Saturday, March 18, 2017

ਗੁਰਬਾਣੀ ਇਸੁ ਜਗ ਮਹਿ ਚਾਨਣੁ॥-੨੫
ਗੁਰਬਾਣੀ ਦੇ ਚਾਨਣ ਵਿੱਚ ਬੇਗਮਪੁਰਾ ਸ਼ਹਿਰ ਦੀ ਵਿਆਖਿਆ
ਵਕਤੀ ਧਰਮ ਦੇ ਠੇਕੇਦਾਰਾਂ ਅਤੇ ਹੰਕਾਰੀਆਂ ਅਮੀਰ ਅਤੇ ਉੱਚ ਜਾਤੀਆਂ ਨੇ ਬਾਬਾ ਰਵਿਦਾਸ ਜੀ ਨੂੰ ਸਵਾਲ ਕੀਤੇ ਕਿ ਤੁਹਾਡਾ ਅਸਲੀ ਸ਼ਹਿਰ ਕਿਹੜਾ ਅਤੇ ਕਿਹੋ ਜਿਹਾ ਹੈ? ਓਥੇ ਕੀ ਕਾਨੂੰਨ ਅਤੇ ਕਿਹੋ ਜਿਹੇ ਲੋਕ ਵਸਦੇ ਅਤੇ ਤੁਹਾਡੇ ਮਿੱਤ੍ਰ ਕੌਣ ਹਨ? ਤਾਂ ਐਸੀ ਮਾਨਸਿਕਤਾ ਰੱਖਣ ਵਾਲੇ ਲੋਕਾਂ ਨੂੰ ਜਿਹੜੀ ਬੇਬਾਕੀ ਅਤੇ ਬੇਗਮਤਾ ਨਾਲ ਸ਼੍ਰੋਮਣੀ ਭਗਤ ਬਾਬਾ ਰਵਿਦਾਸ ਜੀ ਨੇ ਬੇਝਕ, ਨਿਡਰ ਅਤੇ ਬੇਖੌਫਤਾ ਨਾਲ ਜਵਾਬ ਦਿੰਦੇ, ਦਬਲੀ ਕੁਚਲੀ ਜਨਤਾ ਨੂੰ ਹਲੂਣ ਕੇ ਜਗਾਇਆ, ਦਾ ਵਰਨਣ ਇਸ ਕ੍ਰਾਂਤੀਕਾਰੀ ਸ਼ਬਦ ਵਿੱਚ ਇਉਂ ਕੀਤਾ ਗਿਆ ਹੈ-ਬੇਗਮਪੁਰਾ ਸਹਰ ਕੋ ਨਾਉ॥ ਦੂਖੁ ਅੰਦੋਹੁ ਨਹੀ ਤਿਹਿ ਠਾਉ॥ ਨਾਂ ਤਸਵੀਸ ਖਿਰਾਜੁ ਨ ਮਾਲੁ॥ ਖਉਫੁ ਨ ਖਤਾ ਨ ਤਰਸੁ ਜਵਾਲੁ॥੧॥ ਅਬ ਮੋਹਿ ਖੂਬ ਵਤਨ ਗਹ ਪਾਈ॥ ਊਹਾਂ ਖੈਰਿ ਸਦਾ ਮੇਰੇ ਭਾਈ॥੧॥ਰਹਾਉ॥ ਕਾਇਮੁ ਦਾਇਮੁ ਸਦਾ ਪਾਤਿਸਾਹੀ॥ ਦੋਮ ਨ ਸੇਮ, ਏਕ ਸੋ ਆਹੀ॥ ਆਬਾਦਾਨੁ ਸਦਾ ਮਸਹੂਰ॥ ਊਹਾਂ ਗਨੀ ਬਸਹਿ ਮਾਮੂਰ॥੨॥ ਤਿਉ ਤਿਉ ਸੈਲ ਕਰਹਿ ਜਿਉ ਭਾਵੈ॥ ਮਹਰਮ ਮਹਲ ਨ ਕੋ ਅਟਕਾਵੈ॥ ਕਹਿ ਰਵਿਦਾਸ ਖਲਾਸ ਚਮਾਰਾ॥ ਜੋ ਹਮ ਸਹਰੀ ਸੁ ਮੀਤੁ ਹਮਾਰਾ॥੩॥੨॥ (੩੪੫)
ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ੩੪੫ ਅੰਗ 'ਤੇ ਅੰਕਿਤ ਹੈ। ਇਸ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਪਦ ਅਰਥ ਹਨ-ਬੇਗਮ=ਜਿੱਥੇ ਕੋਈ ਗ਼ਮ ਨਹੀਂ। ਪੁਰਾ-ਸ਼ਹਿਰ। ਕੋ=ਦਾ। ਅੰਦੋਹੁ=ਚਿੰਤਾ। ਤਿਹਿ ਠਾਉ=ਉਸ ਥਾਂ ਤੇ, ਉਸ ਆਤਮਕ ਅਵਸਥਾ ਵਿੱਚ। ਤਸਵੀਸ=ਸੋਚ, ਘਬਰਾਹਟ। ਖਿਰਾਜ=ਕਰ, ਮਸੂਲ, ਟੈਕਸ। ਖਤਾ=ਦੋਸ਼, ਪਾਪ। ਤਰਸੁ=ਡਰ। ਜਵਾਲ=ਘਾਟਾ। ਮੋਹਿ=ਮੈਂ। ਵਤਨ ਗਹ=ਵਤਨ ਵਿੱਚ ਰਹਿਣ ਦੀ ਥਾਂ। ਖੈਰਿ=ਖ਼ੈਰੀਅਤ, ਸੁਖ। ਕਾਇਮੁ=ਥਿਰ ਰਹਿਣ ਵਾਲੀ। ਦਾਇਮੁ=ਸਦਾ। ਦੋਮ ਸੇਮ=ਦੂਜਾ ਤੀਜਾ ਦਰਜਾ। ਏਕ ਸੋ=ਇਕੋ ਜੈਸੇ। ਆਹੀ=ਹਨ। ਆਬਾਦਾਨੁ=ਆਬਾਦ, ਵੱਸਦਾ। ਗਨੀ=ਧਨੀ, ਧਨਾਢ। ਮਾਮੂਰ=ਰੱਜੇ ਹੋਏ। ਸੈਲ ਕਰਹਿ=ਮਨ-ਮਰਜ਼ੀ ਨਾਲ ਤੁਰਦੇ ਫਿਰਦੇ ਹਨ। ਮਹਰਮ ਮਹਲ=ਮਹਿਲ ਦੇ ਵਾਕਿਫ਼। ਕੋ ਨ ਅਟਕਾਵੈ= ਕੋਈ ਰੋਕਦਾ ਨਹੀਂ। ਕਹਿ=ਆਖਦਾ ਹੈ। ਖਲਾਸ=ਮੁਕਤ, ਅਜ਼ਾਦ-ਜਿਸ ਨੇ ਦੁੱਖ-ਅੰਦੋਹ ਤਸ਼ਵੀਸ਼ ਆਦਿਕ ਤੋਂ ਖ਼ਲਾਸੀ ਪਾਈ ਹੈ। ਹਮ ਸਹਰੀ=ਇੱਕੋ ਸ਼ਹਿਰ ਦੇਵੱਸਣ ਵਾਲਾ, ਹਮ-ਵਤਨ, ਸਤਸੰਗੀ।
ਨੋਟ-ਇਸ ਸ਼ਬਦ ਵਿੱਚ ਵੱਖ ਵੱਖ ਧਰਮ ਆਗੂਆਂ ਦੇ ਮਿਥੇ ਹੋਏ ਸੁਰਗ-ਭਿਸ਼ਤ ਦੇ ਮੁਕਾਬਲੇ 'ਤੇ ਇਸ ਦੀ ਅਸਲੀ ਤਸਵੀਰ ਪੇਸ਼ ਕੀਤੀ ਹੈ। ਸੁਰਗ-ਭਿਸ਼ਤ ਦੇ ਤਾਂ ਸਿਰਫ਼ ਝੂਠੇ ਲਾਰੇ ਹੀ ਹਨ, ਮਨੁੱਖ ਸਿਰਫ਼ ਆਸਾਂ ਹੀ ਕਰ ਸਕਦਾ ਹੈ ਕਿ ਮਰਨ ਪਿਛੋਂ ਮਿਲੇਗਾ, ਜੀਵਨ ਦੇ ਸਹੀ ਰਾਹ ਤੇ ਤੁਰਦਾ ਮਨੁੱਖ, ਉਸ ਨੂੰ ਇਸ ਜ਼ਿੰਦਗੀ ਵਿੱਚ ਹੀ ਅਨੁਭਵ ਕਰ ਸਕਦਾ ਹੈ। 
ਹੁਣ ਅੱਗੇ ਵਿਸਥਾਰ ਨਾਲ ਇਸ ਸ਼ਬਦ ਦਾ ਭਾਵ ਹੈ ਕਿ ਹੇ ਮੇਰੇ ਭਾਈ! ਹੁਣ ਮੈਂ ਵੱਸਣ ਲਈ ਸੋਹਣੀ ਥਾਂ ਲੱਭ ਲਈ ਅਤੇ ਉੱਥੇ ਸਦਾ ਸੁਖ ਹੀ ਸੁਖ ਹੈ।ਜਿਸ ਆਤਮਕ ਅਵਸਥਾ-ਰੂਪ ਸ਼ਹਿਰ ਵਿਚ ਮੈਂ ਵੱਸਦਾ ਹਾਂ, ਉਸ ਸ਼ਹਿਰ ਦਾ ਨਾਮ ਹੈ ਬੇਗ਼ਮਪੁਰਾ ਭਾਵ ਉਸ ਅਵਸਥਾ ਵਿੱਚ ਕੋਈ ਗ਼ਮ ਨਹੀਂ। ਉਸ ਥਾਂ ਨਾਂ ਕੋਈ ਦੁੱਖ, ਚਿੰਤਾ ਅਤੇ ਨਾਂ ਕੋਈ ਘਬਰਾਹਟ ਹੈ। ਉੱਥੇ ਦੁਨੀਆਵੀ ਜਾਇਦਾਦ ਨਹੀਂ ਅਤੇ ਨਾਂ ਹੀ ਉਸ ਜਾਇਦਾਦ ਨੂੰ ਮਸੂਲ ਲਗਦਾ ਹੈ। ਉਸ ਅਵਸਥਾ ਵਿੱਚ ਕਿਸੇ ਪਾਪ ਕਰਮ ਕਰਨ ਦਾ ਕੋਈ ਖ਼ਤਰਾ, ਡਰ ਅਤੇ ਗਿਰਾਵਟ ਨਹੀਂ। ਉਹ ਅਵੱਸਥਾ ਇੱਕ ਐਸੀ ਪਾਤਸ਼ਾਹੀ ਹੈ ਜੋ ਸਦਾ ਬਹਾਰ ਅਤੇ ਓਥੇ ਕੋਈ ਦੂਜ ਤੀਜ ਨਹੀਂ ਸਗੋਂ ਸਭ ਬਰਾਬਰ ਹਨ। ਉਹ ਸ਼ਹਿਰ ਸਦਾ ਉੱਘਾ, ਘੁੱਗ ਵੱਸਦਾ, ਓਥੇ ਧਨੀ ਅਤੇ ਰੱਜੇ ਹੋਏ ਬੰਦੇ ਵੱਸਦੇ ਹਨ। ਉਸ ਉੱਚ ਦਰਜੇ 'ਤੇ ਜੋ ਜੋ ਪਹੁੰਚਦੇ ਹਨ ਉਹਨਾਂ ਦੇ ਅੰਦਰ ਕੋਈ ਵਿਤਕਰਾ ਨਹੀਂ ਅਤੇ ਉਨ੍ਹਾਂ ਨੂੰ ਦੁਨੀਆਂ ਦੀ ਭੁੱਖ ਨਹੀਂ ਰਹਿੰਦੀ। ਉਸ ਆਤਮਕ ਸ਼ਹਿਰ ਦੇ ਵਾਸੀ ਉਸ ਅਵਸਥਾ ਵਿੱਚ ਅਨੰਦ ਨਾਲ ਵਿਚਰਦੇ ਹੋਏ, ਉਸ ਰੱਬੀ ਮਹਲ ਦੇ ਭੇਤੀ ਹੁੰਦੇ ਨੇ, ਇਸ ਕਰਕੇ ਕੋਈ ਉਨ੍ਹਾਂ ਦੇ ਰਾਹ ਵਿੱਚ ਰੋਕ ਨਹੀਂ ਪਾ ਸਕਦਾ। ਸ਼ਬਦ ਦੇ ਅਖੀਰ ਵਿੱਚ ਫੁਰਮਾਂਦੇ ਹਨ ਕਿ ਅਸਲੀ ਚਮਾਰ ਰਵਿਦਾਸ ਨੇ, ਦੁੱਖ-ਅੰਦੋਹ ਤਸ਼ਵੀਸ਼ ਆਦਿਕ ਤੋਂ ਖ਼ਲਾਸੀ ਪਾ ਲਈ ਅਤੇ ਸਾਡਾ ਮਿੱਤ੍ਰ ਉਹ ਹੈ ਜੋ ਇਸ ਅਵਸਥਾ ਧਾਰਨੀ ਹੈ।
ਨੋਟ-ਇਸ ਸ਼ਬਦ ਵਿੱਚ ਆਏ ਲਫਜ "ਜੋ ਹਮ ਸ਼ਹਿਰੀ ਸੋ ਮੀਤ ਹਮਾਰਾ" ਦਾ ਕਦਾਚਿਤ ਵੀ ਇਹ ਭਾਵ ਨਹੀਂ ਕਿ ਮੇਰੇ ਸ਼ਹਿਰ ਦਾ ਵਾਸੀ ਹੀ ਮੇਰਾ ਮਿੱਤ੍ਰ ਅਤੇ ਬਾਕੀ ਸ਼ਹਿਰਾਂ ਦੇ ਦੁਸ਼ਮਣ ਹਨ। "ਜੋ ਹਮ ਸ਼ਹਿਰੀ" ਤੋਂ ਭਾਵ ਜੋ ਉੱਚੀ-ਸੁੱਚੀ ਅਵੱਸਥਾ ਵਾਲੇ ਹਿਰਦੇ ਰੂਪੀ ਸ਼ਹਿਰ ਦਾ ਵਸਿੰਦਾ ਹੈ। ਇੱਥੇ ਕਿਸੇ ਦੁਨਿਆਵੀ ਰਾਜ ਦੀ ਗੱਲ ਨਹੀਂ ਜੋ ਹੱਦ ਬੰਦੀਆਂ ਵਿੱਚ ਘਿਰਿਆ ਹੁੰਦਾ ਹੈ। ਰੱਬੀ ਭਗਤ ਤਾਂ ਸਾਰੇ ਸੰਸਾਰ ਨੂੰ ਹੀ ਆਪਣਾ ਸ਼ਹਿਰ ਮੰਨਦੇ ਹਨ। 
ਇਸੇ ਨੂੰ ਗੁਰੂ ਅਰਜਨ ਸਾਹਿਬ ਨੇ "ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ" ਕਿਹਾ ਹੈ ਜਿਸ ਅਨੁਸਾਰ ਹੁਣ ਮਿਹਰਬਾਨ ਅਕਾਲ ਪੁਰਖ ਦਾ ਹੁਕਮ ਹੋ ਗਿਆ ਹੈ ਕਿ ਕੋਈ ਕਿਸੇ 'ਤੇ ਪ੍ਰਬਲ ਹੋ, ਉਸ ਨੂੰ ਦੁੱਖ ਨਹੀਂ ਦੇ ਸਕੇਗਾ। ਸਾਰੀ ਪਰਜਾ ਸੁਖ ਨਾਲ ਵਸੇਗੀ ਕਿਉਂਕਿ ਹੁਣ ਨਰਮੀ ਵਾਲਾ ਰਾਜ ਹੋ ਗਿਆ ਹੈ। ਇਹ ਬਾਣੀ ਦਾ ਅਧਿਆਤਮਕ ਪੱਖ  ਅਤੇ ਇਸ ਦੇ ਅਰਥ ਕਰਦਿਆਂ "ਬੇਗਮਪੁਰਾ" ਨੂੰ ਆਤਮਕ ਅਵਸਥਾ-ਰੂਪ ਸ਼ਹਿਰ ਦੇ ਅਰਥਾਂ ਵਿੱਚ ਲਿਆ ਗਿਆ ਹੈ। ਮਨੁੱਖ ਨੇ ਹਰ ਤਰ੍ਹਾਂ ਦੀਆਂ ਅੜਚਣਾਂ ਨੂੰ ਦੂਰ ਕਰ, ਇਸ ਅਵਸਥਾ 'ਤੇ ਪਹੁੰਚਣਾ ਹੈ। ਇਹ ਤੱਥ ਧਿਆਨ ਯੋਗ ਹੈ ਕਿ ਗੁਰੂ ਸਾਹਿਬਾਨ ਨੇ ਬਾਣੀ ਵਿੱਚ ਕੋਈ ਵੀ ਅਜਿਹਾ ਸੰਕਲਪ ਜਾਂ ਸਿਧਾਂਤ ਦਰਜ ਨਹੀਂ ਕੀਤਾ ਜਿਸ ਨੂੰ ਅਮਲ ਵਿੱਚ ਨਹੀਂ ਲਿਆਂਦਾ ਜਾ ਸਕਦਾ ਕਿਉਂਕਿ ਅਮਲਾਂ ਤੋਂ ਬਿਨਾ ਸਿਧਾਂਤ ਬੇਕਾਰ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਵਿਖੇ ਅਜਿਹੇ ਹੀ ਹਮ ਸ਼ਹਿਰੀਆਂ ਦੀ ਪਵਿਤ੍ਰ ਰਚਨਾ ਦਰਜ ਹੈ ਜੋ ਆਤਮਕ ਅਵਸਥਾ ਕਰਕੇ, ਸਾਰੇ ਹਮ ਸ਼ਹਿਰੀ ਅਵੱਸਥਾ ਦੇ ਮਾਲਕ ਸਨ। ਅਸਲੀ ਸ਼ਹਿਰ ਗੁਰੂ ਗ੍ਰੰਥ ਸਾਹਿਬ ਅਤੇ ਉੱਚ ਅਵਸੱਥਾ ਦੇ ਵਾਸੀ ਰੱਬੀ ਭਗਤ ਅਤੇ ਗੁਰੂ ਬਰਾਬਰ ਵਾਸੀ ਹਨ। 
ਹਾਂ ਜੇ ਕਿਤੇ ਦੇਵਨੇਤ ਨਾਲ ਐਸੀ ਅਵੱਸਥਾ ਵਾਲੇ ਮਾਈਆਂ-ਭਾਈਆਂ ਕੋਲ ਦੁਨਿਆਵੀ ਰਾਜ ਆ ਜਾਵੇ ਤਾਂ ਪਰਜਾ ਦਾ ਭਲਾ ਹੋ ਸਕਦਾ ਹੈ। ਬੀਜ ਨਾਸ ਨਹੀਂ ਸਗੋਂ ਸੰਸਾਰ ਦੇ ਕੋਨੇ ਕੋਨੇ ਵਿੱਚ ਅਜਿਹੀ ਅਵੱਸਥਾ ਵਾਲੇ ਲੋਕ ਉਪਲਬਦ ਹੋਣ ਕਰਕੇ, ਇਸ ਸ਼ਬਦ ਵਿਚਲਾ ਸਿਧਾਂਤ ਸਾਨੂੰ ਸਾਰੀ ਦੁਨੀਆਂ ਨਾਲ ਜੋੜਦਾ ਹੈ। ਇਸ ਅਵੱਸਥਾ ਦੇ ਵਾਸੀ ਦੁਨਿਆਵੀ ਮੋਹ ਮਾਇਆ ਤੋਂ ਨਿਰਲੇਪ ਹੁੰਦੇ ਹਨ। ਜੇ ਅਸੀਂ ਵੀ ਐਸੇ ਬੇਗਮਪੁਰੇ ਦੇ ਵਾਸੀ ਬਣ ਜਾਈਏ ਤਾਂ ਸਾਡੇ ਵਿੱਚੋਂ ਬਦਨੀਤ ਬ੍ਰਾਹਮਣਾਂ ਦੀ ਪੈਦਾ ਕੀਤੀ, ਊਚ-ਨੀਚ, ਜਾਤ-ਪਾਤ ਅਤੇ ਛੂਆ-ਛਾਤ ਖਤਮ ਹੋ ਸਕਦੀ ਹੈ।
ਅਸੀਂ ਸਾਰੇ ਜੀਵ ਚਮੜੀ ਵਾਲੇ ਹੋਣ ਕਰਕੇ ਖਲਾਸ ਚਮਾਰ ਹਾਂ। ਚਮਾਰ ਕੋਈ ਨੀਵੀਂ ਜਾਤੀ ਨਹੀਂ ਸਗੋਂ ਸਾਰੇ ਚੰਮ ਤੋਂ ਪੈਦਾ ਹੋਣ ਕਰਕੇ ਸਰੀਰਕ ਤੌਰ 'ਤੇ ਚਮਾਰ ਹੀ ਹਨ। ਦੁਨਿਆਵੀ ਚਿੰਤਾ, ਫਿਕਰਾਂ ਅਤੇ ਵਹਿਮਾਂ ਭਰਮਾਂ ਤੋਂ ਮੁਕਤ ਹੋ ਕੇ ਹੀ ਬੇ-ਗਮਪੁਰੇ ਦੇ ਵਾਸੀ ਬਣਿਆ ਜਾ ਸਕਦਾ ਹੈ। ਗੁਰੂ ਬਾਬਾ ਜੀ ਵੀ ਇਹ ਹੀ ਉਪਦੇਸ਼ ਦਿੰਦੇ ਹਨ ਕਿ-ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥(੧੨੯੯) ਅਤੇ ਸਭ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥(੬੭੧) ਬਾਬਾ ਰਵਿਦਾਸ ਜਿਸ ਸਮਾਜ ਵਿੱਚ ਪਲੇ, ਵੱਡੇ ਹੋਏ, ਉਸ ਸਮਾਜ ਵਿੱਚ ਸਮਾਜਕ ਗਤੀਸ਼ੀਲਤਾ ਦੀ ਆਗਿਆ ਨਹੀਂ ਸੀ। ਮਨੁੱਖ ਦਾ ਇੱਕ ਵਰਣ ਤੋਂ ਦੂਸਰੇ ਵਿੱਚ ਪ੍ਰਵੇਸ਼, ਆਪਣਾ ਕਿੱਤਾ ਤਿਆਗ ਕੋਈ ਦੂਸਰਾ ਅਪਨਾਉਣਾ, ਸਿੱਖਿਆ ਪ੍ਰਾਪਤ ਕਰਨਾ, ਇਨ੍ਹਾਂ ਸਭ ਦੀ ਮਨਾਹੀ ਸੀ। ਇਸ ਸਮਾਜ ਵਿੱਚ ਤਾਂ ਮਨੁੱਖ ਦੇ ਰਹਿਣ ਦੀ ਥਾਂ ਵੀ ਉਸ ਦੇ ਵਰਣ ਅਨੁਸਾਰ ਨਿਸਚਿਤ ਕੀਤੀ ਹੋਈ ਸੀ ਅਤੇ ਹੈ। ਇੱਥੋਂ ਤੱਕ ਕਿ ਕਿਸੇ ਬ੍ਰਾਹਮਣ ਕਥਿਤ ਉੱਚ ਜਾਤੀ ਵਾਲੇ ਉੱਤੇ ਕਿਸੇ ਦਲਿਤ ਕਹੇ ਜਾਣ ਵਾਲੇ ਦਾ ਪਰਛਾਵਾਂ ਪੈਣਾ ਵੀ ਗੁਨਾਹ ਮੰਨਿਆਂ ਜਾਂਦਾ ਸੀ ਤੇ ਕਈ ਥਾਂ ਭਾਰਤ ਵਿੱਚ ਅੱਜ ਵੀ ਹੈ। ਜੀਵਨ ਹਰ ਤਰ੍ਹਾਂ ਦੇ ਅੰਦੇਸ਼ਿਆਂ, ਦੁੱਖਾਂ-ਤਕਲੀਫਾਂ ਨਾਲ ਭਰਿਆ ਪਿਆ ਹੈ। ਭਗਤ ਬਾਬਾ ਰਵਿਦਾਸ ਜੀ ਇਸ ਸਮਾਜਕ ਅਵਸਥਾ ਤੋਂ ਪੂਰੀ ਤਰ੍ਹਾਂ ਚੇਤੰਨ ਹੋ, ਦਲਿਤ ਚੇਤਨਾ ਦਾ ਹੀ ਪ੍ਰਗਟਾਵਾ ਕਰਦੇ ਹਨ ਕਿ-ਕਹਿ ਰਵਿਦਾਸ ਖਲਾਸ ਚਮਾਰਾ..॥ 
ਸੋ ਇਸ ਉੱਪ੍ਰੋਕਤ ਸ਼ਬਦ ਵਿੱਚ ਸਭ ਪ੍ਰਕਾਰ ਦੀਆਂ ਬੰਦਸ਼ਾਂ ਤੋਂ ਛੁਟਕਾਰਾ, ਦਲਿਤ ਚੇਤਨਾ ਵੱਲ ਸੰਕੇਤਕ ਹੈ। ਬਾਬਾ ਜੀ ਨੇ ਉਨ੍ਹਾਂ ਦੁਸ਼ਵਾਰੀਆਂ, ਸਮਾਜਕ ਨਾ-ਬਰਾਬਰੀ, ਦੁੱਖਾਂ-ਤਕਲੀਫਾਂ, ਸਮਾਜਕ ਗ਼ੁਲਾਮੀ, ਸਮਾਜਕ ਗਤੀਹੀਣਤਾ ਦੀ ਗੱਲ ਕੀਤੀ ਜਿਨ੍ਹਾਂ ਨੂੰ ਬੇਗਮਪੁਰੇ ਵਿੱਚ ਕੋਈ ਥਾਂ ਨਹੀਂ। ਇਸ ਤੋਂ ਪਤਾ ਚੱਲਦਾ ਹੈ ਕਿ ਰਾਜਸੀ ਅਤੇ ਧਾਰਮਿਕ ਸ਼ਕਤੀਆਂ ਦਾ ਨਪਾਕ ਗੱਠਜੋੜ ਜਿਸ ਦੀ ਬੁਨਿਆਦ ਝੂਠ ਅਤੇ ਲੁੱਟ-ਖਸੁੱਟ 'ਤੇ ਟਿਕੀ ਹੋਈ ਜੋ "ਬੇਗਮਪੁਰਾ" ਦੇ ਅਮਲ ਵਿੱਚ ਸਭ ਤੋਂ ਵੱਡਾ ਰੋੜਾ ਹੈ। ਅੱਜ ਵੀ ਭਾਵੇਂ ਭਾਰਤੀ ਸੰਵਿਧਾਨ ਵਿੱਚ ਪੱਛੜੀਆਂ ਜਾਤਾਂ ਅਤੇ ਕਬੀਲਿਆਂ ਲਈ ਹੱਕ ਰਾਖਵੇਂ ਕਰ ਦਿੱਤੇ ਗਏ ਅਤੇ ਸੰਵਿਧਾਨ ਦੀ ਨਿਗਾਹ ਵਿੱਚ ਸਾਰੇ ਬਰਾਬਰ ਸ਼ਹਿਰੀ ਹਨ ਪਰ ਜੋ ਕੁੱਝ ਭਾਰਤ ਵਿੱਚ ਵਾਪਰਦਾ ਰਿਹਾ, ਪਿਛਲੇ ਦਿਨੀਂ ਵਾਪਰਿਆ, ਉਸ ਦਾ ਕਾਰਨ ਰਾਜ-ਸ਼ਕਤੀ ਅਤੇ ਕਟੜ ਹਿੰਦੂਤਵ ਸ਼ਕਤੀਆਂ ਦਾ ਮਨੁੱਖਤਾ ਵਿਰੋਧੀ ਨਪਾਕ ਗੱਠਜੋੜ ਹੈ, ਜਿਸ ਨੂੰ ਬੇਗਮਪੁਰੇ ਦੇ ਸੂਝਵਾਨ, ਸੱਚੇ-ਸੁੱਚੇ, ਨਿਡੱਰ, ਨਿਧੱੜਕ, ਜਾਤ-ਪਾਤ ਰਹਿਤ, ਸਭ ਨੂੰ ਬਰਾਬਰ ਸਮਝਣ ਤੇ ਹੱਕ ਦੇਣ ਵਾਲੇ ਕ੍ਰਾਂਤੀਕਾਰੀ ਵਾਸੀ ਹੀ ਸਮਝ ਸਕਦੇ ਹਨ। ਐਸੀ ਕ੍ਰਾਂਤੀਕਾਰੀ ਅਵੱਸਥਾ ਦਾ ਬੇਖੌਫ ਜਿਕਰ ਹੀ ਬਾਬਾ ਰਵਿਦਾਸ ਜੀ ਨੇ, ਇਸ ਸ਼ਬਦੀ ਪੈਗਾਮ ਵਿੱਚ ਕੀਤਾ ਹੈ ਪਰ ਅੱਜ ਬਾਬਾ ਜੀ ਦੇ ਬਹੁਤੇ ਅਨੁਯਾਈ ਵੀ ਇਸ ਤੋਂ ਥਿੜਕਦੇ ਜਾ ਰਹੇ ਹਨ, ਨੂੰ ਸਮਝਣ ਦੀ ਅਤਿਅੰਤ ਲੋੜ ਹੈ।


Monday, February 6, 2017

ਧਰਮਾਂ ਦੀ ਬਰਾਬਰਤਾ ਬਾਰੇ

          ਧਰਮਾਂ ਦੀ ਬਰਾਬਰਤਾ ਬਾਰੇ
ਅਵਤਾਰ ਸਿੰਘ ਮਿਸ਼ਨਰੀ (5104325827)
ਆਮ ਲੋਕਾਂ ਖਾਸ ਕਰ ਧਰਮ ਪ੍ਰਚਾਰਕਾਂ ਅਤੇ ਪੁਲੀਟੀਕਲ ਲੀਡਰਾਂ ਦਾ ਧਰਿਆ ਧਰਾਇਆ ਜਵਾਬ ਹੁੰਦਾ ਹੈ ਕਿ ਸਭ ਧਰਮ ਬਰਾਬਰ ਹਨ ਪਰ ਐਸਾ ਨਹੀਂ ਹੈ ਜੇ ਸ਼ੱਕ ਹੈ ਤਾਂ ਸਾਰੇ ਧਰਮਾਂ ਭਾਰੇ ਸਟੱਡੀ ਕਰਕੇ ਦੇਖੋ, ਸਭ ਦੀਆਂ ਰਹੁ ਰੀਤਾਂ ਤੇ ਮਨੌਤਾਂ ਅਲੱਗ ਅਲੱਗ ਹਨ। ਹਰੇਕ ਦੇ ਰੱਬ, ਜੀਵਨ, ਕਰਮ ਅਤੇ ਮੁਕਤੀ ਬਾਰੇ ਸਿਧਾਂਤ ਵੱਖ ਵੱਖ ਹਨ। ਇਸ ਲਈ ਸਾਰੇ ਧਰਮ ਬਰਾਬਰ ਨਹੀਂ ਹਨ ਜੇ ਹੁੰਦੇ ਤਾਂ ਧਰਮ ਦੇ ਨਾਂ ਕੋਈ ਵੀ ਲੜਾਈ ਨਾਂ ਹੁੰਦੀ ਸਗੋਂ ਹਰੇਕ ਮਾਈ ਭਾਈ ਨੂੰ ਇੱਕ ਰੱਬ ਦੀ ਸੰਤਾਨ ਇਨਸਾਨ ਸਮਝਿਆ ਜਾਂਦਾ। ਅੱਜ ਤਾਂ ਮੰਦਰਾਂ, ਮਸਜਦਾਂ ਅਤੇ ਗੁਰਦੁਆਰਿਆਂ ਦੇ ਨਾਂ ਤੇ ਇੱਕ ਦੂਜੇ ਦਾ ਸਿਰ ਪਾੜ੍ਹਨ ਤੱਕ ਜਾਂਦੇ ਹਨ। ਜੇ ਬਰਾਬਰ ਹਨ ਤਾਂ ਐਸਾ ਕਿਉਂ? ਰੱਬ ਦੇ ਸ਼ਰੀਕਾਂ ਨੇ ਹੀ ਅਲੱਗ ਅਲੱਗ ਧਰਮ ਪੈਦਾ ਕੀਤੇ ਹੋਏ ਹਨ ਅਤੇ ਇਹ ਰੱਬ ਵੀ ਆਪੋ ਆਪਣੇ ਬਣਾਈ ਫਿਰਦੇ ਹਨ।
ਜਰਾ ਇਧਰ ਵੀ ਧਿਆਨ ਦਿਉ ਕਿ ਸਿੱਖ ਧਰਮ ਇੱਕ ਨਿਰੰਕਾਰ ਨੂੰ ਅਕਾਲ ਪੁਰਖ ਮੰਨਦਾ ਅਤੇ ਹਿੰਦੂ ਧਰਮ ਜਣੇ ਖਣੇ ਅਵਤਾਰ ਨੂੰ ਹੀ ਭਗਵਾਨ ਕਹੇ ਥਾਂ ਥਾਂ ਮੱਥੇ ਟੇਕੀ  ਜਾਂਦਾ ਹੈ। ਸਿੱਖ ਧਰਮ ਔਰਤ ਅਤੇ ਮਰਦ ਨੂੰ ਬਰਾਬਰ ਅਧਿਕਾਰ ਦਿੰਦਾ ਹੈ ਜਦ ਕਿ ਬਹੁਤੇ ਧਰਮ ਨਹੀਂ ਦਿੰਦੇ। ਸਿੱਖ ਧਰਮ ਅਖੌਤੀ ਨਰਕ ਸਵਰਗ, ਦੇਵੀ ਦੇਵਤਾ, ਭੂਤ-ਪ੍ਰੇਤ, ਚੜੇਲਾਂ, ਥੋਥੇ ਕਰਮਕਾਂਡ, ਵਹਿਮ ਭਰਮ, ਜਾਦੂ ਟੂਣੇ, ਧਰਮ ਦੇ ਨਾਂ ਤੇ ਬਲੀਆਂ ਦੇਣੀਆਂ, ਤੰਤ੍ਰ ਮੰਤ੍ਰ, ਜੋਤਿਸ਼ੀਆਂ, ਮਸਿਆ ਪੁਨਿਆਂ, ਸੰਗ੍ਰਾਂਦਾਂ, ਚੰਗੇ ਮੰਦੇ ਦਿਨਾਂ, ਮੜੀਆਂ ਮਸਾਣੀਆਂ, ਪੁਜਾਰੀਆਂ ਅਤੇ ਕਿਰਤ ਤੇ ਗ੍ਰਿਹਸਤ ਤੋਂ ਭਗੌੜੇ ਅਖੌਤੀ ਸਾਧਾਂ ਸੰਤਾਂ ਆਦਿਕ ਨੂੰ ਨਹੀ ਮੰਨਦਾ ਤੇ ਨਾਂ ਹੀ ਮਾਨਤਾ ਦਿੰਦਾ ਹੈ। ਸਿੱਖ ਧਰਮ ਇੱਕ ਕਰਤਾਰ ਨੂੰ ਸਰਬ ਨਿਵਾਸੀ ਘਟਿ ਘਟਿ ਵਾਸੀ ਮੰਨਦਾ ਹੋਇਆਂ ਸਭ ਵਿੱਚ ਉਸ ਦੀ ਜੋਤਿ ਮੰਨਦਾ ਹੈ। ਸਿੱਖ ਧਰਮ ਵਿੱਚ ਕੋਈ ਜਾਤ-ਪਾਤ ਨਹੀਂ। ਸਿੱਖ ਧਰਮ ਇੱਕ ਪ੍ਰਮਾਤਮਾਂ ਨੂੰ ਹੀ ਸਭ ਦਾ ਪਿਤਾ ਮੰਨਦਾ ਹੈ-ਏਕ ਪਿਤਾ ਏਕਸ ਕੇ ਹਮ ਬਾਰਿਕ (611) ਜਦ ਕਿ ਹਿੰਦੂ ਧਰਮ ਜਾਤ ਪਾਤੀ ਵਖਰੇਵਿਆਂ ਦਾ ਮੁਦਈ ਹੈ। ਸਿੱਖ ਧਰਮ ਕਿਰਤੀਆਂ ਦਾ ਧਰਮ ਹੈ ਇਸ ਵਿੱਚ ਪੁਜਾਰੀਵਾਦ ਨੂੰ ਕੋਈ ਥਾਂ ਨਹੀਂ।

ਇਸਲਾਮ ਵਿੱਚ ਬੀਫ ਖਾਣਾ ਹਰਾਮ ਨਹੀਂ ਪਰ ਹਿੰਦੂ ਪਾਪ ਮੰਨਦੇ ਹਨ। ਮੁਸਲਿਮ ਸੂਰ ਨਹੀਂ ਖਾਂਦੇ ਪਰ ਸਿੱਖਾਂ ਵਾਸਤੇ ਨਾਂ ਬੀਫ ਤੇ ਨਾਂ ਹੀ ਸੂਰ ਹਰਾਮ ਹੈ। ਹਿੰਦੂਆਂ ਦੇ ਮੰਦਰਾਂ ਵਿੱਚ ਸ਼ੂਦਰ ਨੀਵੀ ਜਾਤ ਦਾ ਮਨੁੱਖ ਨਹੀਂ ਜਾ ਸਕਦਾ। ਇਵੇਂ ਹੀ ਇਸਲਾਮਿਕ ਕੇਂਦਰ ਮੱਕੇ ਵਿੱਚ ਕੋਈ ਗੈਰ ਮੁਸਲਿਮ ਨਹੀਂ ਜਾ ਸਕਦਾ ਅਤੇ ਉਹ ਗੈਰ ਮੁਸਲਿਮ ਨੂੰ ਕਾਫਰ ਕਹਿੰਦੇ ਹਨ ਪਰ ਸਿੱਖ ਗੁਰਦੁਆਰਿਆਂ ਦੇ ਦਰਵਾਜੇ ਸਭ ਲਈ ਖੁੱਲ੍ਹੇ ਹਨ ਫਿਰ ਕਿਵੇਂ ਕਿਹਾ ਜਾ ਸਕਦਾ ਹੈ ਕਿ ਸਭ ਧਰਮ ਬਰਾਬਰ ਹਨ? ਐਸਾ ਕਹਿਣ ਜਾਂ ਮੰਨਣ ਵਾਲੇ ਜਰਾ ਠੰਡੇ ਦਿਲ ਦਿਮਾਗ ਨਾਲ ਸੋਚ ਕੇ ਜਵਾਬ ਦੇਣ ਹਾਂ ਇਹ ਵੱਖਰੀ ਗੱਲ ਹੈ ਕਿ ਸਾਨੂੰ ਸਭ ਦਾ ਸਤਿਕਾਰ ਕਰਨਾ ਚਾਹੀਦਾ ਹੈ ਨਾਂ ਕਿ ਨਿਰਾਦਰ ਪਰ ਸਾਰਥਕ ਤਰਕ ਦੇ ਅਧਾਰ ਤੇ ਵਿਚਾਰ ਚਰਚਾ ਤਾਂ ਕੀਤੀ ਹੀ ਜਾ ਸਕਦੀ ਹੈ ਜਿਸ ਬਾਰੇ ਬਾਬੇ ਨਾਨਕ ਜੀ ਨੇ ਫੁਰਮਾਇਆ ਹੈ ਕਿ-ਜਬ ਲਗੁ ਦੁਨੀਆਂ ਰਹੀਏ ਨਾਨਕ ਕਿਛੁ ਸੁਣੀਐਂ ਕਿਛੁ ਕਹੀਐ॥ (661) ਅਤੇ ਰੋਸੁ ਨਾ ਕੀਜੈ ਉਤਰੁ ਦੀਜੈ ਕਿਉਂ ਪਾਈਐ ਗੁਰ ਦੁਆਰੋ॥(938) ਸੋ ਅੰਖਾਂ ਮੀਟ ਕੇ ਜਾਂ ਕਿਸੇ ਦੇ ਕਹੇ ਕਹਾਏ ਨਹੀ ਕਹੀ ਜਾਣਾ ਕਿ ਸਭ ਧਰਮ ਬਰਾਬਰ ਹਨ ਜਥਾਰਥ ਨਹੀਂ ਹੈ ਸਗੋਂ ਸਚਾਈ ਤੋਂ ਅੱਖਾਂ ਮੀਟਣ ਵਾਲੀ ਗੱਲ ਹੈ। ਹਾਂ ਇਨਸਾਨੀਅਤ ਤੌਰ ਤੇ ਸਾਰੀ ਦੁਨੀਆਂ ਦਾ ਸੱਚ ਧਰਮ ਇੱਕ ਹੀ ਹੈ-ਏਕੋ ਧਰਮੁ ਦ੍ਰਿੜੈ ਸਚੁ ਕੋਈ॥ ਗੁਰਮਤਿ ਪੂਰਾ ਜਗਿ ਜੁਗਿ ਸੋਈ॥ (1188) ਜੇ ਰੱਬ ਇੱਕ ਹੈ ਤਾਂ ਅਸੀਂ ਸਾਰੇ ਹੀ ਉਸ ਦੇ ਬੱਚੇ ਬੱਚੀਆਂ ਹਾਂ ਇਸ ਲਈ ਜੋ ਸਾਡੇ ਪਿਤਾ ਰੱਬ ਦਾ ਧਰਮ ਹੈ ਉਹ ਹੀ ਸਾਡਾ ਸਭ ਦਾ ਤੇ ਜੋ ਉਸ ਦੀ ਜਾਤ ਹੈ ਉਹ ਹੀ ਸਾਡੀ ਸਭ ਦੀ ਜਾਤ ਹੈ। ਅਜਿਹਾ ਸੱਚ ਧਰਮ ਹੀ ਸਭ ਲਈ ਬਰਾਬਰ ਹੈ ਬਾਕੀ ਸਭ ਵੱਖਰੇ ਵੱਖਰੇ ਹਨ।

Thursday, June 2, 2011

ਪੀਰ ਬੁੱਧੂਸ਼ਾਹ ਦੀ ਕੁਰਬਾਨੀ, ਗੰਗੂ ਅਤੇ ਹੋਰਾਂ ਦੀ ਲੂਣਹਰਾਮੀ

ਪੀਰ ਬੁੱਧੂਸ਼ਾਹ ਦੀ ਕੁਰਬਾਨੀ, ਗੰਗੂ ਅਤੇ ਹੋਰਾਂ ਦੀ ਲੂਣਹਰਾਮੀਅਵਤਾਰ ਸਿੰਘ ਮਿਸ਼ਨਰੀ (5104325827)

ਪੀਰ ਬੁੱਧੂਸ਼ਾਹ ਸਢੌਰਾ ਜਿਲ੍ਹਾ ਅੰਬਾਲਾ (ਪੰਜਾਬ) ਦਾ ਰਹਿਣ ਵਾਲਾ ਸੀ। ਜਿਸ ਦਾ ਅਸਲ ਨਾਮ ਸਯਦ ਸ਼ਾਹ ਬਦਰੁੱਦੀਨ ਸੀ, ਆਪ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਕੋਲ ਸਿਫਾਰਿਸ਼ ਕਰਕੇ 500 ਪਠਾਨ ਨੌਕਰ ਰਖਵਾਏ ਸਨ, ਜਿਨ੍ਹਾਂ ਦੇ ਚਾਰ ਮੁੱਖ ਸਰਦਾਰ ਕਾਲਾ ਖਾਂ, ਭੀਖਨ ਖਾਂ, ਨਿਯਾਬਤ ਖਾਂ ਅਤੇ ਹਯਾਤ ਖਾਂ ਸਨ। ਇਨ੍ਹਾਂ ਵਿੱਚੋਂ ਕਾਲਾ ਖਾਂ ਨੂੰ ਛੱਡ ਕੇ ਬਾਕੀ ਤਿੰਨੇ ਖਾਂਨ ਸਰਦਾਰ ਨਮਕਹਰਾਮੀ ਹੋ ਗਏ ਅਤੇ ਆਪਣੇ ਸਵਾਰਾਂ ਸਮੇਤ ਭੰਗਾਣੀ ਦੇ ਯੁੱਧ ਵਿੱਚ ਗੁਰੂ ਦਾ ਸਾਥ ਛੱਣ ਗਏ ਸਨ। ਜਦ ਇਸ ਨਮਕਹਰਾਮੀ ਦੀ ਖਬਰ ਪੀਰ ਬੁੱਧੂਸ਼ਾਹ ਨੂੰ ਮਿਲੀ ਤਾਂ ਪੀਰ ਜੀ ਦਾ ਹਿਰਦਾ ਬੜਾ ਦੁੱਖੀ ਹੋਇਆ। ਫਿਰ ਪੀਰ ਜੀ ਆਪਣੇ ਚਾਰ ਪੁੱਤਰ ਅਤੇ 700 ਮਰੀਦ ਲੈ ਕੇ ਦਸ਼ਮੇਸ਼ ਦੀ ਮਦਦ ਲਈ ਭੰਗਾਣੀ ਦੇ ਜੰਗ ਵਿੱਚ ਜਾ ਕੁੱਦਿਆ। ਇਸ ਜੰਗ ਵਿੱਚ ਪੀਰ ਜੀ ਦੇ ਦੋ ਸਪੁੱਤਰ ਅਤੇ ਬਹੁਤ ਸਾਰੇ ਮੁਰੀਦ ਸ਼ਹੀਦ ਹੋਏ ਅਤੇ ਜੰਗ ਦੀ ਸਮਾਪਤੀ ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੀ ਦਸਤਾਰ ਕੰਘੇ ਸਹਿਤ ਜਿਸ ਵਿੱਚ ਵਾਹੇ ਹੋਏ ਕੇਸ ਵੀ ਲੱਗੇ ਹੋਏ ਸਨ ਅਤੇ ਛੋਟੀ ਕ੍ਰਿਪਾਨ ਪੀਰ ਬੁੱਧੂਸ਼ਾਹ ਨੂੰ, ਇੱਕ ਹੁਕਮਨਾਮੇ ਸਮੇਤ ਬਖਸ਼ੀ। ਨਾਭ੍ਹਾ ਦੇ ਮਹਾਂਰਾਜਾ ਭਰਪੂਰ ਸਿੰਘ ਨੇ ਪੀਰ ਜੀ ਦੀ ਸੰਤਾਨ ਨੂੰ ਬਹੁਤ ਭੇਟਾਵਾਂ ਅਤੇ ਜਗੀਰ ਦੇ ਕੇ, ਇਹ ਵਸਤਾਂ ਬਖਸ਼ਿਸ਼ ਜਾਣ ਕੇ ਲੈ ਲਈਆਂ, ਜੋ ਹੁਣ ਨਾਭ੍ਹਾ ਰਿਆਸਤ ਦੇ ਗੁਰਦੁਆਰੇ ਵਿੱਚ ਸੁਭਾਏਮਾਨ ਹਨ।
ਫਿਰ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਮੈਦਾਨੇ ਜੰਗ ਵਿੱਚ ਸਹਾਇਤਾ ਦੇਣ ਦਾ ਅਪਰਾਧ ਲਾ ਕੇ, ਸਰਦਾਰ ਅਸਮਾਨਖਾਂ ਹਾਕਮ ਸਢੌਰਾ ਨੇ ਪੀਰ ਜੀ ਨੂੰ ਧੌਖੇ ਨਾਲ ਪਕੜ ਕੇ, ਕਤਲ ਕਰਵਾ ਦਿੱਤਾ। ਇਸ ਬੇਗੁਨਾਹੇ ਦਰਵੇਸ਼ ਪੀਰ ਬੁੱਧੂਸ਼ਾਹ ਦੇ ਬੇ-ਰਹਿਮੀ ਨਾਲ ਕੀਤੇ ਗਏ ਕਤਲ ਦੀ ਸਜਾ, ਬਾਬਾ ਬੰਦਾ ਸਿੰਘ ਬਹਾਦਰ ਨੇ, ਸੰਮਤ 1766 ਸੰਨ (1709 ਈ.) ਨੂੰ ਸਢੌਰਾ ਫ਼ਤੇ ਕਰਕੇ ਅਸਮਾਨਖਾਂ ਨੂੰ ਕੀਤੇ ਦਾ ਫਲ ਭੁਗਤਾਉਂਦੇ ਹੋਏ, ਫਾਂਸੀ ਤੇ ਲਟਕਾ ਕੇ ਦਿੱਤੀ। ਇਹ ਸੀ ਸੰਖੇਪ ਹਾਲ ਪੀਰ ਸਯਦ ਸ਼ਾਹ ਬਦਰੁੱਦੀਨ (ਪੀਰ ਬੁੱਧੂਸ਼ਾਹ) ਦਾ ਜੋ ਇੱਕ ਸੱਚਾ ਸੁੱਚਾ ਮੁਸਲਮਾਨ ਪੀਰ ਸੀ ਅਤੇ ਇਲਾਕੇ ਵਿੱਚ ਪੀਰ ਜੀ ਦੀ ਬਹੁੱਤ ਮਾਨਤਾ ਸੀ। ਇਸ ਗਲ੍ਹ ਦਾ ਇੱਥੋਂ ਹੀ ਅੰਦਾਜਾ ਲੱਗ ਜਾਂਦਾ ਹੈ ਕਿ ਉਸ ਦੇ ਇੱਕੋ ਇਸ਼ਾਰੇ ਤੇ 700 ਮੁਰੀਦ ਜਾਨਾਂ ਵਾਰਨ ਨੂੰ ਤਿਆਰ ਹੋ ਗਏ ਸਨ। ਗੁਰੂ ਘਰ ਹਰੇਕ ਸੱਚ ਦੇ ਪਾਂਧੀ ਇਨਸਾਨ ਨਾਲ ਮਿਤਰਤਾ ਅਤੇ ਹਮਦਰਦੀ ਰੱਖਦਾ ਹੈ ਭਾਵੇਂ ਉਹ ਕਿਸੇ ਵੀ ਮਜ੍ਹਬ ਜਾਂ ਕੌਮ ਦਾ ਹੋਵੇ। ਇਸ ਕਰਕੇ ਸੱਚ ਦੇ ਮੁਤਲਾਸ਼ੀ ਸ਼ੁਰੂ ਤੋਂ ਹੀ ਗੁਰੂ ਘਰ ਨਾਲ ਜੁੜੇ ਰਹੇ ਹਨ। ਭਾਵੇਂ ਉਹ ਭਾਈ ਮਰਦਾਨਾ, ਸਾਂਈ ਮੀਆਂ ਮੀਰ, ਅਕਬਰ ਬਾਦਸ਼ਾਹ, ਪੀਰ ਬੁੱਧੂਸ਼ਾਹ, ਮਾਛੀਵਾੜੇ ਦੇ ਪੰਜਾਬਾ ਅਤੇ ਗੁਲਾਬਾ ਸਨ ਜੋ ਗੁਰੂ ਜੀ ਨੂੰ ਉੱਚ ਦਾ ਪੀਰ ਬਣਾ ਵੈਰੀਆਂ ਦੀ ਵਾੜ ਚੋ ਲੰਘ ਗਏ ਸਨ। ਸਿੱਖ ਧਰਮ ਦੇ ਬਾਨੀ ਬਾਬਾ ਨਾਨਕ ਜੀ ਮੱਕੇ ਵੀ ਗਏ ਸਨ ਜਿੱਥੇ ਗੈਰ ਮੁਸਲਮਾਨ ਨੂੰ ਜਾਣ ਦਾ ਕੋਈ ਹੱਕ ਨਹੀਂ ਸੀ। ਓਥੇ ਹੋਈ ਵਿਚਾਰ ਚਰਚਾ ਵਿੱਚ ਓਥੋਂ ਦੇ ਮੁਸਲਮ ਆਗੂ ਗੁਰੂ ਜੀ ਦੇ ਵਿਚਾਰ ਸੁਣ ਕੇ ਬੜੇ ਪ੍ਰਭਾਵਿਤ ਹੋਏ ਸਨ ਜਦ ਬਾਬਾ ਜੀ ਨੇ ਇਹ ਕਿਹਾ ਕਿ ਜਿਧਰ ਅੱਲਾਹ ਦਾ ਘਰ ਨਹੀਂ ਤੁਸੀਂ ਮੇਰੇ ਪੈਰ ਓਧਰ ਕਰ ਦਿਓ। ਉਹ ਸੋਚੀਂ ਪੈ ਗਏ ਹੈਂ! ਅੱਲਾਹ ਕਿੱਥੇ ਨਹੀਂ ਹੈ? ਇਹ ਤਾਂ ਕੋਈ ਅੱਲਾਹ ਦਾ ਪੀਰ ਆਇਆ ਹੈ। ਇਸੇ ਕਰਕੇ ਓਦੋਂ ਤੋਂ ਲੈ ਕੇ ਅੱਜ ਤੱਕ ਅਸਲੀ ਮੁਸਲਮਾਨ ਗੁਰੂ ਬਾਬਾ ਜੀ ਨੂੰ ਨਾਨਕ ਸ਼ਾਹ ਪੀਰ ਕਹਿ ਕੇ ਆਦਰ ਨਾਲ ਯਾਦ ਕਰਦੇ ਹਨ।
ਆਓ ਹੁਣ ਦੂਜੇ ਪਾਸੇ ਦੀ ਤਸਵੀਰ ਦੇਖੀਏ ਭਾਵ ਗੰਗੂ ਬ੍ਰਾਹਮਣ ਬਾਰੇ ਜਾਣੀਏਂ। ਮਹਾਨ ਕੋਸ਼ ਦੇ ਕਰਤਾ ਭਾਈ ਸਾਹਿਬ ਭਾਈ ਕਾਨ੍ਹ ਸਿੰਘ ਨ੍ਹਾਭਾ ਅਨੁਸਾਰ, ਖੇੜੀ ਪਿੰਡ ਦਾ ਵਸਨੀਕ ਇੱਕ ਬ੍ਰਾਹਮਣ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਕਪਟੀ ਨੌਕਰ ਸੀ। ਜੋ ਸੰਮਤ 1761 ਮੁਤਾਬਿਕ ਸੰਨ 1704 ਈ. ਨੂੰ ਜਦ ਗੁਰੂ ਸਾਹਿਬ ਨੇ ਅਨੰਦਪੁਰ ਛੱਡਿਆ, ਉਸ ਵੇਲੇ ਇਹ ਕਪਟੀ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਖੇੜੀ ਲੈ ਗਿਆ ਅਤੇ ਮਾਤਾ ਜੀ ਦਾ ਸਾਰਾ ਧੰਨ ਰਾਤ ਨੂੰ ਚੁਰਾਕੇ ਸਵੇਰੇ ਮੋਰਿੰਡੇ ਦੇ ਥਾਂਣੇਦਾਰ ਨੂੰ ਆਪਣੇ ਪ੍ਰਤਪਾਲਕਾਂ ਨੂੰ ਫੜਾਉਣ ਲਈ ਭਾਰੀ ਲਾਲਚ ਵਿੱਚ ਆ ਕੇ ਅਤਿਅੰਤ ਅਕ੍ਰਿਤਘਣਤਾ ਦਾ ਸਬੂਤ ਦਿੰਦੇ ਹੋਇਆਂ, ਗੁਰੂ ਦੇ ਛੋਟੇ ਬੱਚਿਆਂ ਅਤੇ ਬਿਰਦ ਮਾਤਾ ਗੁਜਰੀ ਜੀ ਬਾਰੇ ਇਤਲਾਹ ਦਿੱਤੀ। ਤਿੰਨਾਂ ਨੂੰ ਕੈਦ ਕਰਵਾ ਕੇ ਸਰਹੰਦ ਭੇਜਵਾ ਦਿੱਤਾ, ਜਿੱਥੇ ਛੋਟੇ ਬੱਚਿਆਂ ਅਤੇ ਬਿਰਦ ਮਾਤਾ ਜੀ ਨੇ ਧਰਮ ਵਿੱਚ ਪ੍ਰਪੱਕ ਰਹਿ ਕੇ ਸ਼ਹੀਦੀਆਂ ਪਾਈਆਂ ਪਰ ਕਿਸੇ ਲਾਲਚ ਜਾਂ ਡਰਾਵੇ ਵਿੱਚ ਜ਼ਾਲਮ ਮੁਗਲ ਹਾਕਮਾਂ ਦੀ ਈਨ ਨਹੀਂ ਮੰਨੀ। ਓਥੇ ਹੀ ਇੱਕ ਹੋਰ ਅਕ੍ਰਿਤਘਣ ਸੁੱਚਾ ਨੰਦ (ਅਸਲ ਵਿੱਚ ਝੂਠਾ ਨੰਦ) ਖਤਰੀ ਜੋ ਚਾਰ ਛਿਲੜਾ ਖਾਤਰ ਮੁਗਲ ਹਕੂਮਤ ਦਾ ਝੋਲੀ ਚੁੱਕ ਬਣਿਆ ਹੋਇਆ ਸੀ ਨੇ ਕਿਹਾ ਕਿ ਸੱਪ ਦੇ ਬੱਚੇ ਸਪੋਲੀਏ ਹੁੰਦੇ ਹਨ ਇਸ ਲਈ ਉਨ੍ਹਾਂ ਨੂੰ ਛੋਟਿਆਂ ਨੂੰ ਹੀ ਖਤਮ ਕਰ ਦੇਣਾ ਚਾਹੀਦਾ ਹੈ। ਇੱਥੇ ਹੀ ਇੱਕ ਅਕੀਦਤਮੰਦ ਸ਼ਰਧਾਲੂ ਮੋਤੀ ਮਹਿਰੇ ਨੇ ਜਾਨ ਹੂਲ ਕੇ ਵੀ ਬੱਚਿਆਂ ਅਤੇ ਮਾਤਾ ਜੀ ਨੂੰ ਦੁੱਧ ਪਿਲਾਇਆ ਅਤੇ ਮਲੇਰਕੋਟਲੇ ਦੇ ਨਵਾਬ ਸ਼ੇਰ ਖਾਂਨ ਨੇ ਮਸੂਮ ਬੱਚਿਆਂ ਦੀ ਖਾਤਰ ਹਾਅ ਦਾ ਨਾਹਰਾ ਮਾਰਿਆ ਭਾਵੇਂ ਕਿ ਇਸ ਦਾ ਇੱਕ ਭਾਈ ਚਮਕੌਰ ਦੀ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਲੜਦਾ ਮਾਰਿਆ ਗਿਆ ਸੀ। ਜਦ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਰਾਜ ਆਇਆ ਤਾਂ ਉਸ ਨੇ ਅਜਿਹੇ ਅਕ੍ਰਿਤਘਣਾਂ ਅਤੇ ਜ਼ਾਲਮਾਂ ਨੂੰ ਭਾਰੀ ਸਾਜਾਵਾਂ ਦਿੱਤੀਆਂ। ਉਸੇ ਹੀ ਕੜੀ ਵਿੱਚ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸੰਮਤ 1767 (1710ਈ.) ਵਿੱਚ ਪਾਪੀ ਅਤੇ ਨਮਕਹਰਾਮੀ ਗੰਗੂ ਨੂੰ ਕਤਲ ਕਰਕੇ ਖੇੜੀ ਪਿੰਡ ਨੂੰ ਢਾਹ ਕੇ ਥੇਹ ਬਣਾ ਦਿੱਤਾ। ਹੁਣ ਨਵੀਂ ਬਸਤੀ ਦਾ ਨਾਉਂ ਖੇੜੀ ਨਹੀਂ ਸਗੋਂ ਸਹੇੜੀ ਹੈ।
ਸੋ ਇੱਕ ਪਾਸੇ ਨਮਕ ਹਲਾਲ ਹਨ ਅਤੇ ਦੂਜੇ ਪਾਸੇ ਨਮਕਹਰਾਮ ਹਨ ਪਰ ਅੱਜ ਦੇ ਸਿੱਖਾਂ ਨੇ ਨਮਕ ਹਲਾਲਾਂ ਭਾਵ ਗੁਰੂ ਨਾਲ ਨੇੜਤਾ ਰੱਖਣ ਅਤੇ ਗੁਰੂ ਖਾਤਰ ਕੁਰਬਾਨ ਹੋਣ ਵਾਲਿਆਂ ਨੂੰ ਵਿਸਾਰ ਦਿੱਤਾ ਹੈ। ਉਨ੍ਹਾਂ ਦੀ ਕੋਈ ਢੁੱਕਵੀਂ ਯਾਦਗਾਰ ਵੀ ਨਹੀਂ ਬਣਾਈ ਅਤੇ ਨਮਕਹਰਾਮਾਂ ਦੀ ਸੰਤਾਨ ਅਜੋਕੇ ਡੇਰੇਦਾਰਾਂ ਨੂੰ ਸਿੱਰ ਉੱਤੇ ਚੁੱਕਿਆ ਹੋਇਆ ਹੈ। ਦੇਖੋ! ਸੰਤ ਮਹਾਂਰਾਜ ਬਾਬਿਆਂ ਦੀਆਂ ਬਰਸੀਆਂ ਅਤੇ ਸੰਗ੍ਰਾਂਦਾਂ ਤਾਂ ਗੁਰੂ ਘਰਾਂ ਵਿੱਚ ਧੂੰਮਧਾਮ ਨਾਲ ਮਨਾਈਆਂ ਜਾ ਰਹੀਆਂ ਹਨ ਪਰ ਭਾਈ ਮਰਦਾਨਾਂ, ਸਾਂਈ ਮੀਆਂ ਮੀਰ, ਪੀਰ ਬੁੱਧੂਸ਼ਾਹ ਅਤੇ ਨਵਾਬ ਸ਼ੇਰਖਾਂਨ ਮਲੇਰਕੋਟਲਾ ਆਦਿਕ ਗੁਰੂ ਘਰ ਦੇ ਅਤਿਅੰਤ ਸ਼ਧਾਲੂਆਂ ਅਤੇ ਕੁਰਬਾਨ ਹੋਣ ਵਾਲਿਆਂ ਨੂੰ ਭੁਲਾ ਦਿੱਤਾ ਹੈ। ਓਸ ਸਮੇਂ ਦੇ ਨਮਕਹਰਾਮੀ ਗੰਗੂ ਨੂੰ ਤਾਂ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਜਾਗਤ ਜ਼ਮੀਰ ਵਾਲਿਆਂ ਨੇ ਸਜਾ ਦੇ ਕੇ ਕੀਤੀ ਦਾ ਫਲ ਭੁਗਤਾ ਦਿੱਤਾ ਸੀ ਪਰ ਅਜੋਕੇ ਗੰਗੂ ਬ੍ਰਾਹਮਣ ਡੇਰੇਦਾਰ ਅਤੇ ਕਪਟੀ ਲੀਡਰਾਂ ਨੂੰ ਸਜਾ ਕੌਣ ਦੇਵੇਗਾ? ਜੋ ਇਸ ਵੇਲੇ ਸਿੱਖਾਂ ਦੀ ਸ਼੍ਰੋਮਣੀ ਸੰਸਥਾ “ਸ਼੍ਰੋਮਣੀ ਕਮੇਟੀ” ਅਕਾਲ ਤਖਤ ਅਤੇ ਹੋਰ ਗੁਰੂ ਘਰਾਂ ਵਿੱਚ ਵੀ ਪ੍ਰਬੰਧਕਾਂ ਅਤੇ ਬਾਬਿਆਂ ਦੇ ਰੂਪ ਵਿੱਚ ਕਬਜ਼ਾ ਕਰੀ ਬੈਠੇ ਹਨ। ਐਸੇ ਹਲਾਤਾਂ ਨੂੰ ਦੇਖ ਕੇ “ਸ਼ਰਮ ਸੀ ਆਤੀ ਹੈ ਐਸੇ ਪੰਥ ਕੋ ਪੰਥ ਕਹਿਤੇ ਹੂਏ” ਜੋ ਬ੍ਰਾਹਮਣਵਾਦੀ ਡੇਰੇਦਾਰਾਂ ਦੇ ਪ੍ਰਭਾਵ ਥੱਲੇ ਕੌਮੀ ਹੀਰਿਆਂ ਨੂੰ ਭੁਲਾ ਕੇ ਅਖੌਤੀ ਸਾਧਾਂ ਦੀਆਂ ਹੀ ਬਰਸੀਆਂ ਮਨਾਈ ਜਾ ਰਿਹਾ ਹੈ! ! ! ! !

ਗੁਰਬਾਣੀ ਦੀਆਂ ਪੋਥੀਆਂ ਗੁਰਮਤਿ ਪ੍ਰਚਾਰ ਲਈ ਜਾਂ ਘਰਾਂ ਦੇ ਸ਼ਿੰਗਾਰ ਲਈ!

ਗੁਰਬਾਣੀ ਦੀਆਂ ਪੋਥੀਆਂ ਗੁਰਮਤਿ ਪ੍ਰਚਾਰ ਲਈ ਜਾਂ ਘਰਾਂ ਦੇ ਸ਼ਿੰਗਾਰ ਲਈ!

ਅਵਤਾਰ ਸਿੰਘ ਮਿਸ਼ਨਰੀ (5104325827)

ਰੱਬੀ ਗਿਆਨ ਜੋ ਗੁਰੂਆਂ ਅਤੇ ਭਗਤਾਂ ਨੇ ਪ੍ਰਮਾਤਮਾਂ ਨਾਲ ਇਕਮਿਕ ਹੋ ਕੇ ਪ੍ਰਾਪਤ ਕੀਤਾ ਅਤੇ ਜਲਦੇ ਬਲਦੇ ਸੰਸਾਰ ਵਿੱਚ ਵੰਡਿਆ ਅਤੇ ਪ੍ਰਚਾਰਿਆ ਜਿਸ ਸਦਕਾ ਭਰਮਾਂ ਵਿੱਚ ਜਨਤਾ ਜਾਗ ਪਈ। ਲੋਕਾਂ ਨੇ ਪੁਜਾਰੀਵਾਦ ਦਾ ਜੂਲਾ ਗੁਰ ਗਿਆਨ ਦੇ ਬਲ ਸਦਕਾ ਲਾਹ ਦਿੱਤਾ। ਗੁਰੂ ਬਾਬਾ ਨਾਨਕ ਜੀ ਦੇ ਕਥਨ ਅਨੁਸਾਰ ਧਰਮ ਦੇ ਆਗੂ ਭ੍ਰਿਸ਼ਟ ਹੋ ਚੁੱਕੇ ਸਨ-ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆਂ ਘਾਇ॥ ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਉਜਾੜੇ ਕਾ ਬੰਧੁ॥ (662) ਮੁਸਲਮ ਆਗੂ ਕਾਜ਼ੀ ਇਨਸਾਫ ਦੀ ਕੁਰਸੀ ਤੇ ਬੈਠ ਕੇ ਵੀ ਰਿਸ਼ਵਤ ਲੈ ਕੇ ਝੂਠੇ ਫੈਸਲੇ ਕਰ ਦਿੰਦੇ ਸਨ। ਹਿੰਦੂਆਂ ਦੇ ਆਗੂ ਬ੍ਰਾਹਮਣ ਵੀ ਧਰਮ ਦੇ ਨਾਂ ਤੇ ਜੀਵਾਂ ਦੀਆਂ ਬਲੀਆਂ ਦਿਵਾ ਕੇ ਘਾਤ ਕਰਦੇ ਸਨ। ਜੋਗੀ ਗ੍ਰਿਹਸਤ ਨੂੰ ਛੱਡ ਕੇ ਜੰਗਲਾਂ ਪਹਾੜਾਂ ਦੀਆਂ ਕੰਦਰਾਂ ਵਿੱਚ ਰਹਿੰਦੇ, ਖਾਣ ਪੀਣ ਲਈ ਗ੍ਰਿਹਸਤੀ ਲੋਕਾਂ ਤੋਂ ਮੰਗ ਲਿਆਉਂਦੇ ਅਤੇ ਉਨ੍ਹਾਂ ਨੂੰ ਹੀ ਨਿੰਦਦੇ ਸਨ। ਇਹ ਸਭ ਲੋਕ ਧਰਮ ਦਾ ਮਖੌਟਾ ਪਾ ਕੇ ਧਰਮ ਦਾ ਵਾਪਾਰ ਕਰਦੇ ਸਨ। ਧਰਮ ਗ੍ਰੰਥ ਵੀ ਇਨ੍ਹਾਂ ਨੇ ਔਖੀਆਂ ਬੋਲੀਆਂ ਵਿੱਚ ਲਿਖੇ ਅਤੇ ਉਨ੍ਹਾਂ ਨੂੰ ਪੜ੍ਹਨ ਅਤੇ ਵਿਚਾਰਨ ਦਾ ਅਧਿਕਾਰ ਆਂਮ ਲੋਕਾਂ ਨੂੰ ਨਹੀਂ ਸੀ। ਦੂਜਾ ਧਰਮ ਗ੍ਰੰਥ ਰੇਸ਼ਮੀ ਰਮਾਲਿਆਂ ਵਿੱਚ ਵਲੇਟ ਕੇ ਉੱਚੀਆਂ ਥਾਵਾਂ ਤੇ ਰੱਖ ਕੇ ਪੂਜੇ ਜਾਂਦੇ ਸਨ। ਲੋਕ ਉਨ੍ਹਾਂ ਨੂੰ ਰੁਪਿਆ ਪੈਸਾ ਮੱਥੇ ਟੇਕਦੇ, ਧੂਪਾਂ ਧੁਖਾਉਂਦੇ ਅਤੇ ਧਰਮ ਪੁਜਾਰੀਆਂ ਤੋਂ ਆਪਣੇ ਦੁੱਖਾਂ ਦੀ ਨਵਿਰਤੀ ਲਈ ਪਾਠ ਕਰਾਉਂਦੇ ਸਨ।

ਇਸ ਸਬੰਧ ਵਿੱਚ ਈਸਾਈ ਵੀਰ ਵਧਾਈ ਦੇ ਪਾਤਰ ਹਨ ਜੋ ਪਵਿਤਰ ਬਾਈਬਲ ਨੂੰ ਰੁਮਾਲਿਆਂ ਵਿੱਚ ਵਲੇਟ ਕੇ ਨਹੀਂ ਰੱਖਦੇ ਸਗੋਂ ਵੱਧ ਤੋਂ ਵੱਧ ਹੋਰਨਾਂ ਨੂੰ ਪੜ੍ਹਾਉਂਦੇ ਅਤੇ ਫਰੀ ਵੰਡਦੇ ਹਨ। ਦੁਨੀਆਂ ਦੀ ਹਰੇਕ ਲਾਇਬ੍ਰੇਰੀ ਵਿੱਚ ਬਾਈਬਲ ਮਿਲ ਜਾਵੇਗੀ। ਇਸ ਕਰਕੇ ਦੁਨੀਆਂ ਵਿੱਚ ਈਸਾਈਆਂ ਦੀ ਗਿਣਤੀ ਸਭ ਤੋਂ ਵੱਧ ਹੈ ਕਿਉਂਕਿ ਉਨ੍ਹਾਂ ਦਾ ਪ੍ਰਚਾਰ ਢੰਗ ਅਖੌਤੀ ਰੀਤਾਂ ਰਸਮਾਂ ਤੋਂ ਉੱਪਰ ਹੈ। ਉਹ ਇਹ ਨਹੀਂ ਮੰਨਦੇ ਕਿ ਜੇ ਬਾਈਬਲ ਕਿਸੇ ਲਾਇਬ੍ਰੇਰੀ ਵਿੱਚ ਬਿਨਾ ਰੁਮਾਲੇ ਰੱਖੀ ਗਈ ਤਾਂ ਕੋਈ ਬੇ ਅਦਬੀ ਹੋਵੇਗੀ। ਸਿੱਖ ਧਰਮ ਜੋ ਦੁਨੀਆਂ ਦਾ ਨਵਾਂ ਅਤੇ ਅਧੁਨਿਕ ਧਰਮ ਹੈ ਇਸ ਦੇ ਧਰਮ ਆਗੂ ਅੱਜ ਪੁਜਾਰੀਆਂ ਦਾ ਰੂਪ ਧਾਰਨ ਕਰ ਗਏ ਹਨ ਜਾਂ ਬ੍ਰਾਹਮਣ ਭਾਊ ਨੇ ਸਿੱਖੀ ਦਾ ਮਖੌਟਾ ਪਾ ਕੇ ਧਰਮ ਆਗੂਆਂ ਦੀ ਥਾਂ ਲੈ ਲਈ ਹੈ। ਉਸ ਨੇ ਬੜੀ ਦੂਰ ਅੰਦੇਸ਼ੀ ਨਾਲ ਸੋਚਿਆ ਹੈ ਕਿ ਗੁਰਬਾਣੀ ਜੋ ਨਿਰੋਲ ਸੱਚ ਹੈ ਅਤੇ ਸਭ ਪ੍ਰਕਾਰ ਦੇ ਕਰਮਕਾਂਡਾਂ ਤੋਂ ਉੱਪਰ ਉੱਠ ਕੇ ਚੰਗੇ ਗੁਣ ਅਤੇ ਸਚਾਈ ਧਾਰਨ ਕਰਨ ਦਾ ਉਪਦੇਸ਼ ਦਿੰਦੀ ਹੈ ਜਿਸ ਨਾਲ ਸਾਡਾ ਸਦੀਆਂ ਤੋਂ ਚਲਦਾ ਆ ਰਿਹਾ ਹਲਵਾ ਮੰਡਾ ਬੰਦ ਹੁੰਦਾ ਹੈ। ਕਿਉਂ ਨਾਂ ਸਿੱਖਾਂ ਨੂੰ ਐਸੇ ਵਹਿਮਾਂ ਵਿੱਚ ਪਾ ਦਿੱਤਾ ਜਾਵੇ ਜੋ ਗੁਰਬਾਣੀ ਪੜ੍ਹਨ, ਵਿਚਾਰਨ ਅਤੇ ਧਾਰਨ ਦੀ ਬਜਾਏ ਸੁਹਣੇ-ਸੁਹਣੇ ਰੇਸ਼ਮੀ ਰੁਮਾਲਿਆਂ ਵਿੱਚ ਵਲੇਟ ਕੇ, ਉੱਚੀ ਥਾਂ ਤੇ ਰੱਖ ਕੇ ਮੱਥੇ ਟੇਕੀ ਜਾਣ, ਧੂਫਾਂ ਧੁਖਾਈ ਜਾਣ, ਚੌਰਾਂ ਹੀ ਕਰੀ ਜਾਣ ਅਤੇ ਸਾਡੇ ਧਰਮ ਆਗੂਆਂ ਤੋਂ ਪੂਜਾ ਪਾਠ ਕਰਾ ਕੇ ਭੇਟਾ ਦਈ ਜਾਣ। ਬਾਮਣ ਇਸ ਚਾਲ ਵਿੱਚ ਉਦਾਸੀਆਂ, ਨਿਰਮਲਿਆਂ ਅਤੇ ਟਕਸਾਲੀਆਂ ਦੇ ਰੂਪ ਵਿੱਚ ਕਾਮਯਾਬ ਹੋ ਗਿਆ।

ਕਾਫੀ ਦੇਰ ਬਾਅਦ ਸਿੰਘ ਸਭਾ ਲਹਿਰ ਉੱਠੀ ਉਸ ਨੇ ਲੋਕਾਂ ਨੂੰ ਜਾਗਰਤ ਕਰਕੇ ਇਸ ਭੇਖੀ ਭਾਊ ਨੂੰ ਗੁਰਦੁਆਰਿਆਂ ਚੋਂ ਬਾਹਰ ਕੱਢਿਆ। ਇਸ ਵਾਸਤੇ ਬੜੀਆਂ ਵੱਡੀਆਂ ਕੁਰਬਾਨੀਆਂ ਕਰਨੀਆਂ ਪਈਆਂ ਪਰ ਨਰੈਣੂ ਮਹੰਤਾਂ ਤੋਂ ਆਪਣੇ ਧਰਮ ਅਸਥਾਨ ਅਜ਼ਾਦ ਕਰਵਾ ਲਏ ਅਤੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਅਤੇ ਪ੍ਰਚਾਰ ਲਈ ਸ੍ਰੋਮਣੀ ਕਮੇਟੀ ਚੁਣੀ ਗਈ, ਜਿਸ ਨੇ ਬੜੀ ਤਨਦੇਹੀ ਨਾਲ ਸਿੱਖੀ ਦਾ ਪ੍ਰਚਾਰ ਕੀਤਾ। ਪਰ ਸਮਾਂ ਪਾ ਕੇ ਇਹ ਉਦਾਸੀ, ਨਿਰਮਲੇ ਅਤੇ ਟਕਸਾਲੀ ਫਿਰ ਇਸ ਵਿੱਚ ਇੰਟਰ ਹੋਣ ਵਿੱਚ ਕਾਮਯਾਬ ਹੋ ਗਏ, ਫਿਰ ਬ੍ਰਾਹਮਣੀ ਕਰਮਕਾਂਡ ਦੁਬਾਰਾ ਪ੍ਰਚਲਿਤ ਕਰ ਦਿੱਤੇ ਗਏ। ਜਿਵੇਂ ਪਾਠ ਸਿਰਫ ਟਕਾਸਲੀ ਪਾਠੀ ਹੀ ਕਰ ਸਕਦਾ ਹੈ, ਗੁਰੂ ਨੂੰ ਵੀ ਸਾਡੇ ਵਾਂਗ ਸਰਦੀ ਗਰਮੀ ਲਗਦੀ ਹੈ। ਇਸ ਲਈ ਸਰਦੀਆਂ ਵਿੱਚ ਗਰਮ ਰੁਮਾਲੇ, ਹੀਟਰ ਅਤੇ ਗਰਮੀਆਂ ਵਿੱਚ ਠੰਡੇ ਰੁਮਾਲੇ ਅਤੇ ਏਅਰ ਕੰਡੀਸ਼ਨ ਜਰੂਰੀ ਕਰ ਦਿੱਤੇ। ਪਾਠਾਂ ਨਾਲ ਧੂਪਾਂ, ਦੀਪਾਂ, ਸਗੱਗਰੀਆਂ ਚਲਾ ਦਿੱਤੀਆਂ। ਆਂਮ ਸਿੱਖ ਨੂੰ ਇਹ ਕਹਿ ਕੇ ਗੁਰਬਾਣੀ ਤੋਂ ਤੋੜ ਦਿੱਤਾ ਗਿਆ ਕਿ ਇਸ ਨੇ ਸੰਥਿਆ ਨਹੀਂ ਕੀਤੀ, ਇਹ ਗੁਰਬਾਣੀ ਨਹੀਂ ਪੜ੍ਹ ਸਕਦਾ ਜੇ ਪੜ੍ਹੇਗਾ ਤਾਂ ਗੁਰਬਾਣੀ ਦੀ ਬੇਅਦਬੀ ਹੈ। ਇਸ ਦਾ ਸਿੱਟ ਇਹ ਨਿਕਲਿਆ ਕਿ ਆਂਮ ਸਿੱਖ ਵੀ ਇਨ੍ਹਾਂ ਡੇਰੇਦਾਰਾਂ ਤੇ ਹੀ ਡੀਪੈਂਡ ਹੋ ਗਿਆ। ਅੱਜ ਗੁਰਬਾਣੀ ਦੀਆਂ ਪੋਥੀਆਂ ਦੁਨੀਆਂ ਦੀਆਂ ਲਾਇਬ੍ਰੇਰੀਆਂ ਵਿੱਚ ਤਾਂ ਕੀ ਆਮ ਸਿੱਖਾਂ ਦੇ ਘਰਾਂ ਵਿੱਚ ਵੀ ਨਹੀਂ ਹਨ। ਸਿੱਖ ਬੇਅਦਬੀ ਤੋਂ ਡਰਦੇ ਗੁਰਬਾਣੀ ਤੋਂ ਹੀ ਦੂਰ ਹੋ ਗਏ। ਦੂਜਾ ਵਾਰ ਇਹ ਕੀਤਾ ਕਿ ਵੇਖਣਾ ਕਿਤੇ ਗੁਰਬਾਣੀ ਅਖਬਾਰਾਂ, ਰਸਾਲਿਆਂ ਅਤੇ ਲਿਟਰੈਚਰ ਰੂਪ ਵਿੱਚ ਨਾਂ ਲਿਖੀ ਅਤੇ ਵੰਡੀ ਜਾਵੇ ਇਹ ਬੇਅਦਬੀ ਹੈ। ਜਿਹੜਾ ਕੰਮ ਬ੍ਰਾਹਮਣ ਕਰ ਰਿਹਾ ਸੀ ਉਹ ਹੀ ਅੱਜ ਦੇ ਡੇਰੇਦਾਰ ਅਤੇ ਟਕਸਾਲੀ ਕਰ ਰਹੇ ਹਨ। ਗਿਣਤੀ ਮਿਣਤੀ ਦੇ ਮੰਤ੍ਰ ਅਤੇ ਸੰਪਟ ਪਾਠ ਕੀਤੇ ਕਰਾਏ ਜਾ ਰਹੇ ਹਨ। ਦਾਸ 12-11-2010 ਨੂੰ ਅੱਜ ਹੀ ਰੋਜ਼ਾਨਾਂ ਸਪੋਕਸਮੈਨ ਅਖਬਾਰ ਪੜ੍ਹ ਰਿਹਾ ਸੀ ਜਿਸ ਵਿੱਚ ਖਬਰ ਲੱਗੀ ਹੈ ਕਿ ਕੁੱਝ ਪ੍ਰੇਮੀ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੋਮਣੀ ਕਮੇਟੀ ਦੀ ਦੁਕਾਨ ਤੋਂ ਗੁਰਬਾਣੀ ਦੀਆਂ ਪੋਥੀਆਂ ਲੈਣ ਪਹੁੰਚੇ ਪਰ ਓਥੋਂ ਦੇ ਅਧਿਕਾਰੀਆਂ ਨੇ ਦੋਵੇਂ ਪੋਥੀਆਂ ਇਹ ਕਹਿ ਕੇ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਗੁਰਬਾਣੀ ਦੀ ਬੇਅਦਬੀ ਹੈ। ਫਿਰ ਉਹ ਸਿੱਖ ਓਥੋਂ ਦੇ ਹੈੱਡ ਗ੍ਰੰਥੀ ਨੂੰ ਮਿਲੇ ਤਾਂ ਉਸ ਨੇ ਵੀ ਕਿਹਾ ਕਿ ਗੁਰਬਾਣੀ ਦੀਆਂ ਦੋਵੇਂ ਪੋਥੀਆਂ ਨਹੀਂ ਦਿੱਤੀਆਂ ਜਾ ਸਕਦੀਆਂ ਕਿਉਂਕਿ ਦੋ ਮਿਲ ਕੇ ਗੁਰੂ ਬਣ ਜਾਂਦਾ ਹੈ। ਫਿਰ ਉਹ ਸ਼ਰਧਾਲੂ ਸਿੱਖ, ਸ਼ਹਿਰ ਵਿੱਚੋਂ ਕਿਸੇ ਕਿਤਾਬਾਂ ਦੀ ਦੁਕਾਨ ਤੋਂ ਗੁਰਬਾਣੀ ਦੀਆਂ ਪੋਥੀਆਂ ਲੈ ਗਏ।

ਇਹ ਸਾਰਾ ਵਰਤਾਰਾ ਪੜ੍ਹ, ਸੁਣ ਅਤੇ ਦੇਖ ਕੇ ਜਿੱਥੇ ਦੁੱਖ ਲਗਦਾ ਹੈ ਓਥੇ ਸਿੱਖ ਧਰਮ ਨੂੰ ਅਗਾਂਹ ਵਧੂ ਵਿਗਿਆਨਕ ਧਰਮ ਕਹਿਣ ਵਾਲੇ ਕਿਉਂ ਸੌਂ ਗਏ ਹਨ? ਅੱਜ ਸਿੱਖੀ ਬਾਗ ਗਾਲੜ ਪਟਵਾਰੀ ਬਣ ਕੇ ਇਸ ਨੂੰ ਉਜਾੜ ਰਹੇ ਹਨ। ਅੱਜ ਸਾਡੇ ਬਾਣਾਧਾਰੀ ਵੀਰ ਗੁਰਬਾਣੀ ਦਾ ਨਿਰੋਲ ਪ੍ਰਚਾਰ ਕਰਨ ਵਾਲਿਆਂ ਨੂੰ ਤਾਂ ਗੁਰਦੁਆਰਿਆਂ ਦੀਆਂ ਸਟੇਜਾਂ ਤੋਂ ਹੁਲੜਬਾਜੀ ਕਰਕੇ ਰੋਕ ਰਹੇ ਹਨ ਪਰ ਨੰਗੀਆਂ ਲੱਤਾਂ ਵਾਲੇ ਡੇਰੇਦਾਰਾਂ ਨੂੰ ਬੁਲਾ ਕੇ ਸਨਮਾਨਤ ਕੀਤਾ ਜਾ ਰਿਹਾ ਹੈ। ਸਾਡੇ ਪੜ੍ਹੇ ਲਿਖੇ ਸਿੱਖ ਨੌਜਵਾਨ ਅਤੇ ਆਗੂ ਕਿਉਂ ਨਹੀਂ ਉੱਠ ਰਹੇ? ਗੁਰੂ ਘਰਾਂ ਦੀਆਂ ਸਟੇਜਾਂ ਤੇ ਡੇਰੇਦਾਰ ਹੀ ਕਿਉਂ ਹਾਵੀ ਹੋ ਰਹੇ ਹਨ? ਸਿੱਖੋ! ਜਾਗੋ ਅੱਜ ਸਾਡੀ ਸ੍ਰੋਮਣੀ ਕਮੇਟੀ ਵੀ ਗੁਰਬਾਣੀ ਦੀਆਂ ਪੋਥੀਆਂ ਦੇਣ ਤੋਂ ਇਨਕਾਰ ਕਰ ਰਹੀ ਹੈ। ਫਿਰ ਵੀ ਕਹਿੰਦੇ ਹਨ ਕਿ ਬੀਜ ਨਾਸ ਨਹੀਂ ਹੁੰਦਾ ਹੁਣ ਕੁੱਝ ਵੈਬਸਾਈਟਾਂ ਅਤੇ ਅਖਬਾਰ ਗੁਰਬਾਣੀ ਦਾ ਪ੍ਰਚਾਰ ਕਰ ਰਹੇ ਹਨ। ਹੁਣ ਗੁਰੂ ਗ੍ਰੰਥ ਸਾਹਿਬ ਇੰਟ੍ਰਨੈੱਟ ਤੇ ਆ ਚੁੱਕਾ ਹੈ। ਹੁਣ ਇਹ ਡੇਰੇਦਾਰ ਆਗੂ ਕਿਵੇਂ ਰੋਕਣਗੇ? ਕਿਉਂਕਿ ਇੰਟ੍ਰਨੈੱਟ ਵਿੱਚ ਵੜ ਕੇ ਕੌਣ ਰੁਮਾਲੇ ਚੜ੍ਹਾਵੇਗਾ? ਕੌਣ ਧੂਪਾਂ ਧੁਖਾਵੇਗਾ? ਅਤੇ ਕੌਣ ਇੰਟ੍ਰਨੈੱਟ ਤੇ ਜਾਣ ਤੋਂ ਲੋਕਾਂ ਨੂੰ ਰੋਕੇਗਾ? ਅਤੇ ਕਹੇਗਾ ਕਿ ਦੋਵੇਂ ਪੋਥੀਆਂ ਤੁਸੀਂ ਇੰਟ੍ਰਨੈੱਟ ਤੇ ਵੀ ਨਹੀਂ ਪੜ੍ਹ ਸਕਦੇ? ਸਿੱਖੋ ਹੋਸ਼ ਕਰੋ! ਗੁਰਬਾਣੀ ਦੀ ਬੇਅਦਬੀ, ਗੁਰਬਾਣੀ ਕਿਸੇ ਚੀਜ ਵਿੱਚ ਲਕੋ ਕੇ ਰੱਖਣ ਅਤੇ ਨਾਂ ਪੜ੍ਹਨ ਵਿਚਾਰਨ ਅਤੇ ਧਾਰਨ ਵਿੱਚ ਹੈ ਨਾਂ ਕਿ ਗੁਰਬਾਣੀ ਦਾ ਵੱਧ ਤੋਂ ਵੱਧ ਅਧੁਨਿਕ ਤਰੀਕਿਆਂ ਰਾਹੀਂ ਪ੍ਰਚਾਰ ਕਰਨ ਵਿੱਚ? ਪੰਚਮ ਪਾਤਸ਼ਾਹ ਹੀ ਗੁਰਬਾਣੀ ਦੀਆਂ ਪੋਥੀਆਂ ਲਿਖਣ, ਪੜ੍ਹਨ, ਵਿਚਾਰਨ, ਧਾਰਨ ਅਤੇ ਵੱਧ ਤੋਂ ਵੱਧ ਹੋਰਨਾਂ ਨੂੰ ਵੰਡਣ ਦਾ ਹੁਕਮ ਕਰ ਗਏ ਸਨ ਜਿਸ ਨੁੰ ਭਾਈ ਗੁਰਦਾਸ ਜੀ ਨੇ ਇਉਂ ਬਿਆਨ ਕੀਤਾ ਹੈ “ਗੁਰਬਾਣੀ ਲਿਖ ਪੋਥੀਆਂ ਤਾਲ ਮ੍ਰਿਦੰਗ ਰੁਬਾਬਾ ਬਜਾਵੈ” ਸਾਡਾ ਗੁਰੂ ਸ਼ਬਦ ਹੈ ਜੋ ਕਦੇ ਖਾਂਦਾ, ਪੀਂਦਾ ਅਤੇ ਸੌਂਦਾ ਥਕਦਾ ਨਹੀਂ। ਜੋ ਗਿਆਨ ਰੂਪ ਹੈ ਗਿਆਨ ਨੂੰ ਧੂਪਾਂ ਰੁਮਾਲਿਆਂ ਅਤੇ ਉੱਚੀਆਂ ਥਾਵਾਂ ਦੀ ਲੋੜ ਨਹੀਂ। ਗੁਰਬਾਣੀ ਦਾ ਫੁਰਮਾਣ ਹੈ ਸਚੁ ਪੁਰਾਣਾ ਨਾ ਥੀਏ ਨਾਮ ਨ ਮੈਲਾ ਹੋਏ॥ (1248) ਸੋਨਾ ਸੋਨਾ ਹੀ ਰਹਿੰਦਾ ਹੈ ਭਾਂਵੇ ਉਸ ਨੂੰ ਮੈਲੇ ਥਾਂ ਤੇ ਵੀ ਰੱਖ ਦਿਤਾ ਜਾਵੇ ਕਦੇ ਜੰਗਾਲਦਾ ਨਹੀਂ ਇਵੇਂ ਹੀ ਗੁਰਬਾਣੀ ਸ਼ਬਦ ਗਿਆਨ ਦੀ ਕਦੇ ਬੇਅਦਬੀ ਨਹੀਂ ਹੁੰਦੀ ਜੋ ਵੀ ਮਾਈ ਭਾਈ ਇਸ ਨੂੰ ਜਦੋਂ ਵੀ ਜਿਸ ਸਮੇ ਧਿਆਨ ਨਾਲ ਪੜ੍ਹੇ, ਵਿਚਾਰੇ ਅਤੇ ਧਾਰੇਗਾ ਉਹ ਮੁਕਤੀ ਦਾ ਮਾਰਗ ਪ੍ਰਾਪਤ ਕਰ ਲਵੇਗਾ। ਇਸ ਲਈ ਸਾਨੂੰ ਇਸ ਵਹਿਮ ਚੋਂ ਬਾਹਰ ਨਿਕਲਣਾ ਚਾਹੀਦਾ ਹੈ ਕਿ ਗੁਰਬਾਣੀ ਦੀਆਂ ਪੋਥੀਆਂ ਦੁਨੀਆਂ ਦੀਆਂ ਲਾਇਬ੍ਰੇਰੀਆਂ ਵਿੱਚ ਨਹੀਂ ਰੱਖੀਆਂ ਜਾ ਸਕਦੀਆਂ ਪਰ ਇਹ ਅਸੀਂ ਤਾਂ ਹੀ ਕਰ ਸਕਾਂਗੇ ਜਦ ਡੇਰਾਵਾਦ ਦਾ ਜੂਲਾ ਸਾਡੇ ਮੋਢਿਆਂ ਤੋਂ ਉੱਤਰ ਜਾਵੇਗਾ। ਸੋ ਗੁਰਬਾਣੀ ਪੋਥੀਆਂ ਗੁਰਮਤਿ ਪ੍ਰਚਾਰ ਲਈ ਹਨ ਨਾਂ ਕਿ ਘਰਾਂ ਦੇ ਸ਼ਿੰਗਾਰ ਲਈ। ਗੁਰੂ ਭਲੀ ਕਰੇ॥

ਨਵਾਂ ਸਾਲ, ਸਾਡੇ ਲਈ ਕਰਨਯੋਗ ਕਰਮ-ਧਰਮ ਅਤੇ ਪਰਣ

ਨਵਾਂ ਸਾਲ, ਸਾਡੇ ਲਈ ਕਰਨਯੋਗ ਕਰਮ-ਧਰਮ ਅਤੇ ਪਰਣ

ਅਵਤਾਰ ਸਿੰਘ ਮਿਸ਼ਨਰੀ (5104325827)

ਨਵਾਂ ਸਾਲ-
ਉਹ ਹਰ ਸਮਾਂ ਹੀ ਨਿੱਤ ਨਵਾਂ ਹੈ ਜੋ-ਸਾਹਿਬ ਮੇਰਾ ਨੀਤਿ ਨਵਾਂ ਸਦਾ ਸਦਾ ਦਾਤਾਰੁ (660) ਦੀ ਯਾਦ ਵਿੱਚ ਲੰਘੇ-ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ॥ ਜਿਤੁ ਦਿਨਿ ਵਿਸਰੇ ਪਾਰਬ੍ਰਹਮੁ ਫਿਟੁ ਭੁਲੇਰੀ ਰੁਤਿ (318) ਸੋ ਕੋਈ ਵੀ ਨਿਮਖ, ਪਲ, ਘੜੀ, ਪਹਰ, ਮਹੂਰਤ, ਦਿਨ-ਰਾਤ ਹਫਤਾ, ਮਹੀਨਾ ਅਤੇ ਸਾਲ ਮਾੜਾ ਨਹੀਂ ਸਗੋਂ ਮਾੜੇ ਚੰਗੇ ਸਾਡੇ ਕਰਮ ਹਨ। ਜਿਵੇਂ ਹਰ ਸਾਲ ਬਨਾਸਪਤੀ ਨੂੰ ਨਵੇਂ ਫੁੱਲ ਖਿੜਦੇ ਅਤੇ ਨਵੀਆਂ ਕਰੂੰਬਲਾਂ ਨਿਕਲਦੀਆਂ ਹਨ ਇਵੇਂ ਹੀ ਸਾਡੇ ਹਿਰਦੇ ਵੀ ਸ਼ੁਭ ਗੁਣਾਂ ਦੇ ਫੁੱਲ ਅਤੇ ਅਗਾਂਹ ਵਧੂ ਵਿਚਾਰਾਂ ਦੀਆਂ ਕਰੂੰਬਲਾਂ ਪੈਦਾ ਹੋਣੀਆਂ ਚਾਹੀਦੀਆਂ ਹਨ। ਜਿਵੇਂ ਕੱਟ ਕੇ ਪਰੂਣੀ ਕੀਤੀ ਵੇਲ ਨੂੰ ਵਧੀਆ ਫਲ ਲੱਗਦੇ ਹਨ ਇਵੇਂ ਹੀ ਬੁਰੇ ਕਰਮ, ਗੰਦੀ ਸੋਚ, ਪਿਛਾਂਹ ਖਿੱਚੂ ਪੁਰਾਣੇ ਤੇ ਬੋਸੇ ਵਿਚਾਰ ਜੋ ਭਰਮ-ਗਿਆਨੀਆਂ, ਮਿਥਿਹਾਸਕ ਗ੍ਰੰਥਾਂ ਅਤੇ ਮਨਮਤਿ ਰਾਹੀਂ ਸਾਡੇ ਹਿਰਦੇ ਤੇ ਦਿਲ ਦਿਮਾਗ ਵਿੱਚ ਪਾ ਅਤੇ ਅਮਰਵੇਲ ਵਾਂਗ ਉੱਪਰ ਚੜ੍ਹਾ ਦਿੰਦੇ ਹਨ। ਉਨ੍ਹਾਂ ਨੂੰ ਗੁਰੂ ਸ਼ਬਦ ਗਿਆਨ ਦੇ ਨਸ਼ਤ੍ਰ ਨਾਲ ਕੱਟ ਛੱਟ ਕੇ ਹਰ ਸਾਲ ਪਰੂਣੀ ਕਰਨ ਦੀ ਲੋੜ ਹੈ ਤਾਂ ਕਿ ਸ਼ੁਭ ਗੁਣਾਂ ਅਤੇ ਸਰਬ ਪ੍ਰਵਾਣਤ ਅਗਾਂਹ ਵਧੂ ਉਸਾਰੂ ਵਿਚਾਰਾਂ ਦੇ ਚੰਗੇ ਫਲ ਲੱਗ ਸੱਕਣ। ਜਿਵੇਂ ਹਰੇਕ ਕਾਰੋਬਾਰ ਭਾਵ ਕਿਰਤ ਕਮਾਈ ਕਰਨ ਵਾਲਾ ਇਨਸਾਨ ਲਾਭ ਵਾਸਤੇ ਕੰਮ ਕਰਦਾ ਹੈ। ਹਰ ਸਾਲ ਦੇ ਅਖੀਰ ਤੇ ਲੇਖਾ ਜੋਖਾ ਕਰਦਾ ਹੈ ਕਿ ਕਿਨ੍ਹਾ ਲਾਭ, ਘਾਟਾ, ਅਤੇ ਖਰਚਾ ਹੋਇਆ? ਮੈਂ ਅੱਗੇ ਕਿਵੇਂ ਕਰਨਾ ਹੈ? ਇਵੇਂ ਹਿਸਾਬ ਕਿਤਾਬ ਰੱਖਣਵਾਲਾ ਇਨਸਾਨ ਹਾਨ-ਲਾਭ ਬਾਰੇ ਸੋਚ ਕੇ ਆਪਣੀ ਦੁਨੀਆਵੀ ਜ਼ਿੰਦਗੀ ਹੋਰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਬੇਹਿਸਾਬਾ ਵਿਅਕਤੀ ਹਮੇਸ਼ਾਂ ਘਾਟੇ ਵਿੱਚ ਰਹਿੰਦਾ ਹੈ ਅਤੇ ਸੰਸਾਰੀ ਵੀ ਉਸ ਦੀ ਇਜ਼ਤ ਨਹੀਂ ਕਰਦੇ। ਇਵੇਂ ਹੀ ਸਿੱਖ ਨੇ ਵੀ ਇਹ ਲੇਖਾ ਜੋਖਾ ਕਰਨਾ ਹੈ ਕਿ ਮੈ ਹੁਣ ਤੱਕ ਗੁਰੂ ਗ੍ਰੰਥ ਸਾਹਿਬ, ਸਿੱਖ ਰਹਿਤ ਮਰਯਾਦਾ, ਫਿਲੌਸਫੀ ਅਤੇ ਇਤਿਹਾਸ ਤੋਂ ਕੀ ਸਿਖਿਆ ਹੈ? ਸਿੱਖ ਦੇ ਅਰਥ ਹੀ ਸਿਖਿਆਰਥੀ ਹਨ, ਜੋ ਹਮੇਸ਼ਾ ਸਿੱਖਦਾ ਰਹਿੰਦਾ ਹੈ। ਹਰੇਕ ਸਿੱਖ ਨੂੰ ਗੁਰਬਾਣੀ ਦਾ ਆਪ ਪਾਠ ਕਰਨਾ ਅਰਥ ਸਿੱਖਣੇ ਅਤੇ ਕਮਉਣੇ ਚਾਹੀਦੇ ਹਨ। ਸਿੱਖ ਰਹਿਤਮਰਯਾਦਾ, ਸਿੱਖ ਫਿਲੌਸਫੀ ਅਤੇ ਇਤਿਹਾਸ ਆਪ ਪੜਦੇ ਜਾਂ ਸੁਣਦੇ ਰਹਿਣਾ ਚਾਹੀਦਾ ਹੈ। ਭੇਖੀ ਸਾਧਾਂ-ਸੰਤਾਂ, ਸੰਪ੍ਰਦਾਈਆਂ ਅਤੇ ਪੁਜਾਰੀਆਂ ਤੇ ਹੀ ਨਿਰੀ ਟੇਕ ਨਹੀਂ ਰੱਖਣੀ ਚਾਹੀਦੀ ਜੋ ਜੋਕਾਂ ਵਾਂਗ ਸਿੱਖ ਕੌਮ ਦਾ ਖੂਨ ਪੀਂਦੇ ਹੋਏ ਕੌਮ ਵਿੱਚ ਵਹਿਮ-ਭਰਮ, ਫੋਕਟ-ਕਰਮਕਾਂਡ, ਸੁੱਚ-ਭਿੱਟ, ਛੂਆ-ਛਾਤ ਅਤੇ ਜਾਤ-ਪਾਤ ਆਦਿ ਫਲਾ ਰਹੇ ਹਨ। ਜਿਨ੍ਹਾਂ ਨੇ ਅਰਸ਼ੀ ਸਿੱਖੀ ਨੂੰ ਪੱਥਰ ਯੁੱਗ ਦਾ ਧਰਮ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਜੋ ਬ੍ਰਾਹਮਣੀ ਗ੍ਰੰਥਾਂ ਦੀਆਂ ਬੇ-ਫਜ਼ੂਲ ਮਿਥਿਹਾਸਕ ਕਥਾ ਕਹਾਣੀਆਂ, ਗੁਰਦੁਆਰਿਆਂ ਵਿੱਚ ਸੁਣਾ-ਸੁਣਾ ਕੇ ਸਿੱਖੀ ਦਾ ਬ੍ਰਾਹਮਣੀਕਰਨ ਕਰੀ ਜਾ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਵਰਗੇ ਅਸ਼ਲੀਲ ਗੰਦੀ ਕਵਿਤਾ ਵਾਲੇ ਗ੍ਰੰਥ ਨੂੰ ਹਿੱਕ ਦੇ ਜੋਰ ਨਾਲ ਪ੍ਰਕਾਸ਼ ਕਰਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਘਟਾ ਕੇ ਸਿੱਖ ਸਿਧਾਤਾਂ ਦੀਆਂ ਜੜ੍ਹਾਂ ਵੱਢ ਰਹੇ ਹਨ। ਸੋ ਜਿਵੇਂ ਸਮੇਂ ਦੀ ਚਾਲ ਹਰ ਵੇਲੇ ਚਲਦੀ ਰਹਿੰਦੀ ਹੈ ਇਵੇਂ ਹੀ ਸਿੱਖ ਵੀ ਹਰ ਵੇਲੇ ਸਿੱਖਦਾ ਸਿਖਾਂਦਾ ਅਤੇ ਸਮੇਂ ਮੁਤਾਬਕ ਆਪਣੇ ਆਪ ਨੂੰ ਢਾਲ ਕੇ ਕਰਨਯੋਗ ਕਰਮ ਧਰਮ ਅਤੇ ਪਰਣ ਕਰਦਾ ਹੋਇਆ ਯਤਨਸ਼ੀਲ ਰਹਿੰਦਾ ਹੈ।

ਕਰਨਯੋਗ ਕਰਮ-ਧਰਮ ਅਤੇ ਪਰਣ

ਆਓ ਨਵੇਂ ਸਾਲ ਤੇ ਪ੍ਰਣ ਕਰੀਏ ਕਿ ਅਸੀਂ ਔਗੁਣਾਂ ਦਾ ਤਿਆਗ ਕਰਕੇ ਸ਼ੁਭ ਗੁਣ ਧਾਰਨ ਕਰਾਂਗੇ।

ਧਰਮ ਦੀ ਕਿਰਤ ਕਰਦੇ ਹੋਏ ਵੰਡ ਛਕਾਂਗੇ ਅਤੇ ਅਕਾਲ ਪੁਰਖ ਦਾ ਨਾਮ ਜਪਾਂਗੇ।

ਗੁਰਬਾਣੀ ਆਪ ਪੜ੍ਹਦੇ-ਪੜ੍ਹਾਂਦੇ, ਗਾਂਦੇ, ਵਿਚਾਰਦੇ ਅਤੇ ਧਾਰਦੇ ਹੋਏ ਹੋਰਨਾਂ ਨੂੰ ਵੀ ਸਿਖਾਵਾਂਗੇ, ਨਿਰਾ ਸਾਰੀ ਉਮਰ ਪਾਠੀਆਂ ਤੋਂ ਪਾਠ ਹੀ ਨਹੀਂ ਕਰਾਈ ਜਾਵਾਂਗੇ। ਹਰ ਗੁਰਦੁਆਰੇ ਨਾਲ ਲਾਇਬ੍ਰੇਰੀ, ਸਕੂਲ, ਕਾਲਜ ਅਦਿਕ ਖੋਲਾਂਗੇ ਜਿੱਥੇ ਦਨਿਆਵੀ ਵਿਦਿਆ ਦੇ ਨਾਲ-ਨਾਲ ਧਾਰਮਿਕ ਵਿਦਿਆ ਵੀ ਪ੍ਰਾਪਤ ਕੀਤੀ ਜਾ ਸਕੇ।

ਗੁਰਦੁਆਰਿਆਂ, ਧਰਮ-ਅਸਥਾਨਾਂ ਵਿੱਚ ਪੜ੍ਹੇ ਲਿਖੇ ਟ੍ਰੇਂਡ ਪ੍ਰਚਾਰਕਾਂ ਅਤੇ ਰਾਗੀ ਗ੍ਰੰਥੀਆਂ ਨੂੰ ਭਰਤੀ ਕਰਾਂਗੇ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰੋਲ ਬਾਣੀ, ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਦੇ ਧਾਰਨੀ ਪ੍ਰਚਾਰਕ ਹੋਣ ਅਤੇ ਕਥਾ ਕੀਰਤਨ ਵਿੱਚ ਬ੍ਰਾਹਮਣੀ ਕਥਾ ਕਹਾਣੀਆਂ ਸੁਣਾ-ਸੁਣਾ ਕੇ ਸਿੱਖੀ ਦਾ ਭਗਵਾਕਰਨ ਨਾਂ ਕਰਨ।

ਪੰਥ ਤੋਂ ਬਗੈਰ, ਕਿਸੇ ਭੇਖੀ ਸਾਧ-ਸੰਤ ਸੰਪ੍ਰਦਾਈ ਨੂੰ, ਮਾਨਤਾ ਨਹੀਂ ਦੇਵਾਂਗੇ ਅਤੇ ਨਾਂ ਹੀ ਆਪਣੇ ਜਾਂ ਆਪਣੇ ਤੋਂ ਵੱਡੀ ਕਿਸੇ ਵੀ ਹਸਤੀ ਦੇ ਨਾਂ ਦੇ ਅੱਗੇ ਜਾਂ ਪਿਛੇ ਸੰਤ ਸ਼ਬਦ ਵਰਤਾਂਗੇ ਸਗੋਂ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਉਪਨਾਮ ਭਾਈ, ਬਾਬਾ, ਸਿੰਘ ਅਤੇ ਕੌਰ ਸ਼ਬਦਾਂ ਦੀ ਵਰਤੋਂ ਕਰਾਂਗੇ।

ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਵੀ ਪੋਥੀ ਜਾਂ ਅਖੌਤੀ ਦਸਮ ਗ੍ਰੰਥ ਆਦਿ ਦਾ ਪ੍ਰਕਾਸ਼ ਨਹੀਂ ਕਰਾਂਗੇ ਅਤੇ ਨਾਂ ਹੀ ਕਿਸੇ ਦੋਖੀ ਨੂੰ ਕਰਨ ਦੇਵਾਂਗੇ। ਨੋਂਟ
-ਡੇਰੇਦਾਰ ਤੇ ਟਕਸਾਲੀ ਅਜਿਹਾ ਅਨਰਥ ਸ਼ਰੇਆਂਮ ਕਰ ਰਹੇ ਹਨ।

ਸਿੱਖ ਗੁਰਦੁਆਰਿਆਂ ਤੇ ਫਿਰ ਆਪਣੇ ਘਰਾਂ ਵਿੱਚੋਂ ਕੁੰਭ, ਨਾਰੀਅਲ, ਜੋਤਾਂ, ਮੌਲੀਆਂ, ਹਵਨ ਨੁਮਾਂ ਗੁਗਲ ਦੀਆਂ ਧੂਫਾਂ ਅਤੇ ਹਵਨ ਸਮੱਗਰੀਆਂ ਕੱਢਾਂਗੇ। ਗੁਰੂ ਗ੍ਰੰਥ ਸਹਿਬ ਜੀ ਦੇ ਪਾਠ ਨਾਲ ਇਹ ਸਾਰੀ ਬ੍ਰਾਹਮਣੀ ਪੂਜਾ ਸਮੱਗਰੀ ਨਹੀਂ ਰੱਖਾਂਗੇ ਅਤੇ ਨਾਂ ਹੀ ਕਿਸੇ ਨੂੰ ਰੱਖਣ ਦਿਆਂਗੇ।

ਮਾਰੂ ਨਸ਼ਿਆਂ ਦਾ ਤਿਆਗ ਕਰਦੇ ਹੋਏ ਜਨਤਾ ਨੂੰ ਇਸ ਬਾਰੇ ਜਾਗਰੂਕ ਕਰਾਂਗੇ ਕਿਉਂਕਿ ਨਸ਼ਿਆਂ ਨਾਲ ਜਿੱਥੇ ਧੰਨ ਬਰਬਾਦ ਹੁੰਦਾ, ਬੇਇਜ਼ਤੀ ਹੁੰਦੀ, ਭਿਆਨਕ ਰੋਗ ਲਗਦੇ ਹਨ ਓਥੇ ਮਤਿ ਵੀ ਮਾਰੀ ਜਾਂਦੀ ਹੈ-
ਜਿਤੁ ਪੀਤੈ ਮਤਿ ਦੂਰਿ ਹੋਏ ਬਰਲੁ ਪਵੈ ਵਿਚਿ ਆਇ॥ ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ॥ … ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥ (554)

ਔਰਤ ਦਾ ਮਰਦ ਦੇ ਬਰਾਬਰ ਸਨਮਾਨ ਕਰਾਂਗੇ, ਧੀਆਂ ਦੀ ਭਰੂਣ ਹਤਿਆ ਨਹੀਂ ਕਰਾਂਗੇ ਕਿਉਂਕਿ ਇਹ ਮਾਨ ਸਿੱਖ ਧਰਮ ਦੇ ਬਾਨੀ ਬਾਬਾ ਨਾਨਕ ਜੀ ਨੇ ਬਖਸ਼ਦਿਆਂ ਫੁਰਮਾਇਆ-
ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ (473) ਜੇ ਮਰਦ ਗੁਰਬਾਣੀ ਦਾ ਪਾਠ ਕਥਾ ਕੀਰਤਨ ਗੁਰੂ ਘਰ ਦੀ ਹਰੇਕ ਪ੍ਰਕਾਰ ਸੇਵਾ ਕਰ ਸਕਦਾ ਹੈ ਤਾਂ ਔਰਤ ਵੀ ਇਹ ਸਭ ਕੁੱਝ ਕਰ ਸਕਦੀ ਹੈ ਪਰ ਸੰਪ੍ਰਦਾਈ ਤੇ ਕੇਸਾਧਾਰੀ ਬ੍ਰਾਹਮਣੀ ਟੋਲੇ ਅਜੋਕੇ ਸਿੰਘ ਸਹਿਬਾਨ ਰੂਪੀ ਆਦਿਕ ਅਖੌਤੀ ਆਗੂਆਂ ਨੇ ਬ੍ਰਹਾਮਣਾਂ ਵਾਂਗ ਹੀ ਸਿੱਖ ਔਰਤਾਂ ਤੇ ਵੀ ਅਜਿਹੀ ਮੰਨੂਵਾਦੀ ਪਾਬੰਦੀ ਲਾ ਰੱਖੀ ਹੈ, ਜਿਸ ਨੂੰ ਰਲ ਕੇ ਤੋੜਾਂਗੇ ਕਿਉਂਕਿ ਗੁਰੂ ਅਮਰਦਾਸ ਸਾਹਿਬ ਜੀ ਨੇ ਵੀ ਬੀਬੀਆਂ ਨੂੰ 52 ਪੀਹੜੇ ਬਖਸ਼ੇ ਸਨ।

ਸਿੱਖ ਧਰਮ ਦੇ ਦਰਵਾਜੇ ਸਭ ਮਾਈ ਭਾਈ ਲਈ ਖੁਲ੍ਹੇ ਰੱਖਾਂਗੇ ਕਿਉਂਕਿ-
ਸਭੇ ਸਾਂਝੀਵਾਲ ਸਦਾਇਨਿ (97) ਅਤੇ ਉਪਦੇਸ਼ੁ ਚਹੁ ਵਰਨਾ ਕਉ ਸਾਂਝਾ (747)

ਵੱਧ ਤੋਂ ਵੱਧ ਬੋਲੀਆਂ (ਭਾਸ਼ਾਵਾਂ) ਵਿੱਚ ਗੁਰਬਾਣੀ, ਸਿੱਖ ਇਤਿਹਾਸ ਅਤੇ ਫਿਲੌਸਫੀ ਆਦਿਕ ਦਾ ਪ੍ਰਚਾਰ ਬੜੀ ਫਰਾਕ ਦਿਲੀ ਨਾਲ ਕਰਾਂਗੇ। ਇਹ ਸਭ ਗੁਰੂ ਦੀ ਗੋਲਕ ਨਾਲ ਅਤੇ ਸਿੱਖਾਂ ਦੇ ਦਸਵੰਧ ਨਾਲ ਹੋ ਸਕਦਾ ਹੈ। ਅੱਜ ਕੱਲ੍ਹ ਅਖਬਾਰਾਂ, ਰਸਾਲੇ, ਸੀਡੀਆਂ, ਟੀ. ਵੀ. , ਮੂਵੀਆਂ ਅਤੇ ਇੰਟ੍ਰਨੈੱਟ ਆਦਿਕ ਦਾ ਜੁੱਗ ਹੈ। ਇਸ ਸਭ ਪ੍ਰਕਾਰ ਦੇ ਮੀਡੀਏ ਰਾਹੀਂ ਸਿੱਖੀ ਦਾ ਪ੍ਰਚਾਰ ਕਰਾਂਗੇ, ਇਸ ਨੂੰ ਗੁਰਬਾਣੀ ਦਾ ਪ੍ਰਚਾਰ ਸਮਝਾਂਗੇ ਨਾ ਕਿ ਬੇਅਦਬੀ।

ਕੁਝ ਸਵੇਦਨਸ਼ੀਲ ਮਸਲੇ ਜਿਵੇਂ ਰਾਗ ਮਾਲਾ, ਅਖੌਤੀ ਦਸਮ ਗ੍ਰੰਥ, ਸਿੱਖ ਬੀਬੀਆਂ ਦੀ ਸ੍ਰ਼ੀ ਦਰਬਾਰ ਸਾਹਿਬ ਵਿਖੇ ਕੀਰਤਨ ਅਤੇ ਪੰਜਾਂ ਪਿਆਰਿਆਂ ਵਿੱਚ ਖੰਡੇ ਪਾਹੁਲ ਦੀ ਸੇਵਾ, ਗੁਰਦੁਆਰਿਆਂ ਵਿੱਚ ਸਿੱਖ ਰਹਿਤ ਮਰਯਾਦਾ ਅਤੇ ਅਸਲੀ ਨਾਨਕਸ਼ਾਹੀ ਕੈਲੰਡਰ ਲਾਗੂ ਕਰਨਾਂ ਆਦਿਕ ਨੂੰ ਫੌਰਨ ਬੜੀ ਦ੍ਰਿੜਤਾ ਅਤੇ ਸੁਹਿਰਦਤਾ ਨਾਲ, ਨਿਕਟ ਭਵਿੱਖ ਵਿੱਚ ਹੱਲ ਕਰਾਂਗੇ।

ਆਏ ਦਿਨ ਸਾਧਾਂ ਸੰਪ੍ਰਦਾਈਆਂ ਦੇ ਦਬਾਅ ਥੱਲੇ ਆ ਕੇ, ਅਖੌਤੀ ਜਥੇਦਾਰਾਂ ਵਲੋਂ, ਪੰਥਕ ਵਿਦਵਾਨਾਂ ਨੂੰ ਪੰਥ ਵਿੱਚੋ ਛੇਕਣਾ ਅਤੇ ਛੇਕਣ ਦੀਆਂ ਧਮਕੀਆਂ ਦੇਣ ਦੀ ਬਜਾਏ ਸਗੋਂ ਵਿਚਾਰ ਗੋਸ਼ਟੀਆਂ ਦਾ ਸਿਲਸਿਲਾ ਚਲਾ ਕੇ ਵਿਚਾਰ ਵਿਟਾਂਦਰੇ ਅਤੇ ਪ੍ਰੇਮ ਪਿਆਰ ਰਾਹੀਂ ਮਸਲੇ ਹੱਲ ਕੀਤੇ ਜਾਣ।

ਪੰਥਕ ਅਖ਼ਬਾਰਾਂ, ਰਸਾਲੇ, ਰੇਡੀਓ, ਲਿਖਾਰੀ ਅਤੇ ਜੋ ਅਦਾਰੇ ਗੁਰੂ ਗ੍ਰੰਥ ਸਹਿਬ ਜੀ ਦੀ ਵਿਚਾਰਧਾਰਾ ਅਤੇ ਸਿੱਖ ਰਹਿਤ ਮਰਯਾਦਾ ਦਾ ਡਟ ਕੇ ਪ੍ਰਚਾਰ ਕਰਦੇ ਹਨ, ਉਨ੍ਹਾਂ ਦੀ ਹਰ ਤਰ੍ਹਾਂ ਮਦਦ ਕੀਤੀ ਜਾਵੇ।

ਜੋ ਡੇਰੇ ਜਾਂ ਗੁਰਦੁਆਰੇ ਸ਼੍ਰੀ ਅਕਾਲ ਤਖ਼ਤ ਦੀ ਮਰਯਾਦਾ ਨੂੰ ਨਹੀਂ ਮੰਨਦੇ ਓਥੇ ਜਾਣਾ ਅਤੇ ਖੂਨ ਪਸੀਨੇ ਦੀ ਕੀਤੀ ਕਮਾਈ ਚੋਂ ਭੇਟਾ ਚੜਾਉਣੀ ਬੰਦ ਕੀਤੀ ਜਾਵੇ ਜੋ ਕੌਮੀ ਪੈਸੇ ਦੀ ਦੁਰਵਰਤੋਂ ਕਰ ਰਹੇ ਹਨ।

ਛੁੱਟੀਆਂ ਜਾਂ ਜਦੋਂ ਵੀ ਵਿਹਲ ਮਿਲੇ ਇਸਾਈ ਮਿਸ਼ਨਰੀਆਂ ਦੀ ਤਰ੍ਹਾਂ ਡੋਰ-ਟੂ ਡੋਰ ਹਰੇਕ ਮਾਈ ਭਾਈ ਪ੍ਰਚਾਰ ਕਰੇ ਅਤੇ ਗੁਰਮਤਿ ਸਬੰਧੀ ਵਧੀਆ ਲਿਟ੍ਰੇਚਰ ਵੰਡਿਆ ਜਾਵੇ।

ਜੇ ਅਜਿਹਾ ਕਰਦੇ ਹਾਂ ਤਾਂ ਨਵਾਂ ਸਾਲ ਮੁਬਾਰਕ ਤੇ ਭਾਗਾਂਵਾਲਾ ਹੋ ਸਕਦਾ ਹੈ ਵਰਨਾਂ ਰਸਮੀ ਪਾਠ, ਕੀਰਤਨ, ਕਥਾ, ਢਾਡੀ ਦਰਬਾਰਾਂ, ਵੰਨ ਸੁਵੰਨੇ ਲੰਗਰ ਅਤੇ ਡੈਕੋਰੇਸ਼ਨਾਂ ਦਾ ਕੋਈ ਬਹੁਤਾ ਫਾਇਦਾ ਨਹੀਂ ਹੋਣਾ ਜਿਨ੍ਹਾਂ ਚਿਰ ਗੁਰੂ ਬਾਬਾ ਨਾਨਕ ਜੀ ਦੀ ਸੱਚੀ ਸੁੱਚੀ ਤੇ ਵਿਗਿਆਨਕ ਵਿਚਾਰਧਾਰਾ ਨੂੰ ਨਹੀਂ ਅਪਨਉਂਦੇ ਅਤੇ ਉਸ ਦਾ ਪ੍ਰਚਾਰ ਅਮਲੀ ਰੂਪ ਵਿੱਚ ਨਹੀਂ ਕਰਦੇ। ਪੁਜਰੀਵਾਦ, ਸਾਧਵਾਦ, ਭੇਖਵਾਦ, ਸੁੱਚ-ਭਿਟ, ਭਰਮ ਅਤੇ ਪਾਖੰਡਵਾਦ ਤੋਂ ਗੁਰੂ ਗਿਆਨ ਆਸਰੇ ਬਚ ਜਾਈਏ ਤਾਂ ਨਵਾਂ ਸਾਲ ਮੁਬਾਰਕ ਹੈ।

ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਪਾਤਸ਼ਾਹ ਦੇ ਜਾਨਸ਼ੀਨ ਜਾਂ ਵੱਖਰੇ ਪੰਥ ਦੇ ਵਾਲੀ?

ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਪਾਤਸ਼ਾਹ ਦੇ ਜਾਨਸ਼ੀਨ ਜਾਂ ਵੱਖਰੇ ਪੰਥ ਦੇ ਵਾਲੀ?

ਅਵਤਾਰ ਸਿੰਘ ਮਿਸ਼ਨਰੀ (5104325827)

ਭਾਈ ਕਾਹਨ ਸਿੰਘ ਨ੍ਹਾਭਾ ਰਚਿਤ ਮਹਾਨ ਕੋਸ਼ ਅਨੁਸਾਰ ਜਾਨਸ਼ੀਨ ਫਾਰਸੀ ਦਾ ਲਫ਼ਜ ਹੈ ਅਤੇ ਇਸ ਦੇ ਅਰਥ ਹਨ ਉੱਤਰਾਧਿਕਾਰੀ, ਕਿਸੇ ਦੀ ਥਾਂ ਬੈਠਣ ਵਾਲਾ ਅਤੇ ਕਾਇਮ-ਮੁਕਾਇਮ ਥਾਪਿਆ ਜਾਣ ਵਾਲਾ। ਅਰਬੀ ਵਿੱਚ ਵਾਲੀ ਦੇ ਅਰਥ ਹਨ ਮਾਲਕ, ਸੁਵਾਮੀ ਅਤੇ ਹਾਕਮ। ਆਓ ਹੁਣ ਆਪਾਂ ਵਿਚਾਰ ਕਰੀਏ ਕਿ ਸਿੱਖ ਪੰਥ ਦੇ ਮਹਾਂਨ ਰਹਿਬਰ ਅਤੇ ਬਾਨੀ ਗੁਰੂ ਨਾਨਕ ਪਾਤਸ਼ਾਹ ਜੀ ਸਨ ਜਿਨ੍ਹਾਂ ਨੇ ਗਿਆਨਮਈ ਵਿਦਵਤਾ, ਨਿਡਰਤਾ, ਹਲੇਮੀ, ਪਿਆਰ, ਸੇਵਾ ਅਤੇ ਬੜੀ ਸੂਝ-ਬੂਝ ਨਾਲ ਅਖੌਤੀ ਧਰਮ ਆਗੂਆਂ ਵੱਲੋਂ ਭਰਮਾਂ ਵਿੱਚ ਪਾਈ ਅਤੇ ਉਲਝਾਈ ਗਈ ਲੋਕਾਈ ਨੂੰ ਸੱਚਾ-ਸੁੱਚਾ ਗਿਆਨ-ਵਿਗਿਆਨਮਈ ਉਪਦੇਸ਼ ਦੇਸ਼ ਵਿਦੇਸ਼ ਵਿੱਚ ਵਿਚਰ ਕੇ ਦਿੱਤਾ। ਉਸ ਵੇਲੇ ਦੇ ਵੱਡੇ ਵੱਡੇ ਧਰਮ ਅਸਥਾਨਾਂ ਅਤੇ ਧਰਮ ਆਗੂਆਂ ਨਾਲ ਗਿਆਨ ਗੋਸ਼ਟੀਆਂ ਕੀਤੀਆਂ। ਗੁਰੂ ਨਾਨਕ ਪਾਤਸ਼ਾਹ ਇੱਕ ਅਜਿਹੇ ਰਹਿਬਰ ਸਨ ਜਿਨ੍ਹਾਂ ਨੇ ਕਿਸੇ ਨੂੰ ਧਰਮ ਬਦਲਣ ਦਾ ਨਹੀਂ ਸਗੋਂ ਮਨ ਅਤੇ ਕਰਮ ਬਦਲਣ ਦਾ ਉਪਦੇਸ਼ ਦਿੱਤਾ। ਇਸ ਕਰਕੇ ਕੀ ਹਿੰਦੂ ਅਤੇ ਕੀ ਮੁਸਲਮਾਨ ਗੁਰੂ ਬਾਬੇ ਦੇ ਵਿਚਾਰ ਸੁਣਨ, ਮੰਨਣ ਅਤੇ ਅਪਨਾਉਣ ਲੱਗ ਪਏ। ਗੁਰੂ ਜੀ ਨੇ ਧਰਮਾਂ ਦੇ ਝਗੜੇ ਛੱਡ ਕੇ ਸੱਚੇ ਮਾਰਗ ਤੇ ਚੱਲਣ ਦਾ ਹੋਕਾ ਦਿੰਦਿਆ ਕਿਹਾ ਕਿ ਜੇ ਰੱਬ ਇੱਕ ਹੈ ਤਾਂ ਅਸੀਂ ਸਾਰੇ ਵੀ ਉਸੇ ਦੇ ਬੱਚੇ ਬੱਚੀਆਂ ਹਾਂ। ਵੱਖ ਵੱਖ ਰੰਗਾਂ ਦੇ ਫੁੱਲਾਂ ਦੇ ਗੁਲਦਸਤੇ ਵਾਂਗ ਹਾਂ। ਉਸ ਉਪਦੇਸ਼ ਨੂੰ ਆਪਣੇ ਹੱਥ ਨਾਲ ਕਿਤਾਬ (ਪੋਥੀ) ਵਿੱਚ ਲਿਖਿਆ “ਤਿਤ ਮਹਲ ਜੋ ਸ਼ਬਦ ਹੋਆ ਸੋ ਪੋਥੀ ਗੁਰ ਅੰਗਦ ਯੋਗ ਮਿਲੀ” (ਪੁਰਾਤਨ ਜਨਮਸਾਖੀ)

ਇਸ ਸੱਚੀ-ਸੁੱਚੀ ਅਗਾਂਹ ਵਧੂ ਵਿਚਾਰਧਾਰਾ ਨੂੰ ਸਦੀਵ ਸੰਸਾਰ ਵਿੱਚ ਪ੍ਰਚਾਰਨ ਅਤੇ ਫਲਾਉਣ ਲਈ ਆਪਣੀ ਥਾਂ ਯੋਗ ਵਿਅਕਤੀਆਂ ਨੂੰ ਆਪਣਾਂ ਜਾਨਸ਼ੀਨ ਥਾਪਣ ਦਾ ਸਿਲਸਿਲਾ ਸ਼ੁਰੂ ਕੀਤਾ। ਇਵੇਂ ਉਨ੍ਹਾਂ ਦੀ ਗਿਆਨਮਈ ਰੱਬੀ ਵਿਚਾਰਧਾਰਾ ਨੂੰ ਸੰਸਾਰ ਵਿੱਚ ਪ੍ਰਾਚਰਨ ਲਈ ਕ੍ਰਮਵਾਰ ਗੁਰੂ ਅੰਗਦ, ਅਮਰਦਾਸ, ਰਾਮਦਾਸ, ਅਰਜਨ ਦੇਵ, ਹਰਗੋਬਿੰਦ, ਹਰਕ੍ਰਿਸ਼ਨ, ਤੇਗਬਹਾਦਰ ਅਤੇ ਦਸਵੀਂ ਥਾਂ ਗੁਰੂ ਗੋਬਿੰਦ ਸਿੰਘ ਜੀ ਗੁਰਤਾ ਗੱਦੀ ਦੇ ਜਾਨਸ਼ੀਨ ਥਾਪੇ ਗਏ, ਜਿਨ੍ਹਾ ਨੇ ਤਨ, ਮਨ ਅਤੇ ਧਨ ਨਾਲ ਇਹ ਸੇਵਾ ਬਾਖੂਬੀ ਨਿਭਾਈ ਅਤੇ ਇਸ ਸੰਪੂਰਨ ਨਿਰਮਲ ਵਿਚਾਰਧਾਰਾ ਨੂੰ ਸਦੀਵ ਚਲਦਾ ਰੱਖਣ ਲਈ “ਸ਼ਬਦ ਗੁਰੂ” ਗੁਰੂ ਗ੍ਰੰਥ ਸਾਹਿਬ ਦੀ ਰਹਿਨਮਾਈ ਵਿੱਚ ਸਿੱਖਾਂ ਨੂੰ ਚੱਲਣ ਦਾ ਫੁਰਮਾਨ ਜਾਰੀ ਕੀਤਾ-ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ।

ਇਸ ਸੱਚੀ-ਸੱਚੀ ਵਿਚਾਰਧਾਰਾ ਦਾ ਹਰੇਕ ਅਖੌਤੀ ਧਰਮ ਅਤੇ ਰਾਜਨੀਤਕ ਆਗੂ ਨੇ ਕਰੜਾ ਵਿਰੋਧ ਕੀਤਾ ਜਿਸ ਦੇ ਫਲਸਰੂਪ ਕਈ ਜੰਗ ਜੁੱਧ ਵੀ ਲੜਨੇ ਪਏ ਜਿਨ੍ਹਾਂ ਵਿੱਚ ਗੁਰੂਆਂ, ਬਹੁੱਤਸਾਰੇ ਸਿੱਖਾਂ ਨੂੰ ਸ਼ਹੀਦ ਹੋਣਾ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਰਬੰਸ ਵਾਰਨਾ ਪਿਆ। ਬਾਬਾ ਬੰਦਾ ਸਿੰਘ ਬਹਾਦਰ ਦੇ ਸਿੱਖ ਰਾਜ ਤੋਂ ਬਾਅਦ ਮੁਗਲ ਹਕੂਮਤਾਂ ਅਤੇ ਉਨ੍ਹਾਂ ਦੇ ਝੋਲੀ ਚੁੱਕ ਜੀ-ਹਜੂਰੀਏ ਪਹਾੜੀ ਰਾਜੇ ਇਸ ਵਿਚਾਰਧਾਰਾ ਨੂੰ ਖਤਮ ਕਰਨ ਲਈ ਇੱਕਮੁੱਠ ਹੋ ਗਏ। ਸਿੱਖਾਂ ਦੇ ਘਰ ਘਾਟ ਹੁਣ ਘੋੜਿਆਂ ਦੀਆਂ ਕਾਠੀਆਂ ਅਤੇ ਜੰਗਲ ਬੇਲੇ ਸਨ। ਮੁਗਲੀਆ ਹਕੂਮਤ ਸਿੱਖਾਂ ਦਾ ਜਾਨਵਰਾਂ ਵਾਂਗ ਸ਼ਿਕਾਰ ਕਰਨ ਲੱਗ ਪਈ। ਜਦ ਫਿਰ ਵੀ ਜ਼ਾਲਮ ਦੀ ਤਲਵਾਰ ਗੁਰਸਿੱਖਾਂ ਦਾ ਖੁਰਾ-ਖੋਜ ਨਾ ਮਿਟਾ ਸੱਕੀ ਅਤੇ ਗੁਰਸਿੱਖ ਸਿਰਧੜ ਦੀ ਬਾਜੀ ਲਾ ਕੇ ਇਹ ਨਾਹਰੇ ਲਾਉਣ ਗੱਗ ਪਏ “ਮੰਨੂੰ ਸਾਡੀ ਦਾਤਰੀ ਅਸੀਂ ਮੰਨੂੰ ਦੇ ਸੋਏ। ਜਿਉਂ ਜਿਉਂ ਮੰਨੂੰ ਵੱਢ੍ਹਦਾ ਅਸੀਂ ਦੂਣ ਸਵਾਏ ਹੋਏ” ਤਾਂ ਹੋਸ਼ੇ ਹਥਿਆਰਾਂ ਤੇ ਆ ਕੇ ਅਖੌਤੀ ਧਰਮ ਅਤੇ ਰਾਜਨੀਤਕ ਆਗੂਆਂ ਨੇ ਕੂਟਨੀਤੀ ਵਰਤਦੇ ਹੋਏ ਰੱਬੀ ਭਗਤਾਂ, ਗੁਰੂਆਂ ਅਤੇ ਗੁਰਸਿੱਖਾਂ ਦੇ ਇਤਿਹਾਸ ਅਤੇ ਸਿਧਾਂਤਕ ਵਿਚਾਰਧਾਰਾ ਵਿੱਚ ਰਲਾ ਪਾਉਣਾ ਸ਼ੁਰੂ ਕਰ ਦਿੱਤਾ। ਜਿਸ ਵਿੱਚ ਉਨ੍ਹਾ ਨੇ ਜਿੱਥੇ ਬ੍ਰਾਹਮਣਵਾਦੀ ਕਰਮਕਾਂਡੀ ਰੀਤਾਂ ਘਸੋੜੀਆਂ ਓਥੇ ਸਿੱਖੀ ਦੇ ਮੂਲ ਰਹਿਬਰ ਗੁਰੂ ਨਾਨਕ ਪਾਤਸ਼ਾਹ ਅਤੇ ਉਨ੍ਹਾਂ ਦੇ ਦਸਵੇਂ ਜਾਨਸ਼ੀਨ ਗੁਰੂ ਗੋਬਿੰਦ ਸਿੰਘ ਨੂੰ ਵੱਖਰੇ ਵੱਖਰੇ ਪੰਥ ਦੇ ਆਗੂ ਪ੍ਰਚਾਰਨਾ ਸ਼ੁਰੂ ਕਰ ਦਿੱਤਾ। ਗੁਰੂ ਨਾਨਕ ਪੰਥ ਤੋਂ ਦੂਰ ਕਰਨ ਕਈ ਗੁਰੂ ਗੋਬਿੰਦ ਸਿੰਘ ਨੂੰ ਨਵਾਂ ਖਾਲਸਾ ਪੰਥ ਚਲਾਉਣ ਵਾਲੇ, ਤੀਜਾ ਧਰਮ ਚਲਾਉਣ ਵਾਲੇ, ਪੰਥ ਦੇ ਵਾਲੀ ਅਤੇ ਖਾਲਸਾ ਧਰਮ ਦੇ ਬਾਨੀ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਦੂਜਾ ਗੁਰੂ ਨਾਨਕ ਪਾਤਸ਼ਾਹ ਦਾ ਸ਼ਾਂਤੀ ਦਾ ਮਾਰਗ ਅਤੇ ਦਸਵੇਂ ਪਾਤਸ਼ਾਹ ਦਾ ਲੜਨ ਮਰਨ ਵਾਲਾ ਮਾਰਗ ਪ੍ਰਚਾਰ ਕੇ ਲੋਕਾਂ ਦੇ ਮਨਾਂ ਵਿੱਚ ਭਰਮ ਪੈਦਾ ਕਰ ਦਿੱਤਾ ਕਿ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਅਤੇ ਖਾਲਸਾ ਧਰਮ ਦੇ ਬਾਨੀ ਗੁਰੂ ਗੋਬਿੰਦ ਸਿੰਘ ਹਨ।

ਪਹਿਲਾਂ ਇਹ ਲੋਕ ਉਦਸੀਆਂ ਅਤੇ ਨਿਰਮਲਿਆਂ ਦੇ ਰੂਪ ਵਿੱਚ ਸਿੱਖਾਂ ਦੇ ਧਰਮ ਅਸਥਾਨਾਂ ਦੀ ਸੇਵਾ ਸੰਭਾਲ ਦੇ ਬਹਾਨੇ ਇੰਟਰ ਹੋਏ ਅਤੇ ਅੱਜ ਅਖੌਤੀ ਸਾਧਾਂ-ਸੰਤਾਂ, ਸੰਪ੍ਰਦਾਈਆਂ, ਸਿੱਖੀ ਦਿੱਖ ਵਾਲੇ ਡੇਰੇਦਾਰਾਂ ਅਤੇ ਅਖੌਤੀ ਜਥੇਦਾਰ ਜੋ ਬਾਦਲ ਦੇ ਰਾਹੀਂ
RSS (ਰਸ਼ਟਰੀਆ) ਸਿੱਖ ਸੰਗਤ ਦੇ ਰੂਪ ਵਿੱਚ ਸਿੱਖ ਪੰਥ ਵਿੱਚ ਘੁਸੜ ਕੇ ਵੱਖਰੀਆਂ ਵੱਖਰੀਆਂ ਰੀਤਾਂ, ਵੱਖਰੇ ਵੱਖਰੇ ਗ੍ਰੰਥਾਂ ਜਿਨ੍ਹਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿਤਰ ਵਿਚਾਰਧਾਰਾ ਦੇ ਉਲਟ ਅਖੌਤੀ ਕਥਿਤ ਕਥਾ ਕਹਾਣੀਆਂ ਰਲਾ ਕੇ ਸਿੱਖੀ ਦਾ ਭਗਵਾਕਰਣ ਕਰਦੇ ਹੋਏ ਚੋਲੇ, ਢੋਲਕੀਆਂ, ਚਿਮਟੇ ਆਦਿਕ ਢੋਲ ਵਜਾ ਕੇ ਸਿੱਖ ਸੰਗਤਾਂ ਵਿੱਚ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੀ ਵਿਚਾਰਧਾਰਾ ਨੂੰ ਅਲੱਗ ਅਲੱਗ ਕਰ ਦਿੱਤਾ ਹੈ। ਇਨ੍ਹਾਂ ਦਾ ਪੂਰਾ ਜੋਰ ਸਿੱਖਾਂ ਨੂੰ “ਗੁਰੂ ਗ੍ਰੰਥ ਸਾਹਿਬ” ਨਾਲੋਂ ਤੋੜ ਕੇ ਗੀਤਾ, ਰਮਾਇਣ, ਗਰੜ ਪੁਰਾਣ, ਡੇਰੇ, ਮੱਠ, ਕਬਰਾਂ ਅਤੇ ਅਖੌਤੀ ਦਸਮ ਗ੍ਰੰਥ ਜੋ ਬ੍ਰਾਹਮਣੀ ਕਥਾ ਕਹਾਣੀਆਂ ਅਤੇ ਵਿਸ਼ੇ ਵਿਕਾਰਾਂ ਦੀ ਸਮੱਗਰੀ ਨਾਲ ਭਰਿਆ ਪਿਆ ਹੈ ਨਾਲ ਜੋੜਨ ਦਾ ਲੱਗਾ ਹੋਇਆ ਹੈ। ਐਸ ਵੇਲੇ ਇਹ ਡੇਰੇਦਾਰ ਅਤੇ ਸੰਪ੍ਰਦਾਈ ਇਸ ਮਕਸਦ ਵਿੱਚ ਇਸ ਲਈ ਕਾਮਯਾਬ ਹੋ ਰਹੇ ਹਨ ਕਿ ਸਿੱਖ ਆਪ ਗੁਰਬਾਣੀ, ਇਤਿਹਾਸ ਅਤੇ ਧਰਮ ਫਿਲੌਸਫੀ ਨੂੰ ਪੜ੍ਹਨ, ਵਿਚਾਰਨ ਅਤੇ ਧਾਰਨ ਨੂੰ ਛੱਡ ਕੇ ਇਨ੍ਹਾਂ ਕੋਲੋਂ ਅੰਨ੍ਹੀ ਸ਼ਰਧਾ ਹੇਠ ਆਪਣੀ ਖੂਨ ਪਸੀਨੇ ਦੀ ਕਿਰਤ ਕਮਾਈ ਨੂੰ ਪਾਠਾਂ, ਸੰਪਟ ਪਾਠਾਂ, ਕੀਰਤਨਾਂ ਅਤੇ ਜਪਾਂ ਤਪਾਂ ਦੇ ਨਾਂ ਤੇ ਵੱਡੀਆਂ ਵੱਡੀਆਂ ਭੇਟਾਂ ਦੇ ਰੂਪ ਵਿੱਚ ਲੁਟਾਈ ਜਾ ਰਹੇ ਹਨ। ਇਨ੍ਹਾਂ ਲੋਕਾਂ ਨੇ ਸਿੱਖ ਧਰਮ ਨੂੰ ਵਾਪਾਰ ਅਤੇ ਗੁਰਦੁਆਰਿਆਂ ਨੂੰ ਕਮਰਸ਼ੀਅਲ ਅੱਡੇ ਬਣਾ ਦਿੱਤਾ ਹੈ। ਗਿਣਤੀ ਮਿਣਤੀ ਦੇ ਮੰਤ੍ਰ ਪਾਠ ਜੋ ਬ੍ਰਾਹਮਣ ਅਤੇ ਮੌਲਾਣੇ ਕਰਕੇ ਉਸ ਵੇਲੇ ਜਨਤਾ ਨੂੰ ਲੁੱਟ ਰਹੇ ਸਨ, ਗੁਰੂ ਨਾਨਕ ਪਾਤਸ਼ਾਹ ਨੇ ਤਾਂ ਉਨ੍ਹਾਂ ਦਾ ਵਿਰੋਧ ਕੀਤਾ ਸੀ ਅਤੇ ਅੱਜ ਅਸੀਂ ਡੇਰੇਦਾਰਾਂ ਅਤੇ ਸੰਤ ਬਾਬਿਆਂ, ਸੰਪ੍ਰਦਾਈਆਂ ਅਤੇ ਪੈਸੇ ਦੇ ਪੁਜਾਰੀ ਭਾਈਆਂ ਤੋਂ ਉਹ ਕੁੱਝ ਹੀ ਕਰਾਉਣ ਲੱਗ ਪਏ ਹਾਂ।

ਸਾਡੇ ਅੰਤਸ਼ਕਰਣ ਉੱਤੇ ਬ੍ਰਾਹਮਣੀ ਰੀਤਾਂ ਦਾ ਪੜਦਾ ਪਾ ਦਿੱਤਾ ਗਿਆ ਹੈ, ਇਸ ਲਈ ਅੱਜ ਸਾਨੂੰ ਗੁਰੂ ਨਾਨਕ ਪਾਤਸ਼ਾਹ ਅਤੇ ਗੁਰੂ ਗੋਬਿੰਦ ਸਿੰਘ ਦਾ ਇੱਕੋ ਹੀ ਮਾਰਗ (ਪੰਥ) ਹੈ ਵਾਲਾ ਰਸਤਾ ਭੁੱਲਦਾ ਜਾ ਰਿਹਾ ਹੈ। ਸੋ ਜੇ ਅਸੀਂ ਆਪ ਸਿੱਖ ਸਿਧਾਂਤਾਂ ਗੁਰਬਾਣੀ ਨੂੰ ਵਿਚਾਰਾਂਗੇ ਤਾਂ ਪਤਾ ਚੱਲ ਜਾਵੇਗਾ ਕਿ ਗੁਰੂ ਨਾਨਕ ਪਾਤਸ਼ਾਹ ਹੀ ਸਾਡੇ ਰਹਿਬਰ ਅਤੇ ਬਾਨੀ ਸਨ ਅਤੇ ਬਾਕੀ ਨੌਂ ਗੁਰੂ ਉਨ੍ਹਾਂ ਦੇ ਜਾਨਸ਼ੀਨ ਸਨ। ਇਵੇਂ ਪੰਥ ਦੇ ਵਾਲੀ ਗੁਰੂ ਨਾਨਕ ਪਾਤਸ਼ਾਹ ਹਨ ਅਤੇ ਗੁਰੂ ਗੋਬਿੰਦ ਸਿੰਘ ਜੀ ਉਨ੍ਹਾਂ ਦੇ ਦਸਵੇਂ ਜਾਨਸ਼ੀਨ ਸੰਤ ਸਿਪਾਹੀ ਸਿੱਖ ਪੰਥ ਦੇ ਮਹਾਂਨ ਪ੍ਰਚਾਰਕ ਗੁਰੂ ਸਨ। ਆਓ ਇਨ੍ਹਾਂ ਡੇਰੇਦਾਰਾਂ ਅਤੇ ਅਖੌਤੀ ਜਥੇਦਾਰਾਂ ਤੋਂ ਅਜ਼ਾਦ ਹੋ ਕੇ ਗੁਰੂ ਨਾਨਕ ਜੀ ਦੇ ਦਸਵੇਂ ਜਾਨਸ਼ੀਨ ਸਰਬੰਸਦਾਨੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ-ਪ੍ਰਕਾਸ਼ ਦਿਹਾੜਾ ਅਸਲੀ ਨਾਨਕ ਸ਼ਾਹੀ ਕੈਲੰਡਰ 2003 ਦੇ ਅਨੁਸਾਰ 5 ਜਨਵਰੀ ਸੰਨ 2011 ਨੂੰ ਸ਼ਰਧਾ ਭਾਵਨਾਂ ਨਾਲ ਮਨਾ ਕੇ ਡੇਰੇਦਾਰਾਂ ਦੇ ਭਰਮਜਾਲ ਦੇ ਜੂਲੇ ਨੂੰ ਆਪੋ ਆਪਣੇ ਗਲੋਂ ਵਗਾਹ ਮਾਰੀਏ। ਕੇਵਲ ਤੇ ਕੇਵਲ ਗੁਰੂ ਗਰੰਥ ਸਹਿਬ ਜੀ ਦੇ ਲੜ ਲਾਉਣ ਵਾਲੇ ਦਸਵੇਂ ਪਾਤਸ਼ਾਹ ਨੂੰ ਕੋਟਿ ਕੋਟਿ ਪ੍ਰਣਾਮ! ! ! ! ! ! !

ਕੀ ਲੋਹੜੀ ਮੌਸਮੀ, ਬ੍ਰਾਹਮਣੀ ਜਾਂ ਸਿੱਖ ਤਿਉਹਾਰ ਹੈ?

ਕੀ ਲੋਹੜੀ ਮੌਸਮੀ, ਬ੍ਰਾਹਮਣੀ ਜਾਂ ਸਿੱਖ ਤਿਉਹਾਰ ਹੈ?

ਅਵਤਾਰ ਸਿੰਘ ਮਿਸ਼ਨਰੀ (5104325827)

ਭਾ. ਕਾਹਨ ਸਿੰਘ ਨ੍ਹਾਭਾ ਮਹਾਨ ਕੋਸ਼ ਦੇ ਪੰਨਾ 1075 ਤੇ ਲਿਖਦੇ ਹਨ ਕਿ “ਵੈਦਿਕਧਰਮ” ਨਾਮ ਰਸਾਲੇ ਵਿੱਚ ਲਿਖਿਆ ਹੈ ਕਿ ਲੋੜ੍ਹੀ ਦਾ ਮੂਲ “ਤਿਲ-ਰੋੜੀ” ਹੈ ਇਸ ਤੋਂ ਤਿਲੋੜੀ ਹੋਇਆ ਅਰ ਇਸ ਦਾ ਰੂਪਾਂਤਰ ਲੋੜ੍ਹੀ ਹੈ। ਲੋੜ੍ਹੀ ਦੇ ਦਿਨ ਤਿਲ ਅਤੇ ਰੋੜੀ (ਗੁੜ) ਖਾਦੇ ਹਵਨ ਕੀਤੇ ਜਾਂਦੇ ਹਨ। ਇਹ ਤਿਉਹਾਰ ਮਾਘੀ ਦੀ ਸੰਗ੍ਰਾਂਦ ਤੋਂ ਇੱਕ ਦਿਨ ਪਹਿਲਾਂ ਆਉਂਦਾ ਹੈ। ਲੋਹੜੀ ਸਿੱਖਾਂ ਦਾ ਨਹੀਂ ਸਗੋਂ ਮੌਸਮੀ ਤਿਉਹਾਰ ਹੈ। ਅੱਜ ਇਸ ਨੂੰ ਨਿਰੋਲ ਬ੍ਰਾਹਮਣੀ ਤਿਉਹਾਰ ਬਣਾ ਦਿੱਤਾ ਗਿਆ ਹੈ। ਮੁਕਤਸਰ ਦਾ ਇਤਿਹਾਸਕ ਸਾਕਾ ਜਿਹੜਾ ਕਿ ਅਸਲ ਵਿੱਚ ਮਈ ਮਹੀਨੇ ਦਾ ਸਾਕਾ ਹੈ ਨੂੰ ਰਲ-ਗਢ ਕਰਕੇ, ਮਾਘ ਮਹੀਨੇ ਨਾਲ ਜੋੜ ਕੇ, ਮਾਘੀ ਦੀ ਸੰਗ੍ਰਾਂਦ ਨੂੰ ਸਿੱਖ ਦਿਹਾੜਾ ਹੋਣ ਦਾ ਭੁਲੇਖਾ ਪਾਇਆ ਗਿਆ ਹੈ। ਇਵੇਂ ਹੀ ਲੜਕੇ ਦੇ ਜਨਮ ਅਤੇ ਵਿਆਹ ਦੀ ਪਹਿਲੀ ਲੋਹੜੀ ਆਦਿਕ। ਅੱਜ ਦੇਖਾ ਦੇਖੀ ਹੋਰਾਂ ਮਗਰ ਲੱਗ ਕੇ, ਅਪਣੇ ਆਪ ਨੂੰ ਗੁਰੂ ਨਾਨਕ ਦੇ ਸਿੱਖ ਅਖਵਾਉਣ ਵਾਲੇ ਵੀ ਪੁੱਤਾਂ-ਧੀਆਂ ਦੀਆਂ ਲੋਹੜੀਆਂ ਮਨਾਈ ਜਾਂਦੇ ਹਨ, ਐਸਾ ਕਿਉਂ ਹੈ? ਜਰਾ ਧਿਆਨ ਨਾਲ ਸੋਚੋ! ਲੋਹੜੀ ਦਾ ਮੂਲ ਸੰਬੰਧ ਦੇਵੀ-ਦੇਵਤਿਆਂ ਦੀ ਪੂਜਾ ਅਤੇ ਜੱਗਾਂ ਨਾਲ ਹੈ। ਬ੍ਰਾਹਮਣੀ ਮਤ ਦਾ ਆਧਾਰ ਹੀ ਦੇਵੀ-ਦੇਵਤਿਆਂ ਦੀ ਪੂਜਾ-ਅਰਚਾ ਅਤੇ ਜੱਗ-ਹਵਨ ਹਨ। ਗੁਰਮਤਿ ਅਜਿਹੇ ਥੋਥੇ ਕਰਮਕਾਂਡਾਂ ਅਤੇ ਅੰਧਵਿਸ਼ਵਾਸ਼ਾਂ ਦਾ ਭਰਵਾਂ ਖੰਡਨ ਕਰਦੀ ਹੈ। ਦੇਵੀ-ਦੇਵਤਿਆਂ ਬਾਰੇ ਗੁਰਮਤਿ ਦਾ ਫੁਰਮਾਨ ਹੈ-ਦੇਵੀ ਦੇਵਾ ਮੂਲੁ ਹੈ ਮਾਇਆ॥ ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ (129)

ਬ੍ਰਾਹਮਣ ਮੱਤ ਦਾ ਸਭ ਤੋਂ ਪੁਰਾਤਨ ਗ੍ਰੰਥ “ਰਿਗ ਵੇਦ” ਮੰਨਿਆਂ ਜਾਂਦਾ ਹੈ। ਭਾ. ਕਾਹਨ ਸਿੰਘ ਨ੍ਹਾਭਾ ਅਨੁਸਾਰ-ਇਸ ਵੇਦ ਦਾ ਮੂਲ ਦੇਵੀ ਦੇਵਤਿਆਂ ਦੀ ਉਸਤਤ ਵਿੱਚ ਰਚੇ ਗਏ ਮੰਤ੍ਰਾਂ ਦੇ ਸੰਗ੍ਰਹ ਨਾਲ ਹੈ। ਦੂਜਾ “ਸਾਮਦੇਵ” ਹੋਂਦ ਵਿੱਚ ਆਇਆ ਭਾਵ ਮੰਤ੍ਰਾਂ ਦੀ ਸਮਾਨਤਾ ਦਰਸਾਉਣ ਵਾਲਾ ਵੇਦ। ਉਸਤਤ ਦਾ ਢੰਗ ਕਿਹੜਾ ਵਰਤਿਆ ਜਾਵੇ? ਇਸ ਵਾਸਤੇ ਜੱਗ ਕਰਨੇ ਆਰੰਭ ਹੋਏ। ਫਿਰ “ਯਜੁਰ ਵੇਦ” ਹੋਂਦ ਵਿੱਚ ਆਇਆ। ਅਗਨੀ ਨੂੰ ਦੇਵੀ ਦੇਵਤਿਆਂ ਦੀ ਜੀਭ ਦੱਸਿਆ ਗਿਆ ਹੈ। ਸਾਰੇ ਜੱਗਾਂ ਦਾ ਆਧਾਰ ਹੀ ਅਗਨ ਦੇਵਤਾ ਮੰਨਿਆਂ ਗਿਆ ਹੈ, ਇਸ ਕਰਕੇ ਲੋਹੜੀ ਜੱਗਾਂ ਦੀ ਅਰੰਭਤਾ ਦਾ ਸੂਚਕ ਮੰਨੀ ਜਾਂਦੀ ਹੈ। ਇਵੇਂ ਲੋਹੜੀ ਵਾਲੇ ਦਿਨ ਜਾਣੇ ਅਣਜਾਣੇ ਅਗਨ ਦੇਵਤਾ ਦੀ ਖੂਬ ਪੂਜਾ ਕੀਤੀ ਜਾਂਦੀ ਹੈ। ਇਸ ਦੇ ਨਾਲ ਸਾਨੂੰ ਇਹ ਵੀ ਸੋਚਣ ਦੀ ਲੋੜ ਹੈ ਕਿ ਆਪਣੀ ਗੁਰਮਤਿ ਵਿਰੋਧੀ ਕਰਨੀ ਨਾਲ ਅਸੀਂ ਅਪਣੀ ਸੰਤਾਨ ਨੂੰ ਵਿਰਾਸਤ ਵਿੱਚ ਕਿਹੜੀ ਸਿੱਖੀ ਦੇ ਰਹੇ ਹਾਂ? ਕੀ ਇਹ ਸਿੱਖੀ ਹੈ ਜਾਂ ਕਿ ਕਰਮਕਾਂਡੀ ਬ੍ਰਾਹਮਣੀ ਰੀਤ? ਸਿੱਖ ਤਾਂ ਗੁਰਬਾਣੀ ਦੀ ਸਿਖਿਆ ਤੇ ਚਲਣ ਵਾਲਾ ਵਿਅਕਤੀ ਹੈ ਨਾਂ ਕਿ ਅੰਧਵਿਸ਼ਵਾਸ਼ੀ ਪੂਜਾ ਕਰਨ ਵਾਲਾ ਇਨਸਾਨ।

ਸਗਨ ਅਪਸਗਨ ਸਿੱਧੇ ਤੌਰ ਤੇ ਬ੍ਰਾਹਮਣ ਮੱਤ ਨਾਲ ਸਬੰਧਤ ਹਨ। ਗੁਰਬਾਣੀ ਦਾ ਫੁਰਮਾਨ ਹੈ-ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ (401) ਭਾਵ ਇਨ੍ਹਾਂ ਸਗਨਾਂ-ਅਪਸਗਨਾਂ ਦੇ ਚੱਕਰ ਵਿੱਚ ਉਹੀ ਲੋਕ ਪੈਂਦੇ ਹਨ ਜਿਨ੍ਹਾਂ ਨੂੰ ਰੱਬ ਯਾਦ ਨਹੀਂ ਅਉਂਦਾ ਹੈ। ਪ੍ਰਮਾਤਮਾ ਵਿੱਚ ਵਿਸ਼ਵਾਸ ਰੱਖਣ ਵਾਲੇ ਕਦੇ ਸਗਨਾਂ-ਅਪਸਗਨਾਂ ਦੇ ਵਹਿਮ ਵਿੱਚ ਨਹੀਂ ਪੈਂਦੇ। ਲੋਹੜੀ ਦਾ ਵੀ ਸਗਨਾਂ ਨਾਲ ਸੰਬੰਧ ਹੈ। ਭਾਰਤ ਵਿੱਚ ਬਹੁਤਾ, ਹਿੰਦੂ ਬ੍ਰਾਹਮਣ ਦਾ ਪ੍ਰਭਾਵ ਹੋਣ ਕਰਕੇ ਫਸਲਾਂ ਵੀ ਸਗਨ ਅਪਸਗਨ ਦੇਖ ਕੇ ਬੀਜੀਆਂ ਜਾਂਦੀਆਂ ਸਨ। ਅੱਜ ਵੀ ਅਜਿਹਾ ਕੀਤਾ ਜਾ ਰਿਹਾ ਹੈ। ਇਸ ਕਰਕੇ ਲੋਹੜੀ ਦੇ ਸ਼ੁਭ ਸ਼ਗਨਾਂ ਦੇ ਨਾਮ ਤੇ ਪਹਿਲੇ ਚੌਵੀ ਘੰਟੇ ਸਗਨਾਂ ਨੂੰ ਹੀ ਸਮ੍ਰਪਤ ਹੁੰਦੇ ਹਨ। ਮਾਘ ਰਿੱਧੀ ਪੋਹ ਖਾਧੀ ਦੇ ਕਥਨ ਅਨੁਸਾਰ ਪੰਜਾਬ ਵਿੱਚ ਰਾਤ ਨੂੰ ਪੋਹ ਮਹੀਨੇ ਦੇ ਵਿੱਚ ਖਿਚੜੀ ਰਿੰਨ੍ਹ ਲਈ ਜਾਂਦੀ ਹੈ ਅਤੇ ਸਵੇਰੇ ਮਾਘੀ ਦੀ ਸੰਗ੍ਰਾਂਦ ਵਾਲੇ ਦਿਨ ਖਾਧੀ ਜਾਂਦੀ ਹੈ। ਉਚੇਚੇ ਰਾਤ ਨੂੰ ਰਿੰਨ੍ਹ ਕੇ ਸਵੇਰੇ ਖਾਣ ਵਾਲੇ ਇਸ ਸਗਨ ਪਿੱਛੇ ਅੰਨ ਦੇਵਤੇ ਪਾਸੋਂ ਕਾਮਨਾ ਕੀਤੀ ਜਾਂਦੀ ਹੈ ਕਿ ਅੰਨ ਭੰਡਾਰ ਹਰ ਸਵੇਰ ਚਲਦਾ ਰਹੇ ਅਤੇ ਫ਼ਸਲਾਂ ਸਦਾ ਵਧਦੀਆਂ ਫੁਲਦੀਆਂ ਰਹਿਣ। ਜਰਾ ਸੋਚੋ! ਕੀ ਫਸਲਾਂ ਚੰਗੀ ਦੇਖ-ਭਾਲ, ਚੰਗੇ ਵਾਤਾਵਰਣ ਅਤੇ ਵਧੀਆ ਮੌਸਮ ਨਾਲ ਵਧਦੀਆਂ ਫੁੱਲਦੀਆਂ ਹਨ ਜਾਂ ਕਿਸੇ ਮੰਤ੍ਰ ਪੜ੍ਹਨ ਜਾਂ ਸਗਨ-ਅਪਸਗਨ ਮੰਨਣ ਨਾਲ?

ਠੰਡੀ ਸਿਆਲੀ ਰੁੱਤ ਹੋਣ ਕਰਕੇ ਪੁਰਾਨੇ ਸਮੇਂ ਲੋਕ ਠੰਡ ਤੋਂ ਬਚਨ ਲਈ ਲਕੜਾਂ, ਗੋਹਿਆਂ ਆਦਿਕ ਦੀ ਅੱਗ ਬਾਲ ਕੇ ਸੇਕਦੇ ਸਨ। ਗਲੀਆਂ, ਚੌਰਾਹਿਆਂ ਅਤੇ ਮੁਹੱਲਿਆਂ ਵਿੱਚ ਵੱਡੇ-ਵੱਡੇ ਖੁੰਡ ਬਾਲ ਕੇ ਲੋਕ ਇਕੱਠੇ ਹੋ ਕੇ ਅੱਗ ਸੇਕਦੇ, ਤਿਲ-ਗੁੜ ਦੀਆਂ ਬਣੀਆਂ ਰਿਉੜੀਆਂ, ਮੁੰਗਫਲੀ ਆਦਿਕ ਖਾਂਦੇ ਅਤੇ ਖੁਸ਼ੀ ਦੇ ਗੀਤ ਗਾਉਂਦੇ ਸਨ। ਅਖੌਤੀ ਧਰਮ ਅਤੇ ਵਹਿਮ ਦੇ ਨਾਂ ਤੇ ਪੇਟ ਪਾਲਣ ਵਾਲੇ ਪੁਜਾਰੀ ਹਰ ਵੇਲੇ ਇਸ ਤਾਕ ਵਿੱਚ ਰਹਿੰਦੇ ਹਨ ਕਿ ਜਿਸ ਕਰਮ ਵੱਲ ਲੋਕਾਂ ਦਾ ਝੁਕਾ ਵੱਧ ਹੈ ਕਿਉਂ ਨਾਂ ਉਸ ਨੂੰ ਧਰਮ ਅਤੇ ਵਹਿਮ ਨਾਲ ਜੋੜ ਕੇ ਪੂਜਾ ਦੇ ਨਾਂ ਤੇ ਸ਼ਧਾਲੂਆਂ ਤੋਂ ਮਾਇਆ ਦੇ ਗੱਫੇ ਬਟੋਰੇ ਜਾਣ। ਅੱਗ ਨੂੰ ਵੇਦਾਂ ਵਿੱਚ ਦੇਵਤਿਆਂ ਦੀ ਜੀਭ ਮੰਨਿਆਂ ਗਿਆ ਹੈ ਜੋ ਇਸ ਵਿੱਚ ਜਾਂ ਇਸ ਦੇ ਨਾਂ ਤੇ ਭੇਟਾ ਕੀਤਾ ਜਾਵੇ ਉਹ ਸਿੱਧਾ ਦੇਵਤਿਆਂ ਨੂੰ ਪਹੁੰਚ ਜਾਂਦਾ ਹੈ ਅਤੇ ਦੇਵੀ-ਦੇਵਤਾ ਪ੍ਰਸੰਨ ਹੋ ਕੇ ਵਰ ਦਿੰਦੇ ਹਨ ਪਰ ਇਹ ਸਾਰਾ ਕੁੱਝ ਪੁਜਾਰੀ ਰਾਹੀਂ ਕਰਵਾਇਆ ਜਾਵੇ ਤਾਂ ਜਲਦੀ ਪਹੁੰਚਦਾ ਹੈ। ਪੁਜਾਰੀ ਲੋਕ ਚੰਗੇ ਮੰਦੇ ਸਮੇਂ ਦੇ ਸਗਨ-ਅਪਸਗਨ ਵੀ ਦਸਦੇ ਹਨ। ਲੋਕ ਡਰਦੇ ਹਨ ਕਿ ਕਿਤੇ ਅਪਸ਼ਗਨ ਨਾਂ ਹੋ ਜਾਵੇ, ਇਸ ਲਈ ਉਹ ਹਰ ਕੰਮ ਭਾਂਵੇ ਉਹ ਖੁਸ਼ੀ, ਗਮੀ, ਬੀਜ-ਬਜਾਈ, ਖਾਣ-ਪਾਨ ਜਾਂ ਕੋਈ ਘਰ, ਜਮੀਨ ਆਦਿਕ ਖ੍ਰੀਦਣ ਦਾ ਹੋਵੇ ਜਨਮ ਤੋਂ ਮਰਨ ਤੱਕ ਇਨ੍ਹਾਂ ਅਖੌਤੀ ਧਰਮ ਪੁਜਾਰੀਆਂ ਤੋਂ ਪੁੱਛ ਕੇ ਕਰਦੇ ਹਨ। ਇਵੇਂ ਹੀ ਲੋਹੜੀ ਵਾਲੇ ਦਿਨ ਜਿੱਥੇ ਆਮ ਲੋਕ ਘਰਾਂ ਵਿੱਚੋਂ ਗੁੜ, ਮੁੰਗਫਲੀਆਂ ਅਤੇ ਰਿਉੜੀਆਂ ਇਕੱਠੀਆਂ ਕਰਕੇ ਲਿਆਉਂਦੇ ਅਤੇ ਠੰਡ ਤੋਂ ਬਚਣ ਲਈ ਅੱਗ ਦੇ ਅੰਗੀਠੇ ਦੁਆਲੇ ਬੈਠ ਕੇ ਖਾਂਦੇ ਸਨ। ਫਿਰ ਬ੍ਰਾਹਮਣ ਪੁਜਾਰੀ ਦੇ ਕਹਿਣ ਤੇ ਅਗਨ ਦੇਵਤਾ ਨੂੰ ਖੁਸ਼ ਕਰਨ ਲਈ ਤਿਲ ਆਦਿਕ ਸਮਗਰੀ ਅਗਨਿ ਭੇਟ ਅਤੇ ਸੰਗ੍ਰਾਂਦ ਆਦਿਕ ਦਿਨ ਤੇ ਧਰਮ ਅਸਥਾਨਾਂ ਤੇ ਪਹੁੰਚ ਕੇ ਮਨ ਚਾਹਿਆ ਦਾਨ ਕਰਨ ਲੱਗ ਪਏ। ਜਿਸ ਨਾਲ ਪੁਜਾਰੀ ਬ੍ਰਾਹਮਣ ਭਾਊ ਦਾ ਹਲਵਾ ਮੰਡਾ ਖੂਬ ਚੱਲਣ ਲੱਗ ਪਿਆ। ਉਸ ਨੇ ਏਂਵੇਂ ਦੇ ਪੁੰਨਿਆਂ, ਮੱਸਿਆ, ਸੰਗਰਾਂਦ, ਦਸਵੀਂ, ਪੰਚਕਾਂ, ਹੋਲੀ, ਲੋਹੜੀ ਆਦਿਕ ਅਨੇਕ ਦਿਨ ਦਿਹਾਰ ਮੇਲਿਆਂ ਦੇ ਵੱਡੇ ਇਕੱਠ ਦੇ ਰੂਪ ਵਿੱਚ ਮਨਾਉਣੇ ਸ਼ੁਰੂ ਕਰ ਦਿੱਤੇ, ਜਿਨ੍ਹਾਂ ਨੂੰ ਇਸੇ ਬ੍ਰਾਹਮਣ ਦੇ ਬਦਲਵੇਂ ਰੂਪ ਉਦਾਸੀ, ਨਿਰਮਲੇ, ਸੰਤ, ਮਹੰਤ, ਅਜੋਕੇ ਡੇਰੇਡਾਰ ਅਤੇ ਸੰਪ੍ਰਦਾਈ ਗ੍ਰੰਥੀਆਂ ਨੇ ਵੀ ਰੋਜੀ ਰੋਟੀ ਲਈ ਅਪਣਾਅ ਲਿਆ। ਇਨ੍ਹਾਂ ਦਿਨਾਂ ਤੇ ਪਾਠਾਂ ਦੀਆਂ ਇਕੋਤਰੀਆਂ, ਕੀਰਤਨ ਦਰਬਾਰ, ਯੱਗ, ਹਵਨ ਆਦਿਕ ਕਰਕੇ ਵੱਡੀਆਂ-2 ਭੇਟਾਵਾਂ ਲੈ ਕੇ ਜਨਤਾ ਨੂੰ ਲੁੱਟਿਆ ਜਾ ਰਿਹਾ ਹੈ।

ਹੁਣ ਸਿੱਖਾਂ ਦੇ ਡੇਰਿਆਂ ਅਤੇ ਕੁੱਝ ਸੰਸਥਾਵਾਂ ਨੇ ਇਸ ਬਹਾਨੇ ਫੰਡ ਇਕੱਠਾ ਕਰਨ ਅਤੇ ਮੀਡੀਏ ਵਿੱਚ ਆਏ ਰਹਿਣ ਲਈ ਪੁੱਤਾਂ ਦੀ ਥਾਂ ਧੀਆਂ ਦੀਆਂ ਲੋਹੜੀਆਂ ਮਨਾਉਂਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜਰਾ ਸੋਚੋ! ਜਿਸ ਤਿਉਹਾਰ ਨਾਲ ਸਾਡਾ ਸਬੰਧ ਹੀ ਕੋਈ ਨਹੀਂ ਉਸ ਨੂੰ ਧੀਆਂ-ਪੁੱਤਾਂ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ। ਅੱਜ ਪੁਰਾਣਾ ਜਮਾਨਾਂ ਨਹੀਂ ਕਿ ਠੰਡ ਤੋਂ ਬਚਣ ਲਈ ਲਕੜਾਂ-ਗੋਹਿਆਂ ਆਦਿਕ ਦੀਆਂ ਅੱਗਾਂ ਬਾਲ ਕੇ ਹੀ ਨਿੱਘ ਪ੍ਰਾਪਤ ਕੀਤਾ ਜਾ ਸਕੇ। ਅੱਜ ਦੇ ਜਮਾਨੇ ਵਿੱਚ ਮਣਾਂ-ਮੂੰਹੀਂ ਅਨਾਜ਼ ਸਾੜਨਾ ਮੂਰਖਤਾ ਨਹੀਂ ਤਾਂ ਹੋਰ ਕੀ ਹੈ? ਜਿਸ ਸ਼ੇਰ ਮਰਦ ਗੁਰੂ ਨਾਨਕ ਸਾਹਿਬ ਜੀ ਨੇ ਡੰਕੇ ਦੀ ਚੋਟ ਨਾਲ ਔਰਤ ਅਤੇ ਮਰਦ ਨੂੰ ਬਾਬਰਤਾ ਦਿੱਤੀ ਸੀ, ਕੀ ਇਹ ਧੀਆਂ ਦੀਆਂ ਲੋਹੜੀਆਂ ਮਨਾਉਣ ਵਾਲੇ ਬਰਾਬਰਤਾ ਦੇ ਅਧਾਰ ਤੇ ਆਪਣੀਆਂ, ਮਾਵਾਂ, ਭੈਣਾਂ ਅਤੇ ਧੀਆਂ ਨੂੰ ਪੰਜਾਂ ਪਿਆਰਿਆਂ ਦੀ ਦੇਗ਼, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕੀਰਤਨ, ਗ੍ਰੰਥੀ ਅਤੇ ਪੰਜਾਂ ਤਖਤਾਂ ਚੋਂ ਕਿਸੇ ਤਖਤ ਦੀ ਜਥੇਦਾਰੀ ਦੀ ਸੇਵਾ ਅਤੇ ਪੰਜਾਂ ਪਿਆਰਿਆਂ ਵਿੱਚ ਸ਼ਾਮਲ ਹੋ ਖੰਡੇ ਬਾਟੇ ਦੀ ਪਹੁਲ ਤਿਆਰ ਕਰਨ ਦੀ ਮਾਨਤਾ ਦੇਣ ਜਾਂ ਦਿਵਾਉਣ ਲਈ ਯਤਨਸ਼ੀਲ ਸਿੱਖ ਸੰਸਥਾਵਾਂ ਦਾ ਸਾਥ ਦੇਣਗੇ? ਲੋਹੜੀ ਮਨਾਉਣ ਅਤੇ ਬਾਲਣ ਵਾਲੇ ਇਹ ਦੱਸਣਗੇ ਕਿ ਗੁਰੂ ਗ੍ਰੰਥ ਸਹਿਬ ਵਿਖੇ ਰੱਬੀ ਭਗਤਾਂ ਅਤੇ ਸਿੱਖ ਗੁਰੂਆਂ ਨੇ ਆਪਣੇ ਗੁਰਮਤੀ ਜੀਵਨ ਕਾਲ ਸਮੇਂ ਧੀਆਂ-ਪੁੱਤਾਂ ਦੀਆਂ ਲੋਹੜੀਆਂ ਬਾਲੀਆਂ ਸਨ? ਕੀ ਬੇਬੇ ਨਾਨਕੀ, ਮਾਤਾ ਖੀਵੀ, ਮਾਤਾ ਗੰਗਾ, ਬੀਬੀ ਵੀਰੋ, ਮਾਤਾ ਗੁਜਰੀ, ਮਾਤਾ ਜੀਤੋ, ਮਾਤਾ ਭਾਗ ਕੌਰ, ਬੀਬੀ ਸ਼ਰਨ ਕੌਰ ਆਦਿਕ ਸਿੱਖ ਬੀਬੀਆਂ ਨੇ ਵੀ ਗੁਰਮਤਿ ਧਾਰਨ ਕਰਕੇ ਲੋਹੜੀ ਬਾਲੀ ਜਾਂ ਮਨਾਈ ਸੀ?

ਗੁਰੂ ਪਾਤਸ਼ਾਹ ਨੇ ਗੁਰਬਾਣੀ ਰਾਹੀਂ ਸੰਗਤਾਂ ਨੂੰ ਹੋਮ-ਯੱਗਾਂ ਅਤੇ ਦੇਵੀ ਦੇਵਤਿਆਂ ਦੀ ਪੂਜਾ ਤੋਂ ਰੋਕਿਆ ਹੈ। ਅਗਨੀ, ਹਵਾ, ਪਾਣੀ, ਅਨਾਜ ਦੀ ਪੂਜਾ ਨੂੰ ਕਿਰਤਮ ਦੀ ਪੂਜਾ ਦੱਸਕੇ ਇਸ ਤੋਂ ਸੁਚੇਤ ਕੀਤਾ ਹੈ-ਪੂਜਾ ਕੀਚੈ ਨਾਮੁ ਧਿਆਈਐ ਬਿਨੁ ਨਾਵੈ ਪੂਜ ਨ ਹੋਇ (489) ਗੁਮਮਤਿ ਵਿੱਚ ਕੇਵਲ ਕਰਤੇ ਦੀ ਪੂਜਾ ਹੀ ਸਮਝਾਈ ਗਈ ਹੈ। ਗੁਰੂ ਦੀ ਸਿਖਿਆ ਲੈ ਕੇ ਜੀਵਨ ਨੂੰ ਚਲਾਉਣਾ ਅਤੇ ਇਸ ਤਰ੍ਹਾਂ ਜੀਂਦੇ ਜੀਅ ਆਪਣੇ ਮਨੁੱਖਾ ਜੀਵਨ ਨੂੰ ਚੰਗੇ ਗੁਣਾਂ ਵਾਲਾ ਸਦਾਚਾਰੀ ਬਣਾ ਕੇ “ਗੁਣ ਕਹਿ ਗੁਣੀ ਸਮਾਵਣਿਆ” ਹੋਣਾ ਹੈ। ਇਸੇ ਨੂੰ ਗੁਰਬਾਣੀ ਵਿੱਚ ਜੀਵਨ ਮੁਕਤ ਹੋਣਾ ਵੀ ਆਖਿਆ ਗਿਆ ਹੈ। ਗੁਰਬਾਣੀ ਦੀ ਸਿਖਿਆ ਅਨੁਸਾਰ ਚਲਣ ਵਾਲਾ ਇਨਸਾਨ, ਇਸ ਅਵਸਥਾ ਨੂੰ ਸਹਿਜੇ ਹੀ ਪ੍ਰਾਪਤ ਕਰ ਲੈਂਦਾ ਹੈ।

ਲੋਹੜੀ ਦਾ ਤਿਉਹਾਰ ਸਿੱਖ ਸਿਧਾਂਤਾਂ ਨਾਲ ਮੇਲ ਹੀ ਨਹੀਂ ਖਾਂਦਾ। ਅਨ-ਅਧਿਕਾਰੀ ਪ੍ਰਚਾਰਕਾਂ ਅਤੇ ਪ੍ਰਬੰਧਕਾਂ ਕਾਰਨ ਅੱਜ ਸਿੱਖਾਂ ਅੰਦਰ ਗੁਰਬਾਣੀ ਅਨੁਸਾਰ ਜੀਵਨ ਢਾਲਣ ਦੀ ਥਾਂ ਅਗਿਆਨਤਾ ਦਾ ਦੌਰ ਚਲ ਰਿਹਾ ਹੈ। ਜਿਸ ਕਰਕੇ ਅਜੋਕੇ ਦੌਰ ਵਿੱਚ ਦੂਜਿਆਂ ਦੀ ਦੇਖਾ ਦੇਖੀ, ਕਈ ਸਿੱਖ ਵੀ ਇਸ ਨੂੰ ਆਪਣਾ ਤਿਉਹਾਰ ਜਾਣ ਕੇ, ਕਈ ਕਈ ਦਿਨ ਪਹਲਾਂ ਹੀ ਲੋਹੜੀ ਦੀ ਤਿਆਰੀ ਵਿੱਚ ਜੁੱਟ ਜਾਂਦੇ ਹਨ। ਇਸ ਦਿਨ, ਕਈ ਮਨਚਲੇ ਸ਼ਰਾਬ ਆਦਿਕ ਮਾਰੂ ਨਸ਼ੇ ਸੇਵਨ ਕਰਕੇ, ਆਪਣੀ ਧੰਨ ਦੌਲਤ ਅਤੇ ਇਜ਼ਤ ਆਬਰੂ ਵੀ ਮਿੱਟੀ ਵਿੱਚ ਰੋਲਦੇ ਹੋਏ, ਸਿੱਖੀ ਤੋਂ ਬੇਮੁੱਖ ਹੋ ਜਾਂਦੇ ਹਨ। ਜੋ ਨਸ਼ੇ ਵਿੱਚ ਧੁੱਤ, ਲੜਾਈਆਂ-ਝਗੜੇ ਅਤੇ ਮਾਰ-ਕੁਟਾਈਆਂ ਕਰਕੇ ਮੁਕੱਦਮੇ ਬਾਜ਼ੀਆਂ ਦਾ ਕਾਰਣ ਵੀ ਬਣਦੇ ਹਨ। ਕਈ ਵਾਰੀ ਤਿਉਹਾਰਾਂ ਤੇ ਅਪਣੀਆਂ ਪੁਰਾਣੀਆਂ ਦੁਸ਼ਮਣੀਆਂ ਵੀ ਕੱਢੀਆਂ ਜਾਂਦੀਆਂ ਹਨ ਅਤੇ ਅਨੇਕਾਂ ਨੂੰ ਲੰਮਾ ਸਮਾਂ ਜੇਲ੍ਹਾਂ, ਵਕੀਲਾਂ ਆਦਿਕ ਦੇ ਚੱਕਰ ਵੀ ਕੱਟਣੇ ਪੈਂਦੇ ਹਨ।

ਗੁਰਸਿੱਖਾਂ ਨੂੰ ਅਜਿਹੇ ਮੌਸਮੀ ਤਿਉਹਾਰਾਂ ਜਿਨ੍ਹਾਂ ਨੂੰ ਧਰਮ ਨਾਲ ਜੋੜ ਲਿਆ ਗਿਆ ਹੈ, ਦੇ ਕਰਮਕਾਂਡ-ਪਾਖੰਡ ਛੱਡ ਕੇ ਗੁਰਦੁਆਰਿਆਂ, ਸਕੂਲਾਂ-ਕਾਲਜਾਂ, ਲਾਇਬ੍ਰੇਰੀਆਂ, ਸਮਾਗਮਾਂ ਆਦਿਕ ਥਾਵਾਂ ਤੇ ਜਾ ਕੇ ਗੁਰਬਾਣੀ ਦੀ ਵਿਚਾਰ ਹੀ ਕਰਨੀ ਚਾਹੀਦੀ ਹੈ। ਜੋ ਸਾਨੂੰ ਇਨ੍ਹਾਂ ਵਿਖਾਵੇ ਵਾਲੇ ਥੋਥੇ ਕਰਮਕਾਂਡਾਂ ਅਤੇ ਹੂੜਮੱਤਾਂ ਤੋਂ ਬਚਾ ਸਕਦੀ ਹੈ। ਅੱਜ ਅਸੀਂ ਆਪਣਾ ਨਿਆਰਾਪਨ, ਵੱਖਰੀ ਹੋਂਦ ਦੇਖਾ-ਦੇਖੀ ਦੇ ਥੋਥੇ ਕਰਮਕਾਂਡਾਂ ਵਿੱਚ ਰਲ-ਗਡ ਹੋ ਕੇ ਮਿਟਾਈ ਜਾ ਰਹੇ ਹਾਂ। ਅਜਿਹੀਆਂ ਕਰਮਕਾਂਡੀ ਮਨੌਤਾਂ ਅਤੇ ਤਿਉਹਾਰਾਂ ਦਾ ਹੀ ਅਸਰ ਹੈ ਕਿ ਅਗਿਆਨੀ ਸਿੱਖ ਅੱਜ ਗੁਰਦੁਆਰਿਆਂ ਵਿਖੇ ਮਸਿਆ, ਪੁੰਨਿਆਂ, ਪੰਚਕਾਂ, ਸੰਗ੍ਰਾਂਦਾਂ, ਲੋਹੜੀਆਂ ਅਤੇ ਹੋਲੀਆਂ ਮਨਾ ਕੇ ਗੁਰਮਤਿ ਸਿਧਾਂਤਾਂ ਅਤੇ ਸਿੱਖ ਕੌਮ ਦੀ ਨਿਆਰੀ ਹੋਂਦ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਦਾ ਭਗਵਾਕਰਨ ਕਰੀ ਕਰਾਈ ਜਾ ਰਹੇ ਹਨ। ਨਾਮਵਰ ਪੰਥਕ ਸੰਸਥਾਵਾਂ ਅਤੇ ਸਿੱਖ ਜਥੇਬੰਦੀਆਂ ਦਾ ਫ਼ਰਜ਼ ਬਣਦਾ ਹੈ ਕਿ ਅਜੇਹੇ ਅੰਧਵਿਸ਼ਵਾਸ਼ੀ, ਹੰਕਾਰੀ ਅਤੇ ਪਦਵੀਆਂ ਦੇ ਲਾਲਚੀ ਸਿੱਖਾਂ ਨੂੰ ਇਨ੍ਹਾਂ ਕੋਝੀਆਂ ਚਾਲਾਂ ਅਤੇ ਹੂੜਮੱਤਾਂ ਵਿੱਚੋਂ ਕੱਢਣ ਲਈ ਨਿਧੜਕ ਹੋ ਕੇ ਅੱਗੇ ਆਉਣ ਅਤੇ ਕੋਈ ਯੋਗ ਅਤੇ ਠੋਸ ਉਪਰਾਲਾ ਕਰਨ।

ਇਸ ਸਭ ਕੁੱਝ ਲਈ ਪੰਥ ਦੇ ਸਿਰਕੱਢ ਵਿਦਵਾਨ ਆਗੂਆਂ ਨੂੰ ਛੋਟੇ-ਮੋਟੇ ਮਤ-ਭੇਦ ਭੁਲਾ, ਹਉਮੈ-ਹੰਕਾਰ ਅਤੇ ਲੀਡਰੀ ਦੀ ਹੋੜ ਨੂੰ ਛੱਡ ਕੇ ਇੱਕ ਪਲੇਟ ਫਾਰਮ ਤੇ ਇਕੱਠੇ ਹੋ ਕੇ ਸਿੱਖ ਕੌਮ ਦੀ ਅਗਵਾਈ ਕਰਨੀ ਚਾਹੀਦੀ ਹੈ। ਕੋਈ ਕੌਮੀ ਜਥੇਬੰਦੀ ਜੋ ਕੇਵਲ ਤੇ ਕੇਵਲ “ਗੁਰੂ ਗ੍ਰੰਥ ਸਾਹਿਬ ਜੀ” ਦੀ ਰਹਿਨੁਮਾਈ ਵਿੱਚ ਚੱਲਣਵਾਲੀ ਹੋਵੇ ਅਤੇ ਕਿਸੇ ਸੇਵਾ-ਭਾਵਨਾ ਨਿਮਰਤਾ ਦੇ ਪੁੰਜ, ਸੂਰਬੀਰ, ਬਚਨ ਦੇ ਬਲੀ ਪੜ੍ਹੇ ਲਿਖੇ ਗੁਰਮੁਖ ਵਿਦਵਾਨ ਨੂੰ ਕੌਮੀ ਆਗੂ ਮੰਨ ਕੇ, ਇੱਕ ਕਾਫਲੇ ਦੇ ਰੂਪ ਵਿੱਚ ਸਦਾ ਸਰਗਰਮ ਹੋ ਚਲਦੀ ਰਹੇ। ਜੇ ਕਿਤੇ ਅਜਿਹਾ ਹੋ ਗਿਆ ਤਾਂ ਸਿੱਖ ਕੌਮ ਬ੍ਰਾਹਮਣੀ ਕਰਮਕਾਂਡਾਂ ਅਤੇ ਡੇਰੇਦਾਰਾਂ ਦੀ “ਗੋਹ ਵਾਂਗ ਚਿੰਬੜੀ” ਗੁਲਾਮੀ ਨੂੰ ਗਲੋਂ ਲਾਹ ਸੁੱਟੇਗੀ ਅਤੇ ਅਜ਼ਾਦ ਹੋ ਕੇ “ਨਾਨਕ ਰਾਜ ਚਲਾਇਆ” ਵਾਲੇ ਰਾਜ-ਭਾਗ ਵੱਲ ਵਧੇਗੀ, ਸੰਸਾਰ ਵਿੱਚ ਸਿਰ ਉੱਚਾ ਕਰਕੇ ਵਿਚਰੇਗੀ। ਹੁਣ ਬਹੁਤ ਸਾਰੀਆਂ ਜਥੇਬੰਦੀਆਂ ਨੇ ਅਸਲੀ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦੇ ਕੇ ਸਿੱਖੀ ਦੇ ਕੀਤੇ ਜਾ ਰਹੇ ਭਗਵਾਕਰਨ ਨੂੰ ਰੱਦ ਕਰ ਦਿੱਤਾ ਹੈ। ਅੱਜ ਗੁਰਦੁਆਰਿਆਂ, ਗੁਰਧਾਮਾਂ-ਤਖਤਾਂ ਆਦਿਕ ਚੋਂ ਸਿੱਖੀ ਸਰੂਪ ਵਿੱਚ ਵੱਡੇ-ਵੱਡੇ ਔਹਦਿਆਂ ਤੇ ਬਿਰਾਜਮਾਨ ਕੇਸਾਧਾਰੀ, ਕਰਮਕਾਂਡੀ ਡੇਰਿਆਂ ਨਾਲ ਸਬੰਧਤ ਭੇਖੀਆਂ ਨੂੰ ਗੁਰਮਤਿ ਦੀ ਐਨਕ ਨਾਲ ਪਛਾਣ ਕੇ ਉਨ੍ਹਾਂ ਤੋਂ ਧਰਮ ਅਸਥਾਂਨ ਅਜ਼ਾਦ ਕਰਾਏ ਜਾਣ ਅਤੇ ਕੌਮੀ ਸਹਿਮਤੀ ਨਾਲ ਗੁਰਮੁਖ ਜਨਾਂ ਨੂੰ ਗੁਰਧਾਮਾਂ ਦੀ ਸੇਵਾ ਸੌਂਪੀ ਜਾਵੇ, ਤਾਂ ਹੀ ਅਜਿਹੇ ਅਖੌਤੀ, ਅੰਧ ਵਿਸ਼ਵਾਸ਼ੀ ਅਨਮਤੀ ਤਿਉਹਾਰਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।