Wednesday, May 18, 2011

ਰੱਬ ਦੀ ਦਰਗਾਹ ਕਿੱਥੇ ਹੈ?

ਰੱਬ ਦੀ ਦਰਗਾਹ ਕਿੱਥੇ ਹੈ?

ਅਵਤਾਰ ਸਿੰਘ ਮਿਸ਼ਨਰੀ

ਮਹਾਨ ਕੋਸ਼ ਅਨੁਸਾਰ ਦਰਗਾਹ ਫਾਰਸੀ ਸ਼ਬਦ ਹੈ। ਇਸ ਦਾ ਅਰਥ ਹੈ ਦਰਬਾਰ, ਕਰਤਾਰ ਦੀ ਨਿਆਂਸਭਾ, ਸਾਧ ਸਭਾ ਅਤੇ ਸਤਸੰਗ। ਇਸ ਦੇ ਰੂਪ ਹਨ ਦਰਗਹ, ਦਰਗਾਹ ਅਤੇ ਦਰਗਹਿ। ਡਾ. ਰਤਨ ਸਿੰਘ ਜੱਗੀ ਗੁਰੂ ਗ੍ਰੰਥ ਵਿਸ਼ਵਕੋਸ਼ ਵਿੱਚ ਲਿਖਦੇ ਹਨ ਕਿ ਦਰਗਾਹ ਸ਼ਬਦ ਗੁਰਬਾਣੀ ਵਿੱਚ ਈਸ਼ਵਰੀ ਦਰਬਾਰ ਲਈ ਵਰਤਿਆ ਗਿਆ ਹੈ। ਇਸ ਲਈ ਗੁਰੂ ਨਾਨਕ ਸਾਹਿਬ ਜੀ ਫਰਮਾਂਦੇ ਹਨ-
ਨਾਨਕ ਸਾਚੇ ਕਉ ਸਚੁ ਜਾਣੁ॥ ਜਿਤੁ ਸੇਵੀਐ ਸੁਖੁ ਪਾਈਐ ਤੇਰੀ ਦਰਗਹ ਚਲੈ ਮਾਣੁ॥ (15) ਹੋਰ ਫਰਮਾਂਦੇ ਹਨ ਕਿ ਜਦ ਤੱਕ ਪ੍ਰਮਾਤਮਾਂ ਹਿਰਦੇ ਵਿੱਚ ਨਹੀਂ ਵਸਦਾ ਤਦ ਤੱਕ ਉਸ ਦੀ ਦਰਗਾਹ ਵਿੱਚ ਮਾਨ, ਇਜਤ ਸਤਕਾਰ ਨਹੀਂ ਮਿਲਦਾ-ਕਿਉਂ ਦਰਗਹ ਪਤਿ ਪਾਈਐ, ਜਾ ਹਰਿ ਨ ਵਸੈ ਮਨ ਮਾਹਿ॥ (21) ਦਰਗਾਹ ਵਿੱਚ ਮਾਣ ਪ੍ਰਾਪਤ ਕਰਨ ਦਾ ਸਭ ਤੋਂ ਉਤਮ ਸਾਧਨ ਹੈ ਗੁਰੂ ਦੀ ਸੇਵਾ। ਗੁਰੂ ਨਾਨਕ ਸਾਹਿਬ ਜੀ ਐਸਾ ਕਰਨ ਵਾਲਿਆਂ ਤੋਂ ਕੁਰਬਾਨ ਜਾਂਦੇ ਹਨ-ਸਤਿਗੁਰੁ ਸੇਵੇ ਆਪਣਾ ਹਉਂ ਸਦ ਕੁਰਬਾਣੈ ਤਾਸੁ॥ ਖੜਿ ਦਰਗਹ ਪਹਿਨਾਈਐ ਮੁਖਿ ਹਰਿ ਨਾਮ ਨਿਵਾਸੁ॥ (21) ਦਨਿਆਵੀ ਤੌਰ ਤੇ ਦਰਗਾਹ, ਦਰਬਾਰ ਦਾ ਅਰਥ ਹੈ ਬਾਦਸ਼ਾਹ ਦੀ ਸਭਾ ਪਰ ਗੁਰਬਾਣੀ ਅਨੁਸਾਰ ਸੱਚੇ ਪਾਤਸ਼ਾਹ ਦੀ ਸਭਾ-ਕਰਿ ਬੰਦਨਾ ਲਖ ਬਾਰ॥ ਥਕਿ ਪਰਿਓ ਪ੍ਰਭ ਦਰਬਾਰ॥ (837) ਗੁਰੂ ਅਰਜਨ ਸਾਹਿਬ ਜੀ ਵੀ ਫਰਮਾਂਦੇ ਹਨ ਕਿ ਜੋ ਗੁਰੂ ਦੇ ਬਚਨ ਨੂੰ ਆਪਣੇ ਜੀਵਣ ਦਾ ਅਧਾਰ ਬਣਾ ਲੈਂਦਾ ਹੈ, ਕਦੇ ਡੋਲਦਾ ਨਹੀਂ, ਸੰਸਾਰ ਵਿੱਚ ਉਸ ਦੀ ਜੈ ਜੈ ਕਾਰ ਅਤੇ ਰੱਬ ਦੀ ਦਰਗਾਹ ਵਿੱਚ ਉਸ ਦਾ ਮੁਖ ਉਜਲਾ ਹੁੰਦਾ ਹੈ-ਅਸਥਰਿ ਰਹਹੁ ਡੋਲਹੁ ਮਤ ਕਬਹੂ ਗੁਰ ਕੈ ਬਚਨਿ ਅਧਾਰਿ॥ ਜੈ ਜੈ ਕਾਰੁ ਸਗਲ ਭੂ ਮੰਡਲ ਮੁਖ ਊਜਲ ਦਰਬਾਰਿ॥ (687) ਸਭ ਦਰਬਾਰਾਂ ਚੋਂ ਉੱਤਮ ਦਰਬਾਰ ਪ੍ਰਭੁ ਦਾ ਹੀ ਹੈ-ਦਰਬਾਰਨ ਮਹਿ ਤੇਰੋ ਦਰਬਾਰਾ ਸਰਨ ਪਾਲਨ ਟੀਕਾ॥ (507)

ਸਿੱਖੀ ਵਿੱਚ ਨਾਂ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਹੀ
“ਦਰਬਾਰ ਸਾਹਿਬ” ਕਿਹਾ ਜਾਂਦਾ ਹੈ ਸਗੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ, ਸਭਾ-ਭਵਨ, ਅਤੇ ਗੁਰਦੁਆਰਾ ਆਦਿਕ ਨੂੰ ਵੀ ਦਰਬਾਰ ਸਾਹਿਬ ਕਹਿ ਦਿੱਤਾ ਜਾਂਦਾ ਹੈ, ਜਿਵੇਂ ਦਰਬਾਰ ਸਾਹਿਬ ਅੰਮਿਤ੍ਰਸਰ ਆਦਿ।

ਹੁਣ ਆਪਾਂ ਵਿਚਾਰਦੇ ਹਾਂ ਕਿ ਰੱਬ ਦੀ ਦਰਗਾਹ ਕੀ ਅਤੇ ਕਿੱਥੇ ਹੋ ਸਕਦੀ ਹੈ? ਦੇਖੋ ਰੱਬ ਇੱਕ ਸ਼ਕਤੀ ਹੈ ਵਿਅਕਤੀ ਨਹੀਂ, ਉਹ ਨਿਰੰਕਾਰ ਹੈ, ਉਸ ਦਾ ਕੋਈ ਅਕਾਰ ਨਹੀਂ, ਉਹ ਸਰਬ ਨਿਵਾਸੀ ਹੈ, ਉਸ ਦਾ ਕੋਈ ਇੱਕ ਘਰ ਟਿਕਾਣਾ ਨਹੀਂ
-ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਹੀ॥ (684) ਸੋ ਉਸ ਦੀ ਅਸਲ ਦਰਗਾਹ ਦੁਨੀਆਂ ਸੰਗਤ ਹੀ ਹੈ ਕਿਉਂਕਿ-ਮਿਲਿ ਸਤਸੰਗਤਿ ਖੋਜੁ ਦਿਸਾਈ ਵਿਚਿ ਸੰਗਤਿ ਹਰਿ ਪ੍ਰਭ ਵਸੈ ਜੀਉ॥ (94) ਇੱਥੇ ਤਾਂ ਹੋਰ ਹੀ ਭਾਣਾ ਵਰਤਿਆ ਪਿਆ ਹੈ-ਜਿਵੇਂ ਮੁਸਲਮਾਨ ਮੌਲਾਣਿਆਂ ਨੇ ਪੀਰਾਂ ਫਕੀਰਾਂ ਦੇ ਨਾਂ ਤੇ ਵੱਡੀਆਂ-ਵੱਡੀਆਂ ਕਬਰਾਂ ਅਤੇ ਦਰਗਾਹਾਂ ਬਣਾ ਲਈਆਂ, ਓਥੇ ਮੇਲੇ ਲਾਉਣੇ, ਵੀਰਵਾਰ ਦਰਗਾਹੀ ਚਰਾਗ ਜਗਾਉਣੇ, ਪੇਟ ਪੂਜਾ ਲਈ ਚੜ੍ਹਾਵੇ ਲੈਣੇ ਸ਼ੁਰੂ ਕਰ ਦਿੱਤੇ। ਕਥਤ ਕਾਲੇ ਇਲਮਾਂ ਰਾਹੀਂ ਸਮੱਸਿਆਵਾਂ ਦੇ ਉਪਾਅ ਦੱਸ ਕੇ ਕਿ ਇੱਥੇ ਫਲਾਣੀ ਮੰਨਤ ਮੰਨੋ ਜਾਂ ਇਸ ਦਰਗਾਹ (ਦਰਬਾਰ) ਦੀਆਂ ਐਨੀਆਂ ਚੌਂਕੀਆਂ ਭਰੋ ਤਾਂ ਤੁਹਾਡਾ ਫਲਾਨਾ ਰੋਗ ਦੂਰ, ਕਾਰਜ ਰਾਸ ਹੋ ਜਾਵੇਗਾ ਅਤੇ ਜਿੰਨ-ਭੂਤ ਨੁਕਸਾਰਨ ਨਹੀਂ ਕਰਨਗੇ। ਇਵੇਂ ਹੀ ਹਿੰਦੂ ਧਰਮ ਅਤੇ ਅੱਜ ਸਿੱਖ ਧਰਮ ਵਿੱਚ ਵੀ ਅਖੌਤੀ ਬਾਬਿਆਂ ਅਤੇ ਗਿਆਨੀਆਂ ਨੇ ਚਲਾ ਦਿੱਤਾ ਹੈ ਕਿ ਜੇ ਪਾਪ ਧੋਣੇ ਅਤੇ ਦਰਗਾਹ ਵਿੱਚ ਥਾਂ ਲੈਣੀ ਹੈ ਤਾਂ ਐਹ ਸੁਖਣਾ ਸੁਖੋ, ਐਨੇ ਪਾਠ ਕਰਵਾਓ ਅਤੇ ਐਨੀਆਂ ਕਿਸੇ ਸ਼ਬਦ ਆਦਿਕ ਦੀਆਂ ਮਾਲਾ ਫੇਰੋ, ਇਸ ਦਾ ਫਲ ਤੁਹਾਨੂੰ ਦਰਗਾਹ ਵਿੱਚ ਮਿਲੇਗਾ। ਅਗਿਆਨੀ ਲੋਕ ਅੱਖਾਂ ਮੀਟ ਕੇ ਇਨ੍ਹਾਂ ਮੋਮੋ ਠੱਗਣਿਆਂ ਦਾ ਸ਼ਿਕਾਰ ਹੋਈ ਜਾ ਰਹੇ ਹਨ।

ਜਰਾ ਸੋਚੋ! ਜਦ ਰੱਬ ਵੀ ਏਥੇ ਅਤੇ ਉਸ ਦਾ ਦਰਬਾਰ ਸੰਸਾਰ ਜਾਂ ਦਰਗਾਹ ਵੀ ਇੱਥੇ ਫਿਰ ਅਗਲੀ ਕਲਪਿਤ ਦਰਗਾਹ ਕਿੱਥੇ ਹੋ ਸਕਦੀ ਹੈ? ਭਾਈ ਵੀਰ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ ਦੇ ਪੰਨਾ 343 ਤੇ ਦਰ ਅਤੇ ਦਰਗਾਹ ਸ਼ਬਦ ਦਾ ਅਰਥ ਵਾਹਿਗੁਰੂ ਦੀ ਹਜ਼ੂਰੀ ਲਿਖਦੇ ਹਨ, ਪਰ ਇਧਰ ਦੇਖੋ! ਭੁਲੇਖਾ ਪਾਊ ਚਾਲਬਾਜ ਸਾਧ ਲੋਕਾਂ ਨੂੰ ਇਹ ਕਹਿ ਕੇ ਉਕਸਾਉਂਦੇ ਹਨ ਕਿ ਗੁਰਬਾਣੀ ਵਿੱਚ ਲਿਖਿਆ ਹੈ ਕਿ-
ਵਿਚਿ ਦੁਨੀਆ ਸੇਵ ਕਮਾਈਐ ਤਾ ਦਰਗਹ ਬੈਸਣੁ ਪਾਈਐ॥ (26) ਇਸ ਦੇ ਅਰਥ ਉਹ ਅਗਲੀ ਦਰਗਾਹ ਕਰਦੇ ਹਨ, ਇਸ ਸੰਸਾਰ ਤੋਂ ਬਾਹਰੀ ਕੋਈ ਉਪਰਲੀ ਜਗ੍ਹਾ, ਜੋ ਗਲਤ ਹਨ ਕਿਉਂਕਿ ਰੱਬ ਕਿਸੇ ਸੱਤਵੇਂ ਅਸਮਾਨ ਤੇ ਕੋਈ ਵੱਖਰੀ ਦਰਗਾਹ (ਦਰਬਾਰ) ਲਾ ਕੇ ਨਹੀਂ ਬੈਠਾ ਹੋਇਆ, ਜਿੱਥੇ ਜਾ ਕੇ ਅਸੀਂ ਬੈਸਣ ਪਾਉਣਾ ਹੈ। ਸੋ ਇਸ ਪੰਗਤੀ ਦੇ ਅਸਲ ਅਰਥ ਇਹ ਹਨ ਕਿ ਜੇ ਅਸੀਂ ਕਰਤੇ ਦੀ ਪੈਦਾ ਕੀਤੀ ਦੁਨੀਆਂ ਵਿੱਚ ਲੁਕਾਈ ਦੀ “ਸੇਵ ਕਮਾਈਐ” ਭਾਵ ਕਿਰਤ ਕਮਾਈ ਕਰਦੇ ਹੋਏ, ਲੋੜਵੰਦਾਂ ਨਾਲ ਵੰਡ ਛਕੀਏ ਅਤੇ ਰੱਬ ਨੂੰ ਯਾਦ ਕਰਦੇ ਹੋਏ ਪ੍ਰਉਪਕਾਰੀ ਜੀਵਨ ਜੀਵੀਏ ਤਾਂ “ਤਾ ਦਰਗਹ ਬੈਸਣ ਪਾਈਐ” ਭਾਵ ਕਰਤਾਰ ਦੀ ਹਜ਼ੂਰੀ ਪ੍ਰਾਪਤ ਕਰ ਸਕਦੇ ਹਾਂ।

ਗੁਰਬਾਣੀ ਵਿੱਚ ਆਏ ਐਸੇ ਦਰਗਾਹ ਆਦਿਕ ਸ਼ਬਦਾਂ ਦੀ ਸਾਨੂੰ ਭਾਵਅਰਥੀ ਵਿਚਾਰ ਕਰਨੀ ਚਾਹੀਦੀ ਹੈ ਨਾਂ ਕਿ ਭਾਵਕ ਹੋ ਕੇ, ਲਕੀਰ ਦੇ ਫਕੀਰ ਬਣ, ਅੰਨ੍ਹੇਵਾਹ ਇਨ੍ਹਾਂ ਮੁਲਾਂ-ਮੁਲਾਣਿਆਂ, ਬ੍ਰਾਹਮਣਾਂ ਅਤੇ ਕੇਸਾਧਾਰੀ ਸਾਧਾਂ ਸੰਤਾਂ ਦੇ ਕੀਤੇ ਗਲਤ ਅਰਥਾਂ ਦੇ ਮੱਗਰ ਲੱਗ, ਕਲਪਿਤ ਦਰਗਾਹੀ ਆਫਤਾਂ ਤੋਂ ਡਰ ਕੇ, ਆਪਣਾ ਹੀ ਝੁੱਗਾ ਚੌੜ ਕਰਵਾਈ ਜਾਣਾ ਹੈ। ਗੁਰਬਾਣੀ ਵਿੱਚ ਹੋਰ ਵੀ ਬਹੁਤ ਸਾਰੇ ਐਸੇ ਸ਼ਬਦ ਆਉਂਦੇ ਹਨ, ਜੇ ਕੇਵਲ ਉਨ੍ਹਾਂ ਦੇ ਅਖਰੀ ਅਰਥ ਹੀ ਕੀਤੇ ਜਾਣ ਤਾਂ ਟਪਲਾ ਲਗਦਾ ਅਤੇ ਗੁਰਮਤਿ ਸਿਧਾਂਤਾਂ ਦਾ ਖੰਡਨ ਹੁੰਦਾ ਹੈ, ਜਿਵੇਂ-
ਗੁਰ ਸੇਵਾ ਤੇ ਭਗਤਿ ਕਮਾਈ॥ ਤਬ ਇਹ ਮਾਨਸ ਦੇਹੀ ਪਾਈ॥ (1159) ਹੁਣ ਸੋਚਣਾ ਪਵੇਗਾ ਕਿ ਮਾਨਸ ਜਨਮ ਤੋਂ ਪਹਿਲਾਂ ਅਸੀਂ ਕਿਹੜੀ ਜੂਨ ਵਿੱਚ ਗੁਰੂ ਦੀ ਸੇਵਾ ਅਤੇ ਭਗਤੀ ਦੀ ਕਮਾਈ ਕੀਤੀ ਹੈ? ਜਦ ਕਿ ਹੋਰ ਜੂਨਾਂ ਵਿੱਚ ਅਜਿਹਾ ਕਰਨਾ ਅਸੰਭਵ ਹੈ। ਸੋ ਇੱਥੇ ਵੀ ਇਸ ਪੰਗਤੀ ਦੇ ਅਨਵੇ ਕਰਕੇ ਅਰਥ ਇਹ ਹਨ ਕਿ-ਮਾਨਸ ਦੇਹੀ ਪਾਈ ਤਾਂ ਹੀ ਪ੍ਰਵਾਨ ਹੈ ਜੇ ਅਸੀਂ ਇਸ ਨੂੰ ਪ੍ਰਾਪਤ ਕਰਕੇ ਗੁਰੂ ਦੀ ਸੇਵਾ ਅਤੇ ਭਗਤੀ ਕਾਰ ਕਮਾਈਏ। ਹੋਰ ਦੇਖੋ-ਸਚਖੰਡਿ ਵਸੈ ਨਿਰੰਕਾਰ॥ (ਜਪੁਜੀ) ਸਚ ਦਾ ਸਦੀਵੀ ਅਤੇ ਖੰਡ ਦਾ ਅਰਥ ਹੈ ਅਵਸਥਾ ਭਾਵ ਅਬਿਨਾਸ਼ੀ ਮੰਡਲ ਵਿੱਚ ਨਿਰੰਕਾਰ ਵਸਦਾ ਹੈ। ਸੋ ਰੱਬ ਦੀ ਦਰਗਾਹ ਕਚਹਿਰੀ ਕੋਈ ਰੱਬ ਤੋਂ ਦੂਰ ਨਹੀਂ, ਉਹ ਹਿਰਦੇ ਰੂਪੀ ਦਰਗਾਹ ਵਿੱਚ ਵਸਦਾ ਹੈ-ਵਸੀ ਰੱਬੁ ਹਿਆਲੀਐ ਜੰਗਲੁ ਕਿਆ ਢੂਢੇਹਿ॥ (1378) ਚੰਗੇ ਮੰਦੇ ਕਰਮਾਂ ਦੇ ਫਲ ਸੰਸਾਰ ਰੂਪ ਦਰਗਾਹ ਵਿੱਚ ਹੀ ਮਿਲਦੇ ਹਨ। ਸੋ ਰੱਬ ਦੀ ਦਰਗਾਹ ਹਿੰਦੂਆਂ ਦੇ ਕਲਪੇ ਸਵਰਗ ਅਤੇ ਮੁਸਮਾਨਾਂ ਦੇ ਕਲਪੇ ਕਿਸੇ ਜ਼ਨਤ ਵਿੱਚ ਨਹੀਂ ਸਗੋਂ ਸੰਸਾਰ ਵਿੱਚ ਹੀ ਹੈ। ਅਜੋਕੇ ਪੜ੍ਹੇ ਲਿਖੇ ਇਨਸਾਨ ਵੀ ਅਨਪੜ੍ਹ ਬਾਬਿਆਂ ਕੋਲੋਂ ਕਲਪਿਤ ਦਰਗਾਹਾਂ ਬਾਰੇ ਪੁੱਛਦੇ ਦੇਖੇ ਜਾ ਸਕਦੇ ਹਨ। ਅਜਿਹੇ ਲੋਕਾਂ ਨੂੰ ਹੀ ਗੁਰੂ ਨੇ ਮੂਰਖ ਕਿਹਾ ਹੈ-ਪੜ੍ਹਿਆ ਮੂਰਖੁ ਆਖੀਐ॥ (140) ਖਸਮ ਵਿਸਾਰ ਕੇ ਅੰਨ੍ਹੇਵਾਹ ਮੜੀਆਂ, ਮੱਟਾਂ, ਕਬਰਾਂ, ਮੂਰਤਾਂ, ਅਖੌਤੀ ਦਰਗਾਹਾਂ, ਥੜਿਆਂ, ਝੰਡਿਆਂ, ਦੇਹਧਾਰੀ ਪਾਖੰਡੀ ਬਾਬਿਆਂ ਨੂੰ ਮੱਥਾ ਟੇਕਣ, ਪੁਛਣਾ ਪੁੱਛਣ ਅਤੇ ਉਨ੍ਹਾਂ ਤੋਂ ਗਿਆਨ ਲੈਣ ਦੀ ਆਸ ਰੱਖਣ ਵਾਲੇ ਹੀ ਅਸਲ ਅੰਨ੍ਹੇ ਹਨ-ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ॥ (954) ਸੋ ਗੁਰਬਾਣੀ ਦੇ ਸਮੁੱਚੇ ਸਿਧਾਂਤ ਨੂੰ ਵਾਚਣ ਅਤੇ ਸਮਝਣ ਤੇ ਹੀ ਪਤਾ ਚਲੇਗਾ ਕਿ ਰੱਬ ਦੀ ਦਰਗਾਹ ਕਿੱਥੇ ਹੈ? ਵਰਣਾ ਅੰਨ੍ਹੇਵਾਹ ਚਲਾਂਗੇ ਤਾਂ ਵਹਿਮਾਂ, ਭਰਮਾਂ, ਭੁਲੇਖਿਆਂ ਅਤੇ ਭੰਬਲਭੂਸਿਆਂ ਦੇ ਸਾਗਰ ਵਿੱਚ ਹੀ ਭਟਕ ਕੇ ਡੁਬਦੇ ਰਹਾਂਗੇ। ਅੱਜ ਇੰਟ੍ਰਨੈੱਟ ਤੋਂ ਵੀ ਆਪ ਗੁਰਬਾਣੀ ਗਿਆਨ ਪ੍ਰਾਪਤ ਕਰ ਸਕਦੇ ਹੋ। ਵੈਬਸਾਈਟਾਂ ਬਹੁੱਤ ਹਨ ਜਿਵੇਂ-sikhmarg.com, ssicanada.com, khalsanews.org, gurugranthdarpan.com ਹੋਰ ਬਹੁਤ ਸਾਰੀਆਂ ਵੈਬ ਸਾਈਟਾਂ ਮਿਸ਼ਨਰੀ ਕਾਲਜ, ਗੁਰਮਤਿ ਵਿਦਿਆਲੇ ਅਤੇ ਅਖਬਾਰ ਹਨ ਜੋ ਗਿਆਨ ਦਾ ਸਾਧਨ ਹਨ।

ਕੁਦਰਤੀ ਆਫਤਾਂ, ਭੂਚਾਲ, ਵਿਗਿਆਨ ਅਤੇ ਠੱਗ

ਕੁਦਰਤੀ ਆਫਤਾਂ, ਭੂਚਾਲ, ਵਿਗਿਆਨ ਅਤੇ ਠੱਗ

ਅਵਤਾਰ ਸਿੰਘ ਮਿਸ਼ਨਰੀ-5104325827

ਜਦ ਦਾ ਸੰਸਾਰ ਹੋਂਦ ਵਿੱਚ ਆਇਆ ਹੈ ਆਫਤਾਂ ਵੀ ਨਾਲ ਹੀ ਆਈਆਂ ਹਨ। ਆਫਤ ਅਰਬੀ ਦਾ ਸ਼ਬਦ ਹੈ ਇਸ ਦੇ ਅਰਥ ਹਨ ਮਸੀਬਤ, ਵਿਪਤਾ, ਦੁੱਖ, ਕਲੇਸ਼, ਉਪੱਦ੍ਰਵ ਅਤੇ ਪਸਾਦ। ਭੂਚਾਲ ਤੋਂ ਭਾਵ ਹੈ ਧਰਤੀ ਦਾ ਕੰਬਣਾ (ਅਰਥਕੁਵਿਕ) ਹੋਣਾ। ਪਦਾਰਥ-ਵਿਦਿਆ ਦੇ ਜਾਨਣ ਵਾਲੇ ਮੰਨਦੇ ਹਨ ਕਿ ਭੂ-ਗਰਭ ਦੀ ਅਗਨੀ ਦੇ ਸਹਿਯੋਗ ਨਾਲ ਅਨੇਕ ਪਦਾਰਥ ਉਬਾਲਾ ਖਾਂਦੇ ਅਤੇ ਭੜਕ ਉੱਠਦੇ ਹਨ ਅਤੇ ਫੈਲ ਕੇ ਬਾਹਰ ਨਿਕਲਣ ਨੂੰ ਰਾਹ ਲੱਭਦੇ ਹੋਏ, ਧੱਕਾ ਮਾਰਦੇ ਹਨ। ਇਸ ਹਰਕਤ ਤੋਂ ਪੈਦਾ ਹੋਏ ਫੈਲਾਉ ਦੇ ਕਾਰਣ ਧਰਤੀ ਦਾ ਉੱਪਰਲਾ ਭਾਗ ਵੀ ਕੰਬ ਉੱਠਦਾ ਹੈ। ਭੁਚਾਲ ਧਰਤੀ ਦੇ ਕਦੇ ਥੋੜੇ ਅਤੇ ਕਦੇ ਬਹੁਤੇ ਹਿੱਸੇ ਵਿੱਚ ਆਉਂਦੇ ਹਨ। ਜਿਨ੍ਹਾਂ ਦੇਸ਼ਾਂ ਵਿੱਚ ਜਵਾਲਾਮੁਖੀ ਪਹਾੜ ਬਹੁਤ ਹਨ ਓਥੇ ਭੂਚਾਲ ਬਹੁਤ ਆਉਂਦੇ ਹਨ, ਜਿਨ੍ਹਾਂ ਨਾਲ ਧਰਤੀ ਵਿੱਚ ਕਦੇ ਛੇਕ ਹੁੰਦੇ ਅਤੇ ਕਦੇ ਧਰਤੀ ਦੇ ਕਈ ਹਿੱਸੇ ਪਾਣੀ ਵਿੱਚ ਵੀ ਗਰਕਦੇ ਅਤੇ ਕਈ ਉੱਭਰ ਕੇ ਬਾਹਰ ਵੀ ਆ ਜਾਂਦੇ ਹਨ। ਭੁਚਾਲ ਵਿਦਿਆ ਦੇ ਵਿਦਵਾਨਾਂ ਨੇ ਇੱਕ ਆਲਾ (ਸੀਇਸਮੋਗਰਾਫੀ) ਬਣਾਇਆ ਹੈ ਜਿਸ ਤੋਂ ਭੂਚਾਲ ਆਦਿਕ ਆਫਤਾਂ ਦੇ ਆਉਣ ਦੀ ਦਿਸ਼ਾ, ਸਮਾਂ ਅਤੇ ਫਾਸਲਾ ਵੀ ਮਾਲੂਮ ਹੋ ਜਾਂਦਾ ਹੈ। ਜਿਵੇਂ ਕਰਤੇ ਦੀ ਕੁਦਰਤ ਬਹੁਤ ਵੱਡੀ ਤੇ ਤਾਕਤਵਰ ਹੈ ਇਵੇਂ ਹੀ ਉਸ ਦਾ ਭੇਤ ਪਾਉਣਾ ਵੀ ਬੜਾ ਕਠਨ ਹੈ ਪਰ ਫਿਰ ਵੀ ਵਿਗਿਆਨੀ ਖੋਜਾਂ ਕਰਕੇ ਬਹੁਤ ਕੁੱਝ ਹਾਨ, ਲਾਭ ਅਤੇ ਬਚਾ ਲਈ ਲੱਭ ਰਹੇ ਹਨ। ਅਜੋਕੇ ਜੁਗ ਵਿੱਚ ਸੰਸਾਰ ਵਿਗਿਆਨ ਦੀਆਂ ਅਦੁੱਤੀ ਕਾਢਾਂ, ਖੋਜਾਂ ਅਤੇ ਤਜ਼ਰਬਿਆਂ ਤੋਂ ਸੁਖ-ਸਹੂਲਤਾਂ ਪ੍ਰਾਪਤ ਕਰ ਰਿਹਾ ਹੈ ਪਰ ਕਈ ਵਾਰ ਗਾਫਲਤਾ, ਅਣਗਹਿਲੀ ਅਤੇ ਕੁਦਰਤ ਦੀ ਕੁਦਰਤੀ ਕਰੋਪੀ ਦਾ ਸ਼ਿਕਾਰ ਵੀ ਹੋ ਜਾਂਦਾ ਹੈ। ਜਿਵੇਂ ਫੁੱਲ ਨਾਲ ਕੰਡੇ ਹਨ ਇਵੇਂ ਹੀ ਸਮੁੰਦਰੀ ਤੱਟਾਂ ਅਤੇ ਜਵਾਲਾਮੁਖੀ ਥਾਵਾਂ ਦੇ ਆਸ-ਪਾਸ ਸੁਖ-ਸਹੂਲਤਾਂ, ਭੂਚਾਲ ਅਤੇ ਸੁਨਾਮੀਆਂ ਹਨ। ਵਿਗਿਆਨ ਜਿਉਂ-ਜਿਉਂ ਹੋਰ ਖੋਜਾਂ ਕਰੇਗਾ ਤਿਉਂ-ਤਿਉਂ ਆਫਤਾਂ ਅਤੇ ਕੁਦਰਤੀ ਦੁਰਘਟਨਾਵਾਂ ਤੇ ਕੁੱਝ ਹੱਦ ਤੱਕ ਕਾਬੂ ਪਾ ਸੱਕੇਗਾ। ਵਿਗਿਆਨ ਕੁਦਰਤ ਦਾ ਵਿਰੋਧੀ ਨਹੀਂ ਸਗੋਂ ਕੁਦਰਤੀ ਸੋਮਿਆਂ ਦੀ ਖੋਜ ਕਰਕੇ ਮਨੁੱਖਤਾ ਨੂੰ ਦਰਸਾਉਣ ਅਤੇ ਸੁੱਖ ਸਹੂਲਤਾਂ ਦੇਣ ਵਾਲਾ ਹੈ ਪਰ ਇਸ ਦੀ ਨਾਜਾਇਜ ਵਰਤੋਂ ਵਿਨਾਸ਼ਕਾਰੀ ਵੀ ਹੋ ਸਕਦੀ ਹੈ।

ਸਦਾ ਯਾਦ ਰੱਖੋ ਸੰਸਾਰ ਦਾ ਕਰਤਾ, ਧਰਤਾ ਅਤੇ ਹਰਤਾ ਅਕਾਲ ਪੁਰਖ ਪ੍ਰਮਾਤਮਾ ਹੀ ਹੈ ਹੋਰ ਕੋਈ ਮਨੁੱਖ ਜਾਂ ਦੇਵੀ ਦੇਵਤਾ ਨਹੀਂ-
ਸਗਲੀ ਬਣਤ ਬਣਾਈ ਆਪੇ॥ ਆਪੇ ਕਰੇ ਕਰਾਏ ਥਾਪੇ॥ ਇਕਸ ਤੇ ਹੋਇਓ ਅਨੰਤਾ ਨਾਨਕ ਏਕਸੁ ਮਾਹਿ ਸਮਾਇ ਜੀਉ (131) ਉਹ ਅੱਖ ਦੇ ਫੋਰ ਵਿੱਚ ਹੀ ਦੁਨੀਆਂ ਪੈਦਾ ਅਤੇ ਬਿਨਾਸ ਕਰ ਸਕਦਾ ਹੈ-ਹਰਨੁ ਭਰਨੁ ਜਾ ਕਾ ਨੇਤ੍ਰ ਫੋਰੁ (284) ਉਸ ਨੇ ਇਹ ਕੰਮ ਕਦੋਂ ਕਰਨਾ ਹੈ ਕੋਈ ਹੋਰ ਨਹੀਂ ਜਾਣ ਸਕਦਾ, ਗੁਰ ਫੁਰਮਾਨ ਹੈ-ਤਿਸ ਕਾ ਮੰਤ੍ਰ ਨਾ ਜਾਨੈ ਹੋਰੁ (284) ਮੰਤ੍ਰ ਭਾਵ ਉਦੇਸ਼-ਮਨ ਅੰਦਰ ਦੀ ਗੱਲ। ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ (4) ਕਰਤੇ ਕੀ ਮਿਤਿ ਨਾ ਜਾਨੈ ਕੀਆ ਨਾਨਕ ਜੋ ਤਿਸੁ ਭਾਵੈ ਸੋ ਵਰਤੀਆ (285) ਸਗੋਂ ਗੁਰੂ ਜੀ ਕਰਤੇ ਬਾਰੇ ਬੜੀ ਨਿਮਰਤਾ ਨਾਲ ਦਰਸਾਉਂਦੇ ਹਨ-ਤੁਮਰੀ ਗਤਿ ਮਿਤਿ ਤੁਮ ਹੀ ਜਾਨੀ॥ ਨਾਨਕ ਦਾਸ ਸਦਾ ਕੁਰਬਾਨੀ (268) ਜਦ ਐਸਾ ਸਭ ਕੁੱਝ ਕਰਤਾਰ ਦੇ ਹੱਥ ਵਿੱਚ ਹੀ ਹੈ ਫਿਰ ਕੀ ਗੱਲ ਹੈ ਕਿ ਇਹ ਧਰਮ-ਕਰਮ ਦੀਆਂ ਦੁਕਾਨਾਂ ਖੋਲੀ ਬੈਠੇ ਪੀਰ, ਜੋਤਸ਼ੀ ਅਤੇ ਅਖੌਤੀ ਬ੍ਰਹਮ ਗਿਆਨੀ ਸਾਧ ਹੱਥਾਂ ਤੇ ਸਰੋਂ ਜਮਾਉਂਣ ਦੇ ਦਾਵੇ ਕਰਨੋਂ ਨਹੀਂ ਥੱਕਦੇ ਕਿਉਂਕਿ ਇਹ ਦਾਵੇ ਸਭ ਅਗਿਆਨੀ ਅਤੇ ਭੋਲੇ ਭਾਲੇ ਲੋਕਾਂ ਨੂੰ ਲੁੱਟ ਕੇ ਅਪਣਾ ਹਲਵਾ-ਮੰਡਾ ਚਲਾਉਂਣ ਅਤੇ ਸ਼ਾਹੀ ਠਾਠ ਨਾਲ ਰਹਿਣ ਦੇ ਸਾਧਨ ਪੈਦਾ ਕਰਨ ਲਈ ਹਨ, ਨਹੀਂ ਤਾਂ ਵਾਕਿਆ ਹੀ ਇਨ੍ਹਾਂ ਦੀ ਹਮਦਰਦੀ ਮਨੁੱਖਤਾ ਨਾਲ ਹੋਵੇ ਤਾਂ ਹੋਣ ਵਾਲੇ ਨੁਕਸਾਨ ਤੋਂ ਲੋਕਾਂ ਨੂੰ ਸੁਚੇਤ ਕਰਕੇ ਬਚਾ ਲੈਣ।

ਦਸੰਬਰ 2004 ਦੇ ਅਖੀਰ ਤੇ ਇੰਡੋਨੇਸ਼ੀਆ, ਥਾਈਲੈਂਡ, ਸਿੰਘਾਪੁਰ, ਮਲੇਸ਼ੀਆ, ਸ਼੍ਰੀ ਲੰਕਾ ਅਤੇ ਭਾਰਤ ਆਦਿਕ ਕਈ ਥਾਵਾਂ ਤੇ ਏਸ਼ੀਆ ਇਲਾਕੇ ਵਿੱਚ ਅਤੇ ਮਾਰਚ 2011 ਵਿੱਚ ਜਪਾਨ ਵਿਖੇ ਭਾਰੀ ਭੂਚਾਲ ਅਤੇ ਭਿਆਨਕ ਸਮੁੰਦਰੀ ਤੁਫਾਨ (ਸੁਨਾਮੀਆਂ) ਕਾਰਨ ਲੱਖਾਂ ਹੀ ਲੋਕ ਇਸ ਦੀ ਲਪੇਟ ਵਿੱਚ ਆ ਕੇ ਮਾਰੇ ਗਏ, ਜ਼ਖਮੀ ਹੋਏ ਅਤੇ ਅਨੇਕਾਂ ਹੀ ਘਰੋਂ ਬੇ-ਘਰ ਹੋ ਗਏ, ਅਨੇਕਾਂ ਬੱਚੇ-ਬੱਚੀਆਂ ਯਤੀਮ ਹੋ ਗਏ, ਮਾਂਹਮਾਰੀ ਫੈਲ ਗਈ। ਜੋ ਕਿਤੇ ਦੂਰ ਦੁਰਾਡੇ ਗਏ ਹੋਏ ਸਨ, ਮਰਨੋ ਬਚ ਗਏ ਪਰ ਉਹ ਵੀ ਇਸ ਅਚਾਨਕ ਆਈ ਪਰਲੋ ਦੇ ਡਰ ਦੇ ਸਾਏ ਹੇਠ ਰਹੇ। ਇਨ੍ਹਾਂ ਬੇ-ਕਿਰਕ ਪੀਰਾਂ, ਜੋਤਸ਼ੀਆਂ ਅਤੇ ਅਖੌਤੀ ਬ੍ਰਹਮ ਗਿਆਨੀ ਸਾਧਾਂ ਨੂੰ ਕੋਈ ਤਰਸ ਨਾਂ ਆਇਆ। ਇਹ ਲੋਕ ਭਵਿਖ ਬਾਣੀਆਂ ਕਰਦੇ ਹਨ ਕਿ ਹੁਣ ਐਹ ਹੋਣ ਵਾਲਾ ਹੈ, ਅਸੀਂ ਤੁਹਾਡੀ ਕਿਸਮਤ ਅਤੇ ਆਉਣ ਵਾਲੀ ਆਫਤ, ਦੁੱਖ ਤਕਲੀਫ ਦੱਸਕੇ ਉਸ ਦਾ ਉੱਪਚਾਰ ਅਤੇ ਇਲਾਜ ਵੀ ਪਲਾਂ ਵਿੱਚ ਹੀ ਕਰ ਸਕਦੇ ਹਾਂ। ਦੁਸ਼ਮਣਾ ਨੂੰ ਮਿਤਰਾਂ ਵਿੱਚ ਬਦਲ ਸਕਦੇ ਹਾਂ, ਵਿਛੜੇ ਸਾਥੀ ਮਿਲਾ ਸਕਦੇ ਹਾਂ, ਹਰੇਕ ਸਮੱਸਿਆ ਦਾ ਹੱਲ ਕੁੱਝ ਹੀ ਪਲਾਂ, ਦਿਨਾਂ ਜਾਂ ਘੰਟਿਆਂ ਵਿੱਚ ਕਰ ਸਕਦੇ ਹਾਂ। ਅਸੀਂ ਗੈਬੀ ਸ਼ਕਤੀਆਂ ਦੇ ਮਾਲਿਕ ਹਾਂ, ਸਾਡੇ ਜੋਤਸ਼, ਜਾਦੂ ਟੂਣੇ, ਮੰਤ੍ਰ ਅਤੇ ਕਰਾਮਾਤਾਂ ਨੂੰ ਦੁਨੀਆਂ ਮਨਦੀ ਹੈ। ਅਸੀਂ ਅੰਤਰਜਾਮੀ ਬਾਬੇ ਅੰਦਰ ਦੀਆਂ ਜਾਣਦੇ ਹਾਂ-
ਇਕਿ ਸਾਧੁ ਬਚਨੁ ਅਟਲਾਧਾ (1104) ਦੀਆਂ ਉਦਾਰਣਾ ਦੇ ਕੇ ਕਹਿੰਦੇ ਹਨ ਕਿ ਸੰਤਾਂ ਦੇ ਬਚਨ ਅਟੱਲ ਹਨ, ਕਈ ਤਾਂ ਸਤਿਜੁਗ ਆਉਣ ਦੇ ਛੋਛੇ ਵੀ ਛੱਡ ਚੁੱਕੇ ਹਨ। ਜੇ ਇਨ੍ਹਾਂ ਵਿੱਚ ਜਰਾ ਜਿਨੀ ਵੀ ਹਮਦਰਦੀ, ਬੈਗੀ ਤਾਕਤ ਜਾਂ ਅੰਤਰਜਾਂਮਤਾ ਹੁੰਦੀ ਤਾਂ ਇਸ ਆਈ ਆਫਤ ਬਾਰੇ ਲੋਕਾਂ ਨੂੰ ਪਹਿਲਾਂ ਹੀ ਦੱਸ ਦਿੰਦੇ ਤਾਂ ਕਿ ਲੋਕ ਪਹਿਲਾਂ ਇਧਰ-ਉਧਰ ਜਾ ਕੇ ਆਪਣਾ ਬਚਾ ਕਰ ਲੈਂਦੇ ਪਰ ਲੋਕਾਂ ਨੂੰ ਭਵਿੱਖ ਦੱਸਣ ਵਾਲੇ ਇਸ ਆਫਤ ਨਾਲ ਸਬੰਧਤ ਇਲਾਕਿਆਂ ਵਿੱਚ ਰਹਿਣ ਵਾਲੇ ਪੀਰ, ਜੋਤਸ਼ੀ, ਪਾਦਰੀ ਅਤੇ ਅਖੌਤੀ ਬ੍ਰਹਮ ਗਿਆਨੀ ਸਾਧ-ਸੰਤ ਆਪਣੇ ਆਪ ਤੱਕ ਨੂੰ ਇਸ ਆਫਤ ਤੋਂ ਨਾਂ ਬਚਾ ਸਕੇ, ਉਹ ਵੀ ਆਮ ਲੋਕਾਂ ਵਾਂਗ ਹੀ ਮਾਰੇ ਗਏ।

ਗੁਰਬਾਣੀ ਤਾਂ ਫੁਰਉਂਦੀ ਹੈ ਕਿ-
ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰ ਸੂਰਾ॥ (930) ਤੁਮਰੀ ਗਤਿ ਮਿਤਿ ਤੁਮ ਹੀ ਜਾਨੀ॥ ਨਾਨਕ ਦਾਸ ਸਦਾ ਕੁਰਬਾਨੀ (268) ਅੱਜ ਦੇ ਅਗਾਂਹ ਵਧੂ ਯੁਗ ਵਿੱਚ ਸਾਨੂੰ ਸੱਚੀ ਬਾਣੀ ਤੋਂ ਸੇਧ ਲੇਣੀ ਚਾਹੀਦੀ ਹੈ ਨਾਂ ਕਿ ਉਪ੍ਰੋਕਤ ਠੱਗਾਂ ਦੇ ਮਗਰ ਲੱਗ ਕੇ ਆਪਣੀ ਖੂਨ ਪਸੀਨੇ ਕਮਾਈ ਰੋੜਨੀ ਚਾਹੀਦੀ ਹੈ। ਬ੍ਰਹਮ ਗਿਆਨੀ ਤਾਂ ਉਹ ਪ੍ਰਮਾਤਮਾਂ ਆਪ ਹੀ ਹੈ-ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੁਰ (273) ਸਭ ਤੋਂ ਵੱਡਾ ਜੋਤਸ਼ੀ ਤੇ ਅੰਤਰਜਾਮੀ ਵੀ ਉਹ ਆਪ ਹੀ ਹੈ-ਅੰਤਰਜਾਮੀ ਆਪ ਪ੍ਰਭੁ. .॥ (812) ਅੰਤਰਜਾਮੀ ਸੋ ਪ੍ਰਭੁ ਪੂਰਾ (563) ਅੱਜ ਦੇ ਪੜ੍ਹੇ ਲਿਖੇ ਲੋਕ ਵੀ ਜੇ ਇਨ੍ਹਾਂ ਠੱਗਾਂ ਤੇ ਹੀ ਟੇਕ ਰੱਖਦੇ ਹਨ ਤਾਂ ਫਿਰ ਅਨਪੜਾਂ ਦਾ ਤਾਂ ਰੱਬ ਹੀ ਰਾਖਾ ਹੈ। ਅਜੋਕੇ ਬਹੁਤੇ ਸਿੱਖ ਵੀ ਇੱਕ ਅਕਾਲ ਦੀ ਪੂਜਾ ਛੱਡ ਕੇ ਅਖੌਤੀ ਸਾਧਾਂ ਦੇ ਮਗਰ ਲੱਗੇ ਹੋਏ ਹਨ। ਗੁਰੂ ਦੀ ਸਿਖਿਆ ਲੈਣੀ ਛੱਡ, ਸਾਧਾਂ ਦੀਆਂ ਮਨਘੜਤ ਸਾਖੀਆਂ, ਬੜੇ ਕੰਨ ਰਸ ਨਾਲ ਸੁਣਦੇ ਅਤੇ ਆਪ ਗੁਰਬਾਣੀ ਪੜ੍ਹਨੀ, ਵਿਚਾਰਨੀ ਛੱਡ, ਭਾੜੇ ਦੇ ਪਾਠ ਕਰੀ ਕਰਾਈ ਜਾ ਰਹੇ ਹਨ। ਕਰਤਾਰ ਹੀ ਸੁਮੱਤ ਬਖਸ਼ੇ ਨਹੀਂ ਤਾਂ ਸਮੁੱਚੀ ਮਨੁੱਖਤਾ ਨੂੰ ਗੁਰ ਗਿਆਨ ਵੰਡਣ ਵਾਲੇ ਆਪ ਹੀ ਅਖੌਤੀ ਸਾਧਾਂ ਸੰਤਾਂ ਅਤੇ ਜੋਤਸ਼ੀਆਂ ਦੇ ਭਰਮ ਜਾਲ ਵਿੱਚ ਪੈ ਗਏ ਹਨ। ਇਥੋਂ ਤੱਕ ਕਿ ਅੱਜ ਦੇ ਬਹੁਤੇ ਅਖ਼ਬਾਰ, ਰਸਾਲੇ, ਰੇਡੀਓ, ਟੀ. ਵੀ. ਅਤੇ ਪ੍ਰਚਾਰ ਸੰਚਾਰ ਦੇ ਸਾਧਨ ਵੀ ਇਨ੍ਹਾਂ ਠੱਗਾਂ ਦੀਆਂ ਵੱਡੀਆਂ-ਵੱਡੀਆਂ ਐਡਾਂ ਲਾ ਕੇ ਇਨ੍ਹਾਂ ਠੱਗਾਂ ਦੀ ਦੁਕਾਨਦਾਰੀ ਚਲਾਉਂਦੇ ਹੋਏ ਜਿੱਥੇ ਇਨ੍ਹਾਂ ਠੱਗਾਂ ਦੀ ਦਿੱਤੀ ਹਰਾਮ ਦੀ ਕਮਾਈ ਨਾਲ ਆਪਣੇ ਹੱਥ ਰੰਗ ਰਹੇ ਹਨ ਓਥੇ ਭੋਲੀ ਭਾਲੀ ਜਨਤਾ ਨੂੰ ਵੀ ਇਨ੍ਹਾਂ ਠੱਗਾਂ ਦੇ ਭਰਮਜਾਲ ਵਿੱਚ ਫਸਾ ਕੇ ਕਿਰਤੀਆਂ ਦੀ ਖੂਨ ਪਸੀਨੇ ਦੀ ਕਮਾਈ ਰੋੜਨ ਵੱਲ ਧਕੇਲ ਰਹੇ ਹਨ।

ਹੁਣ ਕੁੱਝ ਬੁੱਧੀਜੀਵੀ, ਦਿਆਨਤਦਾਰ, ਸਮਝਦਾਰ ਲੋਕਾਂ ਵਲੋਂ ਸਚਾਈ ਪ੍ਰਚਾਰਨ-ਲਿਖਣ ਅਤੇ ਕੁੱਝ ਇਨ੍ਹਾਂ ਠੱਗਾਂ ਦੀ ਲੁੱਟ ਦਾ ਸ਼ਿਕਾਰ ਹੋਏ ਲੋਕਾਂ ਵਲੋਂ ਹਾਲ ਪਾਰਿਆ ਕਰਨ ਕਰਕੇ, ਕੁੱਝ ਧਰਮ ਅਸਥਾਨਾਂ ਦੇ ਮੁਖੀਆਂ ਅਤੇ ਕੁੱਝ ਇੱਕ ਅਖ਼ਬਾਰ ਰਸਾਲਿਆਂ ਨੇ ਇਨ੍ਹਾਂ ਠੱਗਾਂ ਦਾ ਭਾਰੀ ਵਿਰੋਧ ਕਰਦਿਆਂ ਹੋਇਆਂ ਇਨ੍ਹਾਂ ਦੀਆਂ ਠੱਗ ਐਡਾਂ ਵਾਲੇ ਅਖ਼ਬਾਰ ਰਸਾਲਿਆਂ ਨੂੰ ਧਰਮ ਅਸਥਾਨਾਂ ਅਤੇ ਸਟੋਰਾਂ ਤੇ ਨਾਂ ਰੱਖਣ ਦਾ ਸ਼ਲਾਗਾਯੋਗ ਕੰਮ ਕੀਤਾ ਹੈ, ਜੋ ਇਨ੍ਹਾਂ ਠੱਗਾਂ ਦੀਆਂ ਐਡਾਂ ਨਹੀਂ ਲਾਉਂਦੇ, ਉਹ ਸਭ ਵਧਾਈ ਦੇ ਪਾਤਰ ਹਨ। ਆਓ ਆਪਾਂ ਵੀ ਲਿਖਾਰੀ, ਕਵੀ, ਕਥਾਵਾਚਕ, ਪ੍ਰਚਾਰਕ ਅਤੇ ਸਗਤਾਂ, ਇਨ੍ਹਾਂ ਨੂੰ ਭਰਵਾਂ ਸਹਿਯੋਗ ਦੇ ਕੇ ਠੱਗਾਂ ਜੋਤਸ਼ੀਆਂ, ਪੀਰਾਂ ਅਤੇ ਅਖੌਤੀ ਸੰਤ ਬਾਬਿਆਂ ਦਾ ਪਾਜ ਉਘੇੜਦੇ ਹੋਏ, ਇਨ੍ਹਾਂ ਦੀਆਂ ਠੱਗੀਆਂ ਦਾ ਕਰੜਾ ਵਿਰੋਧ ਅਤੇ ਬਾਈਕਾਟ ਕਰਕੇ, ਆਪਣੀ ਖੂਨ ਪਸੀਨੇ ਨਾਲ ਕੀਤੀ ਕਮਾਈ, ਆਪਣੇ ਘਰ ਪ੍ਰਵਾਰ ਅਤੇ ਸੱਚ ਦੇ ਪ੍ਰਚਾਰ ਵੱਲ ਲਾਈਏ ਤਾਂ ਕਿ ਇਨ੍ਹਾਂ ਠੱਗਾਂ ਦੇ ਭਰਮਜਾਲ ਤੇ ਲੁੱਟ ਨੂੰ ਠੱਲ੍ਹ ਪਵੇ ਅਤੇ ਆਪਣਾ ਅਤੇ ਜਨਤਾ ਦਾ ਬਚਾ ਅਤੇ ਭਲਾ ਕੀਤਾ ਜਾ ਸਕੇ। ਸਾਨੂੰ ਆਪਣੇ ਛੋਟੇ ਮੋਟੇ ਮੱਤ ਭੇਦ ਭੁਲਾ ਕੇ ਅਜਿਹੇ ਮਸਲਿਆਂ ਤੇ ਮੋਢੇ ਨਾਲ ਮੋਢਾ ਜੋੜ ਕੇ ਖੜਨਾ ਚਾਹੀਦਾ ਹੈ। ਆਸ ਕਰਦਾ ਹਾਂ ਕਿ ਸੱਚ ਦੇ ਪਹਿਰੇਦਾਰ, ਸੁਹਿਰਦ ਪਾਠਕ ਅਤੇ ਕਿਰਤ ਕਮਾਈ ਕਰਨ ਵਾਲੇ ਪ੍ਰੇਮੀ ਜਨ ਇਧਰ ਵੀ ਜਰੂਰ ਗੌਰ ਕਰਨਗੇ! ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਸੱਚਾ
ਸ਼ਬਦ-ਗੁਰੂ ਮੰਨਣ ਵਾਲੇ ਸਿੱਖ ਤਾਂ ਇਨ੍ਹਾਂ ਪੀਰਾਂ ਜੋਤਸ਼ੀਆਂ ਅਤੇ ਅਖੌਤੀ ਸੰਤ ਬਾਬਿਆਂ ਨੂੰ ਮੂੰਹ ਨਹੀਂ ਲਾਉਣਗੇ। ਭਗਤ ਕਬੀਰ ਜੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਫੁਰਮਾਂਦੇ ਹਨ-ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ॥ ਗਲੀਂ ਜਿਨ੍ਹਾ ਜਪਮਾਲੀਆ ਲੋਟੇ ਹਥਿ ਨਿਬਗ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ (476) ਗੁਰੂ ਸਾਹਿਬ ਵੀ ਫੁਰਮਾਂਦੇ ਹਨ-ਗਣਿ ਗਣਿ ਜੋਤਕੁ ਕਾਂਡੀ ਕੀਨੀ. .॥ (204) ਚਉਦਸ ਅਮਾਵਸ ਰਚਿ ਰਚਿ ਮਾਗਹਿ ਕਰ ਦੀਪਕੁ ਲੈ ਕੂਪਿ ਪਰਹਿ॥ (970) ਭਿਖਾ ਭੱਟ ਜੀ ਦਾ ਫੁਰਮਾਨ ਹੈ-ਰਹਿਓ ਸੰਤ ਹਉ ਟੋਲਿ ਸਾਧ ਬਹੁਤੇਰੇ ਡਿਠੇ॥ ਸੰਨਿਆਸੀ ਤਪਸੀਅਹ ਮੁਖਹੁ ਏ ਪੰਡਿਤ ਮਿਠੇ॥ ਬਰਸੁ ਏਕੁ ਹਉ ਫਿਰਿਓ ਟੋਲ ਕਿਨੈ ਨਹੁ ਪਰਚਉ ਲਾਯਉ॥ ਕਹਤਿਆਹ ਕਹਤੀ ਸੁਣੀ ਰਹਤ ਕੋ ਖੁਸੀ ਨ ਆਯਉ॥ ਹਰਿ ਨਾਮੁ ਛੋਡਿ ਦੂਜੈ ਲਗੇ ਤਿਨ ਕੇ ਗੁਣ ਹਉ ਕਿਆ ਕਹਉ॥ ਗੁਰ ਦਯਿ ਮਿਲਾਯਉ ਭਿਖਿਆ ਜਿਵ ਤੂ ਰਖਹਿ ਤਿਵ ਰਹਉ॥ (1395) ਸਗਨ ਅਪਸਗਨ ਤਿਸ ਕਉ ਲਗਹਿ ਜਿਸੁ ਚੀਤੁ ਨਾ ਆਵੈ॥ ਅਤੇ ਗ੍ਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਨਾਉ॥ ਅਫਸੋਸ ਹੈ ਅਜੇ ਵੀ ਕਈ ਗੁਰੂ ਘਰਾਂ ਵਿੱਚ ਪੀਰਾਂ ਜੋਤਸ਼ੀਆਂ ਆਦਿਕ ਠੱਗਾਂ ਦੀਆਂ ਐਡਾਂ ਵਾਲੇ ਅਖ਼ਬਾਰ ਰੱਖੇ ਜਾ ਰਹੇ ਹਨ। ਇਸ ਸਬੰਧ ਵਿੱਚ ਸਭ ਤੋਂ ਵੱਧ ਧੰਨਵਾਦ ਸੰਨੀਵਿਲ ਮੰਦਿਰ ਦੇ ਮੁਖੀ ਪ੍ਰਬੰਧਕ ਸ੍ਰੀ ਰਾਜ ਭਨੋਟ ਦਾ ਹੈ ਜਿਨ੍ਹਾਂ ਨੇ ਪਹਿਲ ਕਰਕੇ ਕਮਾਲ ਕਰ ਦਿੱਤਾ ਹੈ। ਅੱਜ ਧਰਮ ਅਸਥਾਨ ਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਵੀ ਅਜਿਹੇ ਠੱਗਾਂ ਦਾ ਕਰੜਾ ਬਾਈਕਾਟ ਕਰਨਾ ਚਾਹੀਦਾ ਹੈ।

ਹੇ ਮਾਈ ਭਾਈ ਪ੍ਰੇਮੀ ਜਨੋ! ਗੁਰੂ ਪ੍ਰਮੇਸ਼ਰ ਤੇ ਵਿਸ਼ਵਾਸ਼ ਰੱਖੋ, ਉਹ ਹੀ ਸਭ ਦਾ ਰਾਖਾ ਹੈ, ਇਹ ਅਖੌਤੀ ਠੱਗ ਕਿਸੇ ਦੇ ਰਖਵਾਲੇ ਨਹੀਂ-
ਰਾਖਾ ਏਕੁ ਹਮਾਰਾ ਸਵਾਮੀ॥ ਸਗਲ ਘਟਾਂ ਕਾ ਅੰਤਰਜਾਮੀ॥ (1136) ਉਹ ਹੀ ਸਭ ਦਾ ਦਾਤਾ ਹੈ-ਦਦਾ ਦਾਤਾ ਏਕੁ ਹੈ ਸਭ ਕਉ ਦੇਵਣਹਾਰੁ॥ (237) ਅਖਬਾਰਾਂ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਵਹਿਮਾਂ ਭਰਮਾਂ ਅਤੇ ਲੁੱਟ ਦਾ ਪ੍ਰਚਾਰ ਕਰਨ ਵਾਲੇ ਸਾਧਾਂ-ਸੰਤਾਂ, ਪੀਰਾਂ, ਜੋਤਸ਼ੀਆਂ ਅਤੇ ਪੰਡਤਾਂ ਦੀਆਂ ਐਡਾਂ ਨਾਂ ਲਾਓ ਜੋ ਜਨਤਾ ਨੂੰ ਦੋਹੀਂ ਹੱਥੀਂ ਲੁੱਟ ਰਹੇ ਹਨ। ਆਓ ਅਜਿਹੇ ਠੱਗਾਂ ਦੀ ਠੱਗੀ ਤੋ ਆਪ ਬਚੀਏ ਅਤੇ ਜਨਤਾ ਨੂੰ ਵੀ ਬਚਾਈਏ। ਜਿਹੜੇ ਪੇਪਰ ਜਾਂ ਗੁਰੂ ਘਰ ਇਨ੍ਹਾਂ ਨੂੰ ਮਾਨਤਾ ਨਹੀਂ ਦੇ ਰਹੇ ਉਨ੍ਹਾਂ ਦੀ ਯੋਗ ਸ਼ਲਾਘਾ ਅਤੇ ਵਿਤ ਅਨੁਸਾਰ ਵੱਧ ਤੋਂ ਵੱਧ ਮਦਦ ਕਰੀਏ ਤਾਂ ਕਿ ਇਹ ਸਰੋਤ, ਮੀਡੀਆ ਆਦਿਕ ਡਟ ਕੇ ਇਨ੍ਹਾਂ ਠੱਗਾਂ ਤੋਂ ਵਿਦਵਤਾ ਭਰੇ ਲੇਖਾਂ ਅਤੇ ਖ਼ਬਰਾਂ ਰਾਹੀਂ ਜਨਤਾ ਨੂੰ ਲਗਾਤਾਰ ਸੁਚੇਤ ਕਰਦਾ, ਸੱਚਾਈ ਅਤੇ ਗਿਆਨ ਵਿਗਿਆਨ ਵੰਡਦਾ ਰਹੇ। ਜੇ ਅਜਿਹਾ ਕਰਕੇ ਸੰਗਤਾਂ ਸੁਚੇਤ ਹੋ ਗਈਆਂ ਤਾਂ ਇਨ੍ਹਾਂ ਠੱਗਾਂ ਦੀਆਂ ਠੱਗਮੂਰੀਆਂ ਤੋਂ ਬਚ ਜਾਣਗੀਆਂ ਅਤੇ ਸਤਿਗੁਰਾਂ ਦਾ ਕੋਟਾਨ ਕੋਟ ਧੰਨਵਾਦ ਕਰਨਗੀਆਂ, ਜਿਨ੍ਹਾਂ ਨੇ ਸਦੀਆਂ ਪਹਿਲੇ ਅਜਿਹੇ ਠੱਗਾਂ ਦਾ ਸੱਚੇ ਗਿਆਨ ਨਾਲ ਪੜਦਾ ਫਾਸ਼ ਕੀਤਾ ਸੀ। ਸੰਪਰਕ ਲਈ ਦਾਸ ਦਾ ਫੋਨ ਹੈ 510-432-5827 ਸਾਧ ਸੰਗਤ, ਮਾਈ-ਭਾਈ ਜੀ, ਬਚੋ! ਬਚੋ! ! ਬਚੋ! ! ! ਇਨ੍ਹਾਂ ਪੀਰਾਂ, ਪੰਡਿਤਾਂ, ਜੋਤਸ਼ੀਆਂ, ਸਿਆਣਿਆਂ ਅਤੇ ਅਖੌਤੀ ਬ੍ਰਹਮ ਗਿਆਨੀ ਸਾਧਾਂ-ਸੰਤਾਂ ਰੂਪੀ ਵੱਡੇ-ਵੱਡੇ ਠੱਗਾਂ ਤੋਂ ਜੋ ਲੋਕਾਈ ਨੂੰ ਵਹਿਮਾਂ-ਭਰਮਾਂ, ਪਾਖੰਡਾਂ ਅਤੇ ਲਾਲਚਾਂ ਰਾਹੀਂ ਗੁਮਰਾਹ ਕਰ ਬੁੱਧੂ ਬਣਾ ਕੇ, ਲੁੱਟ ਰਹੇ ਹਨ।

ਜਿੱਥੋਂ ਤੱਕ ਹੋ ਸਕੇ ਬਚਾ ਦੇ ਸਾਧਨ ਪੈਦਾ ਕਰਨੇ ਅਤੇ ਵਰਤਨੇ ਚਾਹੀਦੇ ਹਨ। ਕਰਤੇ ਦੀ ਕੁਦਰਤ ਅੱਗੇ ਕਿਸੇ ਦਾ ਵੀ ਜੋਰ ਨਹੀਂ. ਜਿਸ ਤੇ ਕਿਸੇ ਦਾ ਹੁਕਮ ਨਹੀਂ ਚਲਦਾ ਉਸ ਅੱਗੇ ਅਰਦਾਸ ਹੀ ਕਰਨੀ ਬਣਦੀ ਹੈ-
ਜਿਸੁ ਨਾਲਿ ਜੋਰੁ ਨ ਚਲਈ ਖਲੇ ਕੀਚੈ ਅਰਦਾਸਿ॥ (994) ਆਓ ਸਾਰੇ ਮਿਲ ਕੇ ਵਿਛੜਿਆਂ ਦੇ ਵਾਰਸਾਂ ਨਾਲ ਹਮਦਰਦੀ ਪ੍ਰਗਟ ਕਰੀਏ, ਹੌਂਸਲਾ ਦੇਈਏ, ਵਿਤ ਅਨੁਸਾਰ ਮਦਦ ਕਰਦੇ ਹੋਏ, ਇਸ ਔਖੀ ਘੜੀ ਵਿੱਚ ਸਰਬ ਸ਼ਕਤੀਮਾਨ ਕਰਤਾਰ ਪਾਸ ਅਰਦਾਸ ਕਰੀਏ।

Sunday, May 15, 2011

ਸੰਗਤੀ ਕੁਲਾਂ ਤਰਦੀਆਂ ਹਨ ਕਿ ਜਦੀ-ਪੁਸ਼ਤੀ?

ਸੰਗਤੀ ਕੁਲਾਂ ਤਰਦੀਆਂ ਹਨ ਕਿ ਜਦੀ-ਪੁਸ਼ਤੀ?
ਅਵਤਾਰ ਸਿੰਘ ਮਿਸ਼ਨਰੀ-5104325827
ਮਹਾਨ ਕੋਸ਼ ਅਨੁਸਾਰ ਕੁਲ ਸ਼ਬਦ ਸੰਸਕ੍ਰਿਤ ਦਾ ਹੈ ਜਿਸ ਦੇ ਪ੍ਰਕਰਣ ਅਨੁਸਾਰ ਵੱਖ-ਵੱਖ ਅਰਥ ਹਨ ਜਿਵੇਂ ਨਸਲ, ਵੰਸ਼, ਪੁਸ਼ਤ, ਪੀੜ੍ਹੀ, ਵੰਸ਼ਾਵਲੀ, ਅਬਾਦ ਦੇਸ਼, ਘਰ, ਗ੍ਰਿਹ, ਸਭ ਅਤੇ ਤਮਾਮ ਆਦਿਕ। ਇਨਹਾਂ ਵਿੱਚੋਂ ਕੁਲ, ਵੰਸ਼, ਪੁਸ਼ਤ ਅਤੇ ਪੀੜ੍ਹੀ ਸਮ ਅਰਥਕ ਹਨ। ਕੁਲ ਦਾ ਬਹੁਵਚਨ ਕੁਲਾਂ ਅਤੇ ਕੁਲਹ ਹੈ-ਕੁਲਹ ਸਮੂੰਹ ਉਧਾਰਣ ਸਉ (1387) ਕੁਲਾਹ ਫਾਰਸੀ ਸ਼ਬਦ ਹੈ ਅਰਥ ਹੈ ਟੋਪੀ-ਕੁਲਾਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ (1286) ਕੁਲਘਾਤੀ-ਕੁਲਘਾਤ ਕਰਨ ਵਾਲਾ, ਕੁਲਪਤਿ-ਖਾਨਦਾਨ ਦਾ ਸਰਦਾਰ, ਕੁਲਦੀਪ-ਵੰਸ਼ ਨੂੰ ਰੋਸ਼ਨ ਅਤੇ ਕੁਲਪਾਲਕ-ਵੰਸ਼ ਦੀ ਪਾਲਨਾ ਕਰਨ ਵਾਲਾ। ਕੁਲਪੂਜ-ਕੁਲ ਪ੍ਰਵਾਰ ਬੰਸ ਵਿੱਚ ਪੂਜਿਆ ਜਾਣ ਵਾਲਾ। ਕੁਲ ਦਾ ਅਰਥ ਵੰਸ਼ ਅਤੇ ਕੁੱਲ ਦਾ ਸਭ, ਤਮਾਮ ਅਤੇ ਪੂਰਾ ਹੈ। ਪੁਸ਼ਤ ਫਾਰਸੀ ਦਾ ਲਫਜ਼ ਹੈ ਅਰਥ ਹੈ ਪੀੜ੍ਹੀ, ਕੁਲ, ਖਾਨਦਾਨ। ਗੁਣੀ ਗਿਆਨੀ, ਕਥਾਵਾਚਕ, ਮੰਨੇ ਗਏ ਸੰਤ ਮਹਾਤਮਾਂ ਅਤੇ ਕੁੱਝ ਲਿਖਾਰੀ ਸਜਨ ਆਪਣੇ ਵਖਿਆਨਾਂ ਅਤੇ ਲੇਖਾਂ ਵਿੱਚ ਕੁਲਾਂ ਦੀ ਮਿਥਿਹਾਸਕ ਗਿਣਤੀ-ਮਿਣਤੀ ਕਰਕੇ ਤਰਨ ਜਾਂ ਉਧਰਨ ਦੀ ਗੱਲ ਕਰਦੇ ਹਨ ਜਿਵੇਂ ਫਲਾਨੇ ਦੀਆਂ ਦੋ ਕੁਲਾਂ, ਸੱਤ ਕੁਲਾਂ ਅਤੇ ਇੱਕੀ ਕੁਲਾਂਹ ਤਰ ਗਈਆਂ ਆਦਿਕ। ਦੁਨਿਆਵੀ ਤੌਰ ਤੇ ਦੋ ਕੁਲਾਂ ਨਾਨਕੇ ਅਤੇ ਦਾਦਕੇ, ਇੱਕੀ ਕੁਲਾਂ ਮਹਾਨਕੋਸ਼ ਦੇ ਪੰਨਾ 121 ਤੇ ਲਿਖਿਆ ਹੈ ਕਿ ਭਗਤਮਾਲਾ ਆਦਿਕ ਪੁਸਤਕਾਂ ਵਿੱਚ ਦੇਖੀਦਾ ਹੈ ਕਿ ਜੋ ਵਾਹਗੁਰੂ ਦਾ ਭਗਤ ਹੈ, ਉਹ ਇੱਕ ਆਪ ਵੀ ਉਧਰਦਾ ਹੈ ਅਤੇ ਉਸ ਦੀਆਂ ਦਸ ਪੀੜ੍ਹੀਆਂ ਪਹਿਲੀਆਂ ਅਤੇ ਦਸ ਅੱਗੇ ਆਉਣ ਵਾਲੀਆਂ ਭੀ ੳਧਰ ਜਾਂਦੀਆਂ ਹਨ-ਪ੍ਰਹਲਾਦ ਜਨ ਕੇ ਇਕੀਹ ਕੁਲ ਉਧਾਰੇ॥ (1133) ਕਈ ਗਯਾਨੀ ਲਿਖਦੇ ਹਨ ਕਿ ਸੱਤ ਪੀੜ੍ਹੀਆਂ ਪਿਤਾ ਦੀਆਂ, ਸੱਤ ਨਾਨੇ ਦੀਆਂ ਅਤੇ ਸੱਤ ਸਹੁਰੇ ਕੁਲ ਦੀਆਂ ਭਾਵ ਇਹ ਹੈ ਕੇ ਤੱਤ ਗਿਆਨੀ ਦੀ ਸੰਗਤ ਵਾਲੇ ਦੁਨਿਆਵੀ ਮਾਇਆਜਾਲ, ਭਰਮ ਭੁਲੇਖਿਆਂ ਅਤੇ ਛਲ ਫਰੇਬੀ ਡਰਾਵਿਆਂ ਤੋਂ ਮੁਕਤ ਹੋ ਜਾਂਦੇ ਹਨ।
ਜਿਆਦਾ ਪ੍ਰਚਾਰ ਇਹ ਹੁੰਦਾ ਰਿਹਾ ਅਤੇ ਹੋ ਰਿਹਾ ਹੈ ਕਿ ਭਗਤ, ਗੁਰਮ਼ੁਖ ਬ੍ਰਹਮਗਿਆਨੀ ਜਾਂ ਗੁਰੂ ਦੀਆਂ ਸੱਤ ਜਾਂ ਇੱਕੀ ਕੁਲਾਂ ਤਰ ਜਾਂਦੀਆਂ ਹਨ। ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਫਿਰ ਬਾਕੀ ਕੁਲਾਂ ਦਾ ਕੀ ਬਣਦਾ ਹੈ? ਕੀ ਭਗਤ, ਗੁਰਮੁਖ ਬ੍ਰਹਮਗਿਆਨੀ ਜਾਂ ਗੁਰੂ ਬਾਕੀ ਸਭ ਨੂੰ ਛੱਡ ਕੇ 2, 7 ਜਾਂ 21 ਆਦਿਕ ਗਿਣਤੀ ਦੀਆਂ ਕੁਲਾਂ ਹੀ ਤਾਰਦੇ ਹਨ? ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਭਗਤਾਂ, ਗੁਰਮੁਖਾਂ, ਬ੍ਰਹਮਗਿਆਨੀਆਂ ਬਲਕਿ ਗੁਰੂਆਂ ਦੀ ਬਹੁਤੀ ਉਲਾਦ ਉਨ੍ਹਾਂ ਤੋਂ ਬਾਗੀ ਹੋ ਕੇ ਅਖੌਤੀ ਕਰਮਕਾਂਡਾਂ ਵਿੱਚ ਡੁਬਦੀ ਰਹੀ। ਸਮਰੱਥ ਗੁਰੂ ਨਾਨਕ ਦੇ ਬੱਚੇ ਵੀ ਗੁਰੂ ਤੋਂ ਬਾਗੀ ਰਹੇ-ਪੁਤ੍ਰੀਂ ਕਉਲੁ ਨ ਪਾਲਿਓ …॥ (967) ਦਾਸ ਨੇ ਕਈ ਗੁਣੀ ਗਿਆਨੀ ਅਤੇ ਕਥਾਵਾਚਕਾਂ ਨਾਲ ਵਿਚਾਰ ਕੀਤੀ, ਬਹੁਤੇ ਗਿਣਤੀ-ਮਿਣਤੀ ਦੀਆਂ ਕੁਲਾਂ ਤਰਨ ਦੇ ਹੀ ਅਰਥ ਕਰਦੇ ਰਹੇ ਪਰ ਕੁੱਝ ਨੇ ਦੂਜਿਆਂ ਤੋਂ ਫਰਕ ਨਾਲ ਕੁੱਝ ਠੀਕ ਦੱਸੇ। ਅਖੀਰ ਬਜੁਰਗ ਪਰ ਸ਼ੇਰ ਦਿਲ ਵਿਦਵਾਨ ਲਿਖਾਰੀ ਸ੍ਰ. ਗੁਰਬਖਸ਼ ਸਿੰਘ ਕਾਲਾ ਅਫਗਾਨਾ ਨੇ ਰਵਾਇਤੀ ਅਰਥਾਂ ਤੋਂ ਉਪਰ ਗੁਰਮਤਿ ਸਿਖਿਆ ਵਾਲੇ ਅਰਥ ਦੱਸੇ।
ਗੁਰਬਾਣੀ ਵਿਖੇ ਵੀ ੋ, ਇੱਕੀ ਅਤੇ ਸਭ ਕੁਲਾਂ ਦਾ ਜਿਕਰ ਆਇਆ ਹੈ-ਹੋਇ ਪੁਨੀਤ ਭਗਵੰਤ ਭਜਨ ਤੇ ਆਪੁ ਤਾਰਿ ਤਾਰੇ
ਚੇਤੇ ਰੱਖੋ ਭਗਤ, ਗੁਰਮੁਖ, ਬ੍ਰਹਮਗਿਆਨੀ ਜਾਂ ਗੁਰੂ ਦੀ ਕੁਲ ਉਹ ਹੀ ਹੁੰਦੀ ਅਤੇ ਤਰਦੀ ਹੈ ਜੋ ਉਨ੍ਹਾਂ ਦੇ ਸੱਚੇ-ਸੁੱਚੇ ਉਪਦੇਸ਼ ਨੂੰ ਫਾਲੋ ਕਰਦੀ ਹੈ। ਭਗਤਾਂ ਅਤੇ ਗੁਰੂਆਂ ਤੋਂ ਬਾਗੀ ਗੁਰਮੁਖਾਂ ਦੀ ਬਜਾਏ ਮਨਮੁਖਾਂ ਦੀ ਸੰਗਤ ਕਰਨ ਵਾਲੇ ਅਗਿਆਨਤਾ ਦੇ ਸਾਗਰ ਵਿੱਚ ਡੁੱਬਦੇ ਰਹਿੰਦੇ ਹਨ। ਸੰਗਤ ਨੂੰ ਸੁਚੇਤ ਹੋਣ ਦੀ ਲੋੜ ਹੈ ਨਹੀਂ ਤਾਂ ਇਹ ਨੰਗੀਆਂ ਲੱਤਾਂ ਅਤੇ ਗੋਲ ਪੱਗਾਂ ਵਾਲੇ ਡੇਰੇਦਾਰ ਗੁਰਬਾਣੀ ਦੇ ਗਲਤ ਅਰਥ ਕਰਕੇ ਭਾਵ ਬ੍ਰਾਹਮਣ ਦੀਆਂ ਪੈਦਾ ਕੀਤੀਆਂ ਮਨਘੜਤ ਲੋਟੂ ਸਾਖੀਆਂ (ਕਹਾਣੀਆਂ) ਸੁਣਾ-ਸੁਣਾ ਕੇ ਥੋਥੇ ਕਰਮਕਾਂਡਾਂ, ਨਰਕ ਦਾ ਡਰ ਅਤੇ ਸਵਰਗ ਦਾ ਲਾਲਚ, ਗਿਣਤੀ-ਮਿਣਤੀ ਦੇ ਮੰਤ੍ਰ ਪਾਠ ਅਤੇ ਗਿਣਤੀ-ਮਿਣਤੀ ਦੇ ਲੋਕ-ਪ੍ਰੋਲਕ, ਜਾਤਾਂ ਪਾਤਾਂ ਅਤੇ ਗਿਣਤੀ ਦੀਆਂ ਕੁਲਾਂ ਵਿੱਚ ਉਲਝਾ, ਸਾਡੇ ਗਿਆਨ ਦੇ ਦਰਵਾਜੇ ਬੰਦ ਕਰ, ਸਾਨੂੰ ਅੰਧ ਵਿਸ਼ਵਾਸ਼ੀ ਬਣਾ ਕੇ ਸਦਾ ਹੀ ਲੁੱਟਦੇ ਰਹਿਣਗੇ। ਗੁਰੂ ਦਾ ਸਿਧਾਂਤ ਸਾਰਥਕ ਖੋਜ ਦਾ ਹੈ ਨਾਂ ਕਿ ਅੰਧ ਵਿਸ਼ਵਾਸ਼ੀ ਹੋ ਗਿਣਤੀ-ਮਿਣਤੀ ਦੇ ਪਾਠ, ਪੂਜਾ ਕਰੀ ਜਾਣ ਜਾਂ ਦੇਖਾ-ਦੇਖੀ ਜਣੇ-ਖਣੇ ਨੂੰ ਮੱਥੇ ਟੇਕੀ ਜਾਣ ਦਾ ਹੈ। ਸੋ ਸਾਨੂੰ ਪੰਜਾਬੀ, ਗੁਰਮੁਖੀ, ਪੰਜਾਬੀ ਵਿਆਕਰਣ ਅਤੇ ਗੁਰਬਾਣੀ ਵਿਆਕਰਣ ਸਿੱਖ ਕੇ ਗੁਰਬਾਣੀ ਦਾ ਪਾਠ, ਅੱਖਰੀ ਅਰਥ ਅਤੇ ਭਾਵ ਅਰਥ ਕਰਕੇ ਗੁਰਬਾਣੀ ਨੂੰ ਗੁਰੂ ਸਿਧਾਂਤਾਂ ਅਨੁਸਾਰ ਸਮਝ ਕੇ ਉਸ ਤੇ ਚੱਲਣ ਅਤੇ ਦੂਜਿਆਂ ਨੂੰ ਸਿਖਾਉਣ ਦੀ ਲੋੜ ਹੈ। ਗੁਰ ਫੁਰਮਾਨ ਵੀ ਹੈ-ਖੋਜੀ ਉਪਜੈ ਬਾਦੀ ਬਿਨਸੇ ਹਉ ਬਲਿ ਬਲਿ ਗੁਰ ਕਰਤਾਰਾ (1255) ਸੋ ਸੰਗਤੀ ਕੁਲਾਂ ਹੀ ਤਰਦੀਆਂ ਹਨ ਨਾਂ ਕਿ ਜਦੀ ਪੁਸ਼ਤੀ ਜਾਂ ਜਾਤ ਪਾਤੀ। ਗੁਰਮਤਿ ਕੁਲਵਾਦ ਦੀ ਪ੍ਰਚਾਰਕ ਨਹੀਂ ਸਗੋਂ ਕਰਤਾਰ ਅਤੇ ਮਨੁੱਖਤਾਵਾਦ ਦੀ ਹਾਮੀ ਹੈ।
ਕੁਲ ਦੋਇ (858) ਪ੍ਰਹਲਾਦ ਜਨ ਕੇ ਇਕੀਹ ਕੁਲ ਉਧਾਰੇ (1133) ਹਰਿ ਗੁਰੁ ਨਾਨਕੁ ਜਿਨ੍ਹ ਪਰਸਿਓ ਤਿਨ੍ਹ ਸਭ ਕੁਲ ਕੀਓ ਉਧਾਰੁ॥ (1386) ਪਹਿਲੀ ਪੰਗਤੀ ਭਗਤ ਰਵਿਦਾਸ ਜੀ ਦੀ ਹੈ ਕਿ-ਹੋਇ ਪੁਨੀਤ ਭਗਵੰਤ ਭਜਨ ਤੇ ਆਪ ਤਾਰ ਤਾਰੇ ਕੁਲ ਦੋਇ॥ ਉਸ ਵੇਲੇ ਊਚ ਅਤੇ ਨੀਚ ਕੁਲ ਦਾ ਬੜਾ ਜੋਰ ਸੀ। ਉਚ-ਨੀਚ ਕੁਲਾਂ ਪੈਦਾ ਕਰਨ ਵਾਲਾ ਚਲਾਕ ਬ੍ਰਾਹਮਣ ਉੱਚੀ ਕੁਲ ਦਾ ਉਧਾਰ ਕਰਦਾ, ਨੀਚ ਕੁਲ ਨੂੰ ਦਰੁਕਾਰਦਾ ਅਤੇ ਨਰਕਾਂ ਦਾ ਭਾਗੀ ਹੋਣਾ ਦਸਦਾ ਸੀ। ਇੱਥੇ ਭਗਤ ਰਵਿਦਾਸ ਜੀ ਨੇ ਹਿੱਕ ਤੇ ਹੱਥ ਧਰਕੇ ਇਸ ਅਖੌਤੀ ਬ੍ਰਹਮਗਿਆਨੀ ਦਾ ਭਾਂਡਾ ਚੁਰਾਹੇ ਵਿੱਚ ਭੰਨਦਿਆਂ, ਨੀਚ ਕੁਲ ਦਾ ਸੰਤਾਪ ਭੋਗ ਰਹੇ ਲੋਕਾਂ ਨੂੰ ਹੌਂਸਲਾ ਦਿੱਤਾ ਕਿ ਸਰਬ ਨਿਵਾਸੀ ਰਾਮ ਭਗਵੰਤ ਦਾ ਭਜਨ ਭਾਵ ਯਾਦ ਕਰਨ ਵਾਲਾ ਹਰ ਇਨਸਾਨ ਆਪ ਤਰਦਾ ਅਤੇ ਉੱਚੀ-ਨੀਵੀਂ ਕੁਲ ਦੋਹਾਂ ਨੂੰ ਵੀ ਤਾਰ ਲੈਂਦਾ ਹੈ। ਇੱਥੇ ਕਿਸੇ ਗਿਣਤੀ ਵਾਲੇ ਨਾਨਕਿਆਂ ਅਤੇ ਦਾਦਕਿਆਂ ਦੀਆਂ ਕੁਲਾਂ ਦੀ ਗੱਲ ਨਹੀਂ ਸਗੋਂ ਊਚ ਅਤੇ ਨੀਚ ਕੁਲ, ਜਾਤ, ਬਰਾਦਰੀ ਦੀ ਹੈ। ਕੋਈ ਕੁਲ ਜਾਂ ਕਿਸਮ ਮਾੜੀ ਨਹੀਂ ਸਗੋਂ ਮਾੜੇ ਕਰਮਾਂ ਕਰਕੇ ਨੀਚ ਅਤੇ ਚੰਗੇ ਕਰਮਾਂ ਕਰਕੇ ਊਚ ਹੈ। ਗੁਰਬਾਣੀ ਵਿੱਚ ਪ੍ਰਚਲਤ ਮੁਹਾਵਰੇ, ਅਖੌਤਾਂ, ਇਤਿਹਾਸ ਅਤੇ ਮਿਥਿਹਾਸ ਦੀ ਵੀ ਸਮਝਣ-ਸਮਝੌਣ ਲਈ ਵਰਤੋਂ ਕੀਤੀ ਗਈ ਹੈ ਨਾਂ ਕਿ ਉਹ ਗੁਰੂ ਦਾ ਆਪਣਾ ਵਿਚਾਰ ਹੈ। ਦੂਜੀ ਪੰਗਤੀ ਭੈਰੋਂ ਰਾਗ ਵਿਖੇ ਗੁਰੂ ਅਮਰਦਾਸ ਜੀ ਦੀ ਹੈ ਕਿ-ਪ੍ਰਹਲਾਦ ਜਨ ਕੇ ਇਕੀਹ ਕੁਲ ਉਧਾਰੇ॥ ਇੱਥੇ ਵੀ ਜੇ ਪ੍ਰਵਾਰਕ, ਜਾਤ ਬਰਾਦਰੀ ਜਾਂ ਕੁਲ ਨੂੰ ਦੇਖੀਏ ਤਾਂ ਪ੍ਰਹਲਾਦ ਦਾ ਪਿਉ ਹਰਨਾਸ਼ਕ ਇੱਕ ਹੰਕਾਰੀ ਦੈਂਤ ਸੀ ਜਿਸ ਨੇ ਪ੍ਰਹਿਲਾਦ ਨੂੰ ਭਾਰੀ ਦੁੱਖ ਦਿੱਤੇ। ਦੂਜਾ ਕੀ ਭਗਵਾਨ ਨੇ ਪ੍ਰਹਲਾਦ ਭਗਤ ਦੀਆਂ ਇੱਕੀ ਕੁਲਾਂ ਹੀ ਤਾਰਨੀਆਂ ਸਨ? ਬਾਕੀਆਂ ਨਾਲ ਦੁਸ਼ਮਣੀ ਕਰਨੀ ਸੀ? ਕੀ ਭਗਵਾਨ ਵੀ ਵਿਤਕਰਾ ਕਰਦਾ ਹੈ? ਨਹੀਂ ਪਾਠਕ ਜਨੋਂ ਸੱਚੇ ਮਾਰਗ ਤੇ ਚੱਲਣ ਵਾਲਿਆਂ ਦੀ ਸੰਗਤ ਕਰਨ ਵਾਲੇ ਸਦਾ ਹੀ ਤਰਦੇ ਰਹਿੰਦੇ ਹਨ ਭਾਵ ਵਹਿਮਾਂ-ਭਰਮਾਂ, ਊਚ-ਨੀਚ, ਥੋਥੇ ਕਰਮਾਂ ਅਤੇ ਅਗਿਆਨਤਾ ਦੇ ਸਾਗਰ ਵਿੱਚ ਨਹੀਂ ਡੁੱਬਦੇ ਸਗੋਂ ਗੁਰਮੁਖਾਂ ਦੀ ਸੰਗਤ ਰਾਹੀਂ ਗੁਰੂ ਦਾ ਗਿਆਨ ਲੈ ਕੇ ਉਧਰਦੇ ਹਨ। ਪ੍ਰਹਿਲਾਦ ਜਨ ਕੇ ਇੱਕੀਹ ਕੁਲ ਉਧਾਰੇ ਭਾਵ ਪ੍ਰਹਲਾਦ ਦੀ ਸੰਗਤ ਕਰਨ ਅਤੇ ਅੱਗੇ ਪ੍ਰਹਲਾਦ ਦੀ ਸੰਗਤ ਕਰਨ ਵਾਲਿਆਂ ਦੀ ਸੰਗਤ ਕਰਨ ਭਾਵ ਸਦਾ ਰੱਬੀ ਰਜ਼ਾ ਵਿੱਚ ਰਹਿ ਗੁਰਮੁਖਾਂ ਤੋਂ ਗਿਆਨ ਧਾਰਨ ਕਰਨ ਅਤੇ ਅੱਗੇ ਊਚ-ਨੀਚ ਸਭ ਨੂੰ ਬਰਾਬਰ ਗਿਆਨ ਵੰਡਣ ਵਾਲੇ ਸਦਾ ਹੀ ਤਰਦੇ ਹਨ। ਤੀਜੀ ਪੰਗਤੀ ਵਿੱਚ ਗੁਰੂ ਅਰਜਨ ਸਾਹਿਬ ਜੀ ਦਰਸਾਂਦੇ ਹਨ ਕਿ-ਹਰਿ ਗੁਰੁ ਨਾਨਕੁ ਜਿਨ੍ਹਹ ਪਰਸਿਓ ਤਿਨ੍ਹ ਸਭ ਕੁਲ ਕੀਓ ਉਧਾਰੁ॥ ਭਾਵ ਹਰੀ ਦੇ ਮਾਰਗ ਦਰਸ਼ਕ ਗੁਰੂ ਨਾਨਕ ਨੂੰ ਜਿਨ੍ਹਾਂ ਪਰਸਿਆ ਭਾਵ ਗੁਰੂ ਨਾਨਕ ਦੇ ਮਾਰਗ ਨੂੰ ਧਾਰਨ ਕੀਤਾ ਤਿਨ੍ਹਾਂ ਨੇ ਗੁਰੂ ਗਿਆਨ ਦੁਆਰਾ ਸਭ ਕੁਲਾਂ ਉਧਾਰ ਲਈਆਂ ਭਾਵ ਗੁਰੂ ਦੀ ਤਤਕਾਲੀ ਅਤੇ ਸ਼ਬਦੀ ਗਿਆਨ ਦੀ ਸੰਗਤ ਕਰਕੇ ਊਚ-ਨੀਚ ਸਭ ਪ੍ਰਕਾਰ ਦੀਆਂ ਕੁਲਾਂ ੳਧਾਰ ਲਈਆਂ ਭਾਵ ਸਿੱਧੇ ਰਸਤੇ ਪਾ ਲਿਆ।।

ਰੱਬ, ਧਰਮ, ਲੋਕਾਈ ਅਤੇ ਰਾਜਨੀਤੀ?

ਰੱਬ, ਧਰਮ, ਲੋਕਾਈ ਅਤੇ ਰਾਜਨੀਤੀ?

ਰੱਬ ਅਰਬੀ ਭਾਸ਼ਾ ਦਾ ਲਫਜ਼ ਹੈ ਅਤੇ ਇਸ ਦਾ ਅਰਥ ਹੈ ਪ੍ਰਤਿਪਾਲਕ, ਮਾਲਕ, ਪਰਮੇਸ਼ਰ, ਵਾਹਗੁਰੂ (ਕੀਆ ਖੇਲੁ ਬਡ ਮੇਲੁ ਤਮਾਸਾ ਵਾਹਗੁਰੂ ਤੇਰੀ ਸਭ ਰਚਨਾ-1403) ਅਤੇ ਸੁਵਾਮੀ। ਧਰਮ ਸੰਸਕ੍ਰਿਤ ਦਾ ਲਫਜ਼ ਹੈ ਪ੍ਰਕਰਣ ਅਨੁਸਾਰ ਇਸ ਦੇ ਵੱਖ-ਵੱਖ ਅਰਥ ਹਨ ਜਿਵੇਂ ਧਰਮ-ਉਹ ਕੁਦਰਤੀ ਨਿਯਮ ਜੋ ਸੰਸਾਰ ਨੂੰ ਧਾਰਨ ਕਰਦਾ ਹੈ, ਜਿਸਦੇ ਆਸਰੇ ਸੰਸਾਰ ਹੈ, ਸ਼ੁਭ ਕਰਮ, ਮਜ਼ਹਬ, ਦੀਨ, ਪੁੰਨਰੂਪ, ਰਿਵਾਜ, ਰਸਮ ਕੁਲ ਅਥਵਾ ਦੇਸ਼ ਦੀ ਰੀਤ, ਫਰਜ਼, ਨਿਆਂ, ਇੰਨਸਾਫ, ਪ੍ਰਕ੍ਰਿਤੀ ਸੁਭਾਵ ਆਦਿ। ਮੰਨੇ ਗਏ ਧਰਮ ਦੇ ਇਹ ਅੰਗ ਹਨ-ਧੀਰਜ, ਖਿਮਾ, ਪਵਿਤ੍ਰਤਾ, ਨਿਰਮਲ ਬੁੱਧ, ਵਿਦਿਆ, ਨਿਰਕ੍ਰੋਧ। ਰਾਜਨੀਤੀ-ਰਾਜ ਦੀ ਉਹ ਰੀਤ ਜਿਸ ਨਾਲ ਰਾਜ ਕੀਤਾ ਜਾ ਸੱਕੇ। ਸਿਆਸਤ ਦੇ ਇੰਤਯਾਮ ਦੀ ਰੀਤ। ਨੀਤੀ ਲਫਜ਼ ਧਰਮ ਅਤੇ ਰਾਜ ਦੋਹਾਂ ਨਾਲ ਸਬੰਧ ਰੱਖਦਾ ਹੈ।
ਨੀਤਿ ਹੀ ਤੇ ਧਰਮ, ਧਰਮ ਹੀ ਤੇ ਸਭੈ ਸਿਧਿ, ਨੀਤਿ ਹੀ ਤੇ ਆਦਰ ਸਭਾਨ ਬੀਚ ਪਾਈਐ।
ਨੀਤਿ ਤੇ ਅਨੀਤਿ ਛੂਟੈ, ਨੀਤਿ ਹੀ ਤੇ ਸੁਖ ਲੂਟੈ, ਨੀਤਿ ਲੀਏ ਬੋਲੇ ਭਲੋ ਬਕਤਾ ਕਹਾਈਐ।
ਨੀਤਿ ਹੀ ਤੇ ਰਾਜ ਤਾਜੈ, ਨੀਤਿ ਹੀ ਤੇ ਪਾਤਸ਼ਾਹੀ, ਨੀਤਿ ਹੀ ਤੇ ਯਸ਼ ਨਵਖੰਡ ਮਹਿ ਗਾਈਐ।
ਛੋਟਨ ਕੋ ਬਡੋ ਅਰੁ ਬਡੋ ਮਹਿ ਬਡੋ ਕਰੈ, ਤਾਂ ਤੇ ਸਭ ਹੀ ਕੋ ਰਾਜਨੀਤਿ ਹੀ ਸੁਣਾਈਐ। (ਮਹਾਂਨ ਕੋਸ਼)
ਰਾਜਨੀਤੀ ਦੇ ਚਾਰ ਅੰਗ ਹਨ ਪਹਿਲਾ ਸਾਮ-ਪਿਆਰ ਨਾਲ, ਦੂਜਾ ਦਾਮ-ਧੰਨ ਨਾਲ ਤੀਜਾ ਦੰਡ-ਤਾਕਤ ਨਾਲ ਅਤੇ ਚੌਥਾ ਭੇਦ-ਫੁੱਟ ਪਾ ਕੇ ਅਧੀਨ ਕਰਨਾ। ਜੇ ਸਾਰੀ ਦੁਨੀਆਂ ਦਾ ਰੱਬ ਇੱਕ ਹੈ, ਫਿਰ ਉਸ ਦਾ ਧਰਮ (ਨਿਯਮ) ਵੀ ਇੱਕ ਹੈ ਅਤੇ ਉਸ ਦੀ ਨੀਤੀ ਵੀ ਇੱਕਸਾਰ ਹੈ। ਉਹ ਕਰਤਾ, ਭਰਤਾ ਅਤੇ ਹਰਤਾ ਹੈ। ਸਭ ਥਾਵਾਂ ਤੇ ਇੱਕਰਸ ਵਿਆਪਕ ਅਤੇ ਸਦੀਵ ਹੈ। ਨਿਰਭੈ ਅਤੇ ਨਿਰਵੈਰ ਹੈ। ਜੂਨਾਂ ਤੋਂ ਰਹਿਤ ਅਤੇ ਆਪਣੇ ਆਪ ਤੋਂ ਪ੍ਰਕਾਸ਼ ਹੈ। ਸਭ ਦਾ ਮਾਤਾ ਪਿਤਾ ਅਤੇ ਪਾਲਨਹਾਰ ਹੈ। ਆਦਿ ਅਨੰਤ ਅਤੇ ਕੁਦਰਤ ਹੈ। ਨਿਰਗੁਣ, ਸਰਗੁਣ, ਦਿਖ ਅਤੇ ਅਦਿਖ ਹੈ। ਧਰਤੀ ਅਤੇ ਅਕਾਸ਼ ਹੈ। ਪੈਦਾ ਕੀਤੇ ਗਏ ਵੱਖ-ਵੱਖ ਧਰਮਾਂ ਨੇ ਉਸ ਦੇ ਨਾਮ ਵੀ ਵੱਖੋ ਵੱਖਰੇ ਰੱਖੇ ਹੋਏ ਹਨ ਜਦ ਕਿ ਉਹ ਇੱਕ ਹੈ। ਜਿਵੇਂ ਇੱਕ ਪਿਤਾ ਦੇ ਚਾਰ ਪੁੱਤ੍ਰ ਧੀਆਂ ਹਨ ਪਰ ਪਿਤਾ ਇੱਕ ਹੀ ਅਤੇ ਪਿਤਾ ਦਾ ਨਾਮ ਵੀ ਇੱਕ ਹੁੰਦਾ ਹੈ। ਵੱਖ-ਵੱਖ ਧਰਮਾਂ ਵਾਲਿਆਂ ਦੇ ਰੱਬ ਰੂਪ ਪਿਤਾ ਵੀ ਵੱਖ-ਵੱਖ ਅਤੇ ਉਨ੍ਹਾਂ ਦੇ ਨਾਮ ਵੀ ਵੱਖ-ਵੱਖ ਰੱਖੇ ਹੋਏ ਹਨ, ਜਿਵੇਂ ਕ੍ਰਿਸ਼ਚਨਾ ਦਾ ਗਾਡ, ਮੁਸਲਮਾਨਾਂ ਦਾ ਅੱਲ੍ਹਾ, ਹਿੰਦੂਆਂ ਦਾ ਰਾਮ, ਸਿੱਖਾਂ ਦਾ ਵਾਹਿਗੁਰੂ (ਪ੍ਰਚਲਤ ਨਾਮ ਪਰ ਵਾਸਤਵ ਵਿੱਚ ਅਕਾਲ ਪੁਰਖ ਕਰਤਾਰ) ਅਤੇ ਬਾਕੀ ਹੋਰ ਧਰਮਾਂ ਵਾਲਿਆਂ ਦੇ ਵੀ ਵੱਖ-ਵੱਖ ਨਾਮ ਹਨ। ਦੁਨਿਆਵੀ ਬਾਪ ਦੇ ਬੱਚੇ ਵੀ ਭਾਵੇਂ ਕਈ ਵਾਰ ਵੱਖ-ਵੱਖ ਹੋ ਜਾਂਦੇ ਹਨ ਪਰ ਵੱਖ ਹੋਣ ਤੇ ਵੀ ਉਨ੍ਹਾਂ ਦੇ ਪਿਉ ਦਾ ਨਾਮ ਓਹੀ ਰਹਿੰਦਾ ਹੈ ਜੋ ਪਹਿਲਾਂ ਸੀ। ਦੂਜੇ ਪਾਸੇ ਮੰਨੇ ਅਤੇ ਥਾਪੇ ਗਏ ਧਰਮਾਂ ਦੇ ਆਗੂ ਅਤੇ ਲੋਕ ਆਪਣੇ ਪੈਦਾ ਕਰਨ ਵਾਲੇ ਸਿਰਜਨਹਾਰ ਰੱਬ ਦੇ ਵੱਖਰੇ-ਵੱਖਰੇ ਨਾਮ ਰੱਖ ਕੇ ਆਪੋ ਆਪਣਾ ਵੱਖਰਾ ਰੱਬ ਮੰਨੀ ਬੈਠੇ ਹਨ। ਹਰੇਕ ਆਪਣੇ ਹੀ ਧਰਮ ਦੇ ਰਸਤੇ ਨੂੰ ਸਹੀ ਦੱਸ ਰਿਹਾ ਹੈ। ਹਰੇਕ ਧਰਮ ਦੇ ਅਸੂਲ (ਨਿਯਮ) ਵੱਖੋ ਵੱਖਰੇ ਹਨ। ਇੱਕੋ ਰੱਬੀ ਪਿਤਾ ਦੇ ਪੁੱਤਰ, ਧਰਮ ਦੇ ਨਾਂ ਤੇ ਲਹੂ ਡੋਲਵੀਆਂ ਲੜਾਈਆਂ ਲੜਦੇ ਹੋਏ ਆਏ ਦਿਨ ਇੱਕ ਦੂਜੇ ਦਾ ਕਤਲੇਆਮ ਕਰਦੇ ਰਹਿੰਦੇ ਹਨ।
ਵੱਖ-ਵੱਖ ਧਰਮਾਂ ਦੇ ਧਾਰਮਿਕ ਆਗੂ ਜਿੱਥੇ ਆਮ ਜਨਤਾ ਨੂੰ ਵਹਿਮਾਂ-ਭਰਮਾਂ, ਕਰਮਕਾਂਡਾਂ, ਦਾਨ, ਪੁੰਨ-ਪਾਪ ਅਤੇ ਨਰਕ-ਸਵਰਗ ਦਾ ਡਰ ਪਾ ਕੇ ਲੁਟਦੇ ਹਨ ਓਥੇ ਰਾਜਨੀਤਕ ਆਗੂ ਰੱਬ ਅਤੇ ਧਰਮ ਦੇ ਨਾਂ ਤੇ ਜਨਤਾ ਨੂੰ ਭੜਕਾ ਕੇ, ਉਨ੍ਹਾਂ ਨੂੰ ਲੜਾਉਂਦੇ ਅਤੇ ਚੋਣਾਂ ਜਿਤਦੇ ਹਨ। ਮੰਨੇ ਗਏ ਰੱਬ ਅਤੇ ਧਰਮ ਨੂੰ ਵੀ ਧਰਮੀ ਅਤੇ ਰਾਜਨੀਤਕ ਦੋਵੇਂ ਆਪੋ ਆਪਣੇ ਸੁਆਰਥਾਂ ਲਈ ਵਰਤਦੇ ਹਨ। ਰੱਬ ਜਿਸਨੂੰ ਸਰਬਸ਼ਕਤੀਮਾਨ ਮੰਨਿਆਂ ਜਾਂਦਾ ਹੈ ਉਹ ਵੀ ਜਨਤਾ ਜਾਂ ਲੋਕਾਈ ਦੀ ਪੁਕਾਰ ਨਹੀਂ ਸੁਣਦਾ। ਬਹੁਤੀ ਥਾਈਂ ਗਰੀਬਮਾਰ ਹੋ ਰਹੀ ਹੈ। ਧਰਮਾਂ ਵਾਲੇ ਕਹਿੰਦੇ ਹਨ ਕਿ ਰੱਬ ਪਾਪੀਆਂ ਨੂੰ ਸਜਾ ਦਿੰਦਾ ਹੈ ਪਰ ਇਸ ਧਰਤੀ ਤੇ ਪਾਪੀ ਦਨ-ਦਨਾਉਂਦੇ ਫਿਰਦੇ ਹਨ। ਆਫਤਾਂ, ਭੂਚਾਲਾਂ ਅਤੇ ਸੁਨਾਮੀਆਂ ਵਿੱਚ ਰੱਬ ਭਲਿਆਂ ਨੂੰ ਵੀ ਸਜਾਵਾਂ ਦਈ ਜਾ ਰਿਹਾ ਹੈ। ਓਦੋਂ ਉਸਦੀ ਅੰਤਰਜਾਮਤਾ ਅਤੇ ਸਰਬਸ਼ਕਤੀਮਾਨਤਾ ਕਿੱਧਰ ਜਾਂਦੀ ਹੈ ਜਦੋਂ ਬੇਕਸੂਰਾਂ ਨੂੰ ਸਜਾ ਦਿੱਤੀ ਜਾਂਦੀ ਅਤੇ ਮਾਰ ਪੈਂਦੀ ਹੈ? ਧਰਮ ਵਾਲੇ ਕਹਿੰਦੇ ਹਨ ਕਿ ਰੱਬ ਦਾਤਾ ਹੈ ਅਤੇ ਸਭ ਨੂੰ ਰਿਜ਼ਕ-ਬਸੇਰਾ ਦਿੰਦਾ ਹੈ ਫਿਰ ਉਸ ਦੀ ਦੁਨੀਆਂ ਵਿੱਚ ਕਰੋੜਾਂ ਲੋਕ ਨੰਗੇ, ਭੁੱਖੇ ਅਤੇ ਬੇਘਰ ਕਿਉਂ ਹਨ?
ਕੁਦਰਤੀ ਤਾਣੇ-ਬਾਣੇ ਚੋਂ ਲੋਕਾਈ ਪੈਦਾ ਹੋਈ ਹੈ ਅਤੇ ਕੁਦਰਤ ਦੇ ਭੰਡਾਰ ਅਸੀਮਤ ਹਨ। ਜਿਉਂ-ਜਿਉਂ ਮਨੁੱਖਾ ਸੋਝੀ ਦਾ ਵਿਕਾਸ ਹੋਇਆ ਮਨੁੱਖ ਜੰਗਲੀ ਤੋਂ ਕਬੀਲੇ `ਚ ਬਦਲਿਆ, ਖਾਣ ਲਈ ਭੋਜਨ, ਪਹਿਨਣ ਲਈ ਵਸਤਰ ਅਤੇ ਰਹਿੰਣ ਲਈ ਕੁੱਲੀ (ਘਰ) ਦਾ ਪ੍ਰਬੰਧ ਕਰਨ ਲੱਗਾ। ਜਿਨ੍ਹਾਂ ਚੀਜਾਂ ਤੋਂ ਲਾਭ ਮਿਲਦਾ ਉਨ੍ਹਾਂ ਨੂੰ ਪੂਜਣ ਲੱਗਾ ਅਤੇ ਜਿਨ੍ਹਾਂ ਤੋਂ ਨੁਕਸਾਨ ਹੁੰਦਾ ਤੋਂ ਡਰਨ ਲੱਗਾ। ਫਿਰ ਅਨੇਕ ਦੇਵੀ ਦੇਵਤੇ ਪੈਗੰਬਰ ਮਿਥ ਲਏ ਗਏ। ਜੋ ਪੜੇ ਲਿਖੇ ਅਤੇ ਸੂਜਵਾਨ ਸਨ ਉਹ ਲੋਕਾਈ ਦੇ ਆਗੂ ਬਣ ਗਏ ਅਤੇ ਆਪਣੇ-ਆਪਣੇ ਕਬੀਲੇ, ਪ੍ਰਵਾਰ ਅਤੇ ਸਾਥੀਆਂ ਦੇ ਝੁੰਡ ਬਣਾ ਲਏ। ਹੁਣ ਵੱਖਰੇ ਰਹਿਣ ਲਈ ਆਪੋ ਆਪਣੇ ਵੱਖਰੇ-ਵੱਖਰੇ ਨਿਯਮ ਵੀ ਘੜ ਲਏ। ਉਨ੍ਹਾਂ ਨੂੰ ਹੀ ਸਮਾਂ ਪਾ ਕੇ ਵੱਖ-ਵੱਖ ਧਰਮਾਂ ਦਾ ਨਾਂ ਦੇ ਦਿੱਤਾ ਗਿਆ। ਕਿਸੇ ਅਣਕਿਆਸੀ, ਅਣਮਿਥੀ, ਅਣਤੋਲ, ਅਣਡਿੱਠ, ਅਲੋਪ, ਸੋਚ ਨੂੰ ਰੱਬ ਮੰਨ ਲਿਆ ਲਿਆ। ਹੁਣ ਪ੍ਰਵਾਰਾਂ, ਕਬੀਲਿਆਂ, ਇਲਾਕਿਆਂ ਤੋਂ ਕੌਮ ਅਤੇ ਅੱਗੇ ਵੱਖਰੀਆਂ-ਵੱਖਰੀਆਂ ਨਸਲਾਂ ਦੀਆਂ ਵੱਖਰੀਆਂ ਕੌਮਾਂ, ਧਰਮ, ਰਾਜ ਅਤੇ ਦੇਸ਼ ਬਣਾ ਲਏ ਗਏ।
ਅੱਗੇ ਧਾਰਮਿਕ ਅਤੇ ਰਾਜਨੀਤਿਕ ਆਗੂ ਤਾਨਾਸ਼ਾਹ ਬਣ ਕੇ ਆਪੋ ਆਪਣੀ ਜਨਤਾ-ਲੋਕਾਈ ਤੇ ਰਾਜ ਕਰਨ ਲੱਗ ਪਏ। ਧਰਮ ਆਗੂਆਂ ਨੇ ਸਰਬਸਾਂਝੇ ਧਰਮ ਨੂੰ ਅੱਗੇ ਕਈ ਧਰਮਾਂ ਵਿੱਚ ਵੰਡ ਕੇ ਟੁਕੜੇ-ਟੁਕੜੇ ਕਰ ਦਿੱਤਾ। ਹਰੇਕ ਧਰਮ ਟੁਕੜਾ ਆਪਣੇ ਆਪ ਨੂੰ ਦੂਜਿਆਂ ਤੋਂ ਬੇਹਤਰੀਨ ਸਮਝਣ ਲੱਗ ਪਿਆ। ਰੱਬ ਦੇ ਨਾਂ ਵੀ ਵੱਖਰੇ-ਵੱਖਰੇ ਰੱਖ ਲਏ ਗਏ। ਜਰਾ ਸੋਚਣ ਵਾਲੀ ਗੱਲ ਹੈ, “ਨਾਂ” ਆਪਾਂ ਉਸ ਦਾ ਰੱਖਦੇ ਹਾਂ ਜਿਸ ਨੂੰ ਪੈਦਾ ਕਰਦੇ ਜਾਂ ਬਣਾਉਂਦੇ ਹਾਂ। ਰੱਬ ਸਾਡਾ ਪੈਦਾ ਕੀਤਾ ਅਤੇ ਬਣਾਇਆ ਹੋਇਆ ਨਹੀਂ ਹੈ, ਫਿਰ ਉਸ ਦੇ ਨਾਂਮ ਅਸੀਂ ਕਿਵੇਂ ਰੱਖ ਸਕਦੇ ਹਾਂ। ਰੱਬ ਤਾਂ ਸਾਡੇ ਪੈਦਾ ਹੋਣ ਤੋਂ ਪਹਿਲਾਂ ਹੈ, ਫਿਰ ਅਸੀਂ ਅਣਜਮਿਆਂ ਨੇ ਉਸ ਦੇ ਨਾਂ ਕਿਵੇਂ ਰੱਖ ਲਏ? ਚੱਲੋ ਜੇ ਕਿਸੇ ਤਰ੍ਹਾਂ ਰੱਖ ਹੀ ਲਏ ਹਨ ਤਾਂ ਹੈਨ ਤਾਂ ਸਾਰੇ ਉਸੇ ਦੇ “ਨਾਂ”, ਫਿਰ ਸਾਨੂੰ ਦੂਸਰੇ ਦੇ ਰੱਬੀ ਨਾਂਮ ਤੋਂ ਨਫਰਤ ਕਿਉਂ ਹੈ? ਫਿਰ ਅਸੀਂ ਰੱਬ ਅਤੇ ਧਰਮ ਦੇ ਨਾਂ ਤੇ ਹੀ ਬਹੁਤੀਆਂ ਲੜਾਈਆਂ ਕਿਉਂ ਲੜਦੇ ਹਾਂ?
ਸਾਡੇ ਸਭਨਾਂ ਦੇ ਸਰੀਰਾਂ ਵਿੱਚ ਪੰਜ ਤੱਤ ਮਜ਼ੂਦ ਹਨ। ਫਿਰ ਸਾਨੂੰ ਉੱਚੀ-ਨੀਵੀਂ ਜਾਤ ਦੇ ਕਿਵੇਂ ਬਣਾ ਦਿੱਤਾ ਗਿਆ? ਰੱਬ, ਧਰਮ ਅਤੇ ਰਾਜਨੀਤੀ ਦਾ “ਬਣਾ ਦਿੱਤਾ ਗਿਆ ਗੋਰਖ ਧੰਦਾ” ਸਾਨੂੰ ਸਮਝ ਕਿਉਂ ਨਹੀਂ ਆ ਰਿਹਾ? ਗੁਰੂ ਗ੍ਰੰਥ ਸਾਹਿਬ ਜੀ ਤਾਂ ਦਰਸਾ ਰਹੇ ਹਨ ਕਿ-ਸਰਬ ਧਰਮ ਮਹਿ ਸ੍ਰੇਸਟਿ ਧਰਮੁ ਹਰਿ ਕੋ ਨਾਮੁ ਜਪੁ ਨਿਰਮਲ ਕਰਮ॥ (266) ਭਾਵ ਰੱਬ ਨੂੰ ਸਦਾ ਯਾਦ ਰੱਖਣਾ ਅਤੇ ਨਿਰਮਲ ਕਰਮ ਕਰਨੇ ਹੀ ਸਰਬ ਸ੍ਰੇਸ਼ਟ ਧਰਮ ਹੈ। ਗੁਰੂਆਂ-ਭਗਤਾਂ ਦੀ ਬਾਣੀ ਤਾਂ ਐਸੇ ਸਰਬਦੇਸੀ ਅਤੇ ਸਰਬਸ੍ਰ਼ੇਸ਼ਟ ਧਰਮ ਦੀ ਗੱਲ ਕਰਦੀ ਹੈ ਪਰ ਅਸੀਂ ਆਪੋ-ਆਪਣੇ ਭੇਖਾਂ ਨੂੰ ਹੀ ਧਰਮ ਸਮਝਣ ਅਤੇ ਪ੍ਰਚਾਰਨ ਲੱਗ ਪਏ ਹਾਂ। ਗੁਰੂ ਨਾਨਕ ਦੇ ਸਿੱਖ ਨੇ ਤਾਂ ਸਰਬਸਾਂਝੇ ਧਰਮ ਦਾ ਦੁਨੀਆਂ ਵਿੱਚ ਪ੍ਰਚਾਰ ਕਰਨਾ ਸੀ ਪਰ ਉਹ ਅੱਜ ਆਪ ਹੀ “ਖੱਖੜੀਆਂ-ਕਰੇਲੇ” ਹੋਇਆ ਪਿਆ ਹੈ। ਧਰਮ ਦੇ ਨਾਂ ਤੇ ਆਪਣੇ ਹੀ ਭਾਈਆਂ ਦੀਆਂ ਪੱਗਾਂ ਪੈਰਾਂ ਥੱਲੇ ਰੋਲ ਰਿਹਾ ਹੈ। ਜੇ ਅੱਜ ਬਹੁਤ ਸਾਰੇ ਦੇਸ਼ ਮਿਲ ਕੇ ਰਾਜਨੀਤਕ ਤੌਰ ਤੇ ਦੁਨੀਆਂ ਦੀ ਸਾਂਝੀ ਸੰਸਥਾ ਯੂ. ਐਨ. ਓ. ਬਣਾ ਸਕਦੇ ਹਨ ਤਾਂ ਕੀ ਧਾਰਮਿਕ ਤੌਰ ਤੇ ਐਸਾ ਨਹੀਂ ਕੀਤਾ ਜਾ ਸਕਦਾ? ਹਰੇਕ, ਧਰਮ, ਕੌਮ, ਜਮਾਤ ਅਤੇ ਨਸਲ ਵਿੱਚ ਚੰਗੇ ਗੁਣ ਵੀ ਹਨ। ਉਨ੍ਹਾਂ ਚੰਗੇ ਗੁਣਾਂ ਅਤੇ ਅਸੂਲਾਂ ਦੇ ਅਧਾਰ ਤੇ, ਕੀ ਇੱਕ ਸਰਬਸਾਂਝਾ ਧਰਮ ਦਾ ਯੂ. ਐਨ. ਓ. ਨਹੀਂ ਬਣਾਇਆ ਜਾਂ ਸਕਦਾ? ਜਿਸ ਸਦਕਾ ਸਭ ਦੀ ਆਪਸੀ ਸਾਂਝ ਪੈਦਾ ਹੋਵੇ, ਦੂਰੀਆਂ ਅਤੇ ਨਫਰਤਾਂ ਦੂਰ ਹੋਣ। ਜੇ ਵੱਖ ਵੱਖ ਫੁਲਵਾੜੀਆਂ ਦੇ ਫੁੱਲ ਇੱਕ ਗੁਲਦਸਤੇ ਵਿੱਚ ਸਜ, ਸ਼ੋਭਾ ਪਾਉਂਦੇ ਅਤੇ ਮਹਿਕ ਵੰਡ ਸਕਦੇ ਹਨ ਤਾਂ ਕੀ ਵੱਖ-ਵੱਖ ਜਾਤਾਂ, ਕਬੀਲਿਆਂ ਅਤੇ ਮਜ਼ਹਬਾਂ ਦੇ ਲੋਕ ਦੁਨੀਆਂ ਦੇ ਸਾਂਝੇ ਧਰਮ ਦਾ ਗੁਲਦਸਤਾ ਬਣ ਗਿਆਨ-ਵਿਗਿਆਨ, ਸ਼ੁਭ ਗੁਣਾਂ, ਸੇਵਾ, ਸਿਮਰਨ, ਪਿਆਰ ਅਤੇ ਪਰਉਪਕਾਰਾਂ ਦੀ ਮਹਿਕ ਨਹੀਂ ਵੰਡ ਸਕਦੇ? ਮਨੁੱਖ ਆਪਣੀ ਆਦਮ ਜਾਤ ਨੂੰ, ਕਦੋਂ ਆਪਣੀ ਸਮਝੇਗਾ? ਕੀ ਮੰਨੇ ਗਏ ਰੱਬ ਦਾ ਪੈਦਾ ਕੀਤਾ ਮਨੁੱਖ ਧਰਮ, ਮਜ਼ਹਬ, ਦੇਸ਼, ਕੌਮ, ਲੋਕਾਈ ਅਤੇ ਰਾਜਨੀਤੀ ਨੂੰ ਇੱਕ ਦੂਜੇ ਦਾ ਦੁਸ਼ਮਣ ਸਮਝ ਅਤੇ ਬਣ ਕੇ ਕਤਲੋਗਾਰਤ ਹੀ ਕਰਦਾ ਰਹੇਗਾ?
ਸੋ ਸਾਨੂੰ ਰੱਬ, ਧਰਮ, ਲੋਕਾਈ ਅਤੇ ਰਾਜਨੀਤੀ ਦਾ ਕੰਸੈਪਟ (ਸਿਧਾਂਤ) ਦੀਰਘ ਵਿਚਾਰ ਨਾਲ ਸਮਝ ਕੇ ਜੀਵਨ ਬਸਰ ਕਰਨਾ ਚਾਹੀਦਾ ਹੈ ਨਾਂ ਕਿ ਅੰਧ ਵਿਸ਼ਵਾਸ਼ੀ ਹੋ, ਨਿਰਾਰਥਕ ਕਰਮਕਾਂਡ ਕਰਦੇ ਰੱਬ, ਧਰਮ ਅਤੇ ਰਾਜਨੀਤੀ ਦੇ ਆਪੋ ਆਪਣੇ ਬਣਾਏ ਨੇਮਾਂ ਤੇ ਹੀ ਲੜਦੇ ਰਹਿਣਾ ਚਾਹੀਦਾ ਹੈ। ਰੱਬ ਇੱਕ ਸਿਸਟਮ ਹੈ ਜਿਸ ਵਿੱਚ ਸਾਰਾ ਸੰਸਾਰ ਚੱਲ ਰਿਹਾ ਹੈ, ਜਦ ਅਸੀਂ ਇਸ ਸਿਸਟਮ ਤੋਂ ਬਾਹਰ ਹੂੰਦੇ ਹਾਂ ਤਾਂ ਦੁੱਖ ਅਤੇ ਜੇ ਇਸ ਦੇ ਅੰਦਰ ਹੁੰਦੇ ਹਾਂ ਤਾਂ ਸੁੱਖ ਪਾਉਂਦੇ ਹਾਂ। ਇਸ ਸਿਸਟਮ ਨੂੰ ਸਮਝਣ ਦੀ ਲੋੜ ਹੈ ਨਾਂ ਕਿ ਬੇ ਗਿਆਨੇ, ਬੇਧਿਆਨੇ ਜੰਤ੍ਰ-ਮੰਤ੍ਰ, ਤੋਤ ਰਟਨੀ ਪੂਜਾ-ਪਾਠ ਆਦਿਕ ਨਿਰਾਰਥਕ ਕਰਮ ਕਰਨ ਨੂੰ ਹੀ ਧਰਮ ਸਮਝੀ ਜਾਣਾ ਹੈ। ਸਭ ਕੁੱਝ ਰੱਬ ਤੇ ਸੁੱਟ ਕੇ ਇਹ ਕਹਿਣਾ ਕਿ ਉਹ ਸਭ ਕੁੱਝ ਕਰਵਾ ਰਿਹਾ ਹੈ ਠੀਕ ਨਹੀਂ, ਜੇ ਠੀਕ ਹੈ ਤਾਂ ਕੀ ਰੱਬ ਬੁਰੇ ਕਰਮ ਵੀ ਕਰਾਉਂਦਾ ਹੈ? ਜੇ ਕਰਾਉਂਦਾ ਹੈ ਤਾਂ ਫਿਰ ਉਹ ਕਿਧਰ ਦਾ ਚੰਗਾ ਰੱਬ ਹੈ? ਜੇ ਅਸੀਂ ਕੋਈ ਚੰਗਾ ਕੰਮ ਕਰਦੇ ਹਾਂ ਜਾਂ ਜਿਸ ਕਰਮ ਨਾਲ ਸਾਨੂੰ ਲਾਭ ਹੁੰਦਾ ਹੈ ਕਹਿੰਦੇ ਹਾਂ ਇਹ ਅਸੀਂ ਕੀਤਾ ਹੈ ਜੇ ਬੁਰਾ ਕਰਦੇ ਜਾਂ ਬੁਰਾ ਹੋ ਜਾਏ ਤਾਂ ਕਹਿ ਦਿੰਦੇ ਹਾਂ ਕਿ ਇਹ ਰੱਬ ਨੇ ਹੀ ਕਰਵਾਇਆ ਹੈ। ਰੱਬ ਦੀ ਕੁਦਰਤ (ਸਿਸਟਮ) ਬੜੀ ਤਾਕਤਵਰ ਅਤੇ ਵਿਸ਼ਾਲ ਹੈ। ਇਸ ਵਿਸ਼ਾਲਤਾ ਦੀ ਖੋਜ ਅਤੇ ਮੌਜ ਵਿੱਚ ਰਹਿਣਾ ਚਾਹੀਦਾ ਅਤੇ ਦੂਰਦ੍ਰਿਸ਼ਟੀ ਵਰਤਨੀ ਚਾਹੀਦੀ ਹੈ-ਜੋ ਖੋਜੇ ਸੋ ਪਾਵੇ ਅਤੇ ਖੋਜੀ ਉਪਜੈ ਬਾਦੀ ਬਿਨਸੈ॥ (1255) ਗੁਰਬਾਣੀ ਵੀ ਇਸ ਦੀ ਪ੍ਰੋੜਤਾ ਕਰਦੀ ਹੈ। ਜੇ ਸਿੱਖ ਗੁਰਬਾਣੀ ਨੂੰ ਧਿਆਨ ਨਾਲ ਪੜਨ, ਵਿਚਾਰਨ, ਧਾਰਨ ਅਤੇ ਅਮਲ ਕਰਨ ਤਾਂ ਉਸ ਅਸਲੀ ਧਰਮ ਨੂੰ ਸਮਝ ਸਕਦੇ ਹਨ ਜਿਸ ਧਰਮ (ਸਿਧਾਂਤ) ਦੀ ਸਾਰੇ ਸੰਸਾਰ ਨੂੰ ਲੋੜ ਹੈ ਪਰ ਬੜੇ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਗੁਰਸਿੱਖਾਂ ਦੇ ਲੀਡਰ ਵੀ ਧਰਮ ਨੂੰ ਰਾਜਨੀਤੀ ਲਈ ਅਤੇ ਰਾਜਨੀਤੀ ਨੂੰ ਕੁਰਸੀ ਅਤੇ ਆਪੋ-ਆਪਣੀਆਂ ਗਰਜਾਂ ਲਈ ਵਰਤ ਰਹੇ ਹਨ। ਧਰਮ ਅਤੇ ਰਾਜਨੀਤੀ ਦੋਹਾਂ ਦੇ ਨਾਂ ਤੇ ਆਂਮ ਜਨਤਾ ਲੁੱਟੀ ਜਾ ਰਹੀ ਹੈ-ਪਰਜਾ ਅੰਧੀ ਗਿਆਨ ਬਿਨ …॥ (ਭਾ. ਗੁ.) ਅਖੌਤੀ ਧਰਮੀ ਲੀਡਰ ਰੱਬ ਦੇ ਅਤੇ ਹੰਕਾਰੀ ਰਾਜਨੀਤਕ ਲੋਕ ਰਾਜ ਸ਼ਕਤੀ ਦੇ ਡਰਾਵੇ ਦੇ ਕੇ, ਜਨਤਾ ਨੂੰ ਪਿੱਛੇ ਲਗਾਈ ਫਿਰਦੇ ਹਨ। ਅਸੀਂ ਰੱਬ, ਧਰਮ ਅਤੇ ਰਾਜ ਆਪੋ-ਆਪਣੀ ਮਰਜੀ ਦੇ ਬਣਾਈ ਫਿਰਦੇ ਹਾਂ। ਇਸੇ ਕਰਕੇ ਸਾਡਾ ਦੂਜਿਆਂ ਨਾਲੋ ਵੱਖਰੇਵਾਂ ਬਣਿਆਂ ਰਹਿੰਦਾ ਹੈ। ਕਾਸ! ਦੁਨੀਆਂ ਸਮਝ ਸਕਦੀ ਕਿ ਸਾਡਾ ਸਭ ਦਾ ਰੱਬ, ਧਰਮ ਅਤੇ ਰਾਜ ਇੱਕ ਅਤੇ ਸਰਬਸਾਂਝਾ ਹੈ। ਇਸ ਲਈ ਅਸੀਂ ਇੱਕ ਪ੍ਰਵਾਰ ਵਾਂਗ ਸੰਸਾਰ ਵਿੱਚ ਵਿਚਰੀਏ ਤਾਂ ਕਿ ਸਾਡੀਆਂ ਰੱਬ, ਧਰਮ ਅਤੇ ਰਾਜਨੀਤੀ ਦੇ ਨਾਂ ਕੀਤੀਆਂ ਜਾ ਰਹੀਆਂ ਹੇਰਾਂ ਫੇਰੀਆਂ, ਖੂਨ ਖਰਾਬੇ ਅਤੇ ਲੜਾਈਆਂ ਬੰਦ ਹੋ ਜਾਣ। ਦੀਰਘ ਵਿਚਾਰ ਨਾਲ ਸੋਚੋ ਜੇ ਸੰਸਾਰ ਤੇ ਸਦਾ ਨਹੀਂ ਰਹਿਣਾ ਫਿਰ ਇਹ ਧਰਮ ਅਤੇ ਰਾਜ ਦੇ ਨਾਂ ਤੇ ਪਾਏ ਵਖਰੇਵੇ ਅਤੇ ਲੜਾਈਆਂ ਕਿਸ ਲਈ ਹਨ? ਵਾਸਤਾ ਰੱਬ ਦਾ! ਰੱਬ, ਧਰਮ ਅਤੇ ਰਾਜਨੀਤੀ ਨੂੰ ਬਿਬੇਕ ਬੁੱਧ ਨਾਲ ਸਮਝ ਕੇ, ਆਪਸੀ ਮੇਲ ਜੋਲ ਅਤੇ ਪ੍ਰੇਮ ਪਿਆਰ ਦੇ ਅਨੰਦ ਮਾਣਦੇ ਹੋਏ ਲੂੰਬੜ ਲੀਡਰਾਂ ਤੋਂ ਸੁਚੇਤ ਰਹੋ। ਅਸਲ ਵਿੱਚ ਸੱਚੇ-ਸੁੱਚੇ ਪ੍ਰੇਮ ਪਿਆਰ ਕਰਤਾਰ ਦਾ ਨਾਂ ਹੀ ਰੱਬ ਅਤੇ ਸਰਬੱਤ ਦੇ ਭਲੇ ਵਾਲੇ ਰਾਜਪ੍ਰਬੰਧ ਦਾ ਨਾਂ ਹੀ ਅਸਲ ਰਾਜਨੀਤੀ ਹੈ ਅਤੇ ਸਮੁੱਚੇ ਸੰਸਾਰ ਦਾ ਇਸ ਨਿਯਮ ਦੀ ਪਾਲਣਾ ਕਰਨ ਵਿੱਚ ਹੀ ਭਲਾ ਹੈ।
ਅਵਤਾਰ ਸਿੰਘ ਮਿਸ਼ਨਰੀ

ਪੂਜਾ, ਪੁਜਾਰੀ, ਪੂਜਣਵਾਲੇ ਅਤੇ ਗੁਰੂ ਕੇ ਵਜ਼ੀਰ

ਪੂਜਾ, ਪੁਜਾਰੀ, ਪੂਜਣਵਾਲੇ ਅਤੇ ਗੁਰੂ ਕੇ ਵਜ਼ੀਰ

ਅਵਤਾਰ ਸਿੰਘ ਮਿਸ਼ਨਰੀ (5104325827)

ਸੰਸਕ੍ਰਿਤ ਦੇ ਸ਼ਬਦ ਪੂਜਾ ਅਤੇ ਪੁਜਾਰੀ ਸਨਾਤਨ ਧਰਮ-ਹਿੰਦੂ ਧਰਮ ਨਾਲ ਸਬੰਧਤ ਹਨ ਜੋ ਭਗਵੇ ਬਾਣਾਧਾਰੀ ਸਾਧਾਂ ਰਾਹੀਂ ਸਿੱਖਾਂ ਵਿੱਚ ਆਏ। ਕਾਜ਼ੀ, ਬ੍ਰਾਹਮਣ, ਜੋਗੀ, ਜੈਨੀ, ਭਗਵੇ ਸਾਧ, ਮੁਲਾਂ ਮੌਲਾਣੇ ਅਤੇ ਪਾਦਰੀ ਆਦਿਕ ਇਨਸਾਨੀਅਤ ਤੋਂ ਥੱਲੇ ਡਿੱਗ ਕੇ ਆਂਮ ਜਨਤਾ ਨੂੰ ਲੁੱਟਦੇ ਅਤੇ ਰਾਜਿਆਂ ਮਹਾਂਰਾਜਿਆਂ ਦੀ ਜੀ-ਹਜ਼ੂਰੀ ਕਰਦੇ ਸਨ ਅਤੇ ਸੱਚ ਬੋਲਣ ਵਾਲੇ ਦੇ ਵਿਰੁੱਧ ਫਤਵੇ ਆਦੇਸ਼ ਆਦਿਕ ਜਾਰੀ ਕਰਦੇ-ਕਰਵਾਉਂਦੇ ਸਨ। ਇਸ ਕਰਕੇ ਆਂਮ ਜਨਤਾ ਇਨ੍ਹਾਂ ਦੇ ਦੱਸੇ ਕਰਮਕਾਂਡਾਂ ਅਨੁਸਾਰ ਪੂਜਾ ਕਰਨ ਲਈ ਮਜਬੂਰ ਸੀ। ਗੁਰੂ ਨਾਨਕ ਸਾਹਿਬ ਨੇ ਇਨ੍ਹਾਂ ਧਾਰਮਿਕ ਲੁਟੇਰਿਆਂ ਤੋਂ ਜਨਤਾ ਨੂੰ ਜਾਗਰੂਕ ਕਰਦੇ ਹੋਏ ਫੁਰਮਾਇਆ ਸੀ-ਕਾਦੀ ਕੂੜ ਬੋਲਿ ਮਲਿ ਖਾਇ॥ ਬਾਮਣ ਨਾਵੈ ਜੀਆਂ ਘਾਇ॥ ਜੋਗੀ ਜੁਗਤਿ ਨਾ ਜਾਣੈ ਅੰਧੁ॥ ਤੀਨੇ ਓਜਾੜੈ ਕਾ ਬੰਧੁ॥ (662) ਪਰ ਅੱਜ ਦਾ ਸਾਧ ਲਾਣਾ ਅਤੇ ਸੰਪ੍ਰਦਾਈਆਂ ਨੇ ਇਨ੍ਹਾਂ ਪੁਰਾਤਨ ਧਾਰਮਿਕ-ਲੁਟੇਰੇ ਆਗੂਆਂ ਦੇ ਹੀ ਨਕਸ਼ੇ ਕਦਮਾਂ ਤੇ ਚਲਦਿਆਂ ਹੋਇਆਂ, ਪੂਜਾ, ਪੁਜਾਰੀ, ਮਹੰਤ ਅਤੇ ਪ੍ਰੋਹਿਤਵਾਦ ਨੂੰ ਸਿੱਖ ਧਰਮ ਵਿੱਚ ਘਸੋੜ ਦਿੱਤਾ ਹੈ। ਜਿਸ ਦਾ ਨਤੀਜਾ ਅੱਜ ਜਿੱਥੇ ਗੁਰਦੁਆਰਿਆਂ ਵਿੱਚ ਵੀ ਵਿਖਾਵੇ ਵਾਲੀ ਪੂਜਾ ਹੋ ਰਹੀ ਹੈ, ਓਥੇ ਤਖਤਾਂ ਦੇ ਪੁਜਾਰੀ (ਜਥੇਦਾਰ) ਵੀ ਆਪਣੇ ਬੇਹੂਦੇ ਆਦੇਸ਼ ਜਾਰੀ ਕਰਕੇ, ਪੰਥਕ ਵਿਦਵਾਨਾਂ ਨੂੰ ਜ਼ਲੀਲ ਕਰਦੇ ਰਹਿੰਦੇ ਹਨ ਅਤੇ ਆਪਣੇ ਆਕਾਵਾਂ ਦੇ ਵਿਰੋਧੀਆਂ ਨੂੰ ਪੰਥ ਚੋਂ ਝੱਟ ਛੇਕ ਦੇਂਦੇ ਹਨ।

ਪੂਜਾ
-ਪੂਜਨ ਦੀ ਕ੍ਰਿਆ ਜੋ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਸ਼ਿਵਲਿੰਗ ਆਦਿਕ ਨੂੰ ਦੁੱਧ-ਘੀ, ਧੂਪ, ਦੀਪ, ਸੰਧੂਰ, ਚੰਦਨ ਲੇਪਨ, ਕਸਤੂਰੀ, ਤੁਲਸੀ, ਅੰਨ ਪਾਣੀ, ਖੱਟਾ-ਮਿੱਠਾ ਆਦਿਕ ਪਦਾਰਥਾਂ ਨਾਲ ਪੂਜਿਆ ਜਾਂਦਾ ਹੈ। ਪਰ ਗੁਰਮਤਿ ਅਜਿਹੀ ਮਨੋਕਲਪਿਤ ਪੂਜਾ ਨੂੰ ਪ੍ਰਵਾਣ ਨਹੀਂ ਕਰਦੀ। ਭਾ. ਕਾਨ੍ਹ ਸਿੰਘ ਨ੍ਹਾਭਾ ਲਿਖਦੇ ਹਨ ਕਿ ਕਿਸੇ ਖਾਸ ਸਥਾਨ ਅਰ ਖਾਸ ਸਮੱਗਰੀ ਨਾਲ ਸਰਬ ਵਿਆਪੀ ਕਰਤਾਰ ਦਾ ਪੂਜਨ ਸਿੱਖ ਧਰਮ ਵਿੱਚ ਨਿਸ਼ੇਧ ਕੀਤਾ ਗਿਆ ਹੈ। ਪਰਮ ਪਿਤਾ ਵਾਹਿਗੁਰੂ ਦੀ ਪੂਜਾ ਬਾਰੇ ਗੁਰੂ ਸਾਹਿਬ ਇਸ ਤਰ੍ਹਾਂ ਉਪਦੇਸ਼ ਕਰਦੇ ਹਨ-ਤੇਰਾ ਨਾਮੁ ਕਰੀ ਚਨਣਾਠੀਆ, ਜੇ ਮਨੁ ਉਰਸਾ ਹੋਇ॥ ਕਰਣੀ ਕੁੰਗੂ ਜੇ ਰਲੈ, ਘਟ ਅੰਤਰਿ ਪੂਜਾ ਹੋਇ॥ 1॥ ਪੁਜਾ ਕੀਚੈ ਨਾਮੁ ਧਿਆਈਐ, ਬਿਨੁ ਨਾਵੈ ਪੂਜ ਨ ਹੋਇ॥ 1॥ ਰਹਾਉ॥ ਬਾਹਰਿ ਦੇਵ ਪਖਾਲੀਅਹਿ, ਜੇ ਮਨੁ ਧੋਵੈ ਕੋਇ॥ ਜੂਠਿ ਲਹੈ ਜੀਉ ਮਾਂਜੀਐ, ਮੋਖ ਪਇਆਣਾ ਹੋਇ॥ (489) ਭਾਵ ਨਾਮ ਹੀ ਅਸਲ ਪੂਜਾ ਹੈ, ਬਾਕੀ ਸਭ ਕਰਮਕਾਂਡ ਹਨ। ਇਨ੍ਹਾਂ ਬਾਹਰੀ ਸਮੱਗਰੀਆਂ ਨਾਲ ਪ੍ਰਮਾਤਮਾਂ ਦੀ ਪੂਜਾ ਹੋ ਹੀ ਨਹੀਂ ਸਕਦੀ। ਇਸ ਦੀ ਪ੍ਰੋੜਤਾ ਕਰਦੇ ਭਗਤ ਰਵਿਦਾਸ ਜੀ ਵੀ ਫੁਰਮਾਂਦੇ ਹਨ-ਦੂਧੁ ਤ ਬਛਰੈ ਥਨਹੁ ਬਿਟਾਰਿਓ॥ ਫੂਲੁ ਭਵਰਿ ਜਲੁ ਮੀਨਿ ਬਿਗਾਰਿਓ॥ 1॥ ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵਉ? …. ਪੂਜਾ ਅਰਚਾ ਆਹਿ ਨ ਤੋਰੀ॥ ਕਹਿ ਰਵਿਦਾਸ ਕਵਨ ਗਤਿ ਮੋਰੀ॥ 5॥ 1॥ (525) ਭਾਵ ਦੁੱਧ ਨੂੰ ਵੱਛੇ, ਫੁੱਲ ਨੂੰ ਭਵਰੇ, ਜਲ ਨੂੰ ਮੱਛੀ ਆਦਿਕ ਨੇ ਜੂਠਾ ਕਰ ਦਿੱਤਾ ਹੈ। ਧੂਪਾਂ ਦੀਪਾਂ ਸਮੱਗਰੀਆਂ ਆਦਿਕ ਵੀ ਸੁਗੰਧੀ ਕਰਕੇ ਜੂਠੀਆਂ ਹੋ ਚੁੱਕੀਆਂ ਹਨ। ਇਸ ਕਰਕੇ ਮੈਂ ਤਨ ਮਨ ਦੀ ਭੇਟਾ ਹੀ ਪੂਜਾ ਲਈ ਅਰਪਣ ਕਰਦਾ ਹਾਂ ਭਾਵ ਆਪਾ ਭੇਟ ਕਰਨਾ ਹੀ ਅਸਲ ਪੂਜਾ ਹੈ। ਗੁਰੂ ਰਾਮਦਾਸ ਜੀ ਫੁਰਮਾਂਦੇ ਹਨ ਕਿ-ਭਰਮਿ ਭੂਲੇ ਅਗਿਆਨੀ ਅੰਧੁਲੇ, ਭਰਮਿ ਭਰਮਿ ਫੂਲ ਤੋਰਾਵੈਂ॥ ਨਿਰ ਜੀਉ ਪੂਜਹਿ ਮੜਾ ਸਰੇਵਹਿ, ਸਭ ਬਿਰਥੀ ਘਾਲ ਗਵਾਵੈਂ॥ (1264) ਭਾਵ ਨਿਰਜਿੰਦ ਪੱਥਰਾਂ ਨੂੰ ਪੂਜਣ ਲਈ ਜੀਵਤ ਫੁਲ ਤੋੜ ਕੇ ਪੂਜਾ ਲਈ ਚੜ੍ਹਾਉਂਦੇ ਹਨ।

ਸ੍ਰ. ਪਿਆਰਾ ਸਿੰਘ ਪਦਮ ਅਨੁਸਾਰ ਇਸ਼ਟ ਪ੍ਰਤੀ ਸ਼ਰਧਾ ਭਾਵਨਾ ਜਾਂ ਆਦਰ ਪ੍ਰੇਮ ਪ੍ਰਗਟਾਉਣ ਵਾਲੀ ਕ੍ਰਿਆ ਪੂਜਾ ਹੈ। ਹਿੰਦੂ ਮੱਤ ਵਿੱਚ ਚੂੰਕਿ ਦੇਵਤਾ ਨੂੰ ਸਾਕਾਰ ਰੂਪ ਵਿੱਚ ਕਲਪਿਆ ਜਾਂਦਾ ਸੀ। ਇਸ ਲਈ ਮਾਨਸਿਕ ਪੂਜਾ ਮਾਤ੍ਰ ਤੋਂ ਇਲਾਵਾ ਬਾਹਰਲੇ ਅਮਲਾਂ ਰਾਹੀਂ ਵੀ ਉਸ ਨੂੰ ਪੂਜਿਆ ਆਰਾਧਿਆ ਜਾਂਦਾ ਹੈ। ਇਸ ਪੂਜਾ ਦੇ 16 ਭੇਦ ਦੱਸੇ ਹਨ-ਅਵਾਹਨ, ਆਸਨ, ਪਾਦਯ, ਅਰਘ, ਆਚਮਨ, ਇਸ਼ਨਾਨ, ਬਸਤਰ, ਜਨੇਊ, ਸੁਗੰਧ, ਪੁਸ਼ਪ, ਧੁਪ, ਦੀਪ, ਭੋਜਨ, ਭੇਟਾ, ਵਾਰੇ ਜਾਣਾ, ਬਿਰਾਜਮਾਨ ਕਰਨਾ ਆਦਿਕ। ਇਹ ਇੱਕ ਦੇਵਤੇ ਦੇ ਬੁਲਾਉਣ ਤੋਂ ਲੈ ਕੇ ਉਸ ਦੇ ਹੱਥ ਮੂੰਹ ਧੁਆਉਣ, ਸੁਗੰਧਤ ਕਰਨ ਅਤੇ ਅੰਤ ਆਪਣੇ ਆਸਣ ਤੇ ਬ੍ਰਿਾਜਮਾਨ ਕਰਨ ਤੱਕ ਦੀ ਕ੍ਰਿਆ ਹੈ ਭਾਵ ਇਸ ਦਾ ਇਹੀ ਹੈ ਕਿ ਉਸਦੀ ਪ੍ਰਸੰਤਾ ਲਈ ਭਗਤੀ ਭਾਵ ਨਾਲ ਹਰ ਗੱਲ ਕਰਨੀ, ਜਿਵੇਂ ਕਿਵੇਂ ਇਸ਼ਟ ਨੂੰ ਰੀਝਾਉਣਾ। ਗੁਰੂ ਨਾਨਕ ਜੀ ਨੇ ਇਸ ਵਿਖਾਵੇ ਵਾਲੀ ਕਰਮਕਾਂਡੀ ਪੂਜਾ ਦਾ ਖੰਡਨ ਕਰਦਿਆਂ ਕਿਹਾ ਕਿ ਅਸਲ ਪੂਜਾ ਪ੍ਰਭੂ ਸਿਮਰਨ ਹੈ-ਪੂਜਾ ਕੀਚੈ ਨਾਮੁ ਧਿਆਈਐ, ਬਿਨੁ ਨਾਵੈ ਪੂਜ ਨ ਹੋਇ॥ 1॥ ਰਹਾਉ॥ (489) ਭਗਤ ਰਾਮਾਨੰਦ ਜੀ ਵੀ ਇਸ ਬਾਰੇ ਫੁਰਮਾਂਦੇ ਹਨ-ਕਤ ਜਾਈਐ ਰੇ ਘਰਿ ਲਾਗੋ ਰੰਗੁ॥ ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ॥ 1॥ ਰਹਾਉ॥ ਏਕ ਦਿਵਸ ਮਨ ਭਈ ਉਮੰਗਿ॥ ਘਸਿ ਚੰਦਨ ਚੋਆ ਬਹੁ ਸੁਗੰਧਿ॥ ਪੂਜਨ ਚਾਲੀ ਬ੍ਰਹਮ ਠਾਇ॥ ਸੁ ਬ੍ਰਹਮੁ ਬਤਾਇਓ ਗੁਰਿ ਮਨ ਹੀ ਮਾਹਿ॥ 1॥ ਜਹਾ ਜਾਈਐ ਤਹ ਜਲ ਪਾਖਾਨ॥ ਤੂ ਪੂਰਿ ਰਹਿਓ ਹੈਂ ਸਭ ਸਮਾਨ॥ ਬੇਦ ਪੁਰਾਨ ਸਭ ਦੇਖੇ ਜੋਇ॥ ਊਹਾਂ ਤਉ ਜਾਈਐ ਜਉ ਈਹਾਂ ਨ ਹੋਇ॥ 2॥ ਸਤਿਗੁਰੁ ਮੈ ਬਲਿਹਾਰੀ ਤੋਰ॥ ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ॥ ਰਾਮਾਨੰਦ ਸੁਆਮੀ ਰਮਤੁ ਬ੍ਰਹਮੁ॥ ਗੁਰ ਕਾ ਸਬਦੁ ਕਾਟੇ ਕਟਿ ਕਰਮ॥ 3॥ (1195) ਭਗਤ ਰਾਮਾਨੰਦ ਜੀ ਕਹਿ ਰਹੇ ਹਨ ਕਿ ਇੱਕ ਦਿਨ ਮੇਰੇ ਮਨ ਚ’ ਵੀ ਪੂਜਾ ਕਰਨ ਦੀ ਤਮੰਨਾ ਪੈਦਾ ਹੋਈ ਤਾਂ ਮੈ ਚੋਆ ਚੰਦਨ ਆਦਿਕ ਸਮੱਗਰੀ ਲੈ ਕੇ ਬ੍ਰਹਮ ਦੀ ਪੂਜਾ ਕਰਨ ਚਲਿਆ ਤਾਂ ਗੁਰੂ ਨੇ ਬ੍ਰਹਮ ਮਨ ਵਿੱਚ ਹੀ ਦਿਖਾ ਦਿੱਤਾ ਤੇ ਮੇਰੇ ਪੂਜਾ ਪ੍ਰਤੀ ਸਾਰੇ ਭਰਮ ਕੱਟ ਦਿੱਤੇ। ਗੁਰ-ਸ਼ਬਦ ਦੀ ਵਿਚਾਰ ਕਰਕੇ ਅਮਲ ਕਰਨਾ ਹੀ ਅਸਲ ਪੂਜਾ ਹੈ।

ਪੁਜਾਰੀ
-ਪੂਜਾ ਕਰਨ ਵਾਲਾ। ਪੁਜਾਰੀ ਸ਼੍ਰੇਣੀ ਚਤੁਰ ਬ੍ਰਾਹਮਣ ਦੀ ਹੀ ਕਾਢ੍ਹ ਹੈ। ਅੱਜ ਮੰਦਰ ਦਾ ਪੰਡਿਤ, ਚਰਚ ਦਾ ਪਾਦਰੀ, ਗੁਰਦੁਆਰੇ ਦਾ ਭਾਈ ਅਤੇ ਮਸਜਿਦ ਦਾ ਮੁਲਾਂ ਬਹੁਤਾਤ ਵਿੱਚ ਪੁਜਾਰੀ ਵਾਲਾ ਰੋਲ ਹੀ ਕਰ ਰਹੇ ਹਨ। ਪੂਜਾ ਸ਼ਬਦ ਹੀ ਸੰਸਕ੍ਰਿਤ ਦਾ ਹੈ ਅਤੇ ਸੰਸਕ੍ਰਿਤ ਹਿੰਦੂ ਧਰਮ ਅਨੁਸਾਰ ਦੇਵ ਭਾਸ਼ਾ ਹੈ। ਕਰੋੜਾਂ ਹੀ ਦੇਵੀ ਦੇਵਤੇ ਮੰਨੇ ਗਏ ਹਨ ਅਤੇ ਹਰੇਕ ਦੀ ਵੱਖ-ਵੱਖ ਢੰਗ ਅਤੇ ਵੱਖ-ਵੱਖ ਸਮੱਗਰੀ ਨਾਲ ਬ੍ਰਾਹਮਣ ਪੁਜਾਰੀ ਰਾਹੀਂ ਪੂਜਾ ਕੀਤੀ ਤੇ ਕਰਾਈ ਜਾਂਦੀ ਹੈ। ਸਾਰੀ ਪੂਜਾ ਸਮੱਗਰੀ ਪੁਜਾਰੀ ਹੀ ਹੜੱਪ ਕਰ ਜਾਂਦਾ ਹੈ-ਭੋਗਣਹਾਰੇ ਭੋਗਿਆ ਇਸੁ ਮੂਰਤਿ ਕੇ ਮੁਖਿ ਛਾਰੁ॥ (479) ਪੁਜਾਰੀ ਨੇ ਆਪਣੀ ਪੇਟ ਪੂਰਤੀ ਲਈ ਤਰ੍ਹਾਂ-ਤਰ੍ਹਾਂ ਦੇ ਕਰਮਕਾਂਡ ਚਲਾ ਰੱਖੇ ਹਨ। ਸ਼ਰਧਾਲੂਆਂ ਨੂੰ ਸਵਰਗ ਦਾ ਲਾਲਚ ਅਤੇ ਨਰਕ ਦਾ ਡਰ ਦੇ ਕੇ, ਅੰਧ ਵਿਸ਼ਵਾਸ਼ੀ ਬਣਾ ਕੇ, ਪੂਜਾ ਭੇਟਾ ਦੇ ਨਾਂ ਤੇ ਲੁੱਟਿਆ ਜਾ ਰਿਹਾ ਹੈ। ਜਿਵੇਂ ਹਿੰਦੂਆਂ ਵਿੱਚ ਬ੍ਰਾਹਮਣ-ਪ੍ਰੋਹਿਤ ਅਤੇ ਮੁਸਲਮਾਨਾਂ ਵਿੱਚ ਕਾਜ਼ੀ, ਮੁਲਾਂ-ਮੌਲਾਣੇ ਹੀ ਸਾਰੀਆਂ ਧਾਰਮਿਕ ਰਸਮਾਂ ਨਿਭਾਉਂਦੇ ਹਨ ਤੇ ਬਾਕੀ ਅਵਾਮ ਨੂੰ ਉਨ੍ਹਾਂ ਤੇ ਹੀ ਡਿਪੈਂਡ ਹੋਣਾ ਪੈਂਦਾ ਹੈ ਪਰ ਸਿੱਖ ਕਿਸੇ ਪੁਜਾਰੀ ਦਾ ਮੁਥਾਜ ਨਹੀਂ, ਉਹ ਸਾਰੀਆਂ ਧਾਰਮਿਕ ਰਸਮਾਂ ਆਪ ਨਿਭਾ ਸਕਦਾ ਹੈ। ਗੁਰੂ ਸਾਹਿਬ ਜੀ ਨੇ ਸੰਗਤਾਂ ਨੂੰ ਇਹ ਅਜ਼ਾਦੀ ਦੇ ਕੇ ਚਿਰਾਂ ਤੋਂ ਚਲੇ ਆ ਰਹੇ ਪੁਜਾਰੀਵਾਦ ਦਾ ਫਸਤਾ ਵੱਢ ਦਿੱਤਾ ਪਰ ਜਦ ਗੁਰਦੁਆਰੇ ਉਦਾਸੀਆਂ, ਨਿਰਮਲਿਆਂ ਅਤੇ ਮਹੰਤਾਂ, ਸੰਪ੍ਰਦਾਈਆਂ ਦੇ ਹੱਥ ਆ ਗਏ ਤਾਂ ਪੁਜਾਰੀਵਾਦ ਦਾ ਬੋਲ ਬਾਲਾ ਫਿਰ ਹੋ ਗਿਆ। ਸਿੱਖ ਅਕਾਲ ਦਾ ਪੁਜਾਰੀ ਭਾਵ ਅਕਾਲ ਤੇ ਭਰੋਸਾ ਰੱਖਣ ਵਾਲਾ ਹੈ-ਠਾਕੁਰ ਕਾ ਸੇਵਕੁ ਸਦਾ ਪੁਜਾਰੀ॥ (285) ਏਕ ਨਾਮ ਕੋ ਥੀਓ ਪੂਜਾਰੀ॥ (209) ਉਪ੍ਰੋਕਤ ਤੁਕਾਂ ਵਿੱਚ ਪੁਜਾਰੀ ਸ਼ਬਦ ਧਾਰਮਿਕ ਰਸਮਾਂ ਨਿਭਾਉਣ ਜਾਂ ਪੂਜਾ ਅਰਦਾਸਾਂ ਕਰਨ ਵਾਲੇ ਬ੍ਰਾਹਮਣ ਜਾਂ ਗ੍ਰੰਥੀ ਭਾਈ ਲਈ ਨਹੀਂ ਹੈ।

ਪੁਜਾਰੀਆਂ ਦੇ ਫਤਵੇ
-ਈਸਾਈ ਪਾਦਰੀਆਂ ਭਾਵ ਪੁਜਾਰੀਆਂ ਦੇ ਫਤਵਿਆਂ ਨੇ ਇੱਕ ਮਹਾਨ ਵਿਗਿਆਨੀ ਗੈਲੀਲੀਓ ਨੂੰ ਜੇਲ੍ਹ ਦੀਆਂ ਸੀਖਾਂ ਪਿਛੇ ਡੱਕ ਕੇ ਜਲੀਲ ਕੀਤਾ, ਪਾਦਰੀਆਂ ਦੀ ਈਨ ਮੰਨਣ ਲਈ ਕਿਹਾ ਪਰ ਸੱਚ ਦਾ ਹੋਕਾ ਦੇਣ ਵਾਲਾ ਗੈਲੀਲੀਓ ਵਿਗਿਆਨਕ ਸੱਚ ਤੋਂ ਪਿਛੇ ਨਾਂ ਹਟਿਆ ਅਤੇ ਕੁਰਬਾਨ ਹੋ ਗਿਆ। ਇਸਲਾਮ ਦੇ ਮੁਲਾਣਿਆਂ ਨੇ ਸਰਮਦ ਵਰਗੇ ਸੂਫੀ ਫਕੀਰ ਨੂੰ ਇਸ ਕਰਕੇ ਮਰਵਾ ਦਿੱਤਾ ਕਿ ਉਸ ਨੇ ਉਨ੍ਹਾਂ ਦੀ ਸ਼ਰ੍ਹਾ ਨਹੀਂ ਕਬੂਲੀ। ਸ਼ੰਕਰਚਾਰੀਆ ਵਰਗੇ ਬ੍ਰਾਹਮਣ ਪੁਜਾਰੀਆਂ ਨੇ ਬੁੱਧ ਵਰਗੇ ਬੁੱਧੀਜੀਵੀਆਂ ਨੂੰ ਭਾਰਤ ਵਿੱਚੋਂ ਕੱਢ ਦਿੱਤਾ।

ਪੁਜਾਰੀ ਵਰਗ ਨੇ ਕਦੇ ਵੀ ਵਿਗਿਆਨਕ ਸੱਚ ਨਹੀਂ ਕਬੂਲਿਆ। ਇਨ੍ਹਾਂ ਦੇ ਚਲਾਏ ਕਰਮਕਾਂਡਾਂ ਦਾ ਭਰਵਾਂ ਖੰਡਨ ਕਰਨ ਵਾਲੇ ਭਗਤ ਕਬੀਰ ਜੀ, ਨਾਮਦੇਵ ਜੀ ਅਤੇ ਰਵਿਦਾਸ ਜੀ ਵਰਗੇ ਉੱਚ ਕੋਟੀ ਦੇ ਭਗਤਾਂ ਦੀ ਰੱਜ ਕੇ ਵਿਰੋਧਤਾ ਕੀਤੀ ਅਤੇ ਵਕਤ ਦੇ ਰਾਜਿਆਂ ਕੋਲੋਂ ਭਿਆਨਕ ਤਸੀਹੇ ਦਿਵਾਏ। ਪੁਜਾਰੀ ਵਰਗ ਨੇ ਸਭ ਤੋਂ ਵੱਧ ਵਿਰੋਧਤਾ ਗੁਰੂ ਨਾਨਕ ਸਾਹਿਬ ਦੀ ਕੀਤੀ, ਉਨ੍ਹਾਂ ਨੂੰ ਕੁਰਾਹੀਆ, ਭੂਤਨਾ ਅਤੇ ਬੇਤਾਲਾ ਵੀ ਕਿਹਾ-ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ॥ (991) ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਜੀ ਨੂੰ ਬੜੀ ਬੇਦਰਦੀ ਨਾਲ ਸ਼ਹੀਦ ਕਰਾਉਣ ਵਿੱਚ ਵੀ ਬੀਰਬਲ ਬ੍ਰਾਹਮਣ, ਚੰਦੂ ਸ਼ਵਾਈਆ, ਮੁਹੰਮਦ ਬਾਕੀ ਬਿੱਲਾ, ਸ਼ੇਖ ਅਹਿਮਦ ਸਰਹਦੀ ਅਤੇ ਸ਼ੇਖ ਫਰੀਦ ਬੁਖਾਰੀ ਆਦਿਕ ਅਖੌਤੀ ਧਾਰਮਿਕ ਲੀਡਰਾਂ ਅਤੇ ਪੁਜਾਰੀਆਂ ਦਾ ਪੂਰਾ ਹੱਥ ਸੀ ਜਿਨ੍ਹਾਂ ਨੇ ਕੰਨਾਂ ਦੇ ਕੱਚੇ ਬਾਦਸ਼ਾਹ ਜਹਾਂਗੀਰ ਦੇ ਰੱਜ ਕੇ ਕੰਨ ਭਰੇ। ਅੰਮ੍ਰਿਤਸਰ ਦੇ ਮਸੰਦ ਪੁਜਾਰੀਆਂ ਨੇ ਵੈਰਾਗ-ਤਿਆਗ ਦੀ ਮੂਰਤਿ ਗੁਰੂ ਤੇਗ ਬਹਾਦਰ ਜੀ ਨੂੰ ਸ੍ਰੀ ਦਰਬਾਰ ਸਾਹਿਬ ਅੰਦਰ ਨਾਂ ਆਣ ਦਿੱਤਾ, ਸਾਰੇ ਦਰਵਾਜੇ ਬੰਦ ਕਰ ਦਿੱਤੇ ਤਾਂ ਗੁਰੂ ਨੂੰ ਕਹਿਣਾ ਪਿਆ-ਹੋ ਮਸੰਦ ਤੁਮ ਅੰਮ੍ਰਿਤਸਰੀਏ। ਤ੍ਰਿਸ਼ਨਾ ਅਗਨਿ ਤੇ ਅੰਤਰਿਸੜੀਏ। (ਸੂਰਜ ਪ੍ਰਕਾਸ਼) ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ-ਪੰਥ ਨੂੰ ਗੁਰਤਾ ਦੇ ਕੇ ਇਹ ਪ੍ਰਥਾ ਹੀ ਬੰਦ ਕਰ ਦਿੱਤੀ। ਹਰੇਕ ਸਿੱਖ ਆਪ ਹੀ ਗੁਰਬਾਣੀ ਦਾ ਪਾਠ, ਕੀਰਤਨ ਵਿਚਾਰ ਅਤੇ ਅਰਦਾਸ ਕਰ ਸਕਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ, ਕਾਫੀ ਸਮਾਂ ਸਿੱਖਾਂ ਨੂੰ ਮੁਗਲੀਆ ਹਕੂਮਤ ਨਾਲ ਜੂਝਦੇ ਜੰਗਲਾਂ ਵਿੱਚ ਰਹਿਣਾ ਪਿਆ, ਤਾਂ ਉਦਾਸੀ ਅਤੇ ਨਿਰਮਲੇ ਸਾਧ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਦੇ ਰਹੇ। ਇਨ੍ਹਾਂ ਉੱਤੇ ਬਨਾਰਸ ਕਾਂਸ਼ੀ ਵਿਖੇ ਵਿਦਿਆ ਪੜ੍ਹਨ ਕਰਕੇ, ਬ੍ਰਾਹਮਣ ਦੀ ਸੰਗਤ ਦਾ ਅਸਰ ਸੀ। ਇਸ ਕਰਕੇ ਗੁਰਦੁਆਰਿਆਂ ਵਿੱਚ ਵੀ ਪੁਜਾਰੀਵਾਦ ਸ਼ੁਰੂ ਹੋ ਗਿਆ। ਮਹਾਂਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਉਸ ਨੇ ਸੈਂਕੜੇ ਏਕੜ ਜ਼ਮੀਨਾਂ ਧਰਮ ਅਸਥਾਨਾਂ ਦੇ ਨਾਂ ਲਵਾ ਦਿੱਤੀਆਂ। ਸਿੱਖ ਅਮੀਰ ਹੋ ਗਏ, ਪੁਜਾਰੀਆਂ ਕੋਲੋਂ ਹੀ ਪਾਠ ਪੂਜਾ ਕਰਵਾਉਣ ਲੱਗ ਪਏ। ਇਉਂ ਪੁਜਾਰੀ ਹੋਰ ਚਾਮਲ ਗਏ ਅਤੇ ਕਈ ਵਿਧੀ ਵਿਧਾਨ ਵਾਲੇ ਪਾਠ ਚਲਾ ਕੇ ਪੈਸੇ ਦੇ ਰੂਪ ਵਿੱਚ ਪੂਜਾ ਭੇਟਾ ਲੈਣ ਲੱਗ ਪਏ। ਵੱਖ-ਵੱਖ ਡੇਰਿਆਂ ਵਿੱਚ ਪਾਠਾਂ ਦੀਆਂ ਇਕੋਤਰੀਆਂ ਚਲਾ ਦਿੱਤੀਆਂ। ਆਮ ਸ਼ਰਧਾਲੂ ਨੂੰ ਗੁਰਬਾਣੀ ਪਾਠ ਦੇ ਨੇੜੇ ਨਾਂ ਲੱਗਣ ਦਿੱਤਾ ਕਿ ਤੁਸੀਂ ਪਾਠ ਸ਼ੁੱਧ ਨਹੀਂ ਕਰ ਸਕਦੇ, ਸਾਡੇ ਡੇਰੇ ਦੇ ਪਾਠੀ ਟਕਸਾਲੀ ਹਨ, ਉਨ੍ਹਾਂ ਤੋਂ ਪਾਠ ਕਰਵਾਓ ਤਾਂ ਕਾਰਜ ਰਾਸ ਹੋਣਗੇ। ਇਸ ਲਾਲਚ ਅਤੇ ਵਹਿਮ ਵਿੱਚ ਲੋਕ ਪੁਜਾਰੀਆਂ ਤੋਂ ਹੀ ਪਾਠ-ਅਰਦਾਸਾਂ ਕਰਾਉਣ ਲੱਗ ਪਏ।

ਫਿਰ ਸਿੰਘ ਸਭਾ ਲਹਿਰ ਉੱਠੀ ਉਸ ਨੇ ਕੁਕਰਮੀ ਮਹੰਤਾਂ ਨੂੰ ਤਾਂ ਧਰਮ ਅਸਥਾਨਾਂ ਵਿੱਚੋਂ ਕੱਢ ਦਿੱਤਾ ਕਿਉਂਕਿ ਮਹੰਤ ਨਰੈਣੂ ਵਰਗੇ ਸ਼ਰੇਆਮ ਗੁਰਦੁਆਰਿਆਂ ਵਿੱਚ ਸ਼ਰਾਬਾਂ ਪੀਣ ਅਤੇ ਕੰਜਰੀਆਂ ਨਚਾਉਣ ਲੱਗ ਪਏ ਸਨ। ਇਉਂ ਮਹੰਤਾਂ ਦੇ ਧਰਮ ਅਸਥਾਨਾਂ ਵਿੱਚੋਂ ਕੱਢੇ ਜਾਣ ਕਰਕੇ ਕੁੱਝ ਸਮਾਂ ਸਿੱਖ ਮਰਯਾਦਾ ਬਹਾਲ ਰਹੀ ਪਰ ਡੇਰਿਆਂ ਦੇ ਪੜ੍ਹੇ ਰਾਗੀ-ਗ੍ਰੰਥੀ ਵੀ ਪੁਜਾਰੀਆਂ ਵਾਲਾ ਰੋਲ ਹੀ ਅਦਾ ਕਰਦੇ ਸਨ। ਹੌਲੀ ਹੌਲੀ ਇਨ੍ਹਾਂ ਨੇ ਆਪਣੇ ਆਪ ਨੂੰ ਸੰਤ ਕਹਾਉਣਾ ਸ਼ੁਰੂ ਕਰ ਦਿੱਤਾ। ਜਿਸ ਦਾ ਸਿੱਟਾ ਨਕਲੀ ਨਿਰੰਕਾਰੀ, ਰਾਧਾ ਸੁਆਮੀ, ਆਸ਼ੂਤੋਸ਼, ਭਨਿਆਰੇ ਵਾਲਾ, ਪਹੇਵੇ ਵਾਲਾ, ਸਰਸੇ ਵਾਲਾ ਬਹੁਰੂਪੀਆ ਸਾਧ ਅਤੇ ਅਨੇਕਾਂ ਹੋਰ ਡੇਰੇ ਅਤੇ ਸੰਪ੍ਰਦਾਈ ਆਪੋ ਆਪਣੀ ਮਰਯਾਦਾ ਚਲਾ ਕੇ ਸਿੱਖ ਸੰਗਤ ਨੂੰ ਗੁਮਰਾਹ ਕਰਕੇ ਦੋਹੀਂ ਹੱਥੀਂ ਲੁੱਟਣ, ਆਪਣੇ ਆਪ ਨੂੰ ਮੱਥੇ ਟਿਕਾਉਣ ਅਤੇ ਆਪਣੇ ਚਰਨਾਂ ਦੀ ਪੂਜਾ ਵੀ ਕਰਵਾਉਣ ਲੱਗ ਪਏ। ਹਿੰਦੂ ਪੁਜਾਰੀਆਂ ਦੀ ਤਰ੍ਹਾਂ ਵਰ ਸਰਾਪ ਦੇਣੇ ਸ਼ੁਰੂ ਕਰ ਦਿੱਤੇ। ਤਰ੍ਹਾਂ-ਤਰ੍ਹਾਂ ਦੀਆਂ ਧੂਪ ਸਮੱਗਰੀਆਂ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਕਰਣੀ-ਕਰਵਾਉਣੀ ਆਰੰਭ ਕਰ ਦਿੱਤੀ ਭਾਵ ਸਿੱਖ ਸੰਗਤਾਂ ਨੂੰ ਵੀ ਗੁਰੂ ਗ੍ਰੰਥ ਜੀ ਨੂੰ ਬੁੱਤਾਂ ਦੀ ਤਰ੍ਹਾਂ ਪੂਜਣ ਤੇ ਲਾ ਦਿੱਤਾ। ਮਨਘੜਤ ਸਾਖੀਆਂ ਸੁਣਾ-ਸੁਣਾ ਆਪਣੇ ਵੱਡੇ ਸੰਤਾਂ ਨੂੰ ਹੀ ਮਹਾਂਰਾਜ ਕਹਿਣ ਤੇ ਕਹਾਉਣ ਲੱਗ ਪਏ। ਫਿਰ ਗ੍ਰੰਥੀਆਂ ਦੇ ਰੂਪ ਵਿੱਚ ਮਹਾਂਨ ਤਖਤਾਂ ਤੇ ਵੀ ਜਾ ਬਿਰਾਜੇ ਅਤੇ ਸਿੰਘ ਸਭਾ ਦੇ ਮੋਢੀਆਂ ਪ੍ਰੋ. ਗੁਰਮੁਖ ਸਿੰਘ ਵਰਗਿਆਂ ਨੂੰ ਤਖਤਾਂ ਤੋਂ ਫਤਵੇ ਜਾਰੀ ਕਰ ਕੇ ਪੰਥ ਚੋਂ ਛੇਕ ਦਿੱਤਾ। ਫਿਰ ਬਾਅਦ ਵਿੱਚ ਗਿ. ਭਾਗ ਸਿੰਘ ਅੰਬਾਲੇ ਵਰਗੇ ਉੱਚਕੋਟੀ ਦੇ ਵਿਦਵਾਨ ਨੂੰ ਵੀ ਪੰਥ ਚੋਂ ਖਾਰਜ ਕਰ ਦਿੱਤਾ। ਐਸ ਵੇਲੇ ਬਹੁਤਾਤ ਸਿੱਖਾਂ ਵਿੱਚ ਬਿਪਰਨ ਕੀਆਂ ਰੀਤਾਂ ਹੀ ਚੱਲ ਰਹੀਆਂ ਹਨ। ਆਪਣੇ ਆਪ ਨੂੰ ਪੰਥ ਦੀਆਂ ਸਿਰਮੌਰ ਜਥੇਬੰਦੀਆਂ ਅਖਵਾਉਣ ਵਾਲੀਆਂ ਟਕਸਾਲਾਂ, ਸੰਪ੍ਰਦਾਵਾਂ ਅਤੇ ਡੇਰੇ ਬਹੁਤਾ ਕਰਕੇ ਬ੍ਰਾਹਮਣੀ ਕਰਮਕਾਂਡ (ਬਿਪਰ ਰੀਤਾਂ) ਹੀ ਕਰੀ-ਕਰਾਈ ਜਾ ਰਹੇ ਹਨ। ਜਦ ਇਨ੍ਹਾਂ ਬਿਪਰ ਰੀਤਾਂ ਦੇ ਵਿਰੁੱਧ ਇੱਕ ਪ੍ਰਵਾਸੀ ਭਾਰਤੀ ਕਨੇਡਾ ਨਿਵਾਸੀ ਸ੍ਰ. ਗੁਰਬਖਸ਼ ਸਿੰਘ “ਕਾਲਾ ਅਫਗਾਨਾ” ਨੇ ਜੋਰਦਾਰ ਅਵਾਜ਼ ਉਠਾਉਂਦੇ ਹੋਏ “ਬਿਪਰਨ ਕੀ ਰੀਤ ਤੋ ਸੱਚ ਦਾ ਮਾਰਗ” ਪੁਸਤਕ ਦਸ ਭਾਗਾਂ ਵਿੱਚ ਲਿਖ ਕੇ ਸਿੱਖ ਕੌਮ ਨੂੰ ਜਾਗਰਿਤ ਕਰਨ ਦੀ ਕਠਿਨ ਕੋਸ਼ਿਸ਼ ਕੀਤੀ ਤਾਂ ਵੇਦਾਂਤੀ ਵਰਗੇ ਪੁਜਾਰੀਆਂ ਨੇ ਉਸ ਦਾ ਪੱਖ ਸੁਣੇ ਬਗੈਰ ਹੀ ਕੁਝਕੁ ਬ੍ਰਾਹਮਣਵਾਦੀ ਸੰਪ੍ਰਦਾਵਾਂ ਦੇ ਦਬਾ ਕਰਕੇ ਬੜੀ ਬੇਦਰਦੀ ਨਾਲ ਪੰਥ ਚੋਂ ਛੇਕ ਦਿੱਤਾ। ਰੋਜ਼ਾਨਾ ਸਪੋਕਸਮੈਨ ਦੇ ਸੰਚਾਕ ਤੇ ਸੰਪਾਦਕ ਸ੍ਰ. ਜੋਗਿੰਦਰ ਸਿੰਘ ਜੋ ਪੇਪਰ ਰਾਹੀਂ ਸੱਚ ਦੀ ਅਵਾਜ਼ ਬੁਲੰਦ ਕਰਕੇ ਸਿੱਖ ਸੰਗਤ ਨੂੰ ਵਹਿਮ ਭਰਮ, ਕਰਮਕਾਂਡ ਛੱਡਣ ਲਈ ਆਪਣੀ ਅਤੇ ਆਪਣੇ ਵਿਦਵਾਨ ਲੇਖਕਾਂ ਦੀ ਲੇਖਣੀ ਰਾਹੀਂ ਸਿਆਸੀ ਆਗੂਆਂ ਦੇ ਪੋਲ ਖੋਲ੍ਹ ਰਹੇ ਸਨ ਅਤੇ ਸ੍ਰ. ਗੁਰਬਖਸ਼ ਸਿੰਘ ਜੀ “ਕਾਲਾ ਅਫਗਾਨਾ” ਵਰਗੇ ਉੱਚ ਕੋਟੀ ਦੇ ਵਿਦਵਾਨਾਂ, ਜੋ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਦਾ ਪ੍ਰਚਾਰ ਕਰਦੇ ਹਨ, ਦੀਆਂ ਕ੍ਰਾਂਤੀਕਾਰੀ ਰਚਨਾਵਾਂ ਨੂੰ “ਸਪੋਕਸਮੈਨ” ਵਿੱਚ ਛਾਪਣਾ ਸ਼ੁਰੂ ਕਰ ਦਿੱਤਾ ਤਾਂ ਇਨ੍ਹਾਂ ਬ੍ਰਾਹਮਣਵਾਦੀ ਪੁਜਾਰੀਆਂ ਦਾ ਹੁਕਨਾਮੇ ਰੂਪ ਕੁਹਾੜਾ ਸਪੋਕਸਮੈਨ ਦੇ ਮੁਖ ਸੰਪਾਦਕ ਸ੍ਰ. ਜੋਗਿੰਦਰ ਸਿੰਘ ਤੇ ਵੀ ਚੱਲ ਗਿਆ। ਅਖੌਤੀ ਦਸਮ ਗ੍ਰੰਥ ਦੀ ਅਸ਼ਲੀਲ ਰਚਨਾਂ ਤ੍ਰਿਆ-ਚਰਿਤ੍ਰ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਤੌਹੀਨ ਕਰਦੀ ਹੈ, ਦੇ ਬਾਰੇ ਜਦ ਪ੍ਰੋ. ਦਰਸ਼ਨ ਸਿੰਘ ਖਾਲਸਾ (ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ) ਨੇ ਸੰਗਤਾਂ ਨੂੰ ਜਾਗ੍ਰਿਤ ਕੀਤਾ ਤਾਂ ਲਾਂਬੇ ਵਰਗੇ ਪੰਥ ਦੋਖੀਆਂ ਦੀ ਚੁੱਕਣਾਂ ਵਿੱਚ ਆ ਕੇ ਦਸਮ ਗ੍ਰੰਥ ਦੇ ਪੁਜਾਰੀ ਸੰਪ੍ਰਦਾਈ ਜਥੇਦਾਰ ਗੁਰਬਚਨ ਸਿੰਘ ਨੇ ਉਨ੍ਹਾਂ ਦਾ ਪੱਖ ਸੁਣੇ ਬਗੈਰ ਹੀ ਪੰਥ ਚੋਂ ਛੇਕ ਦਿੱਤਾ। ਅੱਜ ਇਹ ਪੁਜਾਰੀ ਦਸਮ ਗ੍ਰੰਥ ਵਰਗੀ ਅਸ਼ਲੀਲ ਰਚਨਾ ਨੂੰ ਗੁਰੂ ਦੀ ਬਾਣੀ ਦੇ ਬਰਾਬਰ ਦਰਜਾ ਦੇ ਕੇ ਗੁਰੂਆਂ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਤੇ ਵੀ ਆਪਣੀ ਹਉਂਮੈ ਭਰੀ ਧੌਂਕ ਦਾ ਕੁਹਾੜਾ ਚਲਾ ਰਹੇ ਹਨ। ਇਨ੍ਹਾਂ ਨੂੰ ਇਹ ਗੁਰੂ ਦਾ ਹੁਕਮ “ਗੁਰੂ ਮਾਨਿਓਂ ਗ੍ਰੰਥ” ਭੁਲ ਗਿਆ ਹੈ ਜਾਂ ਕਿਸੇ ਸਾਜਿਸ ਸਦਕਾ “ਅਖੌਤੀ ਦਸਮ ਗ੍ਰੰਥ” ਵਰਗੀ ਅਸ਼ਲੀਲ ਪੁਸਤਕ ਨੂੰ ਰੱਬੀ ਗਿਆਨ ਦੇ ਭੰਡਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰਬਰ ਪ੍ਰਕਾਸ਼ ਕਰ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਿਆਂ ਨੂੰ ਪੰਥ ਚੋਂ ਛੇਕਣ ਦੇ ਆਦੇਸ਼ ਦਿੱਤੇ ਜਾ ਰਹੇ ਹਨ ਅਤੇ “ਅਖੌਤੀ ਗੰਦੀਆਂ ਕਵਿਤਾਵਾਂ ਨਾਲ ਭਰੇ ਗ੍ਰੰਥ” ਦਾ ਪ੍ਰਕਾਸ਼ ਤੇ ਪਾਠ ਕਰਨ ਵਾਲਿਆਂ ਨੂੰ ਸਿਰੋਪੇ ਦਿੱਤੇ ਜਾ ਰਹੇ ਹਨ। ਇਹ ਪੁਜਾਰੀਵਾਦ ਦੀ ਸਿੱਖਰ ਨਹੀਂ ਕਿ ਇੱਕ ਵੀ ਡੇਰੇਦਾਰ, ਸੰਪ੍ਰਦਾਈ ਜਾਂ ਬਾਦਲ ਪੱਖੀ ਜੋ ਡੇਰਾਵਾਦ ਨੂੰ ਬੜਾਵਾ ਦਿੰਦਾ ਹੈ ਅਤੇ ਅਕਾਲ ਤਖਤ ਦੀ ਮਰਯਾਦਾ ਦੀਆਂ ਧੱਜੀਆਂ ਉਡਾ ਕੇ ਸ਼ਰੇਆਮ ਉਲੰਘਣਾ ਕਰਦਾ ਹੈ ਨੂੰ ਕਦੇ ਆਦੇਸ਼ ਦੇ ਕੇ ਪੰਥ ਚੋਂ ਛੇਕਿਆ ਹੋਵੇ। ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰੋਲ ਬਾਣੀ ਦਾ ਪ੍ਰਚਾਰ ਕਰਨਾ ਕੋਈ ਗੁਨਾਹ ਹੈ? ਜਿਸ ਕਰਕੇ ਗੁਰਸਿੱਖ ਵਿਦਵਾਨਾਂ ਦੀ ਜ਼ਬਾਨ ਅਤੇ ਕਲਮ ਬੰਦ ਕਰਵਾਈ ਜਾ ਰਹੀ ਹੈ? ਰਸਮੀ ਅਖੰਡ ਪਾਠ ਕਰ ਕਰਵਾ ਕੇ ਮਾਇਆ ਇਕੱਠੀ ਕਰਨੀ ਪੂਜਾ-ਪੁਜਾਰੀਵਾਦ ਨਹੀਂ ਤਾਂ ਹੋਰ ਕੀ ਹੈ?

ਗੁਰੂ ਕੇ ਵਜ਼ੀਰ ਜਾਂ ਪ੍ਰਬੰਧਕਾਂ ਦੇ ਨੌਕਰ
-ਵਜ਼ੀਰ ਅਰਬੀ ਭਾਸ਼ਾ ਦਾ ਲਫਜ਼ ਹੈ ਅਤੇ ਇਸ ਦੇ ਅਰਥ ਹਨ-ਮੰਤ੍ਰੀ ਰਾਜੇ ਨੂੰ ਨੇਕ ਸਲਾਹ ਦੇਣ ਵਾਲਾ। ਚਾਣਕੀਆ ਆਪਣੇ ਸੂਤ੍ਰਾਂ ਵਿੱਚ ਲਿਖਦਾ ਹੈ ਕਿ ਕਰਨ ਅਤੇ ਨਾਂ ਕਰਨਯੋਗ ਕੰਮ ਦੀ ਅਸਲੀਅਤ ਨੂੰ ਸਮਝਣ ਵਾਲਾ। ਪਰ ਗੁਰਮਤਿ ਵਿੱਚ ਅਕਾਲਪੁਰਖ ਆਪੇ ਹੀ ਮਾਲਕ (ਰਾਜਾ) ਅਤੇ ਆਪ ਹੀ ਸਲਾਹਕਾਰ (ਵਜ਼ੀਰ) ਹੈ-ਆਪੇ ਸਾਹਿਬੁ ਆਪਿ ਵਜੀਰੁ॥ (159) ਗੁਰੂ ਕਾ ਵਜ਼ੀਰ ਲਫਜ਼ ਸਿੱਖ ਇਤਿਹਾਸ ਵਿੱਚ ਕਿਤੇ ਨਹੀਂ ਮਿਲਦਾ। ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਮਹਾਂਨਕੋਸ਼ ਅਤੇ ਗੁਰਮਤਿ ਮਾਰਤੰਡ ਗ੍ਰੰਥਾਂ ਵਿੱਚ “ਗੁਰੂ ਕਾ ਅੰਬ, ਗੁਰੂ ਕਾ ਕੋਠਾ, ਗੁਰੂ ਕਾ ਖੂਹ, ਗੁਰੂ ਕਾ ਚਾਕ, ਗੁਰੂ ਕਾ ਬਾਗ, ਗੁਰੂ ਕਾ ਬਾਜਾਰ, ਗੁਰੂ ਕੀ ਬੀੜ, ਗੁਰੂ ਕਾ ਲਹੌਰ, ਗੁਰੂ ਕੀ ਕਾਂਸ਼ੀ, ਗੁਰੂ ਕੀ ਟਾਹਲੀਆਂ, ਗੁਰੂ ਕੀ ਰੌੜ, ਗੁਰੂ ਕੇ, ਗੁਰੂ ਕੇ ਮਹਲ, ਗੁਰੂ ਕੇ ਮਹਿਲ” ਆਦਿਕ ਲਫਜ਼ ਵਰਤੇ ਹਨ ਪਰ ਗੁਰੂ ਕਾ ਵਜ਼ੀਰ ਕਿਤੇ ਨਹੀਂ ਲਿਖਿਆ। ਗੁਰਮਤਿ ਵਿਖੇ ਇਹ ਤਖਲਸ ਤਾਂ ਮਿਲਦੇ ਹਨ ਜਿਵੇਂ ਮਾਈ, ਭਾਈ, ਬਾਬਾ, ਗੁਰਮੁਖ, ਗੁਰਸਿੱਖ, ਸੇਵਕ, ਗੁਰਸੇਵਕ, ਟਹਿਲੀਆ, ਗੁਲਾਮ, ਵਣਜਾਰਾ, ਪਹਿਰੂਆ, ਮਿਤਰ, ਪਿਆਰਾ, ਗ੍ਰੰਥੀ, ਰਾਗੀ, ਢਾਡੀ, ਕੀਰਤਨੀਆਂ, ਮੁਖੀ, ਗੁਰੂ ਪੰਥੀਆ, ਧਰਮਸਾਲੀਆ, ਗਿਆਨੀ ਆਦਿਕ। ਗੁਰੂ ਕਾ ਵਜ਼ੀਰ ਅਜੋਕੇ ਸਮੇਂ ਵਿੱਚ ਹੀ ਪ੍ਰਚਲਤ ਕੀਤਾ ਗਿਆ ਹੈ। ਸਿੱਖ ਧਰਮ ਵਿੱਚ ਗੁਰੂ ਹੀ ਸਰਬੋਤਮ ਹੈ। ਗੁਰੂ ਸਮਗਰ ਗਿਆਨ ਦਾ ਸੋਮਾ ਹੈ। ਗੁਰੂ ਕੋਈ ਦੇਹਧਾਰੀ ਨਹੀਂ ਸਗੋਂ ਸ਼ਬਦ ਗੁਰੂ ਹੈ, ਜਿਸ ਨੂੰ ਕਿਸੇ ਪੰਜ ਭੂਤਕ ਸਲਾਹਕਾਰ ਦੀ ਲੋੜ ਨਹੀਂ। ਅਜੋਕੇ ਗ੍ਰੰਥੀ ਸਿੰਘ ਜਿੰਨ੍ਹਾਂ ਨੂੰ “ਗੁਰੂ ਕੇ ਵਜ਼ੀਰ” ਕਿਹਾ ਜਾਂਦਾ ਹੈ ਜਾਂ ਉਹ ਆਪਣੇ ਆਪ ਨੂੰ ਕਹਾਉਂਦੇ ਹਨ। ਕੀ ਵਾਕਿਆ ਹੀ ਉਹ ਵਜ਼ੀਰ ਹਨ ਜਾਂ ਨੌਕਰ? ਗੁਰਦੁਆਰੇ ਵਿੱਚ ਸਲਾਹ ਪ੍ਰਬੰਧਕਾਂ ਦੀ ਚਲਦੀ ਹੈ ਜਾਂ ਗ੍ਰੰਥੀਆਂ ਦੀ? ਕੀ ਗ੍ਰੰਥੀ ਪ੍ਰਬੰਧਕਾਂ ਤੋਂ ਤਨਖਾਹ ਨਹੀਂ ਲੈਂਦੇ ਹਨ? ਜਦੋਂ ਮਰਜੀ ਪ੍ਰਬੰਧਕ ਉਨ੍ਹਾਂ ਨੂੰ ਨੌਕਰੀ ਤੋਂ ਫਾਰਗ ਕਰ ਦਿੰਦੇ ਹਨ, ਫਿਰ ਉਹ ਗੁਰੂ ਕੇ ਵਜ਼ੀਰ ਕਿਧਰ ਦੇ ਹੋਏ? ਗੰਥੀ ਸਿੰਘਾਂ ਨੇ ਆਪਣੇ ਹੱਕਾਂ ਲਈ ਜੂਝਣ ਵਾਸਤੇ ਗ੍ਰੰਥੀ ਸਭਾ ਤਾਂ ਬਣਾਈਆਂ ਹੋਈਆਂ ਹਨ ਪਰ ਅੱਜ ਤੱਕ ਕੋਈ “ਗੁਰੂ ਕੇ ਵਜ਼ੀਰ ਸਭਾ” ਨਹੀਂ ਬਣੀ, ਗ੍ਰਥੀ ਸਭਾ ਹੈ, ਰਾਗੀ ਸਭਾ ਹੈ, ਢਾਡੀ ਸਭਾ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਸਿੱਖੀ ਵਿੱਚ “ਗੁਰੂ ਕਾ ਵਜ਼ੀਰ” ਕੋਈ ਪ੍ਰਥਾ ਨਹੀਂ। ਸਿੱਖਾਂ ਵਿੱਚ ਬ੍ਰਾਹਮਣਾਂ ਵਾਂਗ ਕੋਈ ਵਿਸ਼ੇਸ਼ ਮਹੰਤ, ਪ੍ਰੋਹਤ ਜਾਂ ਗ੍ਰੰਥੀ ਪੁਜਾਰੀ ਨਹੀਂ ਜਿਸ ਤੋਂ ਪੁੱਛ ਕੇ ਸਾਰੇ ਕੰਮ ਕੀਤੇ ਜਾਣ। ਆਪਣੀ ਕਿਰਤ-ਵਿਰਤ ਕਰਦਾ ਹੋਇਆ, ਹਰੇਕ ਗੁਰਸਿੱਖ, ਮਾਈ-ਭਾਈ, ਸਿੱਖ-ਸੇਵਕ ਆਪ ਗੁਰਬਾਣੀ ਦਾ ਪਾਠ, ਕੀਰਤਨ, ਕਥਾ ਵੀਚਾਰ, ਪ੍ਰਚਾਰ ਅਤੇ ਅਰਦਾਸ ਕਰ ਸਕਦਾ ਹੈ। ਇਸ ਕਰਕੇ ਗੁਰੂ “ਗੁਰੂ” ਹੀ ਹੈ ਅਤੇ ਸਿੱਖ “ਸਿੱਖ” ਹੀ ਹਨ। ਹਰੇਕ ਸਿੱਖ ਮਾਈ-ਭਾਈ ਹੀ ਗ੍ਰੰਥੀ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਆਪ ਪਾਠ ਕਰਦਾ, ਵੀਚਾਰਦਾ ਅਤੇ ਧਾਰਦਾ ਹੈ। ਗ੍ਰੰਥੀਆਂ ਨੂੰ “ਗੁਰੂ ਕੇ ਵਜ਼ੀਰ” ਹੋਣ ਦਾ ਹੰਕਾਰ ਛੱਡ ਕੇ ਗੁਰਸਿੱਖ ਦੇ ਤੌਰ ਤੇ ਵਿਚਰਨਾ ਚਾਹੀਦਾ ਹੈ। ਮਾਇਆ ਖਾਤਰ ਬੇਗਿਆਨੇ, ਬੇਧਿਆਨੇ, ਹੰਕਾਰੀ ਅਤੇ ਪਾਰਟੀਬਾਜ ਪ੍ਰਬੰਧਕਾਂ ਦੇ ਅੱਗੇ-ਪਿੱਛੇ ਗੇੜੇ ਨਹੀਂ ਮਾਰਨੇ ਚਾਹੀਦੇ।

ਪੂਜਣ ਵਾਲਿਆਂ ਦੇ ਧਿਆਨਯੋਗ
-ਸਦਾ ਯਾਦ ਰੱਖੋ “ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ, ਦਿਦਾਰ ਖ਼ਾਲਸੇ ਦਾ” ਹੀ ਸਿੱਖੀ ਸਿਧਾਂਤ ਹੈ। ਪੂਜਾ-ਪੁਜਾਰੀਵਾਦ ਅਤੇ ਅਖੌਤੀ ਵਜ਼ੀਰਪੁਣਾ ਸਿੱਖੀ ਦਾ ਸਿਧਾਂਤ ਨਹੀਂ ਬਾਹਰੋਂ ਆਈ ਅਮਰਵੇਲ ਹੈ ਜੋ ਸਿੱਖੀ ਦੇ ਵਧਦੇ ਫੁਲਦੇ ਬੂਟੇ ਨੂੰ ਦਿਨੋ-ਦਿਨ ਖਾਈ ਜਾ ਰਹੀ ਹੈ। ਸਿੱਖ ਕਿਰਤੀ ਹੈ, ਸੇਵਾਦਾਰ ਹੈ, ਨਾਮ ਰਸੀਆ ਹੈ, ਸਿਖਿਆਰਥੀ ਹੈ, ਜਥੇਦਾਰ ਹੈ, ਸਰਦਾਰ ਹੈ, ਡਾਕਟਰ, ਇੰਨਜੀਨੀਅਰ, ਸਾਇੰਸਦਾਨ, ਵਿਗਿਆਨੀ, ਖੇਡਾਰੀ, ਸਿਪਾਹੀ, ਫੌਜੀ, ਸ਼ਹੀਦ, ਪ੍ਰਚਾਰਕ, ਲਿਖਾਰੀ ਅਤੇ ਵਾਪਾਰੀ ਤਾਂ ਹੋ ਸਕਦਾ ਹੈ ਪਰ ਪੁਜਾਰੀ-ਸੰਪ੍ਰਦਾਈ ਨਹੀਂ। ਪੂਜਾ-ਪੁਜਾਰੀਵਾਦ ਦਾ ਜੂਲਾ ਮਨੁੱਖਤਾ ਦੇ ਗਲੋਂ ਗਰੂਆਂ-ਭਗਤਾਂ ਨੇ ਲਾਹਿਆ ਸੀ ਜੋ ਅੱਜ ਫਿਰ ਪਾਇਆ ਜਾ ਰਿਹਾ ਹੈ। ਇਸ ਤੋਂ ਬਚਣ ਦੀ ਅਤਿਅੰਤ ਲੋੜ ਹੈ। ਪੁਜਾਰੀਵਾਦ ਦਾ ਸੁੰਡਾ ਸਿੱਖੀ ਸਿਧਾਂਤਾਂ ਦੇ ਹਰਿਆਵਲ ਪੱਤਿਆਂ ਨੂੰ ਬੜੀ ਬੇਦਰਦੀ ਨਾਲ ਖਾਈ ਜਾ ਰਿਹਾ ਹੈ। ਬਚਣਾ ਹੈ ਤਾਂ ਆਪ ਪਾਠ-ਕੀਰਤਨ-ਕਥਾ ਗੁਰਬਾਣੀ ਦੀ ਵਿਚਾਰ ਨਿਤਾ ਪ੍ਰਤੀ ਕਰੋ ਨਿਰਾ ਪੁਜਾਰੀਆਂ ਤੇ ਹੀ ਡਿਪੈਂਡ ਨਾਂ ਹੋਏ ਰਹੋ। ਅੱਜ ਗੁਰੂ ਗ੍ਰੰਥ ਸਾਹਿਬ ਜੀ ਤੇ ਪੂਰਨ ਭਰੋਸਾ ਰੱਖਣਵਾਲੇ ਮਾਈ-ਭਾਈ ਹਰੇਕ ਜਥੇਬੰਦੀ ਨੂੰ ਇੱਕਮੁੱਠ ਹੋ ਕੇ ਪਾਖੰਡੀ ਸਾਧਾਂ ਅਤੇ ਹੰਕਾਰੀ ਪੁਜਾਰੀਆਂ ਦੇ ਵਿਰੁੱਧ ਅਵਾਜ਼ ਬੁਲੰਦ ਕਰਕੇ ਪੁਜਾਰੀਵਾਦ ਦੀ ਪ੍ਰਥਾ ਹੀ ਬੰਦ ਕਰ ਦੇਣੀ ਚਾਹੀਦੀ ਹੈ। ਇਸ ਵਿੱਚ ਹੀ ਗੁਰੂ-ਪੰਥ ਬਲਕਿ ਸਰਬੱਤ ਦਾ ਭਲਾ ਹੈ ਕਿਉਂਕਿ ਗੁਰਸਿੱਖ ਨੂੰ ਸਾਰੇ ਕਰਮ-ਧਰਮ ਗੁਰਮਤਿ ਅਨੁਸਾਰ ਕਰਨ ਦਾ ਪੂਰਨ ਅਧਿਕਾਰ ਹੈ। ਹਰੇਕ ਗੁਰਸਿੱਖ ਗੁਰਬਾਣੀ ਦਾ ਪਾਠ, ਕੀਰਤਨ, ਕਥਾ ਵਿਚਾਰ ਅਤੇ ਅਰਦਾਸ ਆਪ ਕਰ ਸਕਦਾ ਹੈ। ਜਿਸ ਦਿਨ ਹਰੇਕ ਮਾਈ ਭਾਈ ਇਹ ਕਰਮ ਆਪ ਕਰਨ ਲੱਗ ਪਿਆ ਪੁਜਰੀਵਾਦ ਆਪਣੇ ਆਪ ਹੀ ਬੰਦ ਹੋ ਜਾਵੇਗਾ।