Saturday, November 8, 2025

ਰੱਬ ਤੇ ਗੋਰਖ ਧੰਦੇ ਬਾਰੇ ਵਿਚਾਰ ਕੁਝ ਸਵਾਲ?

ਰੱਬ ਤੇ ਗੋਰਖ ਧੰਦੇ ਬਾਰੇ ਕੁਝ ਵਿਚਾਰ ਤੇ ਕੁਝ ਸਵਾਲ?

ਰੱਬ ਕੋਈ ਗੈਬੀ ਸ਼ਕਤੀ ਨਹੀਂ ਸਗੋਂ-ਕੁਦਰਤ ਕਰਕੇ ਵਸਿਆ ਸੋਇ॥ ਵਖਤ ਵਿਚਾਰੇ ਸੋ ਬੰਦਾ ਹੋਇ॥(ਸ਼ਬਦ ਗੁਰੂ ਗ੍ਰੰਥ) ਜੋ ਕੁਝ ਵੀ ਦਿਸ ਰਿਹੈ ਉਹ ਆਪ ਹੀ ਹੈ-ਜੋ ਦੀਸੈ ਸੋ ਤੇਰਾ ਰੂਪ॥(ਸ਼ਬਦ ਗੁਰੂ) ਫ਼ਾਇਦੇ ਤਾਂ ਆਪਣਾ ਜੀਵਨ ਸੁਧਾਰਨ ਦੇ ਨੇ ਨਾ ਕਿ ਰੱਬ ਨੂੰ ਮੰਨਣ ਜਾਂ ਨਾ ਮੰਨਣ ਦੇ। ਮੱਛੀ ਸਮੁੰਦਰ ਦਾ ਅੰਤ ਨਹੀਂ ਪਾ ਸਕਦੀ ਪਰ ਜੀਵਨ ਪਾ ਸਕਦੀ ਹੈ ਇਵੇਂ ਹੀ ਅਸੀਂ ਕੁਦਰਤ ਦਾ ਮੁਕੰਮਲ ਅੰਤ ਨਹੀਂ ਪਾ ਸਕਦੇ ਪਰ ਉਸ ਨੂੰ ਮਾਣ ਸਕਦੇ ਹਾਂ। 

ਜਿਹੋ ਜਿਹਾ ਅਖੌਤੀ ਧਰਮਾਂ ਵਾਲਿਆਂ, ਸੰਤਾਂ ਤੇ ਪੁਜਾਰੀ ਪ੍ਰਚਾਰਕਾਂ ਰੱਬ ਮੰਨਿਆਂ ਤੇ ਪ੍ਰਚਾਰਿਆ ਏ ਇਹ ਬਹੁਤਾਤ ਸ਼ਿਕਾਰੀ ਜਾਲ ਹੈ ਜਿਸ ਵਿੱਚ ਬਹੁਤੇ ਅਗਿਆਨੀ ਲੋਕ ਫਸੇ ਹੋਏ ਨੇ ਤੇ ਪੁਜਾਰੀਆਂ ਦਾ ਭੇਖ ਤੇ ਠੱਗ ਧੰਦਾ ਖੂਬ ਚੱਲਦਾ ਹੈ। ਜੇ ਮੰਨਿਆ ਗਿਆ ਅਖੌਤੀ ਰੱਬ ਏਨਾਂ ਹੀ ਸਰਬਸ਼ਕਤੀਮਾਨ ਜਾਂ ਸਮਰੱਥ ਤੇ ਅੰਤਰਜਾਮੀ ਹੈ ਤਾਂ ਉਸ ਦੀ ਦੇਖ ਰੇਖ ਚ ਬੱਚੀਆਂ ਦੇ ਬਲਾਤਕਾਰ-ਕਤਲ ਕਿਉਂ ਹੋ ਰਹੇ ਹਨ? ਮਿਹਨਤ ਕਿਰਤ ਕਮਾਈ ਕਰਨ ਵਾਲੇ ਔਖੇ ਤੇ ਵਿਹਲੜ ਚੋਰ ਚੱਕੇ ਬਦਮਾਸ਼ ਫ਼ਰੇਬੀ ਲੀਡਰ ਤੇ ਡੇਰੇਦਾਰ ਸਾਧ ਸੌਖੇ ਐਸ਼ ਕਿਉਂ ਕਰਦੇ ਹਨ? ਸੋ ਇਹ ਸਾਰਾ ਬਦਨੀਤ ਰਾਜਨੀਤੀ ਤੇ ਤਜੌਰੀ ਭਰ ਗੋਰਖ-ਧੰਦਾ ਜੋ ਰਾਜੇ ਤੇ ਪੁਜਾਰੀ ਭਾਵ ਚੋਰ ਤੇ ਕੁਤੀ ਰਲ ਕੇ ਕਰਦੇ ਨੇ-ਪਰਜਾ ਅੰਧੀ ਗਿਆਨ ਬਿਨ ਕੂੜ ਕੁਸੱਤ ਮੁਖਹੁ ਅਲਾਈ। 

ਜ਼ਰਾ ਸੋਚੋ! ਜੇ ਰੱਬ ਸਭ ਦਾ ਪਿਤਾ ਹੈ ਫਿਰ ਉਸ ਦੇ ਬੱਚਿਆਂ ਨੂੰ ਜਾਤਾਂ-ਪਾਤਾਂ ਤੇ ਊਚ-ਨੀਚ ‘ਚ ਕਿਸ ਨੇ ਵੰਡਿਆ? ਇਨਸਾਨੀਅਤ ਕਿਸ ਨੇ ਮਾਰੀ? ਵੰਡਾਂ ਕਿਸ ਨੇ ਪਾਈਆਂ? ਫਾਂਇਦੇ ਤੇ ਨੁਕਸਾਨ ਕਿਸ ਨੇ ਗਿਣਾਏ? ਆਮ ਜਨਤਾ ਨੂੰ ਕਿਸ ਨੇ ਠੱਗਿਆ? ਪੜੇ ਲਿਖੇ ਪੁਜਾਰੀ ਜਾਲ ਚ ਕਿਸ ਨੇ ਫਸਾਏ? 

ਵਿਸ਼ੇਸ਼ ਧਿਆਨਯੋਗ-ਬਾਕੀਆਂ ਨੂੰ ਛੱਡੋ ਸਿੱਖਣ ਵਾਲੇ ਗੁਰੂ ਦੇ ਸਿੱਖਾਂ ਕਿਰਤੀਆਂ ਨੂੰ ਕਿਸ ਨੇ ਸ਼ਬਦ ਗੁਰੂ ਗ੍ਰੰਥ ਤੋਂ ਤੋੜ ਕੇ ਵੱਖ ਵੱਖ ਸੰਤਾਂ ਤੇ ਗ੍ਰੰਥਾਂ ਦੇ ਭਰਮਜਾਲ ਤੇ ਅੰਧਵਿਸ਼ਵਾਸ ‘ਚ ਕਿਸ ਫਸਾਇਆ? ਮਾਲਾ ਨੂੰ ਪਾਖੰਡ ਦੱਸਣ ਵਾਲੇ ਗੁਰੂਆਂ ਭਗਤਾਂ ਦੇ ਸਿਰਾਂ ਤੇ ਗੱਲਾਂ ਚ ਕਈ ਕਈ ਮਾਲਾ ਕਿਸ ਨੇ ਪੁਵਾਈਆਂ? ਗੁਰਦੁਆਰਿਆਂ ਚ ਮੂਰਤੀ ਪੂਜਾ ਕਿਸ ਨੇ ਸ਼ੁਰੂ ਕਰਵਾਈ? ਸ਼ਬਦ ਗੁਰੂ ਗ੍ਰੰਥ ਸਾਹਿਬ ਨੂੰ ਪੜਨ, ਵਿਚਾਰਨ ਤੇ ਧਾਰਨ ਦੀ ਥਾਂ ਮੂਰਤੀ ਵਾਂਗ ਕੇਵਲ ਮੱਥੇ ਟੇਕਣ ਤੇ ਪੂਜਣ ਕਿਸ ਨੇ ਲਾਇਆ? ਗੁਰੂ ਨੇ ਖਾਲਸਾ ਪੰਥ ਚਲਾਇਆ ਪਰ ਇਹ ਵੱਖ ਵੱਖ ਡੇਰੇ, ਸੰਪ੍ਰਦਾਵਾਂ ਤੇ ਟਕਸਾਲਾਂ ਕਿਸ ਨੇ ਚਲਾਈਆਂ ਜੋ ਗਿਆਨ-ਵਿਗਿਆਨ ਦਾ ਬਹੁਤਾ ਵਿਰੋਧ ਤੇ ਅੰਧਵਿਸ਼ਵਾਸੀ ਥੋਥੇ ਕਰਮ ਕਾਂਡਾਂ ਦਾ ਬਾਹਲ਼ਾ ਪ੍ਰਚਾਰ ਕਰਦੀਆਂ ਹਨ? ਹੋਰ ਵੀ ਬਹੁਤ ਸਾਰੇ ਸਵਾਲ ਨੇ ਜੋ ਇੱਧਰ ਵਿਸ਼ੇਸ਼ ਧਿਆਨ ਦਿਵਾਉਂਦੇ ਤੇ ਪੁਜਾਰੀ ਲੁੱਟ ਤੋਂ ਬਚਣ ਲਈ ਸੁਚੇਤ ਕਰਦੇ ਹਨ।


            ਨੋਟ- ਸੁਹਿਰਦਤਾ ਨਾਲ ਵਿਚਾਰ ਕਮਿੰਟ ਦੇ ਸਕਦੇ ਹੋ!