Saturday, March 18, 2017

ਗੁਰਬਾਣੀ ਇਸੁ ਜਗ ਮਹਿ ਚਾਨਣੁ॥-੨੫
ਗੁਰਬਾਣੀ ਦੇ ਚਾਨਣ ਵਿੱਚ ਬੇਗਮਪੁਰਾ ਸ਼ਹਿਰ ਦੀ ਵਿਆਖਿਆ
ਵਕਤੀ ਧਰਮ ਦੇ ਠੇਕੇਦਾਰਾਂ ਅਤੇ ਹੰਕਾਰੀਆਂ ਅਮੀਰ ਅਤੇ ਉੱਚ ਜਾਤੀਆਂ ਨੇ ਬਾਬਾ ਰਵਿਦਾਸ ਜੀ ਨੂੰ ਸਵਾਲ ਕੀਤੇ ਕਿ ਤੁਹਾਡਾ ਅਸਲੀ ਸ਼ਹਿਰ ਕਿਹੜਾ ਅਤੇ ਕਿਹੋ ਜਿਹਾ ਹੈ? ਓਥੇ ਕੀ ਕਾਨੂੰਨ ਅਤੇ ਕਿਹੋ ਜਿਹੇ ਲੋਕ ਵਸਦੇ ਅਤੇ ਤੁਹਾਡੇ ਮਿੱਤ੍ਰ ਕੌਣ ਹਨ? ਤਾਂ ਐਸੀ ਮਾਨਸਿਕਤਾ ਰੱਖਣ ਵਾਲੇ ਲੋਕਾਂ ਨੂੰ ਜਿਹੜੀ ਬੇਬਾਕੀ ਅਤੇ ਬੇਗਮਤਾ ਨਾਲ ਸ਼੍ਰੋਮਣੀ ਭਗਤ ਬਾਬਾ ਰਵਿਦਾਸ ਜੀ ਨੇ ਬੇਝਕ, ਨਿਡਰ ਅਤੇ ਬੇਖੌਫਤਾ ਨਾਲ ਜਵਾਬ ਦਿੰਦੇ, ਦਬਲੀ ਕੁਚਲੀ ਜਨਤਾ ਨੂੰ ਹਲੂਣ ਕੇ ਜਗਾਇਆ, ਦਾ ਵਰਨਣ ਇਸ ਕ੍ਰਾਂਤੀਕਾਰੀ ਸ਼ਬਦ ਵਿੱਚ ਇਉਂ ਕੀਤਾ ਗਿਆ ਹੈ-ਬੇਗਮਪੁਰਾ ਸਹਰ ਕੋ ਨਾਉ॥ ਦੂਖੁ ਅੰਦੋਹੁ ਨਹੀ ਤਿਹਿ ਠਾਉ॥ ਨਾਂ ਤਸਵੀਸ ਖਿਰਾਜੁ ਨ ਮਾਲੁ॥ ਖਉਫੁ ਨ ਖਤਾ ਨ ਤਰਸੁ ਜਵਾਲੁ॥੧॥ ਅਬ ਮੋਹਿ ਖੂਬ ਵਤਨ ਗਹ ਪਾਈ॥ ਊਹਾਂ ਖੈਰਿ ਸਦਾ ਮੇਰੇ ਭਾਈ॥੧॥ਰਹਾਉ॥ ਕਾਇਮੁ ਦਾਇਮੁ ਸਦਾ ਪਾਤਿਸਾਹੀ॥ ਦੋਮ ਨ ਸੇਮ, ਏਕ ਸੋ ਆਹੀ॥ ਆਬਾਦਾਨੁ ਸਦਾ ਮਸਹੂਰ॥ ਊਹਾਂ ਗਨੀ ਬਸਹਿ ਮਾਮੂਰ॥੨॥ ਤਿਉ ਤਿਉ ਸੈਲ ਕਰਹਿ ਜਿਉ ਭਾਵੈ॥ ਮਹਰਮ ਮਹਲ ਨ ਕੋ ਅਟਕਾਵੈ॥ ਕਹਿ ਰਵਿਦਾਸ ਖਲਾਸ ਚਮਾਰਾ॥ ਜੋ ਹਮ ਸਹਰੀ ਸੁ ਮੀਤੁ ਹਮਾਰਾ॥੩॥੨॥ (੩੪੫)
ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ੩੪੫ ਅੰਗ 'ਤੇ ਅੰਕਿਤ ਹੈ। ਇਸ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਪਦ ਅਰਥ ਹਨ-ਬੇਗਮ=ਜਿੱਥੇ ਕੋਈ ਗ਼ਮ ਨਹੀਂ। ਪੁਰਾ-ਸ਼ਹਿਰ। ਕੋ=ਦਾ। ਅੰਦੋਹੁ=ਚਿੰਤਾ। ਤਿਹਿ ਠਾਉ=ਉਸ ਥਾਂ ਤੇ, ਉਸ ਆਤਮਕ ਅਵਸਥਾ ਵਿੱਚ। ਤਸਵੀਸ=ਸੋਚ, ਘਬਰਾਹਟ। ਖਿਰਾਜ=ਕਰ, ਮਸੂਲ, ਟੈਕਸ। ਖਤਾ=ਦੋਸ਼, ਪਾਪ। ਤਰਸੁ=ਡਰ। ਜਵਾਲ=ਘਾਟਾ। ਮੋਹਿ=ਮੈਂ। ਵਤਨ ਗਹ=ਵਤਨ ਵਿੱਚ ਰਹਿਣ ਦੀ ਥਾਂ। ਖੈਰਿ=ਖ਼ੈਰੀਅਤ, ਸੁਖ। ਕਾਇਮੁ=ਥਿਰ ਰਹਿਣ ਵਾਲੀ। ਦਾਇਮੁ=ਸਦਾ। ਦੋਮ ਸੇਮ=ਦੂਜਾ ਤੀਜਾ ਦਰਜਾ। ਏਕ ਸੋ=ਇਕੋ ਜੈਸੇ। ਆਹੀ=ਹਨ। ਆਬਾਦਾਨੁ=ਆਬਾਦ, ਵੱਸਦਾ। ਗਨੀ=ਧਨੀ, ਧਨਾਢ। ਮਾਮੂਰ=ਰੱਜੇ ਹੋਏ। ਸੈਲ ਕਰਹਿ=ਮਨ-ਮਰਜ਼ੀ ਨਾਲ ਤੁਰਦੇ ਫਿਰਦੇ ਹਨ। ਮਹਰਮ ਮਹਲ=ਮਹਿਲ ਦੇ ਵਾਕਿਫ਼। ਕੋ ਨ ਅਟਕਾਵੈ= ਕੋਈ ਰੋਕਦਾ ਨਹੀਂ। ਕਹਿ=ਆਖਦਾ ਹੈ। ਖਲਾਸ=ਮੁਕਤ, ਅਜ਼ਾਦ-ਜਿਸ ਨੇ ਦੁੱਖ-ਅੰਦੋਹ ਤਸ਼ਵੀਸ਼ ਆਦਿਕ ਤੋਂ ਖ਼ਲਾਸੀ ਪਾਈ ਹੈ। ਹਮ ਸਹਰੀ=ਇੱਕੋ ਸ਼ਹਿਰ ਦੇਵੱਸਣ ਵਾਲਾ, ਹਮ-ਵਤਨ, ਸਤਸੰਗੀ।
ਨੋਟ-ਇਸ ਸ਼ਬਦ ਵਿੱਚ ਵੱਖ ਵੱਖ ਧਰਮ ਆਗੂਆਂ ਦੇ ਮਿਥੇ ਹੋਏ ਸੁਰਗ-ਭਿਸ਼ਤ ਦੇ ਮੁਕਾਬਲੇ 'ਤੇ ਇਸ ਦੀ ਅਸਲੀ ਤਸਵੀਰ ਪੇਸ਼ ਕੀਤੀ ਹੈ। ਸੁਰਗ-ਭਿਸ਼ਤ ਦੇ ਤਾਂ ਸਿਰਫ਼ ਝੂਠੇ ਲਾਰੇ ਹੀ ਹਨ, ਮਨੁੱਖ ਸਿਰਫ਼ ਆਸਾਂ ਹੀ ਕਰ ਸਕਦਾ ਹੈ ਕਿ ਮਰਨ ਪਿਛੋਂ ਮਿਲੇਗਾ, ਜੀਵਨ ਦੇ ਸਹੀ ਰਾਹ ਤੇ ਤੁਰਦਾ ਮਨੁੱਖ, ਉਸ ਨੂੰ ਇਸ ਜ਼ਿੰਦਗੀ ਵਿੱਚ ਹੀ ਅਨੁਭਵ ਕਰ ਸਕਦਾ ਹੈ। 
ਹੁਣ ਅੱਗੇ ਵਿਸਥਾਰ ਨਾਲ ਇਸ ਸ਼ਬਦ ਦਾ ਭਾਵ ਹੈ ਕਿ ਹੇ ਮੇਰੇ ਭਾਈ! ਹੁਣ ਮੈਂ ਵੱਸਣ ਲਈ ਸੋਹਣੀ ਥਾਂ ਲੱਭ ਲਈ ਅਤੇ ਉੱਥੇ ਸਦਾ ਸੁਖ ਹੀ ਸੁਖ ਹੈ।ਜਿਸ ਆਤਮਕ ਅਵਸਥਾ-ਰੂਪ ਸ਼ਹਿਰ ਵਿਚ ਮੈਂ ਵੱਸਦਾ ਹਾਂ, ਉਸ ਸ਼ਹਿਰ ਦਾ ਨਾਮ ਹੈ ਬੇਗ਼ਮਪੁਰਾ ਭਾਵ ਉਸ ਅਵਸਥਾ ਵਿੱਚ ਕੋਈ ਗ਼ਮ ਨਹੀਂ। ਉਸ ਥਾਂ ਨਾਂ ਕੋਈ ਦੁੱਖ, ਚਿੰਤਾ ਅਤੇ ਨਾਂ ਕੋਈ ਘਬਰਾਹਟ ਹੈ। ਉੱਥੇ ਦੁਨੀਆਵੀ ਜਾਇਦਾਦ ਨਹੀਂ ਅਤੇ ਨਾਂ ਹੀ ਉਸ ਜਾਇਦਾਦ ਨੂੰ ਮਸੂਲ ਲਗਦਾ ਹੈ। ਉਸ ਅਵਸਥਾ ਵਿੱਚ ਕਿਸੇ ਪਾਪ ਕਰਮ ਕਰਨ ਦਾ ਕੋਈ ਖ਼ਤਰਾ, ਡਰ ਅਤੇ ਗਿਰਾਵਟ ਨਹੀਂ। ਉਹ ਅਵੱਸਥਾ ਇੱਕ ਐਸੀ ਪਾਤਸ਼ਾਹੀ ਹੈ ਜੋ ਸਦਾ ਬਹਾਰ ਅਤੇ ਓਥੇ ਕੋਈ ਦੂਜ ਤੀਜ ਨਹੀਂ ਸਗੋਂ ਸਭ ਬਰਾਬਰ ਹਨ। ਉਹ ਸ਼ਹਿਰ ਸਦਾ ਉੱਘਾ, ਘੁੱਗ ਵੱਸਦਾ, ਓਥੇ ਧਨੀ ਅਤੇ ਰੱਜੇ ਹੋਏ ਬੰਦੇ ਵੱਸਦੇ ਹਨ। ਉਸ ਉੱਚ ਦਰਜੇ 'ਤੇ ਜੋ ਜੋ ਪਹੁੰਚਦੇ ਹਨ ਉਹਨਾਂ ਦੇ ਅੰਦਰ ਕੋਈ ਵਿਤਕਰਾ ਨਹੀਂ ਅਤੇ ਉਨ੍ਹਾਂ ਨੂੰ ਦੁਨੀਆਂ ਦੀ ਭੁੱਖ ਨਹੀਂ ਰਹਿੰਦੀ। ਉਸ ਆਤਮਕ ਸ਼ਹਿਰ ਦੇ ਵਾਸੀ ਉਸ ਅਵਸਥਾ ਵਿੱਚ ਅਨੰਦ ਨਾਲ ਵਿਚਰਦੇ ਹੋਏ, ਉਸ ਰੱਬੀ ਮਹਲ ਦੇ ਭੇਤੀ ਹੁੰਦੇ ਨੇ, ਇਸ ਕਰਕੇ ਕੋਈ ਉਨ੍ਹਾਂ ਦੇ ਰਾਹ ਵਿੱਚ ਰੋਕ ਨਹੀਂ ਪਾ ਸਕਦਾ। ਸ਼ਬਦ ਦੇ ਅਖੀਰ ਵਿੱਚ ਫੁਰਮਾਂਦੇ ਹਨ ਕਿ ਅਸਲੀ ਚਮਾਰ ਰਵਿਦਾਸ ਨੇ, ਦੁੱਖ-ਅੰਦੋਹ ਤਸ਼ਵੀਸ਼ ਆਦਿਕ ਤੋਂ ਖ਼ਲਾਸੀ ਪਾ ਲਈ ਅਤੇ ਸਾਡਾ ਮਿੱਤ੍ਰ ਉਹ ਹੈ ਜੋ ਇਸ ਅਵਸਥਾ ਧਾਰਨੀ ਹੈ।
ਨੋਟ-ਇਸ ਸ਼ਬਦ ਵਿੱਚ ਆਏ ਲਫਜ "ਜੋ ਹਮ ਸ਼ਹਿਰੀ ਸੋ ਮੀਤ ਹਮਾਰਾ" ਦਾ ਕਦਾਚਿਤ ਵੀ ਇਹ ਭਾਵ ਨਹੀਂ ਕਿ ਮੇਰੇ ਸ਼ਹਿਰ ਦਾ ਵਾਸੀ ਹੀ ਮੇਰਾ ਮਿੱਤ੍ਰ ਅਤੇ ਬਾਕੀ ਸ਼ਹਿਰਾਂ ਦੇ ਦੁਸ਼ਮਣ ਹਨ। "ਜੋ ਹਮ ਸ਼ਹਿਰੀ" ਤੋਂ ਭਾਵ ਜੋ ਉੱਚੀ-ਸੁੱਚੀ ਅਵੱਸਥਾ ਵਾਲੇ ਹਿਰਦੇ ਰੂਪੀ ਸ਼ਹਿਰ ਦਾ ਵਸਿੰਦਾ ਹੈ। ਇੱਥੇ ਕਿਸੇ ਦੁਨਿਆਵੀ ਰਾਜ ਦੀ ਗੱਲ ਨਹੀਂ ਜੋ ਹੱਦ ਬੰਦੀਆਂ ਵਿੱਚ ਘਿਰਿਆ ਹੁੰਦਾ ਹੈ। ਰੱਬੀ ਭਗਤ ਤਾਂ ਸਾਰੇ ਸੰਸਾਰ ਨੂੰ ਹੀ ਆਪਣਾ ਸ਼ਹਿਰ ਮੰਨਦੇ ਹਨ। 
ਇਸੇ ਨੂੰ ਗੁਰੂ ਅਰਜਨ ਸਾਹਿਬ ਨੇ "ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ" ਕਿਹਾ ਹੈ ਜਿਸ ਅਨੁਸਾਰ ਹੁਣ ਮਿਹਰਬਾਨ ਅਕਾਲ ਪੁਰਖ ਦਾ ਹੁਕਮ ਹੋ ਗਿਆ ਹੈ ਕਿ ਕੋਈ ਕਿਸੇ 'ਤੇ ਪ੍ਰਬਲ ਹੋ, ਉਸ ਨੂੰ ਦੁੱਖ ਨਹੀਂ ਦੇ ਸਕੇਗਾ। ਸਾਰੀ ਪਰਜਾ ਸੁਖ ਨਾਲ ਵਸੇਗੀ ਕਿਉਂਕਿ ਹੁਣ ਨਰਮੀ ਵਾਲਾ ਰਾਜ ਹੋ ਗਿਆ ਹੈ। ਇਹ ਬਾਣੀ ਦਾ ਅਧਿਆਤਮਕ ਪੱਖ  ਅਤੇ ਇਸ ਦੇ ਅਰਥ ਕਰਦਿਆਂ "ਬੇਗਮਪੁਰਾ" ਨੂੰ ਆਤਮਕ ਅਵਸਥਾ-ਰੂਪ ਸ਼ਹਿਰ ਦੇ ਅਰਥਾਂ ਵਿੱਚ ਲਿਆ ਗਿਆ ਹੈ। ਮਨੁੱਖ ਨੇ ਹਰ ਤਰ੍ਹਾਂ ਦੀਆਂ ਅੜਚਣਾਂ ਨੂੰ ਦੂਰ ਕਰ, ਇਸ ਅਵਸਥਾ 'ਤੇ ਪਹੁੰਚਣਾ ਹੈ। ਇਹ ਤੱਥ ਧਿਆਨ ਯੋਗ ਹੈ ਕਿ ਗੁਰੂ ਸਾਹਿਬਾਨ ਨੇ ਬਾਣੀ ਵਿੱਚ ਕੋਈ ਵੀ ਅਜਿਹਾ ਸੰਕਲਪ ਜਾਂ ਸਿਧਾਂਤ ਦਰਜ ਨਹੀਂ ਕੀਤਾ ਜਿਸ ਨੂੰ ਅਮਲ ਵਿੱਚ ਨਹੀਂ ਲਿਆਂਦਾ ਜਾ ਸਕਦਾ ਕਿਉਂਕਿ ਅਮਲਾਂ ਤੋਂ ਬਿਨਾ ਸਿਧਾਂਤ ਬੇਕਾਰ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਵਿਖੇ ਅਜਿਹੇ ਹੀ ਹਮ ਸ਼ਹਿਰੀਆਂ ਦੀ ਪਵਿਤ੍ਰ ਰਚਨਾ ਦਰਜ ਹੈ ਜੋ ਆਤਮਕ ਅਵਸਥਾ ਕਰਕੇ, ਸਾਰੇ ਹਮ ਸ਼ਹਿਰੀ ਅਵੱਸਥਾ ਦੇ ਮਾਲਕ ਸਨ। ਅਸਲੀ ਸ਼ਹਿਰ ਗੁਰੂ ਗ੍ਰੰਥ ਸਾਹਿਬ ਅਤੇ ਉੱਚ ਅਵਸੱਥਾ ਦੇ ਵਾਸੀ ਰੱਬੀ ਭਗਤ ਅਤੇ ਗੁਰੂ ਬਰਾਬਰ ਵਾਸੀ ਹਨ। 
ਹਾਂ ਜੇ ਕਿਤੇ ਦੇਵਨੇਤ ਨਾਲ ਐਸੀ ਅਵੱਸਥਾ ਵਾਲੇ ਮਾਈਆਂ-ਭਾਈਆਂ ਕੋਲ ਦੁਨਿਆਵੀ ਰਾਜ ਆ ਜਾਵੇ ਤਾਂ ਪਰਜਾ ਦਾ ਭਲਾ ਹੋ ਸਕਦਾ ਹੈ। ਬੀਜ ਨਾਸ ਨਹੀਂ ਸਗੋਂ ਸੰਸਾਰ ਦੇ ਕੋਨੇ ਕੋਨੇ ਵਿੱਚ ਅਜਿਹੀ ਅਵੱਸਥਾ ਵਾਲੇ ਲੋਕ ਉਪਲਬਦ ਹੋਣ ਕਰਕੇ, ਇਸ ਸ਼ਬਦ ਵਿਚਲਾ ਸਿਧਾਂਤ ਸਾਨੂੰ ਸਾਰੀ ਦੁਨੀਆਂ ਨਾਲ ਜੋੜਦਾ ਹੈ। ਇਸ ਅਵੱਸਥਾ ਦੇ ਵਾਸੀ ਦੁਨਿਆਵੀ ਮੋਹ ਮਾਇਆ ਤੋਂ ਨਿਰਲੇਪ ਹੁੰਦੇ ਹਨ। ਜੇ ਅਸੀਂ ਵੀ ਐਸੇ ਬੇਗਮਪੁਰੇ ਦੇ ਵਾਸੀ ਬਣ ਜਾਈਏ ਤਾਂ ਸਾਡੇ ਵਿੱਚੋਂ ਬਦਨੀਤ ਬ੍ਰਾਹਮਣਾਂ ਦੀ ਪੈਦਾ ਕੀਤੀ, ਊਚ-ਨੀਚ, ਜਾਤ-ਪਾਤ ਅਤੇ ਛੂਆ-ਛਾਤ ਖਤਮ ਹੋ ਸਕਦੀ ਹੈ।
ਅਸੀਂ ਸਾਰੇ ਜੀਵ ਚਮੜੀ ਵਾਲੇ ਹੋਣ ਕਰਕੇ ਖਲਾਸ ਚਮਾਰ ਹਾਂ। ਚਮਾਰ ਕੋਈ ਨੀਵੀਂ ਜਾਤੀ ਨਹੀਂ ਸਗੋਂ ਸਾਰੇ ਚੰਮ ਤੋਂ ਪੈਦਾ ਹੋਣ ਕਰਕੇ ਸਰੀਰਕ ਤੌਰ 'ਤੇ ਚਮਾਰ ਹੀ ਹਨ। ਦੁਨਿਆਵੀ ਚਿੰਤਾ, ਫਿਕਰਾਂ ਅਤੇ ਵਹਿਮਾਂ ਭਰਮਾਂ ਤੋਂ ਮੁਕਤ ਹੋ ਕੇ ਹੀ ਬੇ-ਗਮਪੁਰੇ ਦੇ ਵਾਸੀ ਬਣਿਆ ਜਾ ਸਕਦਾ ਹੈ। ਗੁਰੂ ਬਾਬਾ ਜੀ ਵੀ ਇਹ ਹੀ ਉਪਦੇਸ਼ ਦਿੰਦੇ ਹਨ ਕਿ-ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥(੧੨੯੯) ਅਤੇ ਸਭ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥(੬੭੧) ਬਾਬਾ ਰਵਿਦਾਸ ਜਿਸ ਸਮਾਜ ਵਿੱਚ ਪਲੇ, ਵੱਡੇ ਹੋਏ, ਉਸ ਸਮਾਜ ਵਿੱਚ ਸਮਾਜਕ ਗਤੀਸ਼ੀਲਤਾ ਦੀ ਆਗਿਆ ਨਹੀਂ ਸੀ। ਮਨੁੱਖ ਦਾ ਇੱਕ ਵਰਣ ਤੋਂ ਦੂਸਰੇ ਵਿੱਚ ਪ੍ਰਵੇਸ਼, ਆਪਣਾ ਕਿੱਤਾ ਤਿਆਗ ਕੋਈ ਦੂਸਰਾ ਅਪਨਾਉਣਾ, ਸਿੱਖਿਆ ਪ੍ਰਾਪਤ ਕਰਨਾ, ਇਨ੍ਹਾਂ ਸਭ ਦੀ ਮਨਾਹੀ ਸੀ। ਇਸ ਸਮਾਜ ਵਿੱਚ ਤਾਂ ਮਨੁੱਖ ਦੇ ਰਹਿਣ ਦੀ ਥਾਂ ਵੀ ਉਸ ਦੇ ਵਰਣ ਅਨੁਸਾਰ ਨਿਸਚਿਤ ਕੀਤੀ ਹੋਈ ਸੀ ਅਤੇ ਹੈ। ਇੱਥੋਂ ਤੱਕ ਕਿ ਕਿਸੇ ਬ੍ਰਾਹਮਣ ਕਥਿਤ ਉੱਚ ਜਾਤੀ ਵਾਲੇ ਉੱਤੇ ਕਿਸੇ ਦਲਿਤ ਕਹੇ ਜਾਣ ਵਾਲੇ ਦਾ ਪਰਛਾਵਾਂ ਪੈਣਾ ਵੀ ਗੁਨਾਹ ਮੰਨਿਆਂ ਜਾਂਦਾ ਸੀ ਤੇ ਕਈ ਥਾਂ ਭਾਰਤ ਵਿੱਚ ਅੱਜ ਵੀ ਹੈ। ਜੀਵਨ ਹਰ ਤਰ੍ਹਾਂ ਦੇ ਅੰਦੇਸ਼ਿਆਂ, ਦੁੱਖਾਂ-ਤਕਲੀਫਾਂ ਨਾਲ ਭਰਿਆ ਪਿਆ ਹੈ। ਭਗਤ ਬਾਬਾ ਰਵਿਦਾਸ ਜੀ ਇਸ ਸਮਾਜਕ ਅਵਸਥਾ ਤੋਂ ਪੂਰੀ ਤਰ੍ਹਾਂ ਚੇਤੰਨ ਹੋ, ਦਲਿਤ ਚੇਤਨਾ ਦਾ ਹੀ ਪ੍ਰਗਟਾਵਾ ਕਰਦੇ ਹਨ ਕਿ-ਕਹਿ ਰਵਿਦਾਸ ਖਲਾਸ ਚਮਾਰਾ..॥ 
ਸੋ ਇਸ ਉੱਪ੍ਰੋਕਤ ਸ਼ਬਦ ਵਿੱਚ ਸਭ ਪ੍ਰਕਾਰ ਦੀਆਂ ਬੰਦਸ਼ਾਂ ਤੋਂ ਛੁਟਕਾਰਾ, ਦਲਿਤ ਚੇਤਨਾ ਵੱਲ ਸੰਕੇਤਕ ਹੈ। ਬਾਬਾ ਜੀ ਨੇ ਉਨ੍ਹਾਂ ਦੁਸ਼ਵਾਰੀਆਂ, ਸਮਾਜਕ ਨਾ-ਬਰਾਬਰੀ, ਦੁੱਖਾਂ-ਤਕਲੀਫਾਂ, ਸਮਾਜਕ ਗ਼ੁਲਾਮੀ, ਸਮਾਜਕ ਗਤੀਹੀਣਤਾ ਦੀ ਗੱਲ ਕੀਤੀ ਜਿਨ੍ਹਾਂ ਨੂੰ ਬੇਗਮਪੁਰੇ ਵਿੱਚ ਕੋਈ ਥਾਂ ਨਹੀਂ। ਇਸ ਤੋਂ ਪਤਾ ਚੱਲਦਾ ਹੈ ਕਿ ਰਾਜਸੀ ਅਤੇ ਧਾਰਮਿਕ ਸ਼ਕਤੀਆਂ ਦਾ ਨਪਾਕ ਗੱਠਜੋੜ ਜਿਸ ਦੀ ਬੁਨਿਆਦ ਝੂਠ ਅਤੇ ਲੁੱਟ-ਖਸੁੱਟ 'ਤੇ ਟਿਕੀ ਹੋਈ ਜੋ "ਬੇਗਮਪੁਰਾ" ਦੇ ਅਮਲ ਵਿੱਚ ਸਭ ਤੋਂ ਵੱਡਾ ਰੋੜਾ ਹੈ। ਅੱਜ ਵੀ ਭਾਵੇਂ ਭਾਰਤੀ ਸੰਵਿਧਾਨ ਵਿੱਚ ਪੱਛੜੀਆਂ ਜਾਤਾਂ ਅਤੇ ਕਬੀਲਿਆਂ ਲਈ ਹੱਕ ਰਾਖਵੇਂ ਕਰ ਦਿੱਤੇ ਗਏ ਅਤੇ ਸੰਵਿਧਾਨ ਦੀ ਨਿਗਾਹ ਵਿੱਚ ਸਾਰੇ ਬਰਾਬਰ ਸ਼ਹਿਰੀ ਹਨ ਪਰ ਜੋ ਕੁੱਝ ਭਾਰਤ ਵਿੱਚ ਵਾਪਰਦਾ ਰਿਹਾ, ਪਿਛਲੇ ਦਿਨੀਂ ਵਾਪਰਿਆ, ਉਸ ਦਾ ਕਾਰਨ ਰਾਜ-ਸ਼ਕਤੀ ਅਤੇ ਕਟੜ ਹਿੰਦੂਤਵ ਸ਼ਕਤੀਆਂ ਦਾ ਮਨੁੱਖਤਾ ਵਿਰੋਧੀ ਨਪਾਕ ਗੱਠਜੋੜ ਹੈ, ਜਿਸ ਨੂੰ ਬੇਗਮਪੁਰੇ ਦੇ ਸੂਝਵਾਨ, ਸੱਚੇ-ਸੁੱਚੇ, ਨਿਡੱਰ, ਨਿਧੱੜਕ, ਜਾਤ-ਪਾਤ ਰਹਿਤ, ਸਭ ਨੂੰ ਬਰਾਬਰ ਸਮਝਣ ਤੇ ਹੱਕ ਦੇਣ ਵਾਲੇ ਕ੍ਰਾਂਤੀਕਾਰੀ ਵਾਸੀ ਹੀ ਸਮਝ ਸਕਦੇ ਹਨ। ਐਸੀ ਕ੍ਰਾਂਤੀਕਾਰੀ ਅਵੱਸਥਾ ਦਾ ਬੇਖੌਫ ਜਿਕਰ ਹੀ ਬਾਬਾ ਰਵਿਦਾਸ ਜੀ ਨੇ, ਇਸ ਸ਼ਬਦੀ ਪੈਗਾਮ ਵਿੱਚ ਕੀਤਾ ਹੈ ਪਰ ਅੱਜ ਬਾਬਾ ਜੀ ਦੇ ਬਹੁਤੇ ਅਨੁਯਾਈ ਵੀ ਇਸ ਤੋਂ ਥਿੜਕਦੇ ਜਾ ਰਹੇ ਹਨ, ਨੂੰ ਸਮਝਣ ਦੀ ਅਤਿਅੰਤ ਲੋੜ ਹੈ।


Monday, February 6, 2017

ਧਰਮਾਂ ਦੀ ਬਰਾਬਰਤਾ ਬਾਰੇ

          ਧਰਮਾਂ ਦੀ ਬਰਾਬਰਤਾ ਬਾਰੇ
ਅਵਤਾਰ ਸਿੰਘ ਮਿਸ਼ਨਰੀ (5104325827)
ਆਮ ਲੋਕਾਂ ਖਾਸ ਕਰ ਧਰਮ ਪ੍ਰਚਾਰਕਾਂ ਅਤੇ ਪੁਲੀਟੀਕਲ ਲੀਡਰਾਂ ਦਾ ਧਰਿਆ ਧਰਾਇਆ ਜਵਾਬ ਹੁੰਦਾ ਹੈ ਕਿ ਸਭ ਧਰਮ ਬਰਾਬਰ ਹਨ ਪਰ ਐਸਾ ਨਹੀਂ ਹੈ ਜੇ ਸ਼ੱਕ ਹੈ ਤਾਂ ਸਾਰੇ ਧਰਮਾਂ ਭਾਰੇ ਸਟੱਡੀ ਕਰਕੇ ਦੇਖੋ, ਸਭ ਦੀਆਂ ਰਹੁ ਰੀਤਾਂ ਤੇ ਮਨੌਤਾਂ ਅਲੱਗ ਅਲੱਗ ਹਨ। ਹਰੇਕ ਦੇ ਰੱਬ, ਜੀਵਨ, ਕਰਮ ਅਤੇ ਮੁਕਤੀ ਬਾਰੇ ਸਿਧਾਂਤ ਵੱਖ ਵੱਖ ਹਨ। ਇਸ ਲਈ ਸਾਰੇ ਧਰਮ ਬਰਾਬਰ ਨਹੀਂ ਹਨ ਜੇ ਹੁੰਦੇ ਤਾਂ ਧਰਮ ਦੇ ਨਾਂ ਕੋਈ ਵੀ ਲੜਾਈ ਨਾਂ ਹੁੰਦੀ ਸਗੋਂ ਹਰੇਕ ਮਾਈ ਭਾਈ ਨੂੰ ਇੱਕ ਰੱਬ ਦੀ ਸੰਤਾਨ ਇਨਸਾਨ ਸਮਝਿਆ ਜਾਂਦਾ। ਅੱਜ ਤਾਂ ਮੰਦਰਾਂ, ਮਸਜਦਾਂ ਅਤੇ ਗੁਰਦੁਆਰਿਆਂ ਦੇ ਨਾਂ ਤੇ ਇੱਕ ਦੂਜੇ ਦਾ ਸਿਰ ਪਾੜ੍ਹਨ ਤੱਕ ਜਾਂਦੇ ਹਨ। ਜੇ ਬਰਾਬਰ ਹਨ ਤਾਂ ਐਸਾ ਕਿਉਂ? ਰੱਬ ਦੇ ਸ਼ਰੀਕਾਂ ਨੇ ਹੀ ਅਲੱਗ ਅਲੱਗ ਧਰਮ ਪੈਦਾ ਕੀਤੇ ਹੋਏ ਹਨ ਅਤੇ ਇਹ ਰੱਬ ਵੀ ਆਪੋ ਆਪਣੇ ਬਣਾਈ ਫਿਰਦੇ ਹਨ।
ਜਰਾ ਇਧਰ ਵੀ ਧਿਆਨ ਦਿਉ ਕਿ ਸਿੱਖ ਧਰਮ ਇੱਕ ਨਿਰੰਕਾਰ ਨੂੰ ਅਕਾਲ ਪੁਰਖ ਮੰਨਦਾ ਅਤੇ ਹਿੰਦੂ ਧਰਮ ਜਣੇ ਖਣੇ ਅਵਤਾਰ ਨੂੰ ਹੀ ਭਗਵਾਨ ਕਹੇ ਥਾਂ ਥਾਂ ਮੱਥੇ ਟੇਕੀ  ਜਾਂਦਾ ਹੈ। ਸਿੱਖ ਧਰਮ ਔਰਤ ਅਤੇ ਮਰਦ ਨੂੰ ਬਰਾਬਰ ਅਧਿਕਾਰ ਦਿੰਦਾ ਹੈ ਜਦ ਕਿ ਬਹੁਤੇ ਧਰਮ ਨਹੀਂ ਦਿੰਦੇ। ਸਿੱਖ ਧਰਮ ਅਖੌਤੀ ਨਰਕ ਸਵਰਗ, ਦੇਵੀ ਦੇਵਤਾ, ਭੂਤ-ਪ੍ਰੇਤ, ਚੜੇਲਾਂ, ਥੋਥੇ ਕਰਮਕਾਂਡ, ਵਹਿਮ ਭਰਮ, ਜਾਦੂ ਟੂਣੇ, ਧਰਮ ਦੇ ਨਾਂ ਤੇ ਬਲੀਆਂ ਦੇਣੀਆਂ, ਤੰਤ੍ਰ ਮੰਤ੍ਰ, ਜੋਤਿਸ਼ੀਆਂ, ਮਸਿਆ ਪੁਨਿਆਂ, ਸੰਗ੍ਰਾਂਦਾਂ, ਚੰਗੇ ਮੰਦੇ ਦਿਨਾਂ, ਮੜੀਆਂ ਮਸਾਣੀਆਂ, ਪੁਜਾਰੀਆਂ ਅਤੇ ਕਿਰਤ ਤੇ ਗ੍ਰਿਹਸਤ ਤੋਂ ਭਗੌੜੇ ਅਖੌਤੀ ਸਾਧਾਂ ਸੰਤਾਂ ਆਦਿਕ ਨੂੰ ਨਹੀ ਮੰਨਦਾ ਤੇ ਨਾਂ ਹੀ ਮਾਨਤਾ ਦਿੰਦਾ ਹੈ। ਸਿੱਖ ਧਰਮ ਇੱਕ ਕਰਤਾਰ ਨੂੰ ਸਰਬ ਨਿਵਾਸੀ ਘਟਿ ਘਟਿ ਵਾਸੀ ਮੰਨਦਾ ਹੋਇਆਂ ਸਭ ਵਿੱਚ ਉਸ ਦੀ ਜੋਤਿ ਮੰਨਦਾ ਹੈ। ਸਿੱਖ ਧਰਮ ਵਿੱਚ ਕੋਈ ਜਾਤ-ਪਾਤ ਨਹੀਂ। ਸਿੱਖ ਧਰਮ ਇੱਕ ਪ੍ਰਮਾਤਮਾਂ ਨੂੰ ਹੀ ਸਭ ਦਾ ਪਿਤਾ ਮੰਨਦਾ ਹੈ-ਏਕ ਪਿਤਾ ਏਕਸ ਕੇ ਹਮ ਬਾਰਿਕ (611) ਜਦ ਕਿ ਹਿੰਦੂ ਧਰਮ ਜਾਤ ਪਾਤੀ ਵਖਰੇਵਿਆਂ ਦਾ ਮੁਦਈ ਹੈ। ਸਿੱਖ ਧਰਮ ਕਿਰਤੀਆਂ ਦਾ ਧਰਮ ਹੈ ਇਸ ਵਿੱਚ ਪੁਜਾਰੀਵਾਦ ਨੂੰ ਕੋਈ ਥਾਂ ਨਹੀਂ।

ਇਸਲਾਮ ਵਿੱਚ ਬੀਫ ਖਾਣਾ ਹਰਾਮ ਨਹੀਂ ਪਰ ਹਿੰਦੂ ਪਾਪ ਮੰਨਦੇ ਹਨ। ਮੁਸਲਿਮ ਸੂਰ ਨਹੀਂ ਖਾਂਦੇ ਪਰ ਸਿੱਖਾਂ ਵਾਸਤੇ ਨਾਂ ਬੀਫ ਤੇ ਨਾਂ ਹੀ ਸੂਰ ਹਰਾਮ ਹੈ। ਹਿੰਦੂਆਂ ਦੇ ਮੰਦਰਾਂ ਵਿੱਚ ਸ਼ੂਦਰ ਨੀਵੀ ਜਾਤ ਦਾ ਮਨੁੱਖ ਨਹੀਂ ਜਾ ਸਕਦਾ। ਇਵੇਂ ਹੀ ਇਸਲਾਮਿਕ ਕੇਂਦਰ ਮੱਕੇ ਵਿੱਚ ਕੋਈ ਗੈਰ ਮੁਸਲਿਮ ਨਹੀਂ ਜਾ ਸਕਦਾ ਅਤੇ ਉਹ ਗੈਰ ਮੁਸਲਿਮ ਨੂੰ ਕਾਫਰ ਕਹਿੰਦੇ ਹਨ ਪਰ ਸਿੱਖ ਗੁਰਦੁਆਰਿਆਂ ਦੇ ਦਰਵਾਜੇ ਸਭ ਲਈ ਖੁੱਲ੍ਹੇ ਹਨ ਫਿਰ ਕਿਵੇਂ ਕਿਹਾ ਜਾ ਸਕਦਾ ਹੈ ਕਿ ਸਭ ਧਰਮ ਬਰਾਬਰ ਹਨ? ਐਸਾ ਕਹਿਣ ਜਾਂ ਮੰਨਣ ਵਾਲੇ ਜਰਾ ਠੰਡੇ ਦਿਲ ਦਿਮਾਗ ਨਾਲ ਸੋਚ ਕੇ ਜਵਾਬ ਦੇਣ ਹਾਂ ਇਹ ਵੱਖਰੀ ਗੱਲ ਹੈ ਕਿ ਸਾਨੂੰ ਸਭ ਦਾ ਸਤਿਕਾਰ ਕਰਨਾ ਚਾਹੀਦਾ ਹੈ ਨਾਂ ਕਿ ਨਿਰਾਦਰ ਪਰ ਸਾਰਥਕ ਤਰਕ ਦੇ ਅਧਾਰ ਤੇ ਵਿਚਾਰ ਚਰਚਾ ਤਾਂ ਕੀਤੀ ਹੀ ਜਾ ਸਕਦੀ ਹੈ ਜਿਸ ਬਾਰੇ ਬਾਬੇ ਨਾਨਕ ਜੀ ਨੇ ਫੁਰਮਾਇਆ ਹੈ ਕਿ-ਜਬ ਲਗੁ ਦੁਨੀਆਂ ਰਹੀਏ ਨਾਨਕ ਕਿਛੁ ਸੁਣੀਐਂ ਕਿਛੁ ਕਹੀਐ॥ (661) ਅਤੇ ਰੋਸੁ ਨਾ ਕੀਜੈ ਉਤਰੁ ਦੀਜੈ ਕਿਉਂ ਪਾਈਐ ਗੁਰ ਦੁਆਰੋ॥(938) ਸੋ ਅੰਖਾਂ ਮੀਟ ਕੇ ਜਾਂ ਕਿਸੇ ਦੇ ਕਹੇ ਕਹਾਏ ਨਹੀ ਕਹੀ ਜਾਣਾ ਕਿ ਸਭ ਧਰਮ ਬਰਾਬਰ ਹਨ ਜਥਾਰਥ ਨਹੀਂ ਹੈ ਸਗੋਂ ਸਚਾਈ ਤੋਂ ਅੱਖਾਂ ਮੀਟਣ ਵਾਲੀ ਗੱਲ ਹੈ। ਹਾਂ ਇਨਸਾਨੀਅਤ ਤੌਰ ਤੇ ਸਾਰੀ ਦੁਨੀਆਂ ਦਾ ਸੱਚ ਧਰਮ ਇੱਕ ਹੀ ਹੈ-ਏਕੋ ਧਰਮੁ ਦ੍ਰਿੜੈ ਸਚੁ ਕੋਈ॥ ਗੁਰਮਤਿ ਪੂਰਾ ਜਗਿ ਜੁਗਿ ਸੋਈ॥ (1188) ਜੇ ਰੱਬ ਇੱਕ ਹੈ ਤਾਂ ਅਸੀਂ ਸਾਰੇ ਹੀ ਉਸ ਦੇ ਬੱਚੇ ਬੱਚੀਆਂ ਹਾਂ ਇਸ ਲਈ ਜੋ ਸਾਡੇ ਪਿਤਾ ਰੱਬ ਦਾ ਧਰਮ ਹੈ ਉਹ ਹੀ ਸਾਡਾ ਸਭ ਦਾ ਤੇ ਜੋ ਉਸ ਦੀ ਜਾਤ ਹੈ ਉਹ ਹੀ ਸਾਡੀ ਸਭ ਦੀ ਜਾਤ ਹੈ। ਅਜਿਹਾ ਸੱਚ ਧਰਮ ਹੀ ਸਭ ਲਈ ਬਰਾਬਰ ਹੈ ਬਾਕੀ ਸਭ ਵੱਖਰੇ ਵੱਖਰੇ ਹਨ।