੍ਹਾ ਕਾਰਿ ਨ ਆਈ॥ (1425) ਕਾਰਵਾਂ (ਫਾਰਸੀ) ਯਾਤਰੀਆਂ ਦਾ ਟੋਲਾ ਆਦਿਕ।

ਗੁਰਬਾਣੀ ਵਿਖੇ ਅਉਂਦਾ ਹੈ-ਸੰਜੋਗੁ ਵਿਜੋਗੁ ਦੁਇ
ਕਾਰ ਚਲਾਵਹਿ॥ (6) ਸੰਸਾਰ ਦੀ ਕਾਰ ਭਾਵ ਸ੍ਰਿਸ਼ਟੀ ਦੀ ਰਚਨਾ ਨੂੰ ਸੰਜੋਗ (ਮੇਲ) ਅਤੇ ਵਿਜੋਗ (ਵਿਛੋੜਾ) ਦੋਵੇ ਮਿਲ ਕੇ ਚਲਾ ਰਹੇ ਹਨ। ਸਾਖੀਕਾਰਾਂ ਅਤੇ ਮਖੌਲਕਾਰਾਂ ਵੱਲੋਂ ਇਸ ਦੇ ਅਰਥ ਵੀ ਕੋਈ ਦੁਨਿਆਵੀ ਵਾਹਨ ਹੀ ਵੀ ਕੀਤੇ ਹਨ। ਜਿੰਦਗੀ ਦੀ ਗੱਡੀ (ਕਾਰ) ਸੰਜੋਗ ਅਤੇ ਵਿਜੋਗ ਦੀ ਕ੍ਰਿਆ ਨਾਲ ਚੱਲ ਰਹੀ ਹੈ। ਜਿਸ ਵੇਲੇ ਗੁਰੂ ਸਾਹਿਬ ਨੇ ਇਹ ਬਾਣੀ ਉਚਾਰਣ ਕੀਤੀ, ਉਸ ਵੇਲੇ ਅਜੋਕੀਆਂ ਕਾਰਾਂ ਅਜੇ ਹੋਂਦ ਵਿੱਚ ਹੀ ਨਹੀਂ ਆਈਆਂ ਸਨ। “ਕਾਰ” ਸ਼ਬਦ ਅਗੇਤਰ ਅਤੇ ਪਛੇਤਰ ਦੋਹਾਂ ਰੂਪਾਂ ਵਿੱਚ ਹੀ ਵਰਤਿਆ ਗਿਆ ਹੈ। ਅਗੇਤਰ ਜਿਵੇਂ ਕਾਰਤੂਸ ਪਿਛੇਤਰ ਜਿਵੇਂ ਸਵਰਣਕਾਰ ਅਤੇ ਮੀਨਾਕਾਰ। ਗੁਰਬਾਣੀ ਵਿਖੇ ਆਰੰਭ ਦੇ ਮੂਲ ਉਪਦੇਸ਼ (ਮੂਲ ਮੰਤ੍ਰ) ਵਿੱਚ ਇਸ ਦੀ ਪਿਛੇਤਰ ਵਰਤੋਂ ਕੀਤੀ ਗਈ ਹੈ ਜਿਵੇਂ <M (ਇੱਕ ਓਅੰਕਾਰ) ਵਿੱਚ “ਕਾਰ” ਦੇ ਅਰਥ ਹਨ ਇੱਕ ਰਸ ਜਿਵੇਂ-ਨੰਨਾਕਾਰ ਭਾਵ ਸਦਾ ਲਈ ਇਨਕਾਰ, ਜੈਕਾਰ-ਲਗਾਤਾਰ ਜੈ ਜੈ ਦੀ ਗੂੰਜ, ਨਿਰਤਿਕਾਰ-ਇੱਕ ਰਸ ਨਾਚ, ਝਨਤਕਾਰ-ਇੱਕ ਰਸ ਸੋਹਣੀ ਅਵਾਜ਼ ਅਤੇ ਧੁਨਿਕਾਰ-ਲਗਾਤਾਰ ਧੁਨੀ ਅਵਾਜ਼ ਜਿਵੇਂ-ਘਰ ਮਹਿ ਘਰੁ ਦਿਖਾਇ ਦੇਇ ਸੋ ਸਤਿਗੁਰੁ ਪੁਰਖੁ ਸੁਜਾਣੁ॥ ਪੰਚ ਸਬਦਿ ਧੁਨਿਕਾਰ ਧੁਨਿ ਤਹ ਬਾਜੈ ਸਬਦੁ ਨਿਸਾਣੁ॥ (1291) ਧੁਨਿ-ਅਵਾਜ਼, ਧੁਨਿਕਾਰ-ਲਗਾਤਾਰ ਅਵਾਜ਼ ਭਾਵ ਇੱਕ ਰਸ ਧੁਨਿ। ਹੋਰ ਦੇਖੋ-ਮਨੁ ਭੂਲੋ ਸਿਰਿ ਆਵੈ ਭਾਰੁ॥ ਮਨੁ ਮਾਨੈ ਹਰਿ ਏਕੰਕਾਰੁ॥ (222) ਉਹ “ਇੱਕ ਓਅੰਕਾਰ” ਪ੍ਰਮਾਤਮਾਂ ਜੋ ਇੱਕ ਰਸ ਹਰ ਥਾਂ ਵਿਆਪਕ ਹੈ।

ਦੇਖੋ ਲੋਹੇ ਰਬੜ ਆਦਿਕ ਦੇ ਮਟੀਰੀਅਲ ਤੋਂ ਬਣਾਈ ਗਈ
“ਕਾਰ” ਜਿਸਦੇ ਬਹੁਤ ਸਾਰੇ ਪਾਰਟ ਹਨ ਜੋ ਗੈਸ (ਪੈਟਰੌਲ) ਤੇਲ, ਪਾਣੀ ਅਤੇ ਹਵਾ ਨਾਲ ਚਲਦੀ ਹੈ। ਜਿਸ ਨੂੰ ਚਲਾਉਣ ਲਈ ਟ੍ਰੇਂਡ ਕਾਰ ਡ੍ਰਾਈਵਰ ਚਾਹੀਦਾ ਹੈ। ਜਿਸ ਦੀ ਖਾਧ ਖੁਰਾਕ ਗੈਸ, ਤੇਲ, ਪਾਣੀ ਅਤੇ ਹਵਾ ਹੈ। ਇਨ੍ਹਾਂ ਚੋਂ ਕੋਈ ਵੀ ਮੁੱਕ ਜਾਵੇ, ਇਹ ਕਾਰ ਨਹੀਂ ਚਲਦੀ ਅਤੇ ਸਮੇਂ ਸਮੇਂ ਰੀਪੇਅਰ ਵੀ ਕਰਉਣੀ ਪੈਂਦੀ ਹੈ। ਇਸ ਵਿੱਚ ਆਪਣੀ ਕੋਈ ਸਤਾ ਨਹੀਂ ਸਗੋਂ ਮਟੀਰੀਅਲ ਦੇ ਆਸਰੇ ਚਲਦੀ ਹੈ। ਇਵੇਂ ਹੀ ਕਰਤਾਪੁਰਖੁ ਕਰਤਾਰੁ ਦੀ ਇਹ ਸੰਸਾਰ ਰੂਪ “ਕਾਰ” ਹੈ, ਜਿਸ ਨੂੰ ਪਾਣੀ, ਹਵਾ, ਅੱਗ, ਧਰਤੀ ਅਤੇ ਅਕਾਸ਼ ਰੂਪੀ ਤੱਤਾਂ ਨਾਲ ਪ੍ਰਮਾਤਮਾਂ ਚਲਾ ਰਿਹਾ ਹੈ। ਉਹ ਇੱਕ ਵਧੀਆ ਡ੍ਰਾਈਵਰ ਹੈ ਜੋ ਕਦੇ ਗਲਤੀ ਨਹੀਂ ਕਰਦਾ, ਉਸ ਨੇ ਇੱਕਵਾਰ ਹੀ ਇਸ ਦੀ ਰਫਤਾਰ ਫਿੱਟ ਕਰ ਦਿੱਤੀ ਹੈ, ਜੋ ਹੁਣ ਤੱਕ ਐਟੋਮੈਟਕ ਹੀ ਚੱਲੀ ਜਾ ਰਹੀ ਹੈ ਅਤੇ ਅੱਗੇ ਵੀ ਚਲਦੀ ਰਹੇਗੀ। ਇਸ ਵਿੱਚ ਜੋ ਕੁੱਝ ਵੀ ਉਸ ਨੇ ਪਾਉਣਾ ਸੀ ਇੱਕਵਾਰ ਹੀ ਪਾ ਦਿੱਤਾ ਹੈ-ਜੋ ਕਿਛੁ ਪਾਇਆ ਸੁ ਏਕਾਵਾਰ॥ (ਜਪੁਜੀ) ਹੁਣ ਅੱਗੇ ਸਾਡੀ ਮਨੁੱਖਾ ਜ਼ਿੰਦਗੀ ਦੀਆਂ ਵੀ ਦੋ ਪਹੀਆ ਵੱਖ-ਵੱਖ ਕਾਰਾਂ ਹਨ ਆਦਮੀ ਅਤੇ ਔਰਤ। ਇਹ ਸਾਡੀਆਂ ਸਰੀਰਾਂ ਰੂਪੀ ਕਾਰਾਂ ਵੀ, ਉਸ ਦੇ ਪੈਦਾ ਕੀਤੇ ਹੋਏ ਪੰਜਾਂ ਤੱਤਾਂ ਨਾਲ ਚੱਲ ਰਹੀਆਂ ਹਨ-ਸਾਢੈ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰਨਿ॥ (1383) ਇਨ੍ਹਾਂ ਪੰਜਾਂ ਚੋਂ ਕੋਈ ਵੀ ਘਟ ਜਾਵੇ ਤਾਂ ਜ਼ਿੰਦਗੀ ਦੀ ਕਾਰ ਰੁਕਣ ਲਗਦੀ ਹੈ। ਫਿਰ ਜਿਵੇਂ ਦੁਨਿਆਵੀ ਕਾਰ ਮਕੈਨਕ ਕੋਲ ਜਾ ਕੇ ਠੀਕ ਹੁੰਦੀ ਹੈ, ਇਵੇਂ ਹੀ ਸਾਡੇ ਸਰੀਰ ਦੀ ਕਾਰ ਵੀ ਵੈਦ ਡਾਕਟਰ ਕੋਲ ਜਾ ਕੇ ਰੀਪੇਅਰ ਹੁੰਦੀ ਹੈ। ਸਰੀਰ ਰੂਪੀ ਕਾਰ ਨੂੰ ਤਾਂ ਵੈਦ ਡਾਕਟਰ ਰੂਪੀ ਮਕੈਨਕ ਠੀਕ ਕਰ ਦਿੰਦੇ ਹਨ ਪਰ ਜ਼ਿੰਦਗੀ ਰੂਪੀ ਕਾਰ ਸੱਚੇ ਕਵਾਲੀਫਾਈਡ ਮਕੈਨਕ “ਸਤਿਗੁਰੂ” ਪਾਸੋਂ ਹੀ ਸਰਵਾ ਕੇ ਠੀਕ ਕਰਵਾਈ ਜਾ ਸਕਦੀ ਹੈ-ਮੇਰਾ ਬੈਦੁ ਗੁਰੂ ਗੋਬਿੰਦਾ॥ ਹਰਿ ਹਰਿ ਨਾਮੁ ਅਉਖਦ ਮੁਖਿ ਦੇਵੈ ਕਾਟੈ ਜਮ ਕੀ ਫੰਦਾ॥ (618)

ਸੋ ਜੇ ਸਾਨੂੰ ਮਟੀਰੀਅਲ ਦੀ
ਕਾਰ ਚਲਾਉਣ ਵਾਸਤੇ ਡ੍ਰਾਈਵਰ ਅਤੇ ਮਕੈਨਕ ਮਾਸਟਰ ਚਾਹੀਦਾ ਹੈ, ਫਿਰ ਜ਼ਿੰਦਗੀ ਰੂਪੀ ਕਾਰ ਨੂੰ ਠੀਕ ਢੰਗ ਨਾਲ, ਸਹੀ ਰਸਤੇ ਤੇ ਚਲਾਉਣ ਲਈ ਵੀ ਗਿਆਨ ਰੂਪੀ ਗੁਰੂ ਮਕੈਨਕ ਦੀ ਲੋੜ ਹੈ-ਗੁਰ ਬਿਨੁ ਘੋਰੁ ਅੰਧਾਰੁ ਗੁਰੂ ਬਿਨੁ ਸਮਝ ਨ ਆਵੈ॥ (1399) ਜਿਵੇਂ ਮਾੜੇ ਮਕੈਨਕ, ਕਾਰ ਨੂੰ ਚੰਗਾ ਸਵਾਰਨ ਦੀ ਬਜਾਏ ਸਗੋਂ ਹੋਰ ਵਿਗਾੜ ਦਿੰਦੇ ਹਨ, ਇਵੇਂ ਹੀ ਆਪੂੰ ਬਣੇ ਕੱਚੇ ਪਿਲੇ, ਅੰਧਵਿਸ਼ਵਾਸ਼ੀ, ਦੇਹਧਾਰੀ, ਪਖੰਡੀ ਡੇਰੇਦਾਰ ਗੁਰੂ, ਸਾਡੀ ਬੇਕੀਮਤੀ ਜ਼ਿੰਦਗੀ ਦੀ ਕਾਰ ਨੂੰ ਵਹਿਮਾਂ-ਭਰਮਾਂ ਅਤੇ ਕਰਮਕਾਂਡਾਂ ਦੇ ਕੁਰਾਹੇ ਪਾ ਦਿੰਦੇ ਹਨ। ਜਿਵੇਂ ਘਟੀਆ ਮਕੈਨਕ ਬਾਰ-ਬਾਰ ਠੱਗਦਾ ਰਹਿੰਦਾ ਹੈ, ਇਵੇਂ ਹੀ ਇਹ ਡੇਰੇਦਾਰ ਪਾਖੰਡੀ ਗੁਰੂ, ਅਨੇਕ ਪ੍ਰਕਾਰ ਦੇ ਮੰਤ੍ਰ, ਜਾਦੂ ਟੂਣੇ, ਧਰਮ ਗ੍ਰੰਥਾਂ ਦੇ ਤੋਤਾ ਰਟਨੀ ਪਾਠ ਅਤੇ ਉਨ੍ਹਾਂ ਦੀਆਂ ਅਨੇਕ ਪ੍ਰਕਾਰੀ ਭੇਟਾ ਰਾਹੀਂ ਸਾਡੀ ਕਿਰਤ ਕਮਾਈ ਰੂਪ ਮਾਇਆ ਠੱਗਦੇ ਰਹਿੰਦੇ ਹਨ। ਗੁਰੂ ਸਾਹਿਬ ਸਾਨੂੰ ਸ਼ਬਦ ਗੁਰੂ “ਗੁਰੂ ਗ੍ਰੰਥ ਸਾਹਿਬ ਜੀ” ਨਾਲ ਜੋੜ ਕੇ ਗਏ ਸਨ ਪਰ ਸਾਡੀ ਬਹੁਤਿਆਂ ਦੀ ਬਦਕਿਸਮਤੀ ਅਸੀਂ-ਸਤਿਗੁਰ ਸਾਹਿਬ ਛਡਿ ਕੇ ਮਨਮੁਖ ਹੋਇ ਬੰਦੇ ਦਾ ਬੰਦਾ (ਭਾ. ਗੁ.) ਅਨੁਸਾਰ ਡੇਰੇਦਾਰਾਂ ਕੋਲੋਂ ਗੁਰੂ ਗਿਆਨ ਭਾਲਦੇ ਹਾਂ। ਜਰਾ ਸੋਚੋ ਕਦੇ ਮਾਰੂ ਥਲਾਂ ਵਿੱਚ ਵੀ ਪਾਣੀ ਹੁੰਦਾ ਹੈ, ਜਿਵੇਂ ਵਿਚਾਰਾ ਪਿਆਸਾ ਮਿਰਗ ਮਾਰੂ ਥਲਾਂ ਦੀ ਰੇਤਾ ਦੀ ਪਾਣੀ ਵਰਗੀ ਚਮਕ ਦੇਖ ਕੇ ਅਤੇ ਕਸਤੂਰੀ ਦੀ ਖੁਸ਼ਬੋ ਦੀ ਭਾਲ ਵਿੱਚ ਦੌੜਦਾ-ਭਜਦਾ ਹੋਇਆ ਆਖਿਰ ਆਪਣਾ ਹੀ ਦਮ ਤੋੜ ਲੈਦਾਂ ਹੈ ਅਤੇ ਕਈ ਵਾਰ ਐਸੇ ਨਿਢਾਲ ਹੋਏ ਮਿਰਗ ਨੂੰ ਸ਼ਿਕਾਰੀ ਵੀ ਦਬੋਚ ਲੈਂਦੇ ਹਨ ਪਰ ਵਿਚਾਰਾ ਗਿਆਨਹੀਨ ਮਿਰਗ ਜਾਣਦਾ ਨਹੀਂ ਕਿ ਉਸ ਦੀ ਨਾਭੀ ਵਿੱਚ ਹੀ ਕਸਤੂਰੀ ਭਰੀ ਪਈ ਹੈ ਅਤੇ ਪਾਣੀ ਤਾਂ ਨਦੀਆਂ, ਨਾਲਿਆਂ ਅਤੇ ਦਰਿਆਵਾਂ ਆਦਿਕ ਸੋਮਿਆਂ ਤੋਂ ਹੀ ਮਿਲਣਾ ਹੈ-ਜਿਉਂ ਕਸਤੂਰੀ ਮਿਰਗੁ ਨ ਜਾਣੈ ਭ੍ਰਮਦਾ ਭਰਮਿ ਭੁਲਾਇਆ॥ (644)

ਇਵੇਂ ਹੀ ਸਭ ਕੁੱਝ ਸਾਡੇ ਹਿਰਦੇ ਘਰ ਵਿੱਚ ਹੈ ਪਰ ਅਸੀਂ ਅਗਿਆਨਤਾ ਕਰਕੇ ਬਾਹਰ ਭੇਖੀਆਂ ਦੇ ਡੇਰੇਰਿਆਂ ਤੇ ਟੋਲਦੇ ਫਿਰਦੇ ਹਾਂ-ਸਭ ਕਿਛੁ ਘਰ ਮਹਿ ਬਾਹਰਿ ਨਾਹੀ॥ ਬਾਹਰਿ ਟੋਲੇ ਸੋ ਭਰਮਿ ਭੁਲਾਹੀ॥ ਗੁਰਪਰਸਾਦੀ ਜਿਨੀ ਅੰਤਰਿ ਪਾਇਆ ਸੁ ਅੰਤਰਿ ਬਾਹਰਿ ਸੁਹੇਲਾ ਜੀਉ॥ (102) ਸੋ ਗੁਰੂ ਗਿਆਨ ਲਈ ਸਾਨੂੰ ਮਾਂ ਬੋਲੀ ਪੰਜਾਬੀ-ਗੁਰਮੁਖੀ ਸਿਖਣੀ ਅਤੇ ਗੁਰਬਾਣੀ ਦਾ ਪਾਠ, ਅਰਥ ਅਤੇ ਭਾਵ ਅਰਥ ਸਾਨੂੰ ਆਪ ਸਿਖਣੇ ਪੈਣਗੇ, ਨਹੀਂ ਤਾਂ ਕੱਚੇ ਮਕੈਨਕ ਭਾਵ ਪਾਖੰਡੀ ਡੇਰੇਦਾਰ, “ਨਕਲੀ ਗੁਰੂ” ਦੇ ਸ਼ਬਦੀ ਜਾਲ ਵਿੱਚ ਫਸਾ ਕੇ, ਸਾਨੂੰ ਆਪਣੇ ਦੁਆਲੇ ਹੀ ਭੁਵਾਈ ਫਿਰਨਗੇ। ਸਦਾ ਯਾਦ ਰੱਖੋ ਗੁਰਬਾਣੀ ਜਾਂ ਕਿਸੇ ਵੀ ਕਿਤਾਬ ਵਿੱਚ ਵਰਤੇ ਗਏ ਸ਼ਬਦ ਸਿਖਣ ਲਈ ਹਨ ਨਾਂ ਕਿ ਬਾਰ-ਬਾਰ ਤੋਤਾ ਰਟਨੀ ਪਾਠ ਪੜ੍ਹੀ ਜਾਣ ਲਈ। ਗੁਰਬਾਣੀ ਵਿੱਚ ਬਹੁਤ ਸਾਰੇ ਸ਼ਬਦ ਹਨ ਜਿਨ੍ਹਾਂ ਦੇ ਰੂਪ (ਸਪੈਲਿੰਗ) ਇੱਕੋ ਜਿਹੇ ਹਨ ਪਰ ਪ੍ਰਕਰਣ ਅਨੁਸਾਰ ਅਰਥ ਵੱਖ-ਵੱਖ ਹਨ। ਹੁਣ ਸਾਨੂੰ ਸਮਝ ਆ ਗਈ ਹੋਵੇਗੀ ਕਿ-ਸੰਜੋਗ ਵਿਜੋਗ ਦੁਇ
ਕਾਰ ਚਲਾਵਹਿ॥ (ਜਪੁਜੀ) ਪੰਕਤੀ ਵਿੱਚ “ਕਾਰ” ਸ਼ਬਦ ਦੇ ਕੀ ਅਰਥ ਹਨ? ਸਿੱਖੋ! ਜਰਾ ਸਿੱਖੋ, ਸਿਖਣ ਨਾਲ ਔਖੇ ਤੋਂ ਔਖੇ ਸ਼ਬਦਾਂ ਦੇ ਅਰਥ ਵੀ ਸਿਖੇ ਜਾ ਸਕਦੇ ਹਨ। ਵੱਖ-ਵੱਖ ਬੋਲੀਆਂ ਵਿੱਚ “ਕਾਰ” ਸ਼ਬਦ ਦੇ ਅਲੱਗ-ਅਲੱਗ ਅਰਥ ਹਨ, ਪਰ ਅਸੀਂ ਦੇਖਣਾ ਹੈ ਕਿ ਪੰਜਾਬੀ-ਗੁਰਮੁਖੀ ਵਿੱਚ ਲਿਖੀ ਹੋਈ ਗੁਰਬਾਣੀ ਵਿਖੇ “ਕਾਰ” ਦੇ ਵੱਖ-ਵੱਖ ਸ਼ਬਦਾਂ ਅਤੇ ਵਿਸ਼ਿਆਂ ਵਿਖੇ ਕੀ ਅਰਥ ਹਨ?

ਪੂਜਾ, ਪੁਜਾਰੀ, ਪੂਜਣਵਾਲੇ ਅਤੇ ਗੁਰੂ ਕੇ ਵਜ਼ੀਰ

ਪੂਜਾ, ਪੁਜਾਰੀ, ਪੂਜਣਵਾਲੇ ਅਤੇ ਗੁਰੂ ਕੇ ਵਜ਼ੀਰ

ਅਵਤਾਰ ਸਿੰਘ ਮਿਸ਼ਨਰੀ (5104325827)

ਸੰਸਕ੍ਰਿਤ ਦੇ ਸ਼ਬਦ ਪੂਜਾ ਅਤੇ ਪੁਜਾਰੀ ਸਨਾਤਨ ਧਰਮ-ਹਿੰਦੂ ਧਰਮ ਨਾਲ ਸਬੰਧਤ ਹਨ ਜੋ ਭਗਵੇ ਬਾਣਾਧਾਰੀ ਸਾਧਾਂ ਰਾਹੀਂ ਸਿੱਖਾਂ ਵਿੱਚ ਆਏ। ਕਾਜ਼ੀ, ਬ੍ਰਾਹਮਣ, ਜੋਗੀ, ਜੈਨੀ, ਭਗਵੇ ਸਾਧ, ਮੁਲਾਂ ਮੌਲਾਣੇ ਅਤੇ ਪਾਦਰੀ ਆਦਿਕ ਇਨਸਾਨੀਅਤ ਤੋਂ ਥੱਲੇ ਡਿੱਗ ਕੇ ਆਂਮ ਜਨਤਾ ਨੂੰ ਲੁੱਟਦੇ ਅਤੇ ਰਾਜਿਆਂ ਮਹਾਂਰਾਜਿਆਂ ਦੀ ਜੀ-ਹਜ਼ੂਰੀ ਕਰਦੇ ਸਨ ਅਤੇ ਸੱਚ ਬੋਲਣ ਵਾਲੇ ਦੇ ਵਿਰੁੱਧ ਫਤਵੇ ਆਦੇਸ਼ ਆਦਿਕ ਜਾਰੀ ਕਰਦੇ-ਕਰਵਾਉਂਦੇ ਸਨ। ਇਸ ਕਰਕੇ ਆਂਮ ਜਨਤਾ ਇਨ੍ਹਾਂ ਦੇ ਦੱਸੇ ਕਰਮਕਾਂਡਾਂ ਅਨੁਸਾਰ ਪੂਜਾ ਕਰਨ ਲਈ ਮਜਬੂਰ ਸੀ। ਗੁਰੂ ਨਾਨਕ ਸਾਹਿਬ ਨੇ ਇਨ੍ਹਾਂ ਧਾਰਮਿਕ ਲੁਟੇਰਿਆਂ ਤੋਂ ਜਨਤਾ ਨੂੰ ਜਾਗਰੂਕ ਕਰਦੇ ਹੋਏ ਫੁਰਮਾਇਆ ਸੀ-ਕਾਦੀ ਕੂੜ ਬੋਲਿ ਮਲਿ ਖਾਇ॥ ਬਾਮਣ ਨਾਵੈ ਜੀਆਂ ਘਾਇ॥ ਜੋਗੀ ਜੁਗਤਿ ਨਾ ਜਾਣੈ ਅੰਧੁ॥ ਤੀਨੇ ਓਜਾੜੈ ਕਾ ਬੰਧੁ॥ (662) ਪਰ ਅੱਜ ਦਾ ਸਾਧ ਲਾਣਾ ਅਤੇ ਸੰਪ੍ਰਦਾਈਆਂ ਨੇ ਇਨ੍ਹਾਂ ਪੁਰਾਤਨ ਧਾਰਮਿਕ-ਲੁਟੇਰੇ ਆਗੂਆਂ ਦੇ ਹੀ ਨਕਸ਼ੇ ਕਦਮਾਂ ਤੇ ਚਲਦਿਆਂ ਹੋਇਆਂ, ਪੂਜਾ, ਪੁਜਾਰੀ, ਮਹੰਤ ਅਤੇ ਪ੍ਰੋਹਿਤਵਾਦ ਨੂੰ ਸਿੱਖ ਧਰਮ ਵਿੱਚ ਘਸੋੜ ਦਿੱਤਾ ਹੈ। ਜਿਸ ਦਾ ਨਤੀਜਾ ਅੱਜ ਜਿੱਥੇ ਗੁਰਦੁਆਰਿਆਂ ਵਿੱਚ ਵੀ ਵਿਖਾਵੇ ਵਾਲੀ ਪੂਜਾ ਹੋ ਰਹੀ ਹੈ, ਓਥੇ ਤਖਤਾਂ ਦੇ ਪੁਜਾਰੀ (ਜਥੇਦਾਰ) ਵੀ ਆਪਣੇ ਬੇਹੂਦੇ ਆਦੇਸ਼ ਜਾਰੀ ਕਰਕੇ, ਪੰਥਕ ਵਿਦਵਾਨਾਂ ਨੂੰ ਜ਼ਲੀਲ ਕਰਦੇ ਰਹਿੰਦੇ ਹਨ ਅਤੇ ਆਪਣੇ ਆਕਾਵਾਂ ਦੇ ਵਿਰੋਧੀਆਂ ਨੂੰ ਪੰਥ ਚੋਂ ਝੱਟ ਛੇਕ ਦੇਂਦੇ ਹਨ।

ਪੂਜਾ
-ਪੂਜਨ ਦੀ ਕ੍ਰਿਆ ਜੋ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਸ਼ਿਵਲਿੰਗ ਆਦਿਕ ਨੂੰ ਦੁੱਧ-ਘੀ, ਧੂਪ, ਦੀਪ, ਸੰਧੂਰ, ਚੰਦਨ ਲੇਪਨ, ਕਸਤੂਰੀ, ਤੁਲਸੀ, ਅੰਨ ਪਾਣੀ, ਖੱਟਾ-ਮਿੱਠਾ ਆਦਿਕ ਪਦਾਰਥਾਂ ਨਾਲ ਪੂਜਿਆ ਜਾਂਦਾ ਹੈ। ਪਰ ਗੁਰਮਤਿ ਅਜਿਹੀ ਮਨੋਕਲਪਿਤ ਪੂਜਾ ਨੂੰ ਪ੍ਰਵਾਣ ਨਹੀਂ ਕਰਦੀ। ਭਾ. ਕਾਨ੍ਹ ਸਿੰਘ ਨ੍ਹਾਭਾ ਲਿਖਦੇ ਹਨ ਕਿ ਕਿਸੇ ਖਾਸ ਸਥਾਨ ਅਰ ਖਾਸ ਸਮੱਗਰੀ ਨਾਲ ਸਰਬ ਵਿਆਪੀ ਕਰਤਾਰ ਦਾ ਪੂਜਨ ਸਿੱਖ ਧਰਮ ਵਿੱਚ ਨਿਸ਼ੇਧ ਕੀਤਾ ਗਿਆ ਹੈ। ਪਰਮ ਪਿਤਾ ਵਾਹਿਗੁਰੂ ਦੀ ਪੂਜਾ ਬਾਰੇ ਗੁਰੂ ਸਾਹਿਬ ਇਸ ਤਰ੍ਹਾਂ ਉਪਦੇਸ਼ ਕਰਦੇ ਹਨ-ਤੇਰਾ ਨਾਮੁ ਕਰੀ ਚਨਣਾਠੀਆ, ਜੇ ਮਨੁ ਉਰਸਾ ਹੋਇ॥ ਕਰਣੀ ਕੁੰਗੂ ਜੇ ਰਲੈ, ਘਟ ਅੰਤਰਿ ਪੂਜਾ ਹੋਇ॥ 1॥ ਪੁਜਾ ਕੀਚੈ ਨਾਮੁ ਧਿਆਈਐ, ਬਿਨੁ ਨਾਵੈ ਪੂਜ ਨ ਹੋਇ॥ 1॥ ਰਹਾਉ॥ ਬਾਹਰਿ ਦੇਵ ਪਖਾਲੀਅਹਿ, ਜੇ ਮਨੁ ਧੋਵੈ ਕੋਇ॥ ਜੂਠਿ ਲਹੈ ਜੀਉ ਮਾਂਜੀਐ, ਮੋਖ ਪਇਆਣਾ ਹੋਇ॥ (489) ਭਾਵ ਨਾਮ ਹੀ ਅਸਲ ਪੂਜਾ ਹੈ, ਬਾਕੀ ਸਭ ਕਰਮਕਾਂਡ ਹਨ। ਇਨ੍ਹਾਂ ਬਾਹਰੀ ਸਮੱਗਰੀਆਂ ਨਾਲ ਪ੍ਰਮਾਤਮਾਂ ਦੀ ਪੂਜਾ ਹੋ ਹੀ ਨਹੀਂ ਸਕਦੀ। ਇਸ ਦੀ ਪ੍ਰੋੜਤਾ ਕਰਦੇ ਭਗਤ ਰਵਿਦਾਸ ਜੀ ਵੀ ਫੁਰਮਾਂਦੇ ਹਨ-ਦੂਧੁ ਤ ਬਛਰੈ ਥਨਹੁ ਬਿਟਾਰਿਓ॥ ਫੂਲੁ ਭਵਰਿ ਜਲੁ ਮੀਨਿ ਬਿਗਾਰਿਓ॥ 1॥ ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵਉ? …. ਪੂਜਾ ਅਰਚਾ ਆਹਿ ਨ ਤੋਰੀ॥ ਕਹਿ ਰਵਿਦਾਸ ਕਵਨ ਗਤਿ ਮੋਰੀ॥ 5॥ 1॥ (525) ਭਾਵ ਦੁੱਧ ਨੂੰ ਵੱਛੇ, ਫੁੱਲ ਨੂੰ ਭਵਰੇ, ਜਲ ਨੂੰ ਮੱਛੀ ਆਦਿਕ ਨੇ ਜੂਠਾ ਕਰ ਦਿੱਤਾ ਹੈ। ਧੂਪਾਂ ਦੀਪਾਂ ਸਮੱਗਰੀਆਂ ਆਦਿਕ ਵੀ ਸੁਗੰਧੀ ਕਰਕੇ ਜੂਠੀਆਂ ਹੋ ਚੁੱਕੀਆਂ ਹਨ। ਇਸ ਕਰਕੇ ਮੈਂ ਤਨ ਮਨ ਦੀ ਭੇਟਾ ਹੀ ਪੂਜਾ ਲਈ ਅਰਪਣ ਕਰਦਾ ਹਾਂ ਭਾਵ ਆਪਾ ਭੇਟ ਕਰਨਾ ਹੀ ਅਸਲ ਪੂਜਾ ਹੈ। ਗੁਰੂ ਰਾਮਦਾਸ ਜੀ ਫੁਰਮਾਂਦੇ ਹਨ ਕਿ-ਭਰਮਿ ਭੂਲੇ ਅਗਿਆਨੀ ਅੰਧੁਲੇ, ਭਰਮਿ ਭਰਮਿ ਫੂਲ ਤੋਰਾਵੈਂ॥ ਨਿਰ ਜੀਉ ਪੂਜਹਿ ਮੜਾ ਸਰੇਵਹਿ, ਸਭ ਬਿਰਥੀ ਘਾਲ ਗਵਾਵੈਂ॥ (1264) ਭਾਵ ਨਿਰਜਿੰਦ ਪੱਥਰਾਂ ਨੂੰ ਪੂਜਣ ਲਈ ਜੀਵਤ ਫੁਲ ਤੋੜ ਕੇ ਪੂਜਾ ਲਈ ਚੜ੍ਹਾਉਂਦੇ ਹਨ।

ਸ੍ਰ. ਪਿਆਰਾ ਸਿੰਘ ਪਦਮ ਅਨੁਸਾਰ ਇਸ਼ਟ ਪ੍ਰਤੀ ਸ਼ਰਧਾ ਭਾਵਨਾ ਜਾਂ ਆਦਰ ਪ੍ਰੇਮ ਪ੍ਰਗਟਾਉਣ ਵਾਲੀ ਕ੍ਰਿਆ ਪੂਜਾ ਹੈ। ਹਿੰਦੂ ਮੱਤ ਵਿੱਚ ਚੂੰਕਿ ਦੇਵਤਾ ਨੂੰ ਸਾਕਾਰ ਰੂਪ ਵਿੱਚ ਕਲਪਿਆ ਜਾਂਦਾ ਸੀ। ਇਸ ਲਈ ਮਾਨਸਿਕ ਪੂਜਾ ਮਾਤ੍ਰ ਤੋਂ ਇਲਾਵਾ ਬਾਹਰਲੇ ਅਮਲਾਂ ਰਾਹੀਂ ਵੀ ਉਸ ਨੂੰ ਪੂਜਿਆ ਆਰਾਧਿਆ ਜਾਂਦਾ ਹੈ। ਇਸ ਪੂਜਾ ਦੇ 16 ਭੇਦ ਦੱਸੇ ਹਨ-ਅਵਾਹਨ, ਆਸਨ, ਪਾਦਯ, ਅਰਘ, ਆਚਮਨ, ਇਸ਼ਨਾਨ, ਬਸਤਰ, ਜਨੇਊ, ਸੁਗੰਧ, ਪੁਸ਼ਪ, ਧੁਪ, ਦੀਪ, ਭੋਜਨ, ਭੇਟਾ, ਵਾਰੇ ਜਾਣਾ, ਬਿਰਾਜਮਾਨ ਕਰਨਾ ਆਦਿਕ। ਇਹ ਇੱਕ ਦੇਵਤੇ ਦੇ ਬੁਲਾਉਣ ਤੋਂ ਲੈ ਕੇ ਉਸ ਦੇ ਹੱਥ ਮੂੰਹ ਧੁਆਉਣ, ਸੁਗੰਧਤ ਕਰਨ ਅਤੇ ਅੰਤ ਆਪਣੇ ਆਸਣ ਤੇ ਬ੍ਰਿਾਜਮਾਨ ਕਰਨ ਤੱਕ ਦੀ ਕ੍ਰਿਆ ਹੈ ਭਾਵ ਇਸ ਦਾ ਇਹੀ ਹੈ ਕਿ ਉਸਦੀ ਪ੍ਰਸੰਤਾ ਲਈ ਭਗਤੀ ਭਾਵ ਨਾਲ ਹਰ ਗੱਲ ਕਰਨੀ, ਜਿਵੇਂ ਕਿਵੇਂ ਇਸ਼ਟ ਨੂੰ ਰੀਝਾਉਣਾ। ਗੁਰੂ ਨਾਨਕ ਜੀ ਨੇ ਇਸ ਵਿਖਾਵੇ ਵਾਲੀ ਕਰਮਕਾਂਡੀ ਪੂਜਾ ਦਾ ਖੰਡਨ ਕਰਦਿਆਂ ਕਿਹਾ ਕਿ ਅਸਲ ਪੂਜਾ ਪ੍ਰਭੂ ਸਿਮਰਨ ਹੈ-ਪੂਜਾ ਕੀਚੈ ਨਾਮੁ ਧਿਆਈਐ, ਬਿਨੁ ਨਾਵੈ ਪੂਜ ਨ ਹੋਇ॥ 1॥ ਰਹਾਉ॥ (489) ਭਗਤ ਰਾਮਾਨੰਦ ਜੀ ਵੀ ਇਸ ਬਾਰੇ ਫੁਰਮਾਂਦੇ ਹਨ-ਕਤ ਜਾਈਐ ਰੇ ਘਰਿ ਲਾਗੋ ਰੰਗੁ॥ ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ॥ 1॥ ਰਹਾਉ॥ ਏਕ ਦਿਵਸ ਮਨ ਭਈ ਉਮੰਗਿ॥ ਘਸਿ ਚੰਦਨ ਚੋਆ ਬਹੁ ਸੁਗੰਧਿ॥ ਪੂਜਨ ਚਾਲੀ ਬ੍ਰਹਮ ਠਾਇ॥ ਸੁ ਬ੍ਰਹਮੁ ਬਤਾਇਓ ਗੁਰਿ ਮਨ ਹੀ ਮਾਹਿ॥ 1॥ ਜਹਾ ਜਾਈਐ ਤਹ ਜਲ ਪਾਖਾਨ॥ ਤੂ ਪੂਰਿ ਰਹਿਓ ਹੈਂ ਸਭ ਸਮਾਨ॥ ਬੇਦ ਪੁਰਾਨ ਸਭ ਦੇਖੇ ਜੋਇ॥ ਊਹਾਂ ਤਉ ਜਾਈਐ ਜਉ ਈਹਾਂ ਨ ਹੋਇ॥ 2॥ ਸਤਿਗੁਰੁ ਮੈ ਬਲਿਹਾਰੀ ਤੋਰ॥ ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ॥ ਰਾਮਾਨੰਦ ਸੁਆਮੀ ਰਮਤੁ ਬ੍ਰਹਮੁ॥ ਗੁਰ ਕਾ ਸਬਦੁ ਕਾਟੇ ਕਟਿ ਕਰਮ॥ 3॥ (1195) ਭਗਤ ਰਾਮਾਨੰਦ ਜੀ ਕਹਿ ਰਹੇ ਹਨ ਕਿ ਇੱਕ ਦਿਨ ਮੇਰੇ ਮਨ ਚ’ ਵੀ ਪੂਜਾ ਕਰਨ ਦੀ ਤਮੰਨਾ ਪੈਦਾ ਹੋਈ ਤਾਂ ਮੈ ਚੋਆ ਚੰਦਨ ਆਦਿਕ ਸਮੱਗਰੀ ਲੈ ਕੇ ਬ੍ਰਹਮ ਦੀ ਪੂਜਾ ਕਰਨ ਚਲਿਆ ਤਾਂ ਗੁਰੂ ਨੇ ਬ੍ਰਹਮ ਮਨ ਵਿੱਚ ਹੀ ਦਿਖਾ ਦਿੱਤਾ ਤੇ ਮੇਰੇ ਪੂਜਾ ਪ੍ਰਤੀ ਸਾਰੇ ਭਰਮ ਕੱਟ ਦਿੱਤੇ। ਗੁਰ-ਸ਼ਬਦ ਦੀ ਵਿਚਾਰ ਕਰਕੇ ਅਮਲ ਕਰਨਾ ਹੀ ਅਸਲ ਪੂਜਾ ਹੈ।

ਪੁਜਾਰੀ
-ਪੂਜਾ ਕਰਨ ਵਾਲਾ। ਪੁਜਾਰੀ ਸ਼੍ਰੇਣੀ ਚਤੁਰ ਬ੍ਰਾਹਮਣ ਦੀ ਹੀ ਕਾਢ੍ਹ ਹੈ। ਅੱਜ ਮੰਦਰ ਦਾ ਪੰਡਿਤ, ਚਰਚ ਦਾ ਪਾਦਰੀ, ਗੁਰਦੁਆਰੇ ਦਾ ਭਾਈ ਅਤੇ ਮਸਜਿਦ ਦਾ ਮੁਲਾਂ ਬਹੁਤਾਤ ਵਿੱਚ ਪੁਜਾਰੀ ਵਾਲਾ ਰੋਲ ਹੀ ਕਰ ਰਹੇ ਹਨ। ਪੂਜਾ ਸ਼ਬਦ ਹੀ ਸੰਸਕ੍ਰਿਤ ਦਾ ਹੈ ਅਤੇ ਸੰਸਕ੍ਰਿਤ ਹਿੰਦੂ ਧਰਮ ਅਨੁਸਾਰ ਦੇਵ ਭਾਸ਼ਾ ਹੈ। ਕਰੋੜਾਂ ਹੀ ਦੇਵੀ ਦੇਵਤੇ ਮੰਨੇ ਗਏ ਹਨ ਅਤੇ ਹਰੇਕ ਦੀ ਵੱਖ-ਵੱਖ ਢੰਗ ਅਤੇ ਵੱਖ-ਵੱਖ ਸਮੱਗਰੀ ਨਾਲ ਬ੍ਰਾਹਮਣ ਪੁਜਾਰੀ ਰਾਹੀਂ ਪੂਜਾ ਕੀਤੀ ਤੇ ਕਰਾਈ ਜਾਂਦੀ ਹੈ। ਸਾਰੀ ਪੂਜਾ ਸਮੱਗਰੀ ਪੁਜਾਰੀ ਹੀ ਹੜੱਪ ਕਰ ਜਾਂਦਾ ਹੈ-ਭੋਗਣਹਾਰੇ ਭੋਗਿਆ ਇਸੁ ਮੂਰਤਿ ਕੇ ਮੁਖਿ ਛਾਰੁ॥ (479) ਪੁਜਾਰੀ ਨੇ ਆਪਣੀ ਪੇਟ ਪੂਰਤੀ ਲਈ ਤਰ੍ਹਾਂ-ਤਰ੍ਹਾਂ ਦੇ ਕਰਮਕਾਂਡ ਚਲਾ ਰੱਖੇ ਹਨ। ਸ਼ਰਧਾਲੂਆਂ ਨੂੰ ਸਵਰਗ ਦਾ ਲਾਲਚ ਅਤੇ ਨਰਕ ਦਾ ਡਰ ਦੇ ਕੇ, ਅੰਧ ਵਿਸ਼ਵਾਸ਼ੀ ਬਣਾ ਕੇ, ਪੂਜਾ ਭੇਟਾ ਦੇ ਨਾਂ ਤੇ ਲੁੱਟਿਆ ਜਾ ਰਿਹਾ ਹੈ। ਜਿਵੇਂ ਹਿੰਦੂਆਂ ਵਿੱਚ ਬ੍ਰਾਹਮਣ-ਪ੍ਰੋਹਿਤ ਅਤੇ ਮੁਸਲਮਾਨਾਂ ਵਿੱਚ ਕਾਜ਼ੀ, ਮੁਲਾਂ-ਮੌਲਾਣੇ ਹੀ ਸਾਰੀਆਂ ਧਾਰਮਿਕ ਰਸਮਾਂ ਨਿਭਾਉਂਦੇ ਹਨ ਤੇ ਬਾਕੀ ਅਵਾਮ ਨੂੰ ਉਨ੍ਹਾਂ ਤੇ ਹੀ ਡਿਪੈਂਡ ਹੋਣਾ ਪੈਂਦਾ ਹੈ ਪਰ ਸਿੱਖ ਕਿਸੇ ਪੁਜਾਰੀ ਦਾ ਮੁਥਾਜ ਨਹੀਂ, ਉਹ ਸਾਰੀਆਂ ਧਾਰਮਿਕ ਰਸਮਾਂ ਆਪ ਨਿਭਾ ਸਕਦਾ ਹੈ। ਗੁਰੂ ਸਾਹਿਬ ਜੀ ਨੇ ਸੰਗਤਾਂ ਨੂੰ ਇਹ ਅਜ਼ਾਦੀ ਦੇ ਕੇ ਚਿਰਾਂ ਤੋਂ ਚਲੇ ਆ ਰਹੇ ਪੁਜਾਰੀਵਾਦ ਦਾ ਫਸਤਾ ਵੱਢ ਦਿੱਤਾ ਪਰ ਜਦ ਗੁਰਦੁਆਰੇ ਉਦਾਸੀਆਂ, ਨਿਰਮਲਿਆਂ ਅਤੇ ਮਹੰਤਾਂ, ਸੰਪ੍ਰਦਾਈਆਂ ਦੇ ਹੱਥ ਆ ਗਏ ਤਾਂ ਪੁਜਾਰੀਵਾਦ ਦਾ ਬੋਲ ਬਾਲਾ ਫਿਰ ਹੋ ਗਿਆ। ਸਿੱਖ ਅਕਾਲ ਦਾ ਪੁਜਾਰੀ ਭਾਵ ਅਕਾਲ ਤੇ ਭਰੋਸਾ ਰੱਖਣ ਵਾਲਾ ਹੈ-ਠਾਕੁਰ ਕਾ ਸੇਵਕੁ ਸਦਾ ਪੁਜਾਰੀ॥ (285) ਏਕ ਨਾਮ ਕੋ ਥੀਓ ਪੂਜਾਰੀ॥ (209) ਉਪ੍ਰੋਕਤ ਤੁਕਾਂ ਵਿੱਚ ਪੁਜਾਰੀ ਸ਼ਬਦ ਧਾਰਮਿਕ ਰਸਮਾਂ ਨਿਭਾਉਣ ਜਾਂ ਪੂਜਾ ਅਰਦਾਸਾਂ ਕਰਨ ਵਾਲੇ ਬ੍ਰਾਹਮਣ ਜਾਂ ਗ੍ਰੰਥੀ ਭਾਈ ਲਈ ਨਹੀਂ ਹੈ।

ਪੁਜਾਰੀਆਂ ਦੇ ਫਤਵੇ
-ਈਸਾਈ ਪਾਦਰੀਆਂ ਭਾਵ ਪੁਜਾਰੀਆਂ ਦੇ ਫਤਵਿਆਂ ਨੇ ਇੱਕ ਮਹਾਨ ਵਿਗਿਆਨੀ ਗੈਲੀਲੀਓ ਨੂੰ ਜੇਲ੍ਹ ਦੀਆਂ ਸੀਖਾਂ ਪਿਛੇ ਡੱਕ ਕੇ ਜਲੀਲ ਕੀਤਾ, ਪਾਦਰੀਆਂ ਦੀ ਈਨ ਮੰਨਣ ਲਈ ਕਿਹਾ ਪਰ ਸੱਚ ਦਾ ਹੋਕਾ ਦੇਣ ਵਾਲਾ ਗੈਲੀਲੀਓ ਵਿਗਿਆਨਕ ਸੱਚ ਤੋਂ ਪਿਛੇ ਨਾਂ ਹਟਿਆ ਅਤੇ ਕੁਰਬਾਨ ਹੋ ਗਿਆ। ਇਸਲਾਮ ਦੇ ਮੁਲਾਣਿਆਂ ਨੇ ਸਰਮਦ ਵਰਗੇ ਸੂਫੀ ਫਕੀਰ ਨੂੰ ਇਸ ਕਰਕੇ ਮਰਵਾ ਦਿੱਤਾ ਕਿ ਉਸ ਨੇ ਉਨ੍ਹਾਂ ਦੀ ਸ਼ਰ੍ਹਾ ਨਹੀਂ ਕਬੂਲੀ। ਸ਼ੰਕਰਚਾਰੀਆ ਵਰਗੇ ਬ੍ਰਾਹਮਣ ਪੁਜਾਰੀਆਂ ਨੇ ਬੁੱਧ ਵਰਗੇ ਬੁੱਧੀਜੀਵੀਆਂ ਨੂੰ ਭਾਰਤ ਵਿੱਚੋਂ ਕੱਢ ਦਿੱਤਾ।

ਪੁਜਾਰੀ ਵਰਗ ਨੇ ਕਦੇ ਵੀ ਵਿਗਿਆਨਕ ਸੱਚ ਨਹੀਂ ਕਬੂਲਿਆ। ਇਨ੍ਹਾਂ ਦੇ ਚਲਾਏ ਕਰਮਕਾਂਡਾਂ ਦਾ ਭਰਵਾਂ ਖੰਡਨ ਕਰਨ ਵਾਲੇ ਭਗਤ ਕਬੀਰ ਜੀ, ਨਾਮਦੇਵ ਜੀ ਅਤੇ ਰਵਿਦਾਸ ਜੀ ਵਰਗੇ ਉੱਚ ਕੋਟੀ ਦੇ ਭਗਤਾਂ ਦੀ ਰੱਜ ਕੇ ਵਿਰੋਧਤਾ ਕੀਤੀ ਅਤੇ ਵਕਤ ਦੇ ਰਾਜਿਆਂ ਕੋਲੋਂ ਭਿਆਨਕ ਤਸੀਹੇ ਦਿਵਾਏ। ਪੁਜਾਰੀ ਵਰਗ ਨੇ ਸਭ ਤੋਂ ਵੱਧ ਵਿਰੋਧਤਾ ਗੁਰੂ ਨਾਨਕ ਸਾਹਿਬ ਦੀ ਕੀਤੀ, ਉਨ੍ਹਾਂ ਨੂੰ ਕੁਰਾਹੀਆ, ਭੂਤਨਾ ਅਤੇ ਬੇਤਾਲਾ ਵੀ ਕਿਹਾ-ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ॥ (991) ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਜੀ ਨੂੰ ਬੜੀ ਬੇਦਰਦੀ ਨਾਲ ਸ਼ਹੀਦ ਕਰਾਉਣ ਵਿੱਚ ਵੀ ਬੀਰਬਲ ਬ੍ਰਾਹਮਣ, ਚੰਦੂ ਸ਼ਵਾਈਆ, ਮੁਹੰਮਦ ਬਾਕੀ ਬਿੱਲਾ, ਸ਼ੇਖ ਅਹਿਮਦ ਸਰਹਦੀ ਅਤੇ ਸ਼ੇਖ ਫਰੀਦ ਬੁਖਾਰੀ ਆਦਿਕ ਅਖੌਤੀ ਧਾਰਮਿਕ ਲੀਡਰਾਂ ਅਤੇ ਪੁਜਾਰੀਆਂ ਦਾ ਪੂਰਾ ਹੱਥ ਸੀ ਜਿਨ੍ਹਾਂ ਨੇ ਕੰਨਾਂ ਦੇ ਕੱਚੇ ਬਾਦਸ਼ਾਹ ਜਹਾਂਗੀਰ ਦੇ ਰੱਜ ਕੇ ਕੰਨ ਭਰੇ। ਅੰਮ੍ਰਿਤਸਰ ਦੇ ਮਸੰਦ ਪੁਜਾਰੀਆਂ ਨੇ ਵੈਰਾਗ-ਤਿਆਗ ਦੀ ਮੂਰਤਿ ਗੁਰੂ ਤੇਗ ਬਹਾਦਰ ਜੀ ਨੂੰ ਸ੍ਰੀ ਦਰਬਾਰ ਸਾਹਿਬ ਅੰਦਰ ਨਾਂ ਆਣ ਦਿੱਤਾ, ਸਾਰੇ ਦਰਵਾਜੇ ਬੰਦ ਕਰ ਦਿੱਤੇ ਤਾਂ ਗੁਰੂ ਨੂੰ ਕਹਿਣਾ ਪਿਆ-ਹੋ ਮਸੰਦ ਤੁਮ ਅੰਮ੍ਰਿਤਸਰੀਏ। ਤ੍ਰਿਸ਼ਨਾ ਅਗਨਿ ਤੇ ਅੰਤਰਿਸੜੀਏ। (ਸੂਰਜ ਪ੍ਰਕਾਸ਼) ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ-ਪੰਥ ਨੂੰ ਗੁਰਤਾ ਦੇ ਕੇ ਇਹ ਪ੍ਰਥਾ ਹੀ ਬੰਦ ਕਰ ਦਿੱਤੀ। ਹਰੇਕ ਸਿੱਖ ਆਪ ਹੀ ਗੁਰਬਾਣੀ ਦਾ ਪਾਠ, ਕੀਰਤਨ ਵਿਚਾਰ ਅਤੇ ਅਰਦਾਸ ਕਰ ਸਕਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ, ਕਾਫੀ ਸਮਾਂ ਸਿੱਖਾਂ ਨੂੰ ਮੁਗਲੀਆ ਹਕੂਮਤ ਨਾਲ ਜੂਝਦੇ ਜੰਗਲਾਂ ਵਿੱਚ ਰਹਿਣਾ ਪਿਆ, ਤਾਂ ਉਦਾਸੀ ਅਤੇ ਨਿਰਮਲੇ ਸਾਧ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਦੇ ਰਹੇ। ਇਨ੍ਹਾਂ ਉੱਤੇ ਬਨਾਰਸ ਕਾਂਸ਼ੀ ਵਿਖੇ ਵਿਦਿਆ ਪੜ੍ਹਨ ਕਰਕੇ, ਬ੍ਰਾਹਮਣ ਦੀ ਸੰਗਤ ਦਾ ਅਸਰ ਸੀ। ਇਸ ਕਰਕੇ ਗੁਰਦੁਆਰਿਆਂ ਵਿੱਚ ਵੀ ਪੁਜਾਰੀਵਾਦ ਸ਼ੁਰੂ ਹੋ ਗਿਆ। ਮਹਾਂਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਉਸ ਨੇ ਸੈਂਕੜੇ ਏਕੜ ਜ਼ਮੀਨਾਂ ਧਰਮ ਅਸਥਾਨਾਂ ਦੇ ਨਾਂ ਲਵਾ ਦਿੱਤੀਆਂ। ਸਿੱਖ ਅਮੀਰ ਹੋ ਗਏ, ਪੁਜਾਰੀਆਂ ਕੋਲੋਂ ਹੀ ਪਾਠ ਪੂਜਾ ਕਰਵਾਉਣ ਲੱਗ ਪਏ। ਇਉਂ ਪੁਜਾਰੀ ਹੋਰ ਚਾਮਲ ਗਏ ਅਤੇ ਕਈ ਵਿਧੀ ਵਿਧਾਨ ਵਾਲੇ ਪਾਠ ਚਲਾ ਕੇ ਪੈਸੇ ਦੇ ਰੂਪ ਵਿੱਚ ਪੂਜਾ ਭੇਟਾ ਲੈਣ ਲੱਗ ਪਏ। ਵੱਖ-ਵੱਖ ਡੇਰਿਆਂ ਵਿੱਚ ਪਾਠਾਂ ਦੀਆਂ ਇਕੋਤਰੀਆਂ ਚਲਾ ਦਿੱਤੀਆਂ। ਆਮ ਸ਼ਰਧਾਲੂ ਨੂੰ ਗੁਰਬਾਣੀ ਪਾਠ ਦੇ ਨੇੜੇ ਨਾਂ ਲੱਗਣ ਦਿੱਤਾ ਕਿ ਤੁਸੀਂ ਪਾਠ ਸ਼ੁੱਧ ਨਹੀਂ ਕਰ ਸਕਦੇ, ਸਾਡੇ ਡੇਰੇ ਦੇ ਪਾਠੀ ਟਕਸਾਲੀ ਹਨ, ਉਨ੍ਹਾਂ ਤੋਂ ਪਾਠ ਕਰਵਾਓ ਤਾਂ ਕਾਰਜ ਰਾਸ ਹੋਣਗੇ। ਇਸ ਲਾਲਚ ਅਤੇ ਵਹਿਮ ਵਿੱਚ ਲੋਕ ਪੁਜਾਰੀਆਂ ਤੋਂ ਹੀ ਪਾਠ-ਅਰਦਾਸਾਂ ਕਰਾਉਣ ਲੱਗ ਪਏ।

ਫਿਰ ਸਿੰਘ ਸਭਾ ਲਹਿਰ ਉੱਠੀ ਉਸ ਨੇ ਕੁਕਰਮੀ ਮਹੰਤਾਂ ਨੂੰ ਤਾਂ ਧਰਮ ਅਸਥਾਨਾਂ ਵਿੱਚੋਂ ਕੱਢ ਦਿੱਤਾ ਕਿਉਂਕਿ ਮਹੰਤ ਨਰੈਣੂ ਵਰਗੇ ਸ਼ਰੇਆਮ ਗੁਰਦੁਆਰਿਆਂ ਵਿੱਚ ਸ਼ਰਾਬਾਂ ਪੀਣ ਅਤੇ ਕੰਜਰੀਆਂ ਨਚਾਉਣ ਲੱਗ ਪਏ ਸਨ। ਇਉਂ ਮਹੰਤਾਂ ਦੇ ਧਰਮ ਅਸਥਾਨਾਂ ਵਿੱਚੋਂ ਕੱਢੇ ਜਾਣ ਕਰਕੇ ਕੁੱਝ ਸਮਾਂ ਸਿੱਖ ਮਰਯਾਦਾ ਬਹਾਲ ਰਹੀ ਪਰ ਡੇਰਿਆਂ ਦੇ ਪੜ੍ਹੇ ਰਾਗੀ-ਗ੍ਰੰਥੀ ਵੀ ਪੁਜਾਰੀਆਂ ਵਾਲਾ ਰੋਲ ਹੀ ਅਦਾ ਕਰਦੇ ਸਨ। ਹੌਲੀ ਹੌਲੀ ਇਨ੍ਹਾਂ ਨੇ ਆਪਣੇ ਆਪ ਨੂੰ ਸੰਤ ਕਹਾਉਣਾ ਸ਼ੁਰੂ ਕਰ ਦਿੱਤਾ। ਜਿਸ ਦਾ ਸਿੱਟਾ ਨਕਲੀ ਨਿਰੰਕਾਰੀ, ਰਾਧਾ ਸੁਆਮੀ, ਆਸ਼ੂਤੋਸ਼, ਭਨਿਆਰੇ ਵਾਲਾ, ਪਹੇਵੇ ਵਾਲਾ, ਸਰਸੇ ਵਾਲਾ ਬਹੁਰੂਪੀਆ ਸਾਧ ਅਤੇ ਅਨੇਕਾਂ ਹੋਰ ਡੇਰੇ ਅਤੇ ਸੰਪ੍ਰਦਾਈ ਆਪੋ ਆਪਣੀ ਮਰਯਾਦਾ ਚਲਾ ਕੇ ਸਿੱਖ ਸੰਗਤ ਨੂੰ ਗੁਮਰਾਹ ਕਰਕੇ ਦੋਹੀਂ ਹੱਥੀਂ ਲੁੱਟਣ, ਆਪਣੇ ਆਪ ਨੂੰ ਮੱਥੇ ਟਿਕਾਉਣ ਅਤੇ ਆਪਣੇ ਚਰਨਾਂ ਦੀ ਪੂਜਾ ਵੀ ਕਰਵਾਉਣ ਲੱਗ ਪਏ। ਹਿੰਦੂ ਪੁਜਾਰੀਆਂ ਦੀ ਤਰ੍ਹਾਂ ਵਰ ਸਰਾਪ ਦੇਣੇ ਸ਼ੁਰੂ ਕਰ ਦਿੱਤੇ। ਤਰ੍ਹਾਂ-ਤਰ੍ਹਾਂ ਦੀਆਂ ਧੂਪ ਸਮੱਗਰੀਆਂ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਕਰਣੀ-ਕਰਵਾਉਣੀ ਆਰੰਭ ਕਰ ਦਿੱਤੀ ਭਾਵ ਸਿੱਖ ਸੰਗਤਾਂ ਨੂੰ ਵੀ ਗੁਰੂ ਗ੍ਰੰਥ ਜੀ ਨੂੰ ਬੁੱਤਾਂ ਦੀ ਤਰ੍ਹਾਂ ਪੂਜਣ ਤੇ ਲਾ ਦਿੱਤਾ। ਮਨਘੜਤ ਸਾਖੀਆਂ ਸੁਣਾ-ਸੁਣਾ ਆਪਣੇ ਵੱਡੇ ਸੰਤਾਂ ਨੂੰ ਹੀ ਮਹਾਂਰਾਜ ਕਹਿਣ ਤੇ ਕਹਾਉਣ ਲੱਗ ਪਏ। ਫਿਰ ਗ੍ਰੰਥੀਆਂ ਦੇ ਰੂਪ ਵਿੱਚ ਮਹਾਂਨ ਤਖਤਾਂ ਤੇ ਵੀ ਜਾ ਬਿਰਾਜੇ ਅਤੇ ਸਿੰਘ ਸਭਾ ਦੇ ਮੋਢੀਆਂ ਪ੍ਰੋ. ਗੁਰਮੁਖ ਸਿੰਘ ਵਰਗਿਆਂ ਨੂੰ ਤਖਤਾਂ ਤੋਂ ਫਤਵੇ ਜਾਰੀ ਕਰ ਕੇ ਪੰਥ ਚੋਂ ਛੇਕ ਦਿੱਤਾ। ਫਿਰ ਬਾਅਦ ਵਿੱਚ ਗਿ. ਭਾਗ ਸਿੰਘ ਅੰਬਾਲੇ ਵਰਗੇ ਉੱਚਕੋਟੀ ਦੇ ਵਿਦਵਾਨ ਨੂੰ ਵੀ ਪੰਥ ਚੋਂ ਖਾਰਜ ਕਰ ਦਿੱਤਾ। ਐਸ ਵੇਲੇ ਬਹੁਤਾਤ ਸਿੱਖਾਂ ਵਿੱਚ ਬਿਪਰਨ ਕੀਆਂ ਰੀਤਾਂ ਹੀ ਚੱਲ ਰਹੀਆਂ ਹਨ। ਆਪਣੇ ਆਪ ਨੂੰ ਪੰਥ ਦੀਆਂ ਸਿਰਮੌਰ ਜਥੇਬੰਦੀਆਂ ਅਖਵਾਉਣ ਵਾਲੀਆਂ ਟਕਸਾਲਾਂ, ਸੰਪ੍ਰਦਾਵਾਂ ਅਤੇ ਡੇਰੇ ਬਹੁਤਾ ਕਰਕੇ ਬ੍ਰਾਹਮਣੀ ਕਰਮਕਾਂਡ (ਬਿਪਰ ਰੀਤਾਂ) ਹੀ ਕਰੀ-ਕਰਾਈ ਜਾ ਰਹੇ ਹਨ। ਜਦ ਇਨ੍ਹਾਂ ਬਿਪਰ ਰੀਤਾਂ ਦੇ ਵਿਰੁੱਧ ਇੱਕ ਪ੍ਰਵਾਸੀ ਭਾਰਤੀ ਕਨੇਡਾ ਨਿਵਾਸੀ ਸ੍ਰ. ਗੁਰਬਖਸ਼ ਸਿੰਘ “ਕਾਲਾ ਅਫਗਾਨਾ” ਨੇ ਜੋਰਦਾਰ ਅਵਾਜ਼ ਉਠਾਉਂਦੇ ਹੋਏ “ਬਿਪਰਨ ਕੀ ਰੀਤ ਤੋ ਸੱਚ ਦਾ ਮਾਰਗ” ਪੁਸਤਕ ਦਸ ਭਾਗਾਂ ਵਿੱਚ ਲਿਖ ਕੇ ਸਿੱਖ ਕੌਮ ਨੂੰ ਜਾਗਰਿਤ ਕਰਨ ਦੀ ਕਠਿਨ ਕੋਸ਼ਿਸ਼ ਕੀਤੀ ਤਾਂ ਵੇਦਾਂਤੀ ਵਰਗੇ ਪੁਜਾਰੀਆਂ ਨੇ ਉਸ ਦਾ ਪੱਖ ਸੁਣੇ ਬਗੈਰ ਹੀ ਕੁਝਕੁ ਬ੍ਰਾਹਮਣਵਾਦੀ ਸੰਪ੍ਰਦਾਵਾਂ ਦੇ ਦਬਾ ਕਰਕੇ ਬੜੀ ਬੇਦਰਦੀ ਨਾਲ ਪੰਥ ਚੋਂ ਛੇਕ ਦਿੱਤਾ। ਰੋਜ਼ਾਨਾ ਸਪੋਕਸਮੈਨ ਦੇ ਸੰਚਾਕ ਤੇ ਸੰਪਾਦਕ ਸ੍ਰ. ਜੋਗਿੰਦਰ ਸਿੰਘ ਜੋ ਪੇਪਰ ਰਾਹੀਂ ਸੱਚ ਦੀ ਅਵਾਜ਼ ਬੁਲੰਦ ਕਰਕੇ ਸਿੱਖ ਸੰਗਤ ਨੂੰ ਵਹਿਮ ਭਰਮ, ਕਰਮਕਾਂਡ ਛੱਡਣ ਲਈ ਆਪਣੀ ਅਤੇ ਆਪਣੇ ਵਿਦਵਾਨ ਲੇਖਕਾਂ ਦੀ ਲੇਖਣੀ ਰਾਹੀਂ ਸਿਆਸੀ ਆਗੂਆਂ ਦੇ ਪੋਲ ਖੋਲ੍ਹ ਰਹੇ ਸਨ ਅਤੇ ਸ੍ਰ. ਗੁਰਬਖਸ਼ ਸਿੰਘ ਜੀ “ਕਾਲਾ ਅਫਗਾਨਾ” ਵਰਗੇ ਉੱਚ ਕੋਟੀ ਦੇ ਵਿਦਵਾਨਾਂ, ਜੋ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਦਾ ਪ੍ਰਚਾਰ ਕਰਦੇ ਹਨ, ਦੀਆਂ ਕ੍ਰਾਂਤੀਕਾਰੀ ਰਚਨਾਵਾਂ ਨੂੰ “ਸਪੋਕਸਮੈਨ” ਵਿੱਚ ਛਾਪਣਾ ਸ਼ੁਰੂ ਕਰ ਦਿੱਤਾ ਤਾਂ ਇਨ੍ਹਾਂ ਬ੍ਰਾਹਮਣਵਾਦੀ ਪੁਜਾਰੀਆਂ ਦਾ ਹੁਕਨਾਮੇ ਰੂਪ ਕੁਹਾੜਾ ਸਪੋਕਸਮੈਨ ਦੇ ਮੁਖ ਸੰਪਾਦਕ ਸ੍ਰ. ਜੋਗਿੰਦਰ ਸਿੰਘ ਤੇ ਵੀ ਚੱਲ ਗਿਆ। ਅਖੌਤੀ ਦਸਮ ਗ੍ਰੰਥ ਦੀ ਅਸ਼ਲੀਲ ਰਚਨਾਂ ਤ੍ਰਿਆ-ਚਰਿਤ੍ਰ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਤੌਹੀਨ ਕਰਦੀ ਹੈ, ਦੇ ਬਾਰੇ ਜਦ ਪ੍ਰੋ. ਦਰਸ਼ਨ ਸਿੰਘ ਖਾਲਸਾ (ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ) ਨੇ ਸੰਗਤਾਂ ਨੂੰ ਜਾਗ੍ਰਿਤ ਕੀਤਾ ਤਾਂ ਲਾਂਬੇ ਵਰਗੇ ਪੰਥ ਦੋਖੀਆਂ ਦੀ ਚੁੱਕਣਾਂ ਵਿੱਚ ਆ ਕੇ ਦਸਮ ਗ੍ਰੰਥ ਦੇ ਪੁਜਾਰੀ ਸੰਪ੍ਰਦਾਈ ਜਥੇਦਾਰ ਗੁਰਬਚਨ ਸਿੰਘ ਨੇ ਉਨ੍ਹਾਂ ਦਾ ਪੱਖ ਸੁਣੇ ਬਗੈਰ ਹੀ ਪੰਥ ਚੋਂ ਛੇਕ ਦਿੱਤਾ। ਅੱਜ ਇਹ ਪੁਜਾਰੀ ਦਸਮ ਗ੍ਰੰਥ ਵਰਗੀ ਅਸ਼ਲੀਲ ਰਚਨਾ ਨੂੰ ਗੁਰੂ ਦੀ ਬਾਣੀ ਦੇ ਬਰਾਬਰ ਦਰਜਾ ਦੇ ਕੇ ਗੁਰੂਆਂ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਤੇ ਵੀ ਆਪਣੀ ਹਉਂਮੈ ਭਰੀ ਧੌਂਕ ਦਾ ਕੁਹਾੜਾ ਚਲਾ ਰਹੇ ਹਨ। ਇਨ੍ਹਾਂ ਨੂੰ ਇਹ ਗੁਰੂ ਦਾ ਹੁਕਮ “ਗੁਰੂ ਮਾਨਿਓਂ ਗ੍ਰੰਥ” ਭੁਲ ਗਿਆ ਹੈ ਜਾਂ ਕਿਸੇ ਸਾਜਿਸ ਸਦਕਾ “ਅਖੌਤੀ ਦਸਮ ਗ੍ਰੰਥ” ਵਰਗੀ ਅਸ਼ਲੀਲ ਪੁਸਤਕ ਨੂੰ ਰੱਬੀ ਗਿਆਨ ਦੇ ਭੰਡਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰਬਰ ਪ੍ਰਕਾਸ਼ ਕਰ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਿਆਂ ਨੂੰ ਪੰਥ ਚੋਂ ਛੇਕਣ ਦੇ ਆਦੇਸ਼ ਦਿੱਤੇ ਜਾ ਰਹੇ ਹਨ ਅਤੇ “ਅਖੌਤੀ ਗੰਦੀਆਂ ਕਵਿਤਾਵਾਂ ਨਾਲ ਭਰੇ ਗ੍ਰੰਥ” ਦਾ ਪ੍ਰਕਾਸ਼ ਤੇ ਪਾਠ ਕਰਨ ਵਾਲਿਆਂ ਨੂੰ ਸਿਰੋਪੇ ਦਿੱਤੇ ਜਾ ਰਹੇ ਹਨ। ਇਹ ਪੁਜਾਰੀਵਾਦ ਦੀ ਸਿੱਖਰ ਨਹੀਂ ਕਿ ਇੱਕ ਵੀ ਡੇਰੇਦਾਰ, ਸੰਪ੍ਰਦਾਈ ਜਾਂ ਬਾਦਲ ਪੱਖੀ ਜੋ ਡੇਰਾਵਾਦ ਨੂੰ ਬੜਾਵਾ ਦਿੰਦਾ ਹੈ ਅਤੇ ਅਕਾਲ ਤਖਤ ਦੀ ਮਰਯਾਦਾ ਦੀਆਂ ਧੱਜੀਆਂ ਉਡਾ ਕੇ ਸ਼ਰੇਆਮ ਉਲੰਘਣਾ ਕਰਦਾ ਹੈ ਨੂੰ ਕਦੇ ਆਦੇਸ਼ ਦੇ ਕੇ ਪੰਥ ਚੋਂ ਛੇਕਿਆ ਹੋਵੇ। ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰੋਲ ਬਾਣੀ ਦਾ ਪ੍ਰਚਾਰ ਕਰਨਾ ਕੋਈ ਗੁਨਾਹ ਹੈ? ਜਿਸ ਕਰਕੇ ਗੁਰਸਿੱਖ ਵਿਦਵਾਨਾਂ ਦੀ ਜ਼ਬਾਨ ਅਤੇ ਕਲਮ ਬੰਦ ਕਰਵਾਈ ਜਾ ਰਹੀ ਹੈ? ਰਸਮੀ ਅਖੰਡ ਪਾਠ ਕਰ ਕਰਵਾ ਕੇ ਮਾਇਆ ਇਕੱਠੀ ਕਰਨੀ ਪੂਜਾ-ਪੁਜਾਰੀਵਾਦ ਨਹੀਂ ਤਾਂ ਹੋਰ ਕੀ ਹੈ?

ਗੁਰੂ ਕੇ ਵਜ਼ੀਰ ਜਾਂ ਪ੍ਰਬੰਧਕਾਂ ਦੇ ਨੌਕਰ
-ਵਜ਼ੀਰ ਅਰਬੀ ਭਾਸ਼ਾ ਦਾ ਲਫਜ਼ ਹੈ ਅਤੇ ਇਸ ਦੇ ਅਰਥ ਹਨ-ਮੰਤ੍ਰੀ ਰਾਜੇ ਨੂੰ ਨੇਕ ਸਲਾਹ ਦੇਣ ਵਾਲਾ। ਚਾਣਕੀਆ ਆਪਣੇ ਸੂਤ੍ਰਾਂ ਵਿੱਚ ਲਿਖਦਾ ਹੈ ਕਿ ਕਰਨ ਅਤੇ ਨਾਂ ਕਰਨਯੋਗ ਕੰਮ ਦੀ ਅਸਲੀਅਤ ਨੂੰ ਸਮਝਣ ਵਾਲਾ। ਪਰ ਗੁਰਮਤਿ ਵਿੱਚ ਅਕਾਲਪੁਰਖ ਆਪੇ ਹੀ ਮਾਲਕ (ਰਾਜਾ) ਅਤੇ ਆਪ ਹੀ ਸਲਾਹਕਾਰ (ਵਜ਼ੀਰ) ਹੈ-ਆਪੇ ਸਾਹਿਬੁ ਆਪਿ ਵਜੀਰੁ॥ (159) ਗੁਰੂ ਕਾ ਵਜ਼ੀਰ ਲਫਜ਼ ਸਿੱਖ ਇਤਿਹਾਸ ਵਿੱਚ ਕਿਤੇ ਨਹੀਂ ਮਿਲਦਾ। ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਮਹਾਂਨਕੋਸ਼ ਅਤੇ ਗੁਰਮਤਿ ਮਾਰਤੰਡ ਗ੍ਰੰਥਾਂ ਵਿੱਚ “ਗੁਰੂ ਕਾ ਅੰਬ, ਗੁਰੂ ਕਾ ਕੋਠਾ, ਗੁਰੂ ਕਾ ਖੂਹ, ਗੁਰੂ ਕਾ ਚਾਕ, ਗੁਰੂ ਕਾ ਬਾਗ, ਗੁਰੂ ਕਾ ਬਾਜਾਰ, ਗੁਰੂ ਕੀ ਬੀੜ, ਗੁਰੂ ਕਾ ਲਹੌਰ, ਗੁਰੂ ਕੀ ਕਾਂਸ਼ੀ, ਗੁਰੂ ਕੀ ਟਾਹਲੀਆਂ, ਗੁਰੂ ਕੀ ਰੌੜ, ਗੁਰੂ ਕੇ, ਗੁਰੂ ਕੇ ਮਹਲ, ਗੁਰੂ ਕੇ ਮਹਿਲ” ਆਦਿਕ ਲਫਜ਼ ਵਰਤੇ ਹਨ ਪਰ ਗੁਰੂ ਕਾ ਵਜ਼ੀਰ ਕਿਤੇ ਨਹੀਂ ਲਿਖਿਆ। ਗੁਰਮਤਿ ਵਿਖੇ ਇਹ ਤਖਲਸ ਤਾਂ ਮਿਲਦੇ ਹਨ ਜਿਵੇਂ ਮਾਈ, ਭਾਈ, ਬਾਬਾ, ਗੁਰਮੁਖ, ਗੁਰਸਿੱਖ, ਸੇਵਕ, ਗੁਰਸੇਵਕ, ਟਹਿਲੀਆ, ਗੁਲਾਮ, ਵਣਜਾਰਾ, ਪਹਿਰੂਆ, ਮਿਤਰ, ਪਿਆਰਾ, ਗ੍ਰੰਥੀ, ਰਾਗੀ, ਢਾਡੀ, ਕੀਰਤਨੀਆਂ, ਮੁਖੀ, ਗੁਰੂ ਪੰਥੀਆ, ਧਰਮਸਾਲੀਆ, ਗਿਆਨੀ ਆਦਿਕ। ਗੁਰੂ ਕਾ ਵਜ਼ੀਰ ਅਜੋਕੇ ਸਮੇਂ ਵਿੱਚ ਹੀ ਪ੍ਰਚਲਤ ਕੀਤਾ ਗਿਆ ਹੈ। ਸਿੱਖ ਧਰਮ ਵਿੱਚ ਗੁਰੂ ਹੀ ਸਰਬੋਤਮ ਹੈ। ਗੁਰੂ ਸਮਗਰ ਗਿਆਨ ਦਾ ਸੋਮਾ ਹੈ। ਗੁਰੂ ਕੋਈ ਦੇਹਧਾਰੀ ਨਹੀਂ ਸਗੋਂ ਸ਼ਬਦ ਗੁਰੂ ਹੈ, ਜਿਸ ਨੂੰ ਕਿਸੇ ਪੰਜ ਭੂਤਕ ਸਲਾਹਕਾਰ ਦੀ ਲੋੜ ਨਹੀਂ। ਅਜੋਕੇ ਗ੍ਰੰਥੀ ਸਿੰਘ ਜਿੰਨ੍ਹਾਂ ਨੂੰ “ਗੁਰੂ ਕੇ ਵਜ਼ੀਰ” ਕਿਹਾ ਜਾਂਦਾ ਹੈ ਜਾਂ ਉਹ ਆਪਣੇ ਆਪ ਨੂੰ ਕਹਾਉਂਦੇ ਹਨ। ਕੀ ਵਾਕਿਆ ਹੀ ਉਹ ਵਜ਼ੀਰ ਹਨ ਜਾਂ ਨੌਕਰ? ਗੁਰਦੁਆਰੇ ਵਿੱਚ ਸਲਾਹ ਪ੍ਰਬੰਧਕਾਂ ਦੀ ਚਲਦੀ ਹੈ ਜਾਂ ਗ੍ਰੰਥੀਆਂ ਦੀ? ਕੀ ਗ੍ਰੰਥੀ ਪ੍ਰਬੰਧਕਾਂ ਤੋਂ ਤਨਖਾਹ ਨਹੀਂ ਲੈਂਦੇ ਹਨ? ਜਦੋਂ ਮਰਜੀ ਪ੍ਰਬੰਧਕ ਉਨ੍ਹਾਂ ਨੂੰ ਨੌਕਰੀ ਤੋਂ ਫਾਰਗ ਕਰ ਦਿੰਦੇ ਹਨ, ਫਿਰ ਉਹ ਗੁਰੂ ਕੇ ਵਜ਼ੀਰ ਕਿਧਰ ਦੇ ਹੋਏ? ਗੰਥੀ ਸਿੰਘਾਂ ਨੇ ਆਪਣੇ ਹੱਕਾਂ ਲਈ ਜੂਝਣ ਵਾਸਤੇ ਗ੍ਰੰਥੀ ਸਭਾ ਤਾਂ ਬਣਾਈਆਂ ਹੋਈਆਂ ਹਨ ਪਰ ਅੱਜ ਤੱਕ ਕੋਈ “ਗੁਰੂ ਕੇ ਵਜ਼ੀਰ ਸਭਾ” ਨਹੀਂ ਬਣੀ, ਗ੍ਰਥੀ ਸਭਾ ਹੈ, ਰਾਗੀ ਸਭਾ ਹੈ, ਢਾਡੀ ਸਭਾ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਸਿੱਖੀ ਵਿੱਚ “ਗੁਰੂ ਕਾ ਵਜ਼ੀਰ” ਕੋਈ ਪ੍ਰਥਾ ਨਹੀਂ। ਸਿੱਖਾਂ ਵਿੱਚ ਬ੍ਰਾਹਮਣਾਂ ਵਾਂਗ ਕੋਈ ਵਿਸ਼ੇਸ਼ ਮਹੰਤ, ਪ੍ਰੋਹਤ ਜਾਂ ਗ੍ਰੰਥੀ ਪੁਜਾਰੀ ਨਹੀਂ ਜਿਸ ਤੋਂ ਪੁੱਛ ਕੇ ਸਾਰੇ ਕੰਮ ਕੀਤੇ ਜਾਣ। ਆਪਣੀ ਕਿਰਤ-ਵਿਰਤ ਕਰਦਾ ਹੋਇਆ, ਹਰੇਕ ਗੁਰਸਿੱਖ, ਮਾਈ-ਭਾਈ, ਸਿੱਖ-ਸੇਵਕ ਆਪ ਗੁਰਬਾਣੀ ਦਾ ਪਾਠ, ਕੀਰਤਨ, ਕਥਾ ਵੀਚਾਰ, ਪ੍ਰਚਾਰ ਅਤੇ ਅਰਦਾਸ ਕਰ ਸਕਦਾ ਹੈ। ਇਸ ਕਰਕੇ ਗੁਰੂ “ਗੁਰੂ” ਹੀ ਹੈ ਅਤੇ ਸਿੱਖ “ਸਿੱਖ” ਹੀ ਹਨ। ਹਰੇਕ ਸਿੱਖ ਮਾਈ-ਭਾਈ ਹੀ ਗ੍ਰੰਥੀ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਆਪ ਪਾਠ ਕਰਦਾ, ਵੀਚਾਰਦਾ ਅਤੇ ਧਾਰਦਾ ਹੈ। ਗ੍ਰੰਥੀਆਂ ਨੂੰ “ਗੁਰੂ ਕੇ ਵਜ਼ੀਰ” ਹੋਣ ਦਾ ਹੰਕਾਰ ਛੱਡ ਕੇ ਗੁਰਸਿੱਖ ਦੇ ਤੌਰ ਤੇ ਵਿਚਰਨਾ ਚਾਹੀਦਾ ਹੈ। ਮਾਇਆ ਖਾਤਰ ਬੇਗਿਆਨੇ, ਬੇਧਿਆਨੇ, ਹੰਕਾਰੀ ਅਤੇ ਪਾਰਟੀਬਾਜ ਪ੍ਰਬੰਧਕਾਂ ਦੇ ਅੱਗੇ-ਪਿੱਛੇ ਗੇੜੇ ਨਹੀਂ ਮਾਰਨੇ ਚਾਹੀਦੇ।

ਪੂਜਣ ਵਾਲਿਆਂ ਦੇ ਧਿਆਨਯੋਗ
-ਸਦਾ ਯਾਦ ਰੱਖੋ “ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ, ਦਿਦਾਰ ਖ਼ਾਲਸੇ ਦਾ” ਹੀ ਸਿੱਖੀ ਸਿਧਾਂਤ ਹੈ। ਪੂਜਾ-ਪੁਜਾਰੀਵਾਦ ਅਤੇ ਅਖੌਤੀ ਵਜ਼ੀਰਪੁਣਾ ਸਿੱਖੀ ਦਾ ਸਿਧਾਂਤ ਨਹੀਂ ਬਾਹਰੋਂ ਆਈ ਅਮਰਵੇਲ ਹੈ ਜੋ ਸਿੱਖੀ ਦੇ ਵਧਦੇ ਫੁਲਦੇ ਬੂਟੇ ਨੂੰ ਦਿਨੋ-ਦਿਨ ਖਾਈ ਜਾ ਰਹੀ ਹੈ। ਸਿੱਖ ਕਿਰਤੀ ਹੈ, ਸੇਵਾਦਾਰ ਹੈ, ਨਾਮ ਰਸੀਆ ਹੈ, ਸਿਖਿਆਰਥੀ ਹੈ, ਜਥੇਦਾਰ ਹੈ, ਸਰਦਾਰ ਹੈ, ਡਾਕਟਰ, ਇੰਨਜੀਨੀਅਰ, ਸਾਇੰਸਦਾਨ, ਵਿਗਿਆਨੀ, ਖੇਡਾਰੀ, ਸਿਪਾਹੀ, ਫੌਜੀ, ਸ਼ਹੀਦ, ਪ੍ਰਚਾਰਕ, ਲਿਖਾਰੀ ਅਤੇ ਵਾਪਾਰੀ ਤਾਂ ਹੋ ਸਕਦਾ ਹੈ ਪਰ ਪੁਜਾਰੀ-ਸੰਪ੍ਰਦਾਈ ਨਹੀਂ। ਪੂਜਾ-ਪੁਜਾਰੀਵਾਦ ਦਾ ਜੂਲਾ ਮਨੁੱਖਤਾ ਦੇ ਗਲੋਂ ਗਰੂਆਂ-ਭਗਤਾਂ ਨੇ ਲਾਹਿਆ ਸੀ ਜੋ ਅੱਜ ਫਿਰ ਪਾਇਆ ਜਾ ਰਿਹਾ ਹੈ। ਇਸ ਤੋਂ ਬਚਣ ਦੀ ਅਤਿਅੰਤ ਲੋੜ ਹੈ। ਪੁਜਾਰੀਵਾਦ ਦਾ ਸੁੰਡਾ ਸਿੱਖੀ ਸਿਧਾਂਤਾਂ ਦੇ ਹਰਿਆਵਲ ਪੱਤਿਆਂ ਨੂੰ ਬੜੀ ਬੇਦਰਦੀ ਨਾਲ ਖਾਈ ਜਾ ਰਿਹਾ ਹੈ। ਬਚਣਾ ਹੈ ਤਾਂ ਆਪ ਪਾਠ-ਕੀਰਤਨ-ਕਥਾ ਗੁਰਬਾਣੀ ਦੀ ਵਿਚਾਰ ਨਿਤਾ ਪ੍ਰਤੀ ਕਰੋ ਨਿਰਾ ਪੁਜਾਰੀਆਂ ਤੇ ਹੀ ਡਿਪੈਂਡ ਨਾਂ ਹੋਏ ਰਹੋ। ਅੱਜ ਗੁਰੂ ਗ੍ਰੰਥ ਸਾਹਿਬ ਜੀ ਤੇ ਪੂਰਨ ਭਰੋਸਾ ਰੱਖਣਵਾਲੇ ਮਾਈ-ਭਾਈ ਹਰੇਕ ਜਥੇਬੰਦੀ ਨੂੰ ਇੱਕਮੁੱਠ ਹੋ ਕੇ ਪਾਖੰਡੀ ਸਾਧਾਂ ਅਤੇ ਹੰਕਾਰੀ ਪੁਜਾਰੀਆਂ ਦੇ ਵਿਰੁੱਧ ਅਵਾਜ਼ ਬੁਲੰਦ ਕਰਕੇ ਪੁਜਾਰੀਵਾਦ ਦੀ ਪ੍ਰਥਾ ਹੀ ਬੰਦ ਕਰ ਦੇਣੀ ਚਾਹੀਦੀ ਹੈ। ਇਸ ਵਿੱਚ ਹੀ ਗੁਰੂ-ਪੰਥ ਬਲਕਿ ਸਰਬੱਤ ਦਾ ਭਲਾ ਹੈ ਕਿਉਂਕਿ ਗੁਰਸਿੱਖ ਨੂੰ ਸਾਰੇ ਕਰਮ-ਧਰਮ ਗੁਰਮਤਿ ਅਨੁਸਾਰ ਕਰਨ ਦਾ ਪੂਰਨ ਅਧਿਕਾਰ ਹੈ। ਹਰੇਕ ਗੁਰਸਿੱਖ ਗੁਰਬਾਣੀ ਦਾ ਪਾਠ, ਕੀਰਤਨ, ਕਥਾ ਵਿਚਾਰ ਅਤੇ ਅਰਦਾਸ ਆਪ ਕਰ ਸਕਦਾ ਹੈ। ਜਿਸ ਦਿਨ ਹਰੇਕ ਮਾਈ ਭਾਈ ਇਹ ਕਰਮ ਆਪ ਕਰਨ ਲੱਗ ਪਿਆ ਪੁਜਰੀਵਾਦ ਆਪਣੇ ਆਪ ਹੀ ਬੰਦ ਹੋ ਜਾਵੇਗਾ।

ਨਜ਼ਰ ਲੱਗਣ ਦੇ ਡਰਾਵੇ ਅਤੇ ਲੁੱਟ!

ਨਜ਼ਰ ਲੱਗਣ ਦੇ ਡਰਾਵੇ ਅਤੇ ਲੁੱਟ!
ਅਵਤਾਰ ਸਿੰਘ ਮਿਸ਼ਨਰੀ (5104325827)
ਨਜ਼ਰ ਅਤੇ ਨਦਰ ਅਰਬੀ ਭਾਸ਼ਾ ਦੇ ਸ਼ਬਦ ਹਨ ਅਤੇ ਵੱਖ ਵੱਖ ਰੂਪਾਂ ਅਤੇ ਅਰਥਾਂ ਵਿੱਚ ਵਰਤੇ ਜਾਂਦੇ ਹਨ, ਜਿਵੇਂ ਨਜ਼ਰ, ਨਜ਼ਰਿ, ਨਦਰ ਅਤੇ ਨਦਰਿ। ਨਜ਼ਰ ਅਤੇ ਨਦਰ ਦੇ ਅਰਥ ਹਨ-ਨਿਗਾਹ, ਦ੍ਰਿਸ਼ਟੀ, ਧਿਆਨ, ਤਵੱਜੋਂ, ਉਪਹਾਰ, ਪਤਿਗਯਾ ਅਤੇ ਪ੍ਰਣ। ਗੁਰਗਾਣੀ ਵਿਖੇ ਆਂਮ ਤੌਰ ਤੇ ਇਹ ਸ਼ਬਦ ਕਰਤਾਰ ਦੀ ਸਵੱਲੀ ਨਜ਼ਰ ਅਤੇ ਰਹਿਮਤ ਲਈ ਵਰਤਿਆ ਗਿਆ ਹੈ-ਨਾਨਕ ਨਦਰੀ ਨਦਰਿ ਨਿਹਾਲ॥(੮) ਜਿਨ ਕਉ ਨਦਰਿ ਕਰਮੁ ਤਿਨ ਕਾਰ॥ (੮) ਭਾਈ ਵੀਰ ਸਿੰਘ ਜੀ ਲਿਖਦੇ ਹਨ ਕਿ ਨਜਰਿ ਫਾਰਸੀ ਦਾ ਸ਼ਬਦ ਹੈ-ਨਜਰਿ ਭਈ ਘਰੁ ਘਰ ਤੇ ਜਾਨਿਆ॥(੧੫੩) ਨਦਰੀ-ਦ੍ਰਿਸ਼ਟੀ ਵਿੱਚ ਦਿਸਣ ਵਾਲਾ-ਨਦਰੀ ਆਵੈ ਤਿਸੁ ਸਿਉ ਮੋਹੁ॥(੮੦੧) ਨਜ਼ਰਬੰਦ-ਹਵਾਲਾਤ ਵਿੱਚ ਰੱਖ ਕੇ ਜਿਸ ਤੇ ਸਿਪਾਹੀ ਨਿਗਾਹਬਾਨੀ ਕਰੇ। ਉਪੱਠੀ ਨਦਰ-ਨਦਰਿ ਉਪਠੀ ਜੇ ਕਰੈ ਸੁਲਤਾਨਾ ਘਾਹੁ ਕਰਾਇਦਾ॥(ਗੁਰੂ ਗ੍ਰੰਥ)
ਆਮ ਤੌਰ ਤੇ ਨਜ਼ਰ ਲੱਗਣੀ, ਬਦ ਨਜ਼ਰ ਹੋਣਾ ਆਦਿਕ ਸ਼ਬਦ ਵਰਤ ਕੇ ਭੇਖੀ, ਚਾਲਬਾਜ, ਬ੍ਰਾਹਮਣ ਅਤੇ ਸੰਤ ਲੋਗ ਅਗਿਆਨੀ ਅਤੇ ਭੋਲੇ ਲੋਕਾਂ ਨੂੰ ਲੁਟਦੇ ਅਤੇ ਭਟਕਨਾ ਵਿੱਚ ਪਾਈ ਰਖਦੇ ਹਨ। ਇਸ ਬਾਰੇ ਪੰਥ ਦੇ ਮਹਾਂਨ ਵਿਦਵਾਨ ਲਿਖਾਰੀ ਭਾਈ ਕਾਹਨ ਸਿੰਘ ਨ੍ਹਾਭਾ ਗੁਰਮਤਿ ਮਾਰਤੰਡ ਵਿਖੇ ਲਿਖਦੇ ਹਨ ਕਿ-ਅਗਿਆਨੀ ਸਮਝਦੇ ਹਨ ਕਿ ਬਦ ਨਜ਼ਰ ਦਾ ਬੁਰਾ ਅਸਰ ਹੁੰਦਾ ਹੈ ਅਰ ਇਸ ਤੋਂ ਬਚਣ ਵਾਸਤੇ ਅਵਿਦਿਆ ਦੇ ਅਨੇਕ ਕਰਮ ਕਰਦੇ ਹਨ, ਜੋ ਸਿੱਖ ਧਰਮ ਵਿੱਚ ਨਿੰਦਿਤ ਹਨ-ਰਾਮ ਨਾਮੁ ਜੋ ਜਨ ਜਪੈ ਅਨਦਿਨੁ ਸਦ ਜਾਗੈ॥ ਤੰਤੁ ਮੰਤੁ ਨਹ ਜੋਹਈ, ਤਿਤੁ ਚਾਖੁ ਨ ਲਾਗੈ॥(੮੧੮) ਭਾਵ ਜੋ ਰਮੇ ਹੋਏ ਰਾਮ ਨਿਰੰਕਾਰ ਨੂੰ ਸਦਾ ਯਾਦ ਰੱਖਦਾ ਹੈ, ਇਉਂ ਅਗਿਆਨਤਾ ਦੀ ਨੀਂਦਰ ਚੋਂ ਜਾਗਿਆ ਰਹਿੰਦਾ ਹੈ, ਉਸ ਨੂੰ (ਚਾਖ) ਬਦ-ਨਜ਼ਰ ਨਹੀਂ ਲਗਦੀ। ਹੋਰ ਲਿਖਦੇ ਹਨ ਕਿ-ਹਰਿ ਸਿਮਰਤ ਕਿਛੁ ਚਾਖੁ ਨਾ ਜੋਹੈ॥ ਹਰਿ ਸਿਮਰਤ ਦੈਤ ਦੇਉ ਨਾ ਪੋਹੈ॥(੧੧੫੦) ਭੂਤ ਪ੍ਰੇਤ ਬੇਤਾਲ ਦਾ ਅਸੇਬ ਨਹੀਂ ਹੁੰਦਾ ਅਰਥਾਤ ਭਰਮ ਤੋਂ ਮੰਨਿਆਂ ਹੋਇਆ ਅਸਰ ਮਨ ਨੂੰ ਨਹੀਂ ਵਿਆਪਦਾ।
ਡਾ. ਰਤਨ ਸਿੰਘ ਜੱਗੀ ਵੀ ਗੁਰੂ ਗ੍ਰੰਥ ਵਿਸ਼ਵਕੋਸ਼ ਵਿੱਚ ਲਿਖਦੇ ਹਨ ਕਿ ਨਦਰ ਅਰਬੀ ਭਾਸ਼ਾ ਦੇ ਨਜ਼ਰ ਸ਼ਬਦ ਦਾ ਤਦਭਵ ਰੂਪ ਹੈ ਅਤੇ ਇਸ ਦਾ ਅਰਥ ਹੈ ਦ੍ਰਿਸ਼ਟੀ, ਨਿਗਾਹ। ਅਧਿਆਤਮਿਕ ਸਹਿਤ ਵਿੱਚ ਇਹ ਪ੍ਰਭੂ ਦੀ ਕ੍ਰਿਪਾ ਦ੍ਰਿਸ਼ਟੀ ਦੀ ਥਾਂ ਵਰਤੀਂਦਾ ਹੈ। ਗੁਰਬਾਣੀ ਵਿਖੇ ਮਿਹਰ ਦੀ ਨਦਰ ਕਰਨ ਵਾਲੇ ਨੂੰ ਨਦਰੀ ਕਿਹਾ ਗਿਆ ਹੈ-ਨਾਨਕ ਨਦਰੀ ਨਦਰਿ ਕਰੇ ਤਹ ਨਾਮ ਧਨੁ ਪਲੈ ਪਾਇ॥ (੮੫੦) ਸਾਰੇ ਭਾਰਤੀ ਧਰਮਾਂ ਦੀਆਂ ਭਗਤੀ ਭਾਵਨਾਵਾਂ ਦੇ ਸਿਧਾਂਤਕ ਵਿਕਾਸ ਤੇ ਨਜ਼ਰ ਮਾਰੀਏ ਤਾਂ ਪਰਮ ਸਤਾ ਦੀ ਅਸੀਮ ਅਕਾਣ ਕ੍ਰਿਪਾ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ। ਸਾਮੀ ਧਾਰਮਿਕ ਪ੍ਰੰਪਰਾਵਾਂ ਵਿੱਚ ਪ੍ਰਮਾਤਮਾਂ ਦੀ ਕ੍ਰਿਪਾ ਨੂੰ ਕਰਮ, ਮਿਹਰ, ਬਖਸ਼ਿਸ਼, ਫ਼ਜ਼ਲ, ਨਦਰ ਆਦਿਕ ਸ਼ਬਦਾਂ ਨਾਲ ਪ੍ਰਗਟਾਇਆ ਗਿਆ ਹੈ। ਈਸਾਈ-ਮਤ ਵਿੱਚ ਇਸ ਭਾਵਨਾ ਲਈ ਗ੍ਰੇਸ ਸ਼ਬਦ ਵਰਤਿਆ ਗਿਆ ਹੈ। ਸੋ ਸਪੱਸ਼ਟ ਹੈ ਕਿ ਸਾਰਿਆਂ ਧਰਮਾਂ ਵਿੱਚ ਕਿਸੇ ਨਾਂ ਕਿਸੇ ਰੂਪ ਵਿੱਚ ਈਸ਼ਵਰੀ ਕ੍ਰਿਪਾ ਦੀ ਮਹੱਤਵ ਅਸਥਾਪਨਾ ਕੀਤੀ ਗਈ ਹੈ ਪਰ ਹਰੇਕ ਧਰਮ ਦੀ ਮਾਨਤਾ ਦਾ ਪ੍ਰਕਾਰਜੀ ਰੂਪ ਵੱਖਰੇ-ਵੱਖਰੇ ਢੰਗ ਦਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਜਗਤ ਨੂੰ ਦਿੱਤੇ ਮੂਲ ਸਿਧਾਂਤ ਮੂਲ ਮੰਤ੍ਰ(ਮੁਢਲਾ ਉਪਦੇਸ਼) ਇਸ ਨੂੰ ਗੁਰਪ੍ਰਸਾਦਿ ਕਿਹਾ ਹੈ। ਸੰਸਕ੍ਰਿਤ ਵਿਖੇ ਪ੍ਰਸਾਦਿ ਦੇ ਅਰਥ ਹੋਰ ਅਰਥਾਂ ਤੋਂ ਇਲਾਵਾ ਕ੍ਰਿਪਾ, ਕਰਮ ਜਾਂ ਨਦਰ ਵੀ ਪ੍ਰਯਾਵਾਚੀ ਰੂਪ ਹਨ।
ਗੁਰਮਤਿ ਵਿੱਚ ਪ੍ਰਮਾਤਮਾਂ ਦੀਆਂ ਸੰਪੂਰਨ ਸ਼ਕਤੀਆਂ ਅਤੇ ਗੁਣਾਂ ਨੂੰ ਗੁਰੂ ਵਿੱਚ ਅਰੋਪਤ ਕੀਤਾ ਗਿਆ ਹੈ। ਗੁਰੂ ਤੇ ਪ੍ਰਮਾਤਮਾਂ ਵਿੱਚ ਕੋਈ ਭੇਦ ਨਹੀਂ ਹੈ-ਭੇਦ ਨਾਹੀ ਗੁਰਦੇਵ ਮੁਰਾਰਿ॥(ਗੁਰੂ ਗ੍ਰੰਥ) ਜੇ ਗੁਰੂ ਦੀਆਂ ਭਾਵਨਾਵਾਂ ਨੂੰ ਸਮੁੱਚੇ ਤੌਰ ਤੇ ਬਿਆਨ ਕਰੀਏ ਤਾਂ ਗੁਰੂ ਤੋਂ ਬਿਨਾ ਪ੍ਰਭੂ, ਮੁਕਤੀ, ਗਿਆਨ, ਸਨਮਾਨ, ਵਾਸਤਵਿਕ ਮਾਰਗ ਅਤੇ ਹਰਿ ਭਗਤੀ ਆਦਿਕ ਕਿਸੇ ਦੀ ਵੀ ਪ੍ਰਾਪਤੀ ਨਹੀਂ ਹੋ ਸਕਦੀ। ਗੁਰੂ ਹੀ ਦਸਦਾ ਹੈ ਕਿ ਪ੍ਰਮਾਤਮਾਂ ਦੀ ਪ੍ਰਾਪਤੀ ਸਾਰੀਆਂ ਸਿਆਣਪਾਂ ਅਤੇ ਹਿਕਮਤਾਂ ਨੂੰ ਛੱਡ ਕੇ ਉਸ ਦੀ ਨਦਰ ਨਾਲ ਹੀ ਹੁੰਦੀ ਹੈ-ਕਰਮਿ ਮਿਲੈ ਤਾਂ ਪਾਈਐ ਹੋਰ ਹਿਕਮਤਿ ਹੁਕਮੁ ਖੁਆਰੁ॥(੪੬੫) ਕਰਮਿ ਮਿਲੈ ਤਾਂ ਪਾਈਐ, ਨਾਹੀ ਗਲੀ ਵਾਉ ਦੁਆਉ॥(੧੬) ਪ੍ਰਭੂ ਕ੍ਰਿਤਾ ਨਾਲ ਗੁਰੂ ਸ਼ਬਦ ਦੀ ਪ੍ਰਾਪਤੀ ਹੁੰਦੀ ਹੈ ਅਤੇ ਗੁਰੂ-ਸ਼ਬਦ (ਗਿਆਨ) ਨਾਲ ਆਸ਼ਾਵਾਂ, ਸ਼ੰਕਾਵਾਂ, ਹਉਮੈ ਆਦਿ ਵਿਕਾਰ ਅਤੇ ਦੁਰਵਿਰਤੀਆਂ ਭਸਮ ਹੋ ਜਾਂਦੀਆਂ ਹਨ-ਨਾਨਕ ਨਦਰਿ ਕਰੇ ਸੋ ਪਾਏ॥ਆਸ ਅੰਦੇਸੇ ਤੇ ਨਿਹਕੇਵਲੁ ਹਉਮੂ ਸਬਦਿ ਜਲਾਏ॥(੪੬੮) ਜੋ ਕਾਦਰ ਦੀ ਨਦਰ ਤੋਂ ਵਾਂਝੇ ਹਨ, ਉਨ੍ਹਾਂ ਦਾ ਮਨ ਚੰਗੇ ਕਰਮਾਂ ਅਤੇ ਪ੍ਰਭੂ ਯਾਦ ਵਿੱਚ ਨਹੀਂ ਲਗਦਾ-ਨਾਨਕ ਨਦਰੀ ਬਾਹਰੇ ਕਬਹਿ ਨ ਪਾਵਹਿ ਮਾਨੁ॥(੭੮੯) ਵਾਸਤਵ ਵਿੱਚ ਜੇ ਪ੍ਰਭੂ ਆਪਣੀ ਕ੍ਰਿਪਾ-ਦ੍ਰਿਸ਼ਟੀ ਨੂੰ ਸੰਕੋਚ ਲਏ ਜਾਂ ਉਲਟੀ ਕਰ ਦਏ ਤਾਂ ਵੱਡੇ-ਵੱਡੇ ਬਾਦਸ਼ਾਹਾਂ ਨੂੰ ਘਸਿਆਰੇ ਬਣਾ ਅਤੇ ਭਿਖਿਆ ਮੰਗਣ ਲਾ ਦਿੰਦਾ ਹੈ-ਨਦਰਿ ਉਪਠੀ ਜੇ ਕਰੇ ਸੁਲਤਾਨਾਂ ਘਾਹੁ ਕਰਾਇਦਾ॥ ਦਰਿ ਮੰਗਨਿ ਭਿਖ ਨ ਪਾਇਦਾ॥(੪੭੨) ਇੱਥੇ ਇਹ ਨਦਰਿ ਉਪਠੀ ਤੋਂ ਇਹ ਭਾਵ ਨਹੀਂ ਕਿ ਉਸ ਦੀ ਨਦਰਿ ਕਿਸੇ ਤਰ੍ਹਾਂ ਦੇ ਅਨਿਆਇ ਤੇ ਅਧਾਰਤ ਹੈ। ਇਹ ਕ੍ਰਿਪਾ ਦ੍ਰਿਸਟੀ ਉਨ੍ਹਾਂ ਤੇ ਹੀ ਹੁੰਦੀ ਹੈ ਜੋ ਸੱਚੇ ਮਾਰਗ ਚਲਦੇ ਹਨ। ਗੁਰਮਤਿ ਮਨੁੱਖੀ ਸਮਾਜ ਨੂੰ ਦੋ ਵਰਗਾਂ ਵਿੱਚ ਵੰਡਦੀ ਹੈ-ਗੁਰਮੁਖ ਅਤੇ ਮਨਮੁਖ ਗੁਰਮੁਖ ਆਪਣੀ ਸੰਸਾਰੀ ਯਾਤਰਾ ਪੂਰੀ ਕਰਦਾ ਹੋਇਆ ਪਰਮਾਨੰਦ ਨੂੰ ਪ੍ਰਾਪਤ ਕਰਦਾ ਹੈ ਅਤੇ ਮਨਮੁਖ ਭੰਬਲ ਭੁਸਿਆਂ ਵਿੱਚ ਪਿਆ ਰਹਿੰਦਾ ਹੈ।
ਗੁਰੂ ਨਾਨਕ ਸਾਹਿਬ ਜੀ ਫਰਮਾਂਦੇ ਹਨ ਕਿ-ਕਰਮ ਖੰਡ ਕੀ ਬਾਣੀ ਜੋਰ(ਜਪੁਜੀ) ਕਰਮ ਭਾਵ ਪ੍ਰਭੂ ਦੀ ਨਦਰਿ ਵਾਲੇ ਦੀ ਬੋਲ ਬਾਣੀ ਵਿੱਚ ਜੋਰ (ਬਲ) ਹੁੰਦਾ ਹੈ। ਪ੍ਰਮਾਤਮਾਂ ਦੀ ਪ੍ਰਾਪਤੀ ਲਈ ਸਾਧਕ ਨੂੰ ਆਪਣੇ ਆਪ ਨੂੰ ਸਾਧਨਾ ਪੈਂਦਾ ਹੈ। ਜਿਵੇਂ ਬਾਲਕ ਮਾਂ ਦੀ ਗੋਦ ਵਿੱਚ ਪਹੁੰਚਣ ਦਾ ਯਤਨ ਕਰਦਾ ਹੈ ਅਤੇ ਮਾਂ ਉਸ ਦੀ ਘਾਲ ਵੇਖ ਕ੍ਰਿਪਾ ਦੇ ਰੂਪ ਵਿੱਚ ਬਾਹਵਾਂ ਪਸਾਰ, ਉਸ ਨੂੰ ਆਪਣੀ ਗੋਦ ਵਿੱਚ ਲੈ ਲੈਂਦੀ ਹੈ। ਚੰਚਲ ਬੁੱਧੀ ਵਾਲਾ ਮਨਮੁਖ ਬਾਲਕ ਮਾਂ ਦੀ ਇਸ ਨਦਰਿ ਤੋਂ ਵਾਂਝਾ ਰਹਿ ਜਾਂਦਾ ਹੈ। ਇਵੇਂ ਹੀ ਸਾਧਕ ਆਪਣੇ ਕਰਮਾਂ ਦੀਆਂ ਚਲਾਕੀਆਂ ਕਰਕੇ ਪ੍ਰਭੂ ਮਾਂ ਤੋਂ ਦੂਰ ਰਹਿੰਦਾ ਹੈ ਪਰ ਜੋ ਸਾਧਕ ਧਰਮ, ਗਿਆਨ ਅਤੇ ਸਰਮ ਦੀਆਂ ਘਲਣਾ ਘਾਲਦਾ ਹੋਇਆ, ਉਸ ਦੀ ਨਦਰਿ ਦਾ ਪਾਤਰ ਬਣਦਾ ਹੈ, ਉਹ ਸੱਚ ਖੰਡ ਅਵੱਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ। ਜਪੁਜੀ ਦੀ ਪਹਿਲੀ ਪਾਉੜੀ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖਦੇ ਜੀਵਨ ਵਿਕਾਸ ਅਤੇ ਅਧਿਆਤਮਿਕ ਉਨਤੀ ਲਈ ਮਹੱਤਵਪੂਰਨ ਪ੍ਰਸ਼ਨ ਉਠਾਇਆ ਸੀ-ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥(ਜਪੁਜੀ) ਦਾ ਜਵਾਬ ਸਰਮ ਖੰਡ (ਨਦਰਿ ਅਵੱਸਥਾ) ਵਿੱਚੋਂ ਮਿਲਦਾ ਹੈ ਕਿ ਪ੍ਰਭੂ ਪ੍ਰਾਪਤੀ ਦੇ ਸਾਧਨ ਧਰਮ ਖੰਡ, ਗਯਾਨ ਖੰਡ ਆਦਿਕ ਸ਼ੁਭ ਕਰਮਾਂ ਦੇ ਨਾਲ ਉਸ ਦੀ ਕਰਮ ਮਿਹਰ (ਨਦਰਿ) ਦੀ ਅਤਿਅੰਤ ਲੋੜ ਹੈ। ਕਾਦਰ ਦੀ ਨਦਰਿ ਤੋਂ ਬਿਨਾ ਸਾਧਕ ਦਾ ਸਾਰਾ ਉਦਮ ਵਿਅਰਥ ਜਾਂਦਾ ਹੈ। ਸੱਚ ਤਾਂ ਇਹ ਹੈ ਕਿ ਉਦਮ ਦੇ ਨਾਲ ਪ੍ਰਮਾਤਮਾਂ ਦੀ ਸਵੱਲੀ ਨਦਰਿ (ਨਜ਼ਰ) ਕ੍ਰਿਪਾ ਅਗਿਆਨਤਾ ਦੇ ਭਵਸਾਗਰ ਵਿੱਚ ਡੁਬਦੇ ਸਾਧਕ ਨੂੰ ਗਿਆਨ-ਧਿਆਨ ਰੂਪ ਨਾਮ ਦੇ ਜ਼ਹਾਜ ਵਿੱਚ ਚੜ੍ਹਾ ਕੇ ਸੱਚ ਖੰਡ (ਰੱਬੀ ਮਿਲਾਪ) ਦੀ ਅਵੱਸਥਾ ਵਿੱਚ ਪਹੁੰਚਾ ਦਿੰਦੀ ਹੈ। ਭਾਵ ਸ਼ੁਭ ਕਰਮਾਂ ਦੀ ਸਾਧਨਾ ਸਾਦਕ ਨੂੰ ਸੁਪਾਤਰ ਬਣਾਉਂਦੀ ਅਤੇ ਪ੍ਰਭੂ ਦੀ ਨਦਰਿ ਸੁਪਾਤਰਤਾ ਨੂੰ ਪ੍ਰਮਾਣੀਕ੍ਰਿਤ ਕਰਦੀ ਹੈ। ਪ੍ਰਭੂ ਨਦਰਿ ਦੀ ਪ੍ਰਾਪਤੀ ਕਿਸੇ ਕਰਮਕਾਂਡੀ ਪ੍ਰਦਰਸ਼ਨੀ ਦੀ ਮੁਥਾਜ ਨਹੀਂ ਸਗੋਂ ਸਹਜ ਸੁਭਾਵ ਹੀ ਜਗਿਆਸੂ ਦੀ ਸਾਧਨਾ ਨੂੰ ਫਲੀਭੂਤ ਕਰ ਦਿੰਦੀ ਹੈ ਜਿਵੇਂ ਸ਼ਬਨਮ ਦੇ ਕਤਰੇ ਬਨਸਪਤੀ ਨੂੰ ਠਾਰ ਦਿੰਦੇ ਹਨ। ਇਸ ਅਵੱਸਥਾ ਨੂੰ ਗੁਰੂ ਨਾਨਕ ਸਾਹਿਬ ਜੀ ਨੇ *ਨਦਰੀ ਨਦਰਿ ਨਿਹਾਲ* (ਜਪੁਜੀ) ਕਿਹਾ ਹੈ। ਇਸ ਲਈ ਕਿਹਾ ਜਾ ਸਕਦਾ ਹੈ ਕਿ ਸਾਰਥਕ ਯਤਨ ਕਰਦਿਆਂ, ਕਰਤਾਰ ਦੀ ਰਹਿਮਤ ਦੀ ਨਦਰਿ (ਨਜ਼ਰ) ਦੀ ਅਤਿਅੰਤ ਲੋੜ ਹੈ-ਨਦਰਿ ਕਰੇ ਤਾਂ ਸਿਮਰਿਆ ਜਾਇ॥(੬੬੧)
ਇਹ ਸੀ ਨਜ਼ਰ, ਨਦਰ ਸ਼ਬਦਾਂ ਦੀ ਸਾਰਥਕ ਵਿਆਖਿਆ ਪਰ ਗਿਆਨ ਵਿਹੂਣੇ ਲੋਕ ਹੰਕਾਰੀਆਂ, ਵਿਕਾਰੀਆਂ ਅਤੇ ਭੇਖਧਾਰੀਆਂ ਦੀ ਨਜ਼ਰ ਲੱਗਨ ਤੋਂ ਹੀ ਡਰਦੇ ਰਹਿੰਦੇ ਹਨ ਕਿ ਫਲਾਨੇ ਦੀ ਨਜ਼ਰ ਪੱਥਰ ਪਾੜ ਹੈ, ਇਸ ਨੂੰ ਫਲਾਨੇ ਦੀ ਨਜ਼ਰ ਲੱਗ ਗਈ ਹੈ, ਹੁਣ ਇਹ ਕੁਛ ਖਾਂਦਾ-ਪੀਂਦਾ ਜਾਂ ਬੋਲਦਾ ਨਹੀਂ ਸਗੋਂ ਦਿਨੋ ਦਿਨ ਸੁੱਕੀ ਜਾ ਰਿਹਾ ਹੈ, ਇਸ ਨੂੰ ਕੋਈ ਕੰਮ ਨਹੀਂ ਲੱਭ ਰਿਹਾ, ਐਸੀ ਬੁਰੀ ਨਜ਼ਰ ਲੱਗੀ ਹੈ ਕਿ ਕੋਈ ਕੰਮ ਵੀ ਨਹੀਂ ਹੁੰਦਾ, ਬਿਮਾਰ ਹੀ ਰਹਿੰਦਾ ਹੈ ਆਦਿਕ। ਇਸ ਸਭ ਕਾਸੇ ਦਾ ਸਾਰਥਕ ਕਾਰਨ ਲੱਭ ਕੇ ਇਲਾਜ਼ ਕਰਨ ਦੀ ਬਜਾਇ ਉਪ੍ਰੋਕਤ ਭੱਦਰਪੁਰਸਾਂ ਦੇ ਪਾਏ ਬੁਰੀ ਨਜ਼ਰ ਦੇ ਡਰਾਵੇ ਕਰਕੇ, ਇਨ੍ਹਾਂ ਦੇ ਦਰ ਤੇ ਹੀ ਭਟਕਦਾ ਹੈ। ਇਹ ਲੋਕ ਤਰ੍ਹਾਂ-ਤਰ੍ਹਾਂ ਦੇ ਉਪਾਹ ਦਸਦੇ ਹਨ, ਜਿਵੇਂ ਕਦੇ ਪਾਣੀ ਮੰਤ੍ਰ ਕੇ ਦਿੰਦੇ, ਕਦੇ ਸਵਾਹ ਦੀ ਵਿਭੂਤੀ, ਕਦੇ ਬਕਰੇ, ਛਤਰੇ ਕੁੱਕੜ ਦੀ ਭੇਟ ਕੁਰਬਾਨੀ, ਇੱਥੋਂ ਤੱਕ ਕਿ ਕਈ ਵਾਰ ਆਪਣੇ ਜਾਂ ਕਿਸੇ ਦੇ ਬੱਚੇ ਦੀ ਕੁਰਬਾਨੀ ਦੇਣ ਦਾ ਹੁਕਮ ਕਰਦੇ ਹਨ। ਡਰਿਆ ਹੋਇਆ ਇਨਸਾਨ ਸਭ ਕੁਝ ਕਰਨ ਲਈ ਤਿਆਰ ਹੋ ਜਾਂਦਾ ਹੈ ਅਤੇ ਸਾਰੇ ਓੜ-ਪੋੜ ਕਰਕੇ ਇੱਥੋਂ ਤੱਕ ਕਿ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਵੀ ਭੱਦਰਪੁਰਸ਼ਾਂ ਦੀਆਂ ਤਹਿ ਕੀਤੀਆਂ ਭੇਟਾਵਾਂ ਚੜ੍ਹਾਉਂਦਾ ਹੋਇਆ, ਆਪਣਾ ਝੁੱਗਾ-ਚੌੜ ਕਰ ਲੈਂਦਾ ਹੈ। ਸਦਾ ਯਾਦ ਰੱਖੋ ਨਜ਼ਰ ਕੋਈ ਬੁਰੀ ਨਹੀਂ ਹੁੰਦੀ ਸਗੋਂ ਸਾਡੀ ਸੋਚਣੀ ਅਤੇ ਕਰਮ ਬੁਰੇ ਹੁੰਦੇ ਹਨ।
ਇਹ ਨਜ਼ਰ ਲੱਗਣੀ, ਜਾਂ ਬੁਰੀ ਨਜ਼ਰ ਦਾ ਸੰਕਲਪ ਜਿਆਦਾ ਤਰ ਹਿੰਦੂ ਸਾਧਾਂ, ਤਾਂਤ੍ਰਕਾਂ ਅਤੇ ਮੁਸਲਮ ਪੀਰਾਂ ਵਿੱਚ ਹੈ, ਜੋ ਆਪਣੇ ਹਲਵੇ ਮੰਡੇ ਖਾਤਰ ਅਗਿਆਨੀ ਲੋਕਾਂ ਵਿੱਚ ਵਹਿਮ ਪੈਦਾ ਕਰਕੇ ਫਿਰ ਆਪਣੇ ਦੱਸੇ ਉਪਾਵਾਂ ਰਾਹੀਂ ਲੁੱਟਦੇ ਹਨ। ਗੁਰੂ ਦੇ ਸਿੱਖ ਨੂੰ ਅਜਿਹੇ ਡਰਾਵਿਆਂ ਤੋਂ ਡਰਨਾਂ ਨਹੀਂ ਚਾਹੀਦਾ ਅਤੇ ਪ੍ਰਭੂ ਦੀ ਸਰਬ ਵਿਆਪਕ ਨਜ਼ਰ ਦਾ ਹੀ ਪਾਤਰ ਬਣਨਾ ਚਾਹੀਦਾ ਹੈ। ਸਿੱਖ ਦਾ ਗਿਆਨਦਾਤਾ ਗੁਰੂ ਗ੍ਰੰਥ ਸਾਹਿਬਹੈ ਨਾਂ ਕਿ ਕੋਈ ਭੇਖੀ ਬ੍ਰਾਹਮਣ, ਸਾਧ-ਸੰਤ, ਪੀਰ, ਗ੍ਰੰਥ ਜਾਂ ਕੋਈ ਭਰਮ-ਗਿਆਨੀ। ਨਿਰਾ ਬੁਰੀ ਨਜ਼ਰ ਵਾਲੇ ਤੇਰਾ ਮੂਹ ਕਾਲਾਦਾ ਫੱਟਾ ਲਗਾ ਲੈਣ ਨਾਲ ਹੀ ਬਚਿਆ ਨਹੀਂ ਜਾ ਸਕਦਾ ਸਗੋਂ ਬੁਰੀ ਨਿਗਾਹ ਰੱਖਣ ਜਾਂ ਦੇਖਣ ਵਾਲੇ ਨੂੰ ਸਮਝੌਣ ਜਾਂ ਉਸ ਨਾਲ ਕਰੜੇ ਹੱਥੀਂ ਸਿਝਣ ਦੀ ਲੋੜ ਹੈ। ਕਾਦਰ ਦੀ ਨਜ਼ਰ ਸਭ ਲਈ ਇੱਕੋ ਜਿਹੀ ਹੈ, ਇਹ ਵੱਖਰੀ ਗੱਲ ਹੈ ਕਿ ਜੀਵ ਆਪਣੇ ਕੀਤੇ ਬੁਰੇ ਕਰਮਾਂ ਕਰਕੇ ਕੀਤੇ ਦਾ ਫਲ ਪਾਉਂਦਾ ਹੈ। ਪ੍ਰਮਾਤਮਾਂ ਕਿਸੇ ਦੀ ਘਾਲ ਕਮਾਈ ਅੱਖੋਂ ਓਹਲੇ ਨਹੀਂ ਕਰਦਾ-ਪ੍ਰਭੁ ਘਾਲਿਆ ਕਿਸੈ ਕਾ ਇਕੁ ਤਿਲੁ ਨਾ ਗਵਾਈ॥(੮੫੯) ਜੇ ਸਿੱਖ ਆਪਣੀ ਨਿਗਾਹ, ਨਜ਼ਰ, ਤੱਕਣੀ ਠੀਕ ਕਰ ਲਵੇ ਤਾਂ ਉਸ ਨੂੰ ਕਦੇ ਕਿਸੇ ਭੇਖੀ ਸਾਧ ਜਾਂ ਮਨਮੁਖ ਦੀ ਨਜ਼ਰ ਲੱਗ ਹੀ ਨਹੀਂ ਸਕਦੀ। ਸਿੱਖ ਕਦੇ ਵੀ ਆਪਣੀ ਕਾਰ, ਟਰੱਕ ਜਾਂ ਹੋਰ ਵਾਹਨ ਤੇ ਟੁੱਟੀਆਂ ਜੁੱਤੀਆਂ ਨਹੀਂ ਲਟਕਾਉਂਦਾ, ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ" ਨਹੀਂ ਲਿਖਦਾ ਅਤੇ ਆਪਣੇ ਘਰਾਂ ਦੇ ਬਨੇਰਿਆਂ ਤੇ ਕਾਲੀਆਂ ਤੌੜੀਆਂ ਨਹੀਂ ਰੱਖਦਾ। ਅਖੌਤੀ ਬੁਰੀ ਨਜ਼ਰ ਤੋਂ ਬਚਣ ਲਈ ਕਿਸੇ ਸਾਧ, ਬ੍ਰਾਹਮਣ ਜਾਂ ਗਿਆਨੀ ਤੋਂ ਮੰਤ੍ਰੀਆਂ ਸੱਤ ਮਿਰਚਾਂ ਆਪਣੇ ਘਰ ਦੇ ਦਰਵਾਜੇ ਤੇ ਧਾਗੇ ਜਾਂ ਕਿਸੇ ਹੋਰ ਚੀਜ ਵਿੱਚ ਪਰੋ ਕੇ ਨਹੀਂ ਲਟਕਾਉਂਦਾ ਸਗੋਂ ਕਿਰਤ ਕਰਦਾ, ਵੰਡ ਛਕਦਾ, ਨਾਮ ਜਪਦਾ ਅਤੇ ਕਰਤਾਰ ਦੀ ਮਿਹਰ ਦੀ ਨਜ਼ਰ ਤੇ ਟੇਕ ਰੱਖਦਾ ਹੈ-ਧਰ ਜੀਅਰੇ ਇਕ ਟੇਕ ਤੂ ਲਾਹੇ ਬਿਡਾਣੀ ਆਸਿ॥ ਨਾਨਕ ਨਾਮੁ ਧਿਆਈਐ ਕਾਰਜੁ ਆਵੈ ਰਾਸਿ॥(੨੫੭)